ਨੇਪਾਲ ’ਚ ਉਥਲ-ਪੁਥਲ
ਨੇਪਾਲ, ਜਿੱਥੇ ਸਿਆਸੀ ਅਸਥਿਰਤਾ ਕੋਈ ਨਵੀਂ ਗੱਲ ਨਹੀਂ, ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੇ ਅਸਤੀਫ਼ੇ ਤੋਂ ਬਾਅਦ, ਸਰਕਾਰ ਵਿਰੋਧੀ ਹਿੰਸਕ ਪ੍ਰਦਰਸ਼ਨਾਂ ਕਰ ਕੇ ਫਿਰ ਤੋਂ ਗੜਬੜੀ ਦਾ ਸ਼ਿਕਾਰ ਹੈ। ਓਲੀ ਦਾ ਅਸਤੀਫ਼ਾ ਪ੍ਰਦਰਸ਼ਨਕਾਰੀਆਂ ’ਤੇ ਪੁਲੀਸ ਦੀ ਬੇਰਹਿਮੀ ਤੋਂ ਬਾਅਦ ਆਇਆ ਹੈ, ਜਿਸ ਵਿੱਚ ਘੱਟੋ-ਘੱਟ 19 ਲੋਕ ਮਾਰੇ ਗਏ ਸਨ। ਇਹ ਸੋਸ਼ਲ ਮੀਡੀਆ ਸਾਈਟਾਂ ’ਤੇ ਲੱਗੀ ਪਾਬੰਦੀ ਸੀ ਜਿਸ ਨੇ ਨੌਜਵਾਨਾਂ ਦੀ ਅਗਵਾਈ ਵਾਲੇ ‘ਜੈੱਨ ਜ਼ੀ’ ਗਰੁੱਪ ਦੇ ਗੁੱਸੇ ਨੂੰ ਭੜਕਾਇਆ, ਜੋ ਸਰਕਾਰ ਦੇ ਸਿਖਰਲੇ ਪੱਧਰਾਂ ’ਤੇ ਕਥਿਤ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਚਲਾ ਰਿਹਾ ਸੀ। ਸਰਕਾਰ ਨੇ ਇੰਸਟਾਗ੍ਰਾਮ, ਫੇਸਬੁੱਕ, ਯੂਟਿਊਬ ਤੇ ਵਟਸਐਪ ਸਣੇ ਦਰਜਨਾਂ ਸੋਸ਼ਲ ਮੀਡੀਆ ਸਾਈਟਾਂ ਬੰਦ ਕਰ ਦਿੱਤੀਆਂ ਸਨ। ਨੌਜਵਾਨਾਂ ਦੀ ਬ੍ਰਿਗੇਡ ਨੇ ਪ੍ਰਸਿੱਧ ਆਨਲਾਈਨ ਪਲੇਟਫਾਰਮਾਂ ਦੀ ਵਰਤੋਂ ਕਰ ਕੇ ਇਹ ਦਾਅਵਾ ਕੀਤਾ ਸੀ ਕਿ ਮੰਤਰੀਆਂ ਅਤੇ ਹੋਰਨਾਂ ਅਹੁਦੇਦਾਰਾਂ ਦੇ ਬੱਚੇ ਗ਼ਲਤ ਢੰਗ ਨਾਲ ਕਮਾਏ ਧਨ ਨਾਲ ਸ਼ਾਨਦਾਰ ਜ਼ਿੰਦਗੀਆਂ ਬਤੀਤ ਕਰ ਰਹੇ ਹਨ। ਪ੍ਰਗਟਾਵੇ ਦੀ ਆਜ਼ਾਦੀ ਨੂੰ ਦਬਾਉਣ ਦੀ ਇਹ ਕਥਿਤ ਕੋਸ਼ਿਸ਼ ਬੁਰੀ ਤਰ੍ਹਾਂ ਅਸਫਲ ਰਹੀ। ਜਨਤਾ ਦੇ ਗੁੱਸੇ ਤੋਂ ਪ੍ਰੇਸ਼ਾਨ, ਸਰਕਾਰ ਨੂੰ ਪਾਬੰਦੀ ਰੱਦ ਕਰਨ ਵਿੱਚ ਜ਼ਿਆਦਾ ਸਮਾਂ ਨਹੀਂ ਲੱਗਾ, ਪਰ ਇਹ ਕਦਮ ਲੋਕਾਂ ਦਾ ਗੁੱਸਾ ਸ਼ਾਂਤ ਕਰਨ ’ਚ ਜ਼ਿਆਦਾ ਸਹਾਈ ਨਹੀਂ ਹੋ ਸਕਿਆ ਤੇ ਉਹ ਹਿੰਸਾ ਉੱਤੇ ਉਤਾਰੂ ਹੋ ਗਏ।
ਹਿੰਸਾ ਵਿੱਚ ਵਾਧਾ ਹੋਣਾ, ਮੰਗਲਵਾਰ ਨੂੰ ਸੰਸਦ, ਸੁਪਰੀਮ ਕੋਰਟ, ਸਿਆਸੀ ਪਾਰਟੀਆਂ ਦੇ ਦਫ਼ਤਰਾਂ ਅਤੇ ਮੰਤਰੀਆਂ ਦੇ ਘਰਾਂ ਨੂੰ ਨਿਸ਼ਾਨਾ ਬਣਾਉਣਾ ਚਿੰਤਾਜਨਕ ਹੈ। ਮੁਜ਼ਾਹਰਾਕਾਰੀ ਸਰਕਾਰ ਦੇ ਮੁਕੰਮਲ ਪੁਨਰਗਠਨ ਅਤੇ ਭ੍ਰਿਸ਼ਟ ਨੇਤਾਵਾਂ ਵਿਰੁੱਧ ਸਖ਼ਤ ਕਾਰਵਾਈ ਤੋਂ ਘੱਟ ਕਿਸੇ ਗੱਲ ’ਤੇ ਨਹੀਂ ਮੰਨ ਰਹੇ। ਉਹ ਇਹ ਵੀ ਮੰਗ ਕਰ ਰਹੇ ਹਨ ਕਿ ਸੋਮਵਾਰ ਨੂੰ ਪੁਲੀਸ ਗੋਲੀਬਾਰੀ ਵਿੱਚ ਹੋਈਆਂ ਮੌਤਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ। ਇਸ ਵਿਰੋਧ ਤੋਂ ਬਾਅਦ ਨੇਪਾਲ ਦੇ ਰਾਸ਼ਟਰਪਤੀ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ।
ਅਫ਼ਰਾ-ਤਫ਼ਰੀ ਅਤੇ ਅਰਾਜਕਤਾ ਦੇ ਵਿਚਕਾਰ, ਕਾਠਮੰਡੂ ਸ਼ਹਿਰ ਦੇ ਮੇਅਰ ਬਾਲੇਨ ਸ਼ਾਹ ਪ੍ਰਭਾਵਸ਼ਾਲੀ ਉਮੀਦਵਾਰ ਵਜੋਂ ਉੱਭਰੇ ਹਨ। ਇਸ 35 ਸਾਲਾ ਸਾਬਕਾ ਰੈਪਰ ਨੇ ਭ੍ਰਿਸ਼ਟਾਚਾਰ ਤੇ ਸੋਸ਼ਲ ਮੀਡੀਆ ਪਾਬੰਦੀ ਦੇ ਵਿਰੋਧ ਵਿੱਚ ਅੰਦੋਲਨ ਦਾ ਸਮਰਥਨ ਕਰ ਕੇ ‘ਜੈੱਨ ਜ਼ੀ’ ਦਾ ਭਰੋਸਾ ਜਿੱਤ ਲਿਆ ਹੈ। ਉਸ ਨੇ ਸੰਸਦ ਨੂੰ ਭੰਗ ਕਰਨ ਦੀ ਮੰਗ ਕੀਤੀ ਹੈ, ਜਿਸ ਤੋਂ ਬਾਅਦ ਫ਼ੌਜੀ ਅਧਿਕਾਰੀਆਂ ਅਤੇ ਪ੍ਰਦਰਸ਼ਨਕਾਰੀ ਸਮੂਹ ਵਿਚਕਾਰ ਗੱਲਬਾਤ ਹੋਵੇਗੀ। ਨੇਪਾਲੀ ਫ਼ੌਜ ਅਤੇ ਸੁਰੱਖਿਆ ਏਜੰਸੀਆਂ ਅੱਗੇ ਫੌਰੀ ਚੁਣੌਤੀ ਅਸਥਿਰਤਾ ’ਤੇ ਕਾਬੂ ਪਾਉਣ ਅਤੇ ਹਾਲਾਤ ਆਮ ਕਰਨ ਦੀ ਹੈ। ਅਗਲਾ ਰਸਤਾ ਗੱਲਬਾਤ ਰਾਹੀਂ ਸੰਕਟ ਨੂੰ ਹੱਲ ਕਰਨਾ ਹੋਣਾ ਚਾਹੀਦਾ ਹੈ, ਜਿਸ ਦੇ ਨਾਲ-ਨਾਲ ਢਾਂਚਾਗਤ ਸੁਧਾਰਾਂ ਦਾ ਖ਼ਾਕਾ ਤਿਆਰ ਕੀਤਾ ਜਾਵੇ। ਓਲੀ ਤੇ ਉਨ੍ਹਾਂ ਵਰਗੇ ਹੋਰ ਪੁਰਾਣੇ ਆਗੂ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ’ਚ ਨਾਕਾਮ ਰਹੇ, ਜਿਸ ਨੇ ਨੌਜਵਾਨਾਂ ਨੂੰ ਨਿਰਾਸ਼ ਕਰਨ ਤੋਂ ਇਲਾਵਾ ਸਰਕਾਰ ਨਾਲ ਉਨ੍ਹਾਂ ਦਾ ਮੋਹ ਭੰਗ ਕਰ ਦਿੱਤਾ; ਹਾਲਾਂਕਿ, ਮੌਜੂਦਾ ਉਥਲ-ਪੁਥਲ ਨੇ ਨੇਪਾਲ ਨੂੰ ਅਤਿ ਲੋੜੀਂਦੀ ਨਵੀਂ ਸ਼ੁਰੂਆਤ ਦਾ ਮੌਕਾ ਦਿੱਤਾ ਹੈ।