ਤੀਜੀ ਭਾਸ਼ਾ
ਮਹਾਰਾਸ਼ਟਰ ਸਰਕਾਰ ਨੂੰ ਪ੍ਰਾਇਮਰੀ ਕਲਾਸਾਂ ਵਿੱਚ ਹਿੰਦੀ ਨੂੰ ਤੀਜੀ ਭਾਸ਼ਾ ਵਜੋਂ ਪੜ੍ਹਾਉਣ ਦਾ ਫ਼ੈਸਲਾ ਅਚਨਚੇਤ ਉਦੋਂ ਵਾਪਸ ਲੈਣਾ ਪੈ ਗਿਆ ਜਦੋਂ ਠਾਕਰੇ ਭਰਾਵਾਂ ਨੇ ਇਸ ਚਾਰਾਜੋਈ ਖ਼ਿਲਾਫ਼ ਹੱਥ ਮਿਲਾ ਲਏ ਤੇ ਇਸ ਦੇ ਨਾਲ ਹੀ ਸੱਤਾਧਾਰੀ ਮਹਾਯੁਤੀ ਗੱਠਜੋੜ ਅੰਦਰ ਵੀ ਹਿੰਦੀ ਪੜ੍ਹਾਉਣ ਦੇ ਫ਼ੈਸਲੇ ਵਿਰੋਧੀ ਸੁਰ ਸੁਣਾਈ ਦੇਣ ਲੱਗ ਪਏ। ਹੁਣ ਕਮੇਟੀ ਬਣਾਈ ਜਾ ਰਹੀ ਹੈ ਜੋ ਇਹ ਫ਼ੈਸਲਾ ਕਰੇਗੀ ਕਿ ਤਿੰਨ ਭਾਸ਼ਾਈ ਨੀਤੀ ਕਿਹੜੀ ਜਮਾਤ ਤੋਂ ਲਾਗੂ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਲਈ ਬਦਲਵੀਆਂ ਭਾਸ਼ਾਵਾਂ ਦੀ ਰੂਪ-ਰੇਖਾ ਵੀ ਤੈਅ ਕੀਤੀ ਜਾਵੇਗੀ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਆਖਿਆ- “ਸਾਡੀ ਨੀਤੀ ਮਰਾਠੀ ਕੇਂਦਰਿਤ ਅਤੇ ਮਰਾਠੀ ਵਿਦਿਆਰਥੀ ਕੇਂਦਰਿਤ ਰਹੇਗੀ।” ਉਨ੍ਹਾਂ ਦਾਅਵਾ ਕੀਤਾ ਕਿ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਦੀ ਅਗਵਾਈ ਵਾਲੀ ਮਹਾ ਵਿਕਾਸ ਅਗ਼ਾੜੀ ਸਰਕਾਰ ਨੇ ਬਿਨਾਂ ਕਿਸੇ ਉਜ਼ਰ ਤੋਂ ਮਸ਼ੇਲਕਰ ਕਮੇਟੀ ਦੀ ਤਿੰਨ ਭਾਸ਼ਾਈ ਫਾਰਮੂਲਾ ਰਿਪੋਰਟ ਨੂੰ ਸਵੀਕਾਰ ਕੀਤਾ ਸੀ। ਉਧਰ, ਊਧਵ ਠਾਕਰੇ ਨੇ ਫੜਨਵੀਸ ਸਰਕਾਰ ਵੱਲੋਂ ਫ਼ੈਸਲਾ ਵਾਪਸ ਲਏ ਜਾਣ ਨੂੰ ‘ਮਰਾਠੀ ਮਾਨਸ’ ਦੀ ਜਿੱਤ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਵਿਰੋਧ ਬਜਾਤੇ ਖ਼ੁਦ ਹਿੰਦੀ ਭਾਸ਼ਾ ਬਾਰੇ ਨਹੀਂ ਸਗੋਂ ਇਸ ਨੂੰ ਠੋਸੇ ਜਾਣ ਨੂੰ ਲੈ ਕੇ ਹੈ।
ਕੌਮੀ ਸਿੱਖਿਆ ਨੀਤੀ-2020 ਵਿੱਚ ਸਕੂਲਾਂ ਵਿੱਚ ਤਿੰਨ ਭਾਸ਼ਾਵਾਂ ਨੂੰ ਪੜ੍ਹਾਉਣ ਦੀ ਸਿਫ਼ਾਰਸ਼ ਕੀਤੀ ਗਈ ਸੀ। ਸੂਬਿਆਂ ਨੂੰ ਕੋਈ ਵੀ ਦੋ ਭਾਰਤੀ ਭਾਸ਼ਾਵਾਂ ਅਤੇ ਇੱਕ ਵਿਦੇਸ਼ੀ ਭਾਸ਼ਾ ਦੀ ਚੋਣ ਕਰਨ ਦਾ ਅਧਿਕਾਰ ਹੈ- ਇਸ ਮਾਮਲੇ ਵਿੱਚ ਹਿੰਦੀ ਬਹੁਤ ਸਾਰੀਆਂ ਭਾਸ਼ਾਵਾਂ ’ਚੋਂ ਇੱਕ ਬਦਲ ਹੈ। ਕੌਮੀ ਸਿੱਖਿਆ ਨੀਤੀ-2020 ਹਾਲਾਂਕਿ ਪਿਛਲੀਆਂ ਨੀਤੀਆਂ ਦੇ ਮੁਕਾਬਲੇ ਵਧੇਰੇ ਲਚਕਦਾਰ ਜਾਪਦੀ ਹੈ ਪਰ ਇਸ ਨੂੰ ਲਾਗੂ ਕਰਨ ਦੇ ਢੰਗ-ਤਰੀਕਿਆਂ ਨੇ ਇਸ ਦਾ ਵਿਰੋਧ ਵੀ ਉਭਾਰ ਦਿੱਤਾ ਹੈ।
ਹਿੰਦੀ ਨੂੰ ਜਿਵੇਂ ਮਹਾਰਾਸ਼ਟਰ ਵਰਗੇ ਸੂਬੇ ਵਿੱਚ ਮਾਤਭਾਸ਼ਾ ਤੋਂ ਇਲਾਵਾ ਦੂਜੀ ਭਾਸ਼ਾ ਵਜੋਂ ਖ਼ੁਦ-ਬਖੁ਼ਦ ਆਪਸ਼ਨ ਦੀ ਤਰਜੀਹ ਦਿੱਤੀ ਜਾ ਰਹੀ ਹੈ, ਉਸ ਨੂੰ ਲੈ ਕੇ ਸਰੋਕਾਰ ਜਤਾਏ ਜਾ ਰਹੇ ਹਨ। ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ਜਿਵੇਂ ਆਪਣੇ ਪੈਰ ਪਿਛਾਂਹ ਖਿੱਚਣੇ ਪਏ ਹਨ, ਉਸ ਤੋਂ ਕੁਝ ਹੋਰ ਸੂਬਿਆਂ ਵਿੱਚ ਵੀ ਵਿਰੋਧ ਤਿੱਖਾ ਹੋ ਸਕਦਾ ਹੈ। ਤਾਮਿਲ ਨਾਡੂ ਵੱਲੋਂ ਪਿਛਲੇ ਦਰਵਾਜਿ਼ਓਂ ਹਿੰਦੀ ਲਾਗੂ ਕਰਨ ਦਾ ਡਟਵਾਂ ਵਿਰੋਧ ਕੀਤਾ ਜਾ ਰਿਹਾ ਹੈ। ਜੇ ਤਿੰਨ ਭਾਸ਼ਾਈ ਫਾਰਮੂਲੇ ਦਾ ਉਦੇਸ਼ ਵੱਖ-ਵੱਖ ਭਾਸ਼ਾਈ ਖ਼ਿੱਤਿਆਂ ਨੂੰ ਇੱਕ ਦੂਜੇ ਦੇ ਨੇੜੇ ਲਿਆਉਣਾ ਹੈ ਤਾਂ ਇਹ ਬਿਰਤਾਂਤ ਖੋਖ਼ਲਾ ਸਾਬਿਤ ਹੋ ਸਕਦਾ ਹੈ। ਹਾਲ ਹੀ ਵਿੱਚ ਪਾਰਲੀਮੈਂਟ ਵਿੱਚ ਜਾਣਕਾਰੀ ਦਿੱਤੀ ਗਈ ਸੀ ਕਿ ਉੱਤਰ ਪੂਰਬ ਦੇ ਕਈ ਰਾਜਾਂ ਅੰਦਰ ਕਿਸੇ ਵੀ ਦੱਖਣ ਭਾਰਤੀ ਭਾਸ਼ਾ ਨੂੰ ਤੀਜੀ ਭਾਸ਼ਾ ਵਜੋਂ ਪੜ੍ਹਾਉਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ। ਅੰਗਰੇਜ਼ੀ ਵਾਂਗ ਹਿੰਦੀ ਪਹਿਲਾਂ ਹੀ ਬਹੁਤ ਸਾਰੇ ਭਾਰਤੀਆਂ ਲਈ ਸੰਪਰਕ ਭਾਸ਼ਾ ਹੈ। ਇਹ ਚੋਣ ਸਾਰਿਆਂ ਲਈ ਖੁੱਲ੍ਹੀ ਰਹਿਣੀ ਚਾਹੀਦੀ ਹੈ। ਦੇਸ਼ ਨੂੰ ਇਹ ਗੱਲ ਸਮਝ ਨਹੀਂ ਪੈਂਦੀ ਕਿ ਕਿਸੇ ਭਾਸ਼ਾ ਨੂੰ ਜਬਰੀ ਪੜ੍ਹਾਉਣ ਦੀ ਕੀ ਲੋੜ ਹੈ ਤੇ ਇਸ ਦੀ ਤੁੱਕ ਕੀ ਬਣਦੀ ਹੈ।