ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੋਹਣੀ ਕਾਰ ਵਾਲਾ

ਅਜੋਕੇ ਯੁੱਗ ਵਿੱਚ ਆਵਾਜਾਈ ਦੇ ਸਾਧਨਾਂ ਦੀ ਭਰਮਾਰ ਹੈ। ਕਾਰਾਂ, ਜੀਪਾਂ, ਮੋਟਰਸਾਈਕਲ, ਸਕੂਟਰ, ਥ੍ਰੀ-ਵੀਲ੍ਹਰ ਤੇ ਪਤਾ ਨਹੀਂ ਕੀ-ਕੀ। ਹਰ ਘਰ ਵਿੱਚ ਚਾਰ-ਚਾਰ ਸਾਧਨ ਹਨ। ਘਰ ’ਚ ਜਿੰਨੇ ਜੀਅ ਓਨੇ ਵਾਹਨ। ਉਹ ਵੀ ਸਮਾਂ ਸੀ ਜਦੋਂ 60 ਸਾਲ ਪਹਿਲਾਂ ਪਿੰਡਾਂ ਵਿੱਚ...
Advertisement

ਅਜੋਕੇ ਯੁੱਗ ਵਿੱਚ ਆਵਾਜਾਈ ਦੇ ਸਾਧਨਾਂ ਦੀ ਭਰਮਾਰ ਹੈ। ਕਾਰਾਂ, ਜੀਪਾਂ, ਮੋਟਰਸਾਈਕਲ, ਸਕੂਟਰ, ਥ੍ਰੀ-ਵੀਲ੍ਹਰ ਤੇ ਪਤਾ ਨਹੀਂ ਕੀ-ਕੀ। ਹਰ ਘਰ ਵਿੱਚ ਚਾਰ-ਚਾਰ ਸਾਧਨ ਹਨ। ਘਰ ’ਚ ਜਿੰਨੇ ਜੀਅ ਓਨੇ ਵਾਹਨ। ਉਹ ਵੀ ਸਮਾਂ ਸੀ ਜਦੋਂ 60 ਸਾਲ ਪਹਿਲਾਂ ਪਿੰਡਾਂ ਵਿੱਚ ਇੱਕ-ਅੱਧੇ ਘਰ ਵਿੱਚ ਕਾਰ, ਮੋਟਰਸਾਈਕਲ ਜਾਂ ਟਰੈਕਟਰ ਹੁੰਦਾ ਸੀ। ਸਾਈਕਲ ਵੀ ਕਿਸੇ-ਕਿਸੇ ਦੇ ਘਰ ਹੁੰਦਾ ਸੀ। ਆਂਢ-ਗੁਆਂਢ ਵਿੱਚ ਦੁੱਖ-ਸੁੱਖ ਵੇਲੇ ਅਕਸਰ ਹੀ ਸਾਈਕਲ ਮੰਗ ਲੈਂਦੇ ਸੀ। ਉਸ ਸਮੇਂ ਮੋਹਣੀ ਕਾਰ ਵਾਲਾ 20 ਪਿੰਡਾਂ ਵਿੱਚ ਮਸ਼ਹੂਰ ਸੀ। ਵਿਆਹ ਦੀ ਤਰੀਕ ਰੱਖਣ ਤੋਂ ਪਹਿਲਾਂ ਮੁੰਡੇ ਵਾਲੇ ਮੋਹਣੀ ਨੂੰ ਜਾ ਕੇ ਤਰੀਕ ਦੱਸਦੇ। ਮੋਹਣੀ ਦੀ ਟੌਹਰ ਡੀ ਸੀ ਦੇ ਬਰਾਬਰ ਸੀ।

ਸੰਨ 1947 ਦੇ ਉਜਾੜੇ ਵੇਲੇ ਮੁਲਤਾਨ ਰਿਆਸਤ (ਬਾਅਦ ਵਿੱਚ ਅੰਗਰੇਜ਼ਾਂ ਨੇ ਜ਼ਿਲ੍ਹਾ ਬਣਾ ਦਿੱਤਾ) ਤੋਂ ਹਿਜਰਤ ਕਰਕੇ ਜੱਟ ਸਿੱਖ ਤੇ ਹਿੰਦੂ ਪਰਿਵਾਰ ਜ਼ਿਆਦਾਤਰ ਹਿਸਾਰ ਜ਼ਿਲ੍ਹੇ ਵਿੱਚ ਆ ਵਸੇ। ਅੰਗਰੇਜ਼ਾਂ ਨੇ ਮੁਲਤਾਨ ਦੇ ਵਸਨੀਕਾਂ ਨੂੰ ਹਿਸਾਰ ਜ਼ਿਲ੍ਹੇ ਵਿੱਚ ਜ਼ਿਆਦਾ ਜ਼ਮੀਨ ਦਿੱਤੀ। ਗ਼ੈਰ-ਆਬਾਦ ਮਾਰੂਥਲ ਅਤੇ ਵੱਡਾ ਜ਼ਿਲ੍ਹਾ ਹੋਣ ਕਰ ਕੇ ਮੁਲਤਾਨ, ਮਿੰਟਗੁਮਰੀ ਆਦਿ ਥਾਵਾਂ ਤੋਂ ਉੱਜੜ ਕੇ ਲੋਕ ਹਿਸਾਰ ਜ਼ਿਲ੍ਹੇ ਵਿੱਚ ਆਬਾਦ ਹੋਏ। ਵੰਡ ਵੇਲੇ ਹਿਸਾਰ ਦੀ ਹਾਲਤ ਬਹੁਤ ਮਾੜੀ ਸੀ। ਭਾਖੜੇ ਦਾ ਪਾਣੀ ਆਉਣ ਕਰ ਕੇ 1970 ਤੱਕ ਖੁਸ਼ਹਾਲੀ ਪਰਤੀ। ਮੁਲਤਾਨ ਵਿੱਚੋਂ ਆਏ ਜੱਟ ਸਿੱਖ ਜ਼ਿਆਦਾਤਰ ਟੋਹਾਣਾ, ਉਕਲਾਨਾ, ਭੂੰਨਾ, ਬਰਵਾਲਾ ਵਿੱਚ ਆਬਾਦ ਹੋਏ। ਇਨ੍ਹਾਂ ਦੀ ਵਸੋਂ ਵੱਡੀ ਚੰਦੜ, ਛੋਟੀ ਚੰਦੜ, ਅੱਕਾਂ ਵਾਲੀ, ਗੁਲਰਵਾਲਾ, ਦੀਵਾਣਾ, ਭੋਡੀ, ਨਾਂਗਲਾ, ਲਲੋਦਾ, ਟੋਹਾਣਾ, ਭੂੰਨਾ, ਸਨਿਆਣਾ, ਉਕਲਾਨਾ, ਮੁਗਲਪੁਰਾ, ਬਰਵਾਲਾ, ਬੀਗੜ੍ਹ ਸਾਲਮਖੇੜਾ, ਦਸ਼ਮੇਸ਼ ਨਗਰ, ਮੋਠ, ਹਾਂਸੀ ਤੇ ਕੁਝ ਘਰ ਕੱਲਰਭੈਣੀ ਆ ਵਸੇ। ਕੁੱਝ ਪਿੰਡ ਸ਼ਾਹਬਾਦ ਮਾਰਕੰਡਾ ਦੇ ਨਜ਼ਦੀਕ, ਕੁਝ ਪਿੰਡ ਰਾਹੋਂ, ਨਵਾਂ ਸ਼ਹਿਰ ਦੇ ਨਜ਼ਦੀਕ। ਖਾਣ, ਪੀਣ, ਪਹਿਨਣ, ਰਹਿਣ-ਸਹਿਣ, ਬੋਲੀ ’ਚ ਸੁਲਝੇ ਹੋਏ ਲੋਕ ਤੇ ਸਿੱਖੀ ਵਿੱਚ ਪਰਿਪੱਕ ਅਤੇ ਗੁਰਬਾਣੀ ਦੇ ਧਾਰਨੀ। ਮੁਸਲਮਾਨਾਂ ਦੇ ਪਿੰਡ ਹੋਣ ਕਰਕੇ ਪਹਿਲਾਂ ਗੁਰੂਘਰ ਮਸਜਿਦਾਂ ਵਿੱਚ ਸਨ। ਅੰਮ੍ਰਿਤ ਵੇਲੇ ਗੁਰੂਘਰ ਜਾਣਾ ਹਰ ਪਰਿਵਾਰ ਵਾਸਤੇ ਜ਼ਰੂਰੀ ਸੀ। ਇਨ੍ਹਾਂ ਦੇ ਪਿੰਡਾਂ ਵਿੱਚ ਵਿਦਵਾਨ ਗ੍ਰੰਥੀ ਹੀ ਸੇਵਾ ਨਿਭਾਅ ਸਕਦੇ ਸਨ। ਕੁਝ ਬਹੁਤ ਵੱਡੇ ਅਲਾਟੀ ਸਨ ਜਿਵੇਂ ਕਿ ਸ੍ਰੀ ਮਹਿੰਦਰ ਸਿੰਘ ਛੋਟੀ ਚੰਦੜ 200 ਏਕੜ ਦੇ ਮਾਲਕ। ਨਾਂਗਲੇ ਦੇ ਪਰਿਵਾਰ 100-100 ਏਕੜ ਦੇ ਮਾਲਕ। ਅੱਕਾਂਵਾਲੀ ਤੇ ਨੰਬਰਦਾਰ ਭੱਟੀ ਭਰਾ 150 ਕਿੱਲਿਆਂ ਦੇ ਮਾਲਕ, ਦੀਵਾਨੇ ਦੇ ਸੁਰਜੀਤ ਸਿੰਘ ਨੰਬਰਦਾਰ ਤੇ ਉਨ੍ਹਾਂ ਦੇ ਭਰਾ 100-100 ਕਿੱਲੇ ਦੇ ਮਾਲਕ। ਬਰਵਾਲੇ ਤੇ ਲਲੋਦਾ ਦਸਮੇਸ਼ ਨਗਰ ਦੇ ਮੋਟੇ ਅਲਾਟੀ ਸਨ। ਆਮ ਘਰਾਂ ਕੋਲ ਵੀ ਚੋਖੀ ਜ਼ਮੀਨ ਸੀ। ਗਿੱਲ, ਭੱਟੀ, ਨੈਣ, ਤੂਰ ਸਾਰਨ, ਮੋਰ ਆਦਿ ਇਨ੍ਹਾਂ ਦੇ ਗੋਤ ਸਨ। ਇਨ੍ਹਾਂ ਪਿੰਡਾਂ ਵਿੱਚ ਹੀ ਇਹ ਰਿਸ਼ਤੇ ਕਰਦੇ ਸੀ। ਬਾਹਰ ਦੀ ਬਿਰਾਦਰੀ ਵਿੱਚ ਘੱਟ ਰਿਸ਼ਤੇ ਕਰਦੇ ਸੀ।

Advertisement

ਜ਼ਿਆਦਾਤਰ ਬਰਾਤਾਂ ਲਾਗੇ-ਲਾਗੇ ਪਿੰਡਾਂ ਵਿੱਚ ਟਰੈਕਟਰ, ਟਰਾਲੀਆਂ ’ਤੇ ਜਾਂਦੀਆਂ ਸਨ। ਲਾੜੇ-ਲਾੜੀ ਲਈ ਕਾਰ ਜ਼ਰੂਰੀ ਹੁੰਦੀ ਸੀ। ਕਾਰ ਲਈ ਮੋਹਣ ਸਿੰਘ ਮੋਹਣੀ ਅੱਕਾਂਵਾਲੀ ਵੱਲ ਵਹੀਰਾਂ ਘੱਤਦੇ। ਜਿਹੜਾ ਪਹਿਲਾਂ ਪਹੁੰਚ ਗਿਆ, ਕਾਰ ਬੁੱਕ ਕਰ ਲਈ। ਦੋ ਕਾਰਾਂ, ਫਕੀਰ ਚੰਦ ਤੇ ਸਤੀਸ਼ ਕੁਮਾਰ ਦੀਆਂ ਟੋਹਾਣੇ ਵੀ ਸਨ ਪਰ ਪਹਿਲ ਮੋਹਣੀ ਨੂੰ ਹੁੰਦੀ ਸੀ। ਸੇਹਰਾ ਪੜ੍ਹਨ ਦਾ ਰਿਵਾਜ ਜ਼ਿਆਦਾ ਸੀ। ਇਸ ਇਲਾਕੇ ਦੇ ਦੋ ਰੇਡੀਓ ਕਲਾਕਾਰਾਂ ਵਿਚ ਮੈਂ ਤੇ ਦੂਜਾ ਸਵਿੰਦਰ ਸਿੰਘ ਪਰਦੇਸੀ, ਦੁੱਲਟਾਂ ਵਾਲਾ ਸਨ। ਆਨੰਦ ਕਾਰਜਾਂ ’ਤੇ ਸੇਹਰਾ ਸਿੱਖਿਆ ਗਾਉਂਦੇ। ਸਾਰੇ ਪਰਿਵਾਰ ਦੇ ਨਾਮ ਸੇਹਰੇ ਵਿੱਚ ਪਰੋਏ ਹੁੰਦੇ। ਸਾਰੇ ਰਿਸ਼ਤੇਦਾਰ ਕਲਾਕਾਰਾਂ ਨੂੰ ਰੁਪਏ ਇਨਾਮ ਵਿੱਚ ਦਿੰਦੇ। ਧਾਰਮਿਕ ਗੀਤ ਸੁਣਦੇ, ਜ਼ਿੱਦ ਕਰ ਕੇ ਬਰਾਤ ਵਾਲੇ ਪੰਡਾਲ ਵਿੱਚ ਲੈ ਜਾਂਦੇ। ਮਿਰਜ਼ਾ ਤੇ ਲੋਕ ਗੀਤ ਸੁਣਦੇ। ਹਰ ਪ੍ਰੋਗਰਾਮ ’ਤੇ ਮੋਹਣੀ ਕਾਰ ਵਾਲਾ ਮੂਹਰੇ ਹੋ ਕੇ ਕਲਾਕਾਰਾਂ ਨੂੰ ਇਨਾਮ ਦਿੰਦਾ ਤੇ ਆਪਣਾ ਨਾਂ ਬੁਲਵਾਉਂਦਾ। ਡੋਲ਼ੀ ਵਿਦਾ ਮੋਹਣੀ ਦੀ ਕਾਰ ਵਿੱਚ ਹੁੰਦੀ। ਮੋਹਣੀ ਦੀ ਬੱਲੇ-ਬੱਲੇ। ਲਾੜੇ-ਲਾੜੀ ਨੂੰ ਉਤਾਰ ਕੇ ਮੋਹਣੀ ਨਾਮ ਲੈਂਦਾ, ਫਿਰ ਥੱਲੇ ਲਾਹੁੰਦਾ। ਓਨੀ ਦੇਰ ਦਰਵਾਜ਼ਾ ਨਾ ਖੋਲ੍ਹਦਾ, ਇਨਾਮ ਤੋਂ ਬਿਨਾਂ। ਮਾਂ, ਚਾਚੀਆਂ, ਮਾਸੀਆਂ, ਭੂਆ ਗੀਤ ਗਾਉਂਦੀਆਂ। ਮਾਵਾਂ ਪਾਣੀ ਵਾਰਦੀਆਂ। ਪਤਾ ਨਹੀਂ ਹੁਣ ਉਹ ਦਿਨ ਕਿੱਧਰ ਚਲੇ ਗਏ।

ਸੰਪਰਕ: 93561-54826

Advertisement
Show comments