ਜ਼ਿੰਦਗੀ ਦੇ ਰਾਹ-ਰਸਤੇ
ਉਸ ਦਿਨ ਦਿੱਲੀ ਤੋਂ ਵਾਪਸੀ ਸਮੇਂ ਮੇਰੀ ਨੂੰਹ ਲਾਜਪਤ ਨਗਰ ਦੀ ਮਾਰਕੀਟ ਕੋਲ ਰੁਕੀ। ਕਹਿੰਦੀ, ‘‘ਆਪਣੇ ਲਈ ਕੁਝ ਲੈਣਾ ਹੈ। ਯਾਦ ਰਹੇਗਾ ਕਿ ਪਾਪਾ ਨਾਲ ਦਿੱਲੀ ਆਈ ਸੀ... ਤੁਹਾਡੀ ਪਸੰਦ ਵੀ ਹੋ ਜਾਏਗੀ।’’ ‘ਰੀਝ ਆਪੋ ਆਪਣੀ,’ ਮੈਂ ਸੋਚਿਆ।
ਉਸ ਦੀ ਭੈਣ ਲਵੀ ਵੀ ਨਾਲ ਸੀ। ਨਵੀਆਂ ਚੀਜ਼ਾਂ ਲੈਣ ਦਾ ਸ਼ੌਕ ਦੋਵਾਂ ਨੂੰ ਸੀ। ਮੀਂਹ ਕਣੀ ਦਾ ਮੌਸਮ ਸੀ। ਚੱਲੇ ਸਾਂ ਤਾਂ ਰਾਤ ਦਾ ਲੱਥਾ ਮੀਂਹ ਥੋੜ੍ਹੀ ਕੁ ਦੇਰ ਲਈ ਰੁਕਿਆ ਜ਼ਰੂਰ ਸੀ ਪਰ ਹੁਣ ਫਿਰ ਕਣੀਆਂ ਡਿੱਗਣੀਆਂ ਸ਼ੁਰੂ ਹੋ ਗਈਆਂ ਸਨ। ਸਹਿਜੇ ਸਹਿਜੇ ਪੈਰ ਪੁੱਟਦੇ ਤੇ ਭਿੱਜਣ ਤੋਂ ਬਚਦੇ ਬਚਾਉਂਦੇ ਇੱਕ ਆਊਟਲੈੱਟ ਮੂਹਰੇ ਜਾ ਖੜ੍ਹੇ, ਜਿਸ ਨੂੰ ਹੁਣੇ ਹੁਣੇ ਵੀਹ-ਇੱਕੀ ਕੁ ਸਾਲ ਦੀ ਇੱਕ ਕੁੜੀ ਨੇ ਖੋਲ੍ਹਿਆ ਸੀ ਜੋ ਸਿਰ ਤੋਂ ਪੈਰਾਂ ਤੱਕ ਥੋੜ੍ਹੀ-ਥੋੜ੍ਹੀ ਭਿੱਜੀ ਹੋਈ ਸੀ। ਉਸ ਨੂੰ ਸਾਹ ਵੀ ਚੜ੍ਹਿਆ ਹੋਇਆ ਸੀ। ਸ਼ਾਇਦ ਪੁੱਜਣ ’ਚ ਦੇਰੀ ਹੋਣ ਕਾਰਨ ਉਸ ਦਾ ਚਿਹਰਾ ਕੁਝ ਕੁਝ ਪ੍ਰੇਸ਼ਾਨ ਜਿਹਾ ਸੀ। ‘‘ਸਾਹ ਲੈ ਲਉ...।’’ ਮੇਰੀ ਨੂੰਹ ਨੇ ਉਸ ਨੂੰ ਕਿਹਾ ਤਾਂ ਉਹ ਕਹਿਣ ਲੱਗੀ, ‘‘ਸਾਹ ਲੈਣ ਦੀ ਗੱਲ ਛੱਡੋ। ਇੱਥੇ ਤਾਂ ਆਉਂਦਿਆਂ ਹੀ ਸਾਹ ਜਿਵੇਂ ਰੁਕ ਹੀ ਜਾਂਦੇ ਹੋਣ...।’’ ਉਸ ਦੀ ਇਹ ਗੱਲ ਮੇਰੀਆਂ ਸੋਚਾਂ ’ਚ ਜਿਵੇਂ ਬਹੁਤ ਡੂੰਘੀ ਲਹਿ ਗਈ ਹੋਵੇ। ‘ਨੌਕਰੀਆਂ ਕਰਨੀਆਂ ਕਿਹੜੀਆਂ ਸੌਖੀਆਂ ਨੇ? ਨਿਰੀ ਮੁਥਾਜੀ ਤੇ ਮਜਬੂਰੀਆਂ ਦੀ ਕੈਦ...।’ ਮਨੋਂ-ਮਨੀਂ ਮੈਂ ਸੋਚਿਆ।
‘‘ਅੰਕਲ ਜੀ! ਬੈਠੋ।’’ ਛੋਟਾ ਜਿਹਾ ਬੈਂਚ ਮੇਰੇ ਅੱਗੇ ਰੱਖਦਿਆਂ ਉਸ ਨੇ ਕਿਹਾ। ਮੇਰੀ ਨੂੰਹ ਤੇ ਉਸ ਦੀ ਭੈਣ ਕੁਝ ਖਰੀਦਣ ’ਚ ਰੁੱਝ ਗਈਆਂ। ‘‘ਬੜਾ ਦੁੱਖ ਹੋਇਆ, ਵੀਹ ਰੁਪਏ ਕਿਰਾਇਆ ਲਗਦਾ ਹੈ। ਦੋ ਸੌ ਦੇ ਕੇ ਆਉਣਾ ਪਿਆ।’’ ਮੇਰੇ ਕੋਲ ਖੜ੍ਹੀ ਉਸ ਕੁੜੀ ਨੇ ਚੁੱਪ ਦੀਆਂ ਪਰਤਾਂ ’ਚੋਂ ਬਾਹਰ ਆਉਂਦੇ ਕਿਹਾ। ‘‘ਹੋ ਜਾਂਦੈ ਕਦੇ ਕਦੇ। ਮੀਂਹ ਜੁ ਸੀ। ਮਜਬੂਰੀ ਹੁੰਦੀ ਹੈ।’’ ਮੈਂ ਕਿਹਾ। ਉਸ ਦੇ ਮਨ ਦੀ ਪੀੜ ਨੂੰ ਮੈਂ ਚੰਗੀ ਤਰ੍ਹਾਂ ਭਾਂਪ ਲਿਆ ਸੀ। ਸ਼ਾਇਦ ਮੇਰੇ ਨਾਲ ਆਪਾ ਫਰੋਲ ਕੇ ਉਸ ਦੇ ਮਨ ਦਾ ਬੋਝ ਜਿਵੇਂ ਕੁਝ ਹਲਕਾ ਹੋ ਗਿਆ ਹੋਵੇ। ਉਸ ਦੇ ਚਿਹਰੇ ਦਾ ਗੁਆਚਿਆ ਹਾਸਾ ਮੁੜਨ ਨਾਲ ਪਹਿਲਾਂ ਨਾਲੋਂ ਖੁੱਲ੍ਹਦਿਲੀ ਨਾਲ ਗੱਲਾਂ ਕਰਨ ਕਰਕੇ ਮੇਰੇ ਅੰਦਰ ਕੁਝ ਤਸੱਲੀ ਤੇ ਖ਼ੁਸ਼ੀ ਦੇ ਭਾਵ ਜਾਗਣ ਲੱਗੇ ਸਨ, ਭਾਵੇਂ ਇਸ ਦੇ ਨਾਲ ਨਾਲ ਖ਼ਿਆਲ ਇਹ ਵੀ ਆ ਰਿਹਾ ਸੀ ਕਿ ਇਸ ਹਾਸੇ ਹੇਠਾਂ ਉਸ ਦੀਆਂ ਕਿੰਨੀਆਂ ਔਕੜਾਂ, ਪ੍ਰੇਸ਼ਾਨੀਆਂ ਤੇ ਭੀੜਾਂ ਭਰੇ ਰਾਹਾਂ ’ਤੇ ਆਉਣ ਜਾਣ ਦੀਆਂ ਚੁਣੌਤੀਆਂ ਲੁਕੀਆਂ ਪਈਆਂ ਸਨ।
ਹੁਣ ਮੀਂਹ ਹੋਰ ਵੀ ਤੇਜ਼ ਵਰ੍ਹਨ ਲੱਗਾ ਸੀ ਤੇ ਟਿਕਟਿਕੀ ਲਾਈ ਮੈਂ ਦੇਖ ਰਿਹਾ ਸਾਂ। ਚਾਹੁੰਦਾ ਸਾਂ ਕਿ ਸੜਕਾਂ ਪਾਣੀ ਪਾਣੀ ਹੋਣ ਤੋਂ ਪਹਿਲਾਂ ਹੀ ਇੱਥੋਂ ਜਾਇਆ ਜਾਵੇ। ਮੀਂਹ ’ਚ ਲਗਦੇ ਲੰਮੇ ਲੰਮੇ ਜਾਮ ਮੈਨੂੰ ਡਰਾ ਰਹੇ ਸਨ। ਉਂਜ ਵੀ ਦੋਵਾਂ ਭੈਣਾਂ ਨੂੰ ਕੋਈ ‘ਕੋ-ਔਰਡ ਸੈੱਟ’ ਪਸੰਦ ਨਾ ਆਉਣ ਕਰਕੇ ਇੱਥੇ ਹੋਰ ਬੈਠਣਾ ਵਿਅਰਥ ਸੀ। ‘‘ਆਏ ਹਾਂ। ਕੁਝ ਤਾਂ ਲੈ ਲਉ।’’ ਮੈਂ ਕਿਹਾ। ‘‘ਨਹੀਂ ਅੰਕਲ ਜੀ! ਕੋਈ ਗੱਲ ਨ੍ਹੀਂ। ਮਨਪਸੰਦ ਚੀਜ਼ ਨਾ ਮਿਲੇ ਤਾਂ ਪੈਸਾ ‘ਵੇਸਟ’ ਕਿਉਂ ਕੀਤਾ ਜਾਵੇ?’’ ‘ਕਿੰਨੀ ਸਿਆਣੀ ਹੈ ਕੁੜੀ!’ ਸੁਣ ਕੇ ਮੈਂ ਮਨ ਹੀ ਮਨ ਸੋਚਿਆ। ‘‘ਚਲੋ ਚੱਲੀਏ। ਮੀਂਹ ਦਾ ਕੀ ਪਤਾ ਕਦੋਂ ਰੁਕੇ।’’ ਨੂੰਹ ਨੇ ਕਿਹਾ।
‘‘ਰੁਕੇ ਹੋਏ ਰਾਹੀ ਕਿਧਰੇ ਵੀ ਨਹੀਂ ਪਹੁੰਚਦੇ,’’ ਸਹਿਜੇ ਹੀ ਮੈਂ ਬੋਲਿਆ। ‘‘ਮੀਂਹ ਬਹੁਤ ਤੇਜ਼ ਹੈ। ਦਸ ਪੰਦਰਾਂ ਮਿੰਟ ਹੋਰ ਉਡੀਕ ਲਉ। ਸ਼ਾਇਦ ਰੁਕ ਜਾਵੇ।’’ ਬਾਹਰ ਪੈਂਦੀਆਂ ਤਿੱਖੀਆਂ ਕਣੀਆਂ ਤੇ ਉਸ ਕੁੜੀ ਦੀ ਇਸ ਗੱਲ ਨੇ ਸਾਡੇ ਪੈਰਾਂ ਨੂੰ ਰੋਕ ਲਿਆ। ਆਪਸੀ ਗੱਲਾਂ ਫਿਰ ਤੋਂ ਤੁਰਨ ਲੱਗੀਆਂ।
‘‘ਉਮਰ ਤਾਂ ਅਜੇ ਪੜ੍ਹਨ ਦੀ ਸੀ...।’’ ਗੱਲਾਂ ਗੱਲਾਂ ’ਚ ਮੈਂ ਉਸ ਨੂੰ ਕਿਹਾ।
‘‘ਮੇਰੇ ਅੰਦਰ ਵੀ ਬਹੁਤ ਸੁਫ਼ਨੇ ਭਰੇ ਹੋਏ ਹਨ।’’ ਉਸ ਨੇ ਕਿਹਾ। ‘‘ਸੋਚੇ ਸੁਫ਼ਨਿਆਂ ਨੂੰ ਪੂਰਾ ਕਰਨਾ ਔਖਾ ਨਹੀਂ ਹੁੰਦਾ...’’ ਮੈਂ ਕਿਹਾ।
ਸੁਣ ਕੇ ਪਹਿਲਾਂ ਤਾਂ ਉਹ ਹੱਸੀ ਪਰ ਝੱਟ ਹੀ ਉਸ ਦੇ ਚਿਹਰੇ ’ਤੇ ਉੱਭਰੀ ਚੁੱਪ ਤੇ ਅੱਖਾਂ ’ਚ ਉਤਰੀ ਉਦਾਸੀ ਨੇ ਜਿਵੇਂ ਮੈਨੂੰ ਬਹੁਤ ਕੁਝ ਸਮਝਾ ਦਿੱਤਾ ਹੋਵੇ। ਜ਼ਿੰਦਗੀ ਦੇ ਤੈਅ ਕੀਤੇ ਲੰਮੇ ਪੈਂਡੇ ਤੇ ਵਰ੍ਹਿਆਂ ਦੀ ਹੰਢਾਈ ਉਮਰ ’ਚ ਕੱਢੇ ਕਈ ਕਸੀਦਿਆਂ ਦਾ ਆਖ਼ਰ ਮੈਨੂੰ ਵੀ ਅਨੁਭਵ ਸੀ ਕਿ ਹਰ ਇੱਕ ਚੁੱਪ ਦੀ ਇੱਕ ਆਪਣੀ ਜ਼ੁਬਾਨ ਹੁੰਦੀ ਹੈ।
ਸੋਚਦਾ ਸਾਂ ਕਿ ਹਰੇਕ ਦੀ ਜ਼ਿੰਦਗੀ ਦੇ ਰਾਹ ਆਪੋ ਆਪਣੇ ਹੁੰਦੇ ਹਨ। ਕੋਈ ਬਣੇ ਬਣਾਏ ਰਾਹਾਂ ’ਤੇ ਤੁਰਦਾ ਹੈ ਅਤੇ ਕਈਆਂ ਨੂੰ ਰਾਹ ਆਪ ਬਣਾਉਣੇ ਤੇ ਲੱਭਣੇ ਪੈਂਦੇ ਹਨ। ਹਰ ਰਾਹ ’ਤੇ ਤੁਰਨਾ ਹਰ ਕਿਸੇ ਲਈ ਸੰਭਵ ਨਹੀਂ ਹੁੰਦਾ। ਕੁਝ ਰਾਹ ਕੁਝ ਲੋਕਾਂ ਲਈ ਬੰਦ ਰਹਿੰਦੇ ਹਨ ਪਰ ਜ਼ਿੰਦਗੀ ਨੂੰ ਰਾਹਾਂ ’ਤੇ ਪਾਉਣਾ ਹੀ ਪੈਂਦਾ ਹੈ। ਹਰ ਜ਼ਿੰਦਗੀ ਦੀ ਆਪਣੀ ਕਹਾਣੀ ਤੇ ਸੁਨੇਹਾ ਹੁੰਦਾ ਹੈ।
ਕਿਣਮਿਣ ਅਜੇ ਵੀ ਜਾਰੀ ਸੀ। ‘‘ਧਿਆਨ ਨਾਲ ਜਾਇਉ, ਅੰਕਲ। ਗੋਡੇ ਗੋਡੇ ਪਾਣੀ ਜਾਪਦੈ...।’’ ਸ਼ਾਇਦ ਉਹ ਸਾਡੇ ਲੰਮੇ ਸਫ਼ਰ ਦੀਆਂ ਦਿੱਕਤਾਂ ਨੂੰ ਵੀ ਸਮਝਦੀ ਸੀ। ਉਸ ਦਾ ਸਾਡੇ ਪ੍ਰਤੀ ਫ਼ਿਕਰ, ਅਪਣੱਤ, ਸੰਵੇਦਨਾ ਤੇ ਬੋਲਾਂ ’ਚ ਸੁਹਜ ਮੈਨੂੰ ਬਹੁਤ ਟੁੰਬ ਰਿਹਾ ਸੀ। ‘‘ਹਰ ਕਿਸੇ ਦੀ ਜ਼ਿੰਦਗੀ ਇਮਤਿਹਾਨਾਂ ’ਚੋਂ ਲੰਘਦੀ ਹੈ।’’ ਮੋਹ ਭਰੀ ਉਸ ਕੁੜੀ ਨੇ ਕਿਹਾ। ‘‘ਪਰ ਤੇਰੇ ਜਿਹੀਆਂ ਧੀਆਂ ਤਾਂ ਪਾਸ ਕਰ ਹੀ ਲੈਂਦੀਆਂ ਨੇ...’’ ਮੈਂ ਕਿਹਾ। ‘‘ਹਾਂ ਜੀ ਅੰਕਲ! ਕੋਸ਼ਿਸ਼ ਕਰਾਂਗੀ ਕਿ ਜ਼ਿੰਦਗੀ ਨੂੰ ਕੋਈ ਹੋਰ ਨਵਾਂ ਰਾਹ ਦੇ ਸਕਾਂ। ਨਵੇਂ ਰਸਤੇ ਲੱਭ ਸਕਾਂ...।’’ ‘‘ਉਮੀਦਾਂ ਜੇ ਜਿਊਂਦੀਆਂ ਨੇ ਤਾਂ ਜ਼ਿੰਦਗੀ ਦੇ ਰਾਹ ਵੀ ਖੁੱਲ੍ਹਦੇ ਨੇ।’’ ਜਾਂਦੇ ਜਾਂਦੇ ਮੈਂ ਕਿਹਾ। ਨਿਗ੍ਹਾ ਭਰ ਕੇ ਮੁਸਕਰਾਉਂਦੇ ਹੋਏ ਸਾਨੂੰ ਉਸ ਨੇ ਦੇਖਿਆ ਤੇ ਅਸੀਂ ਉਸ ਨੂੰ। ਹਾਸਾ ਦੋਵੇਂ ਪਾਸੇ ਸੀ... ਉਸ ਦੇ ਚਿਹਰੇ ’ਤੇ ਵੀ ਤੇ ਸਾਡੇ ਵੀ...।
ਸੰਪਰਕ: 94667-37933
