ਅਮਰੀਕੀ ਟੈਰਿਫ ਲਾਗੂ
ਭਾਰਤ ਲਈ ਇਹ ਲੰਮੇ ਸਫ਼ਰ ਦੀ ਸ਼ੁਰੂਆਤ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲਾਇਆ ਗਿਆ ਵਾਧੂ 25 ਪ੍ਰਤੀਸ਼ਤ ਟੈਰਿਫ (ਟੈਕਸ) ਪ੍ਰਭਾਵੀ ਹੋ ਗਿਆ ਹੈ। ਨਵੀਂ ਦਿੱਲੀ ’ਤੇ ਟੈਕਸਾਂ ਦਾ ਕੁੱਲ ਬੋਝ 50 ਪ੍ਰਤੀਸ਼ਤ ਤੱਕ ਪਹੁੰਚ ਗਿਆ ਹੈ, ਕਿਉਂਕਿ ਟਰੰਪ ਨੇ ਰੂਸ ਤੋਂ ਤੇਲ ਖਰੀਦਣ ਦੀ ਜ਼ਿੱਦ ’ਤੇ ਅੜੇ ਰਹਿਣ ਦੀ ਸਜ਼ਾ ਨਵੀਂ ਦਿੱਲੀ ਨੂੰ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਗੰਭੀਰ ਸਥਿਤੀ ਦਾ ਹਿੰਮਤ ਨਾਲ ਸਾਹਮਣਾ ਕਰਦਿਆਂ, ਸਵਦੇਸ਼ੀ ਤੇ ਆਤਮ-ਨਿਰਭਰ ਭਾਰਤ ਅਤੇ ‘ਮੇਕ ਇਨ ਇੰਡੀਆ’ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ ਅਤੇ ਕਿਸਾਨਾਂ ਤੇ ਛੋਟੇ ਪੱਧਰ ਦੇ ਉਦਯੋਗਾਂ ਦੇ ਹਿੱਤਾਂ ਉੱਤੇ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦੇ ਸਖ਼ਤ ਰੁਖ ਦੇ ਬਾਵਜੂਦ ਇਹ ਡਰ ਬਰਕਰਾਰ ਹੈ ਕਿ ਨਵਾਂ ਟੈਕਸ ਕੱਪੜਾ ਉਦਯੋਗ (ਟੈਕਸਟਾਈਲ), ਹੀਰਿਆਂ ਤੇ ਗਹਿਣਿਆਂ ਅਤੇ ਚਮੜੇ ਵਰਗੇ ਕਿਰਤ-ਪ੍ਰਧਾਨ ਖੇਤਰਾਂ ਨੂੰ ਨੁਕਸਾਨ ਪਹੁੰਚਾਏਗਾ, ਜਿਸ ਨਾਲ ਲੱਖਾਂ ਭਾਰਤੀਆਂ ਦੀ ਰੋਜ਼ੀ-ਰੋਟੀ ਲਈ ਖ਼ਤਰਾ ਪੈਦਾ ਹੋਵੇਗਾ।
ਨਵਾਂ ਟੈਰਿਫ ਅਮਰੀਕੀ ਬਾਜ਼ਾਰ ਵਿੱਚ ਭਾਰਤੀ ਵਸਤਾਂ ਦੀ ਕੀਮਤ ਨੂੰ ਕਾਫ਼ੀ ਵਧਾ ਦੇਵੇਗਾ, ਜਿਸ ਨਾਲ ਖ਼ਰੀਦਦਾਰਾਂ ਨੂੰ ਹੋਰ ਬਦਲ ਲੱਭਣ ਲਈ ਮਜਬੂਰ ਹੋਣਾ ਪਵੇਗਾ। ਭਾਰਤ ਦੀਆਂ ਸਮੱਸਿਆਵਾਂ ਹੋਰ ਵੀ ਵਧ ਗਈਆਂ ਹਨ ਕਿਉਂਕਿ ਅਮਰੀਕਾ ਨਾ ਸਿਰਫ਼ ਇਸ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ, ਸਗੋਂ ਇਹ ਉਨ੍ਹਾਂ ਬਹੁਤ ਥੋੜ੍ਹੇ ਦੇਸ਼ਾਂ ਵਿੱਚੋਂ ਇੱਕ ਹੈ ਜਿਨ੍ਹਾਂ ਨਾਲ ਇਸ ਦਾ ਵਪਾਰਕ ਵਾਧਾ ਸਿਹਤਮੰਦ (45 ਅਰਬ ਡਾਲਰ ਤੋਂ ਵੱਧ) ਹੈ। ਇਸ ਦੇ ਉਲਟ ਭਾਰਤ ਦਾ ਆਪਣੇ ਸਦਾ ਬਹਾਰ ਦੋਸਤ ਰੂਸ ਨਾਲ 59 ਅਰਬ ਡਾਲਰ ਦਾ ਵਪਾਰਕ ਘਾਟਾ ਹੈ; ਚੀਨ ਦੇ ਮਾਮਲੇ ਵਿੱਚ ਇਹ ਅੰਕੜਾ ਲਗਭਗ 100 ਅਰਬ ਡਾਲਰ ਦੇ ਬਰਾਬਰ ਹੈ, ਜਿਸ ਨਾਲ ਦਿੱਲੀ ਆਪਣੇ ਸਬੰਧ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਵੀ ਬਦਤਰ ਇਹ ਹੈ ਕਿ ਟਰੰਪ ਦਾ ਸਜ਼ਾ ਦੇਣ ਵਾਲਾ ਇਹ ਟੈਰਿਫ ਉਨ੍ਹਾਂ ਵਿੱਤੀ ਲਾਭਾਂ ਨੂੰ ਖ਼ਤਮ ਕਰਨ ਦੀ ਚਿਤਾਵਨੀ ਦਿੰਦਾ ਹੈ ਜੋ ਭਾਰਤ ਨੇ ਫਰਵਰੀ 2022 ਵਿੱਚ ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਰੂਸ ਤੋਂ ਤੇਲ ਦੀ ਦਰਾਮਦ ਵਧਾ ਕੇ ਕਮਾਏ ਸਨ।
ਮੋਦੀ ਸਰਕਾਰ ਦੀ ਫੌਰੀ ਤਰਜੀਹ ਬਰਾਮਦਕਾਰਾਂ ਦੀ ਮਦਦ ਹੋਣੀ ਚਾਹੀਦੀ ਹੈ ਜਿਸ ਤਹਿਤ ਟੈਕਸਟਾਈਲ, ਚਮੜੇ, ਹੀਰਿਆਂ ਅਤੇ ਗਹਿਣਿਆਂ ਦੇ ਸਾਮਾਨ ਨੂੰ ਵਿਸ਼ਵ ਦੇ ਹੋਰਨਾਂ ਬਾਜ਼ਾਰਾਂ ਵਿੱਚ ਪਹੁੰਚਾਉਣ ਲਈ ਸਹਾਇਤਾ ਕਰਨਾ ਅਤੇ ਨੌਕਰੀਆਂ ਦੇ ਨੁਕਸਾਨ ਨੂੰ ਰੋਕਣ ਲਈ ਅਸਰ ਹੇਠ ਆਏ ਕਾਰੋਬਾਰਾਂ ਨੂੰ ਵਿੱਤੀ ਸਹਾਇਤਾ ਦੇਣਾ ਹੈ। ਇਸ ਦੇ ਨਾਲ ਹੀ ਭਾਰਤ ਨੂੰ ਰੂਸ ਅਤੇ ਚੀਨ ਨਾਲ ਆਪਣੇ ਵਪਾਰਕ ਘਾਟੇ ਨੂੰ ਘਟਾਉਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ; ਦੋਵਾਂ ਦੇਸ਼ਾਂ ਨੂੰ ਚਾਹੀਦਾ ਹੈ ਕਿ ਉਹ ਭਾਰਤੀ ਵਸਤਾਂ ਖਰੀਦਣ ਪ੍ਰਤੀ ਆਪਣੀ ਝਿਜਕ ਨੂੰ ਤਿਆਗਣ। ਵਿਅੰਗਮਈ ਰੂਪ ਵਿੱਚ ਦਿੱਲੀ ਕੋਲ ਵਾਸ਼ਿੰਗਟਨ ਨਾਲ ਸਬੰਧ ਖ਼ਤਮ ਕਰਨ ਦੀ ਸਹੂਲਤ ਨਹੀਂ ਹੈ। ਇਸ ਕੋਲ ਸਥਿਤੀ ਦਾ ਸਾਹਮਣਾ ਕਰਨ ਅਤੇ ਅਮਰੀਕਾ ਨੂੰ ਵਪਾਰਕ ਗੱਲਬਾਤ ਦੁਬਾਰਾ ਸ਼ੁਰੂ ਕਰਨ ਲਈ ਮਨਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ।