ਆਧੁਨਿਕ ਜੀਵਨ ਸ਼ੈਲੀ ਦਾ ਸਭ ਤੋਂ ਘਾਤਕ ਪ੍ਰਦੂਸ਼ਣ ਮਹੀਨ ਪਲਾਸਟਿਕ ਕਣ
ਸਮੁੱਚੀ ਦੁਨੀਆ ’ਚ ਹਰ ਸਾਲ 400 ਮਿਲੀਅਨ ਟਨ ਤੋਂ ਵੱਧ ਪਲਾਸਟਿਕ ਪੈਦਾ ਕੀਤਾ ਜਾਂਦਾ ਹੈ, ਜਿਸ ਵਿੱਚੋਂ ਇੱਕ ਤਿਹਾਈ ਹਿੱਸਾ ਸਿਰਫ਼ ਇੱਕ ਵਾਰ ਵਰਤਣ ਯੋਗ ਹੁੰਦਾ ਹੈ। ਇਸ ਦੇ ਸਿੱਟੇ ਵਜੋਂ ਹਰ ਸਾਲ ਪਲਾਸਟਿਕ ਕੂੜੇ ਦੇ 2000 ਦੇ ਕਰੀਬ ਟਰੱਕ ਵੱਖ-ਵੱਖ ਜਲ ਸਰੋਤਾਂ ਜਿਵੇਂ ਸਮੁੰਦਰਾਂ, ਦਰਿਆਵਾਂ, ਨਹਿਰਾਂ, ਛੱਪੜਾਂ ਅਤੇ ਤਲਾਬਾਂ ਵਿੱਚ ਸੁੱਟ ਦਿੱਤੇ ਜਾਂਦੇ ਹਨ। ਪਲਾਸਟਿਕ ਕੂੜੇ ਦਾ ਸਭ ਤੋਂ ਖ਼ਤਰਨਾਕ ਰੂਪ ਇਸ ਕੂੜੇ ਤੋਂ ਬਣਦੇ ਪਲਾਸਟਿਕ ਦੇ ਸੂਖ਼ਮ ਕਣ ਹਨ ਜਿਨ੍ਹਾਂ ਨੂੰ ਮਾਈਕ੍ਰੋਪਲਾਸਟਿਕਸ (Microplastics) ਜਾਂ ‘ਪਲਾਸਟਿਕ ਦੇ ਮਹੀਨ/ਸੂਖ਼ਮ ਕਣ’ ਕਹਿੰਦੇ ਹਨ। ਇਹ ‘ਪਲਾਸਟਿਕ ਸੂਖ਼ਮ ਕਣ’ ਸਾਡੇ ਆਲੇ-ਦੁਆਲੇ ਭਾਵ ਸਾਡੀ ਮਿੱਟੀ, ਪਾਣੀ ਅਤੇ ਹਵਾ ਵਿੱਚ ਮੌਜੂਦ ਅਜਿਹੇ ਕਣ ਹਨ, ਜਿਨ੍ਹਾਂ ਦਾ ਆਕਾਰ 5 ਮਿਲੀਮੀਟਰ ਤੋਂ ਘੱਟ ਹੁੰਦਾ ਹੈ। ਮਨੁੱਖੀ ਕਿਰਿਆਵਾਂ ਨਾਲ ਇਨ੍ਹਾਂ ਕਣਾਂ ਦੀ ਮਾਤਰਾ ਵਿੱਚ ਹੋ ਰਹੇ ਲਗਾਤਾਰ ਵਾਧੇ ਤੋਂ ਦੁਨੀਆ ਭਰ ਦੇ ਵਿਗਿਆਨੀ ਬੇਹੱਦ ਫ਼ਿਕਰਮੰਦ ਹਨ। ਉਨ੍ਹਾਂ ਦੀ ਚਿੰਤਾ ਜਾਇਜ਼ ਵੀ ਹੈ ਕਿਉਂਕਿ ਇਹ ਸੂਖ਼ਮ ਕਣ ਮਨੁੱਖਾਂ ਤੋਂ ਇਲਾਵਾ ਬਾਕੀ ਜੀਵ-ਜੰਤੂਆਂ ਅਤੇ ਬਨਸਪਤੀ ਵਿੱਚ ਭਿਆਨਕ ਬਿਮਾਰੀਆਂ ਦਾ ਕਾਰਨ ਬਣ ਰਹੇ ਹਨ। ਇਹ ਕਣ ਟਾਇਰਾਂ ਦੇ ਰਗੜਨ, ਪਿੰਡਾਂ-ਸ਼ਹਿਰਾਂ ਵਿੱਚ ਲੱਗੇ ਕੂੜੇ ਦੇ ਢੇਰਾਂ ਉੱਤੇ ਗਰਮੀ ਅਤੇ ਵਰਖਾ ਦੇ ਪ੍ਰਭਾਵ ਕਾਰਨ, ਪਲਾਸਟਿਕ ਦੇ ਲਿਫ਼ਾਫ਼ੇ ਅਤੇ ਬੋਤਲਾਂ ਦੇ ਟੁੱਟਣ-ਭੱਜਣ, ਸਿਗਰਟਾਂ ਦੇ ਫਿਲਟਰਾਂ, ਭੋਜਨ ਅਤੇ ਹੋਰ ਵਸਤਾਂ ਦੀ ਪੈਕਿੰਗ ਕਰਨ ਲਈ ਵਰਤੇ ਜਾਂਦੇ ਪਲਾਸਟਿਕ ਬੈਗਾਂ, ਕੂੜੇ ਦੇ ਢੇਰਾਂ ਤੋਂ ਉੱਡਦੀ ਧੂੜ, ਪਲਾਸਟਿਕ ਦੀਆਂ ਘਰੇਲੂ ਵਸਤਾਂ ਦੀ ਟੁੱਟ-ਭੱਜ ਅਤੇ ਪੋਲਿਸਟਰ ਦੇ ਕੱਪੜਿਆਂ ਤੋਂ ਪੈਦਾ ਹੁੰਦੇ ਹਨ। ਇਨ੍ਹਾਂ ਤੋਂ ਇਲਾਵਾ ਗਰੀਨ ਟੀ ਦੀ ਪੈਕਿੰਗ, ਸਕਿਨ ਕ੍ਰੀਮ ਅਤੇ ਕੱਪੜਿਆਂ ਤੇ ਭਾਂਡਿਆਂ ਨੂੰ ਧੋਣ ਲਈ ਵਰਤੇ ਜਾਂਦੇ ਡਿਟਰਜੈਂਟਾਂ ਤੋਂ ਵੀ ਪਲਾਸਟਿਕ ਦੇ ਸੂਖ਼ਮ ਕਣ ਪੈਦਾ ਹੁੰਦੇ ਹਨ। ਇਨ੍ਹਾਂ ਜ਼ਹਿਰੀਲੇ ਪਲਾਸਟਿਕ ਕਣਾਂ ਦੀ ਸਭ ਤੋਂ ਮਾੜੀ ਗੱਲ ਇਹ ਹੈ ਕਿ ਇਹ ਹਜ਼ਾਰਾਂ ਸਾਲਾਂ ਬਾਅਦ ਵੀ ਖ਼ਤਮ ਨਹੀਂ ਹੁੰਦੇ ਹਨ ਭਾਵ ਇਨ੍ਹਾਂ ਵੱਲੋਂ ਇੱਕ ਵਾਰ ਪੈਦਾ ਕੀਤਾ ਗਿਆ ਪ੍ਰਦੂਸ਼ਣ ਆਉਣ ਵਾਲੀਆਂ ਅਣਗਿਣਤ ਪੀੜ੍ਹੀਆਂ ਲਈ ਸਿਰਦਰਦ ਬਣਿਆ ਰਹਿੰਦਾ ਹੈ।
ਇਹ ਕਣ ਬੋਤਲਬੰਦ ਪਾਣੀ, ਡੱਬਾਬੰਦ ਬਾਜ਼ਾਰੀ ਭੋਜਨ, ਸਮੁੰਦਰੀ ਭੋਜਨ ਖਾਣ, ਸਾਹ ਲੈਣ ਨਾਲ ਅਤੇ ਚਮੜੀ ’ਤੇ ਲਗਾਈ ਕਰੀਮ ਤੋਂ ਸਾਡੇ ਸਰੀਰ ਅੰਦਰ ਦਾਖ਼ਲ ਹੋ ਜਾਂਦੇ ਹਨ। ਸਰੀਰ ’ਚ ਦਾਖ਼ਲ ਹੋ ਕੇ ਇਹ ਸਾਡੇ ਜ਼ਰੂਰੀ ਅੰਗਾਂ ਜਿਵੇਂ ਫੇਫੜਿਆਂ, ਜਿਗਰ, ਦਿਲ, ਦਿਮਾਗ਼, ਪਤਾਲੂਆਂ, ਇੱਥੋਂ ਤੱਕ ਕਿ ਗਰਭਵਤੀਆਂ ਦੇ ਭਰੂਣ ਅੰਦਰ ਵੀ ਚਲੇ ਜਾਂਦੇ ਹਨ। ‘ਐਨਵਾਇਰਨਮੈਂਟਲ ਸਾਇੰਸ ਅਤੇ ਤਕਨਾਲੋਜੀ ਜਨਰਲ’ ਨਾਂ ਦੀ ਇੱਕ ਸੰਸਥਾ ਵੱਲੋਂ ਕਰਵਾਏ ਗਏ ਇੱਕ ਸਰਵੇਖਣ ਵਿੱਚ ਦੱਸਿਆ ਗਿਆ ਹੈ ਕਿ ਧਰਤੀ ਦਾ ਹਰ ਜੀਵ ਹਰ ਸਾਲ ਔਸਤ 52,000 ਦੇ ਕਰੀਬ ਇਨ੍ਹਾਂ ਕਣਾਂ ਨੂੰ ਆਪਣੇ ਅੰਦਰ ਬੇਧਿਆਨੇ ਹੀ ਨਿਗਲ ਜਾਂਦਾ ਹੈ।
ਸਰੀਰ ਅੰਦਰ ਇਹ ਮਹੀਣ ਕਣ ਭਿਆਨਕ ਬਿਮਾਰੀਆਂ ਨੂੰ ਜਨਮ ਦਿੰਦੇ ਹਨ ਜਿਵੇਂ ਸਰੀਰਕ ਸੋਜਾ ਪੈਣਾ, ਸਮੇਂ ਤੋਂ ਪਹਿਲਾਂ ਬੁੱਢੇ ਹੋਣਾ, ਮਾਨਸਿਕ ਤਣਾਅ, ਖ਼ੂਨ ਦੀਆਂ ਨਾਲੀਆਂ ਵਿੱਚ ਪਲਾਕ ਭਾਵ ਪਲਾਸਟਿਕ ਕਣਾਂ ਦੀ ਪਰਤ ਦਾ ਜਮ੍ਹਾਂ ਹੋਣਾ (ਜਿਸ ਨਾਲ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਵਧ ਜਾਂਦਾ ਹੈ), ਖ਼ੂਨ ਵਿੱਚ ਹਾਰਮੋਨਾਂ ਵਿੱਚ ਬਦਲਾਅ ਲਿਆ ਕੇ ਸ਼ੂਗਰ ਜਿਹੇ ਰੋਗਾਂ ਨੂੰ ਜਨਮ ਦੇਣਾ, ਅੰਤੜੀਆਂ ਦੀ ਅੰਦਰਲੀ ਪਰਤ ਨੂੰ ਨਸ਼ਟ ਕਰਨਾ (ਜਿਸ ਨਾਲ ਪੇਟ ਦੀਆਂ ਬਿਮਾਰੀਆਂ ਵਧ ਜਾਂਦੀਆਂ ਹਨ), ਇਨ੍ਹਾਂ ਕਣਾਂ ਦੇ ਫੇਫੜਿਆਂ ਵਿੱਚ ਜਮ੍ਹਾਂ ਹੋ ਜਾਣ ਨਾਲ ਦਮੇ ਵਰਗੇ ਸਾਹ ਦੇ ਰੋਗ ਲੱਗ ਜਾਂਦੇ ਹਨ। ਇਨ੍ਹਾਂ ਨਾਲ ਸਰੀਰ ਦੀ ਰੋਗ-ਰੋਕੂ ਸਮਰੱਥਾ ਵੀ ਘਟ ਜਾਂਦੀ ਹੈ, ਜਿਸ ਨਾਲ ਸਾਡਾ ਸਰੀਰ ਆਸਾਨੀ ਨਾਲ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਗਰਭਵਤੀਆਂ ਦੇ ਪੇਟ ਅੰਦਰ ਪਲ ਰਹੇ ਬੱਚਿਆਂ ਵਿੱਚ ਅਤੇ ਨਵਜੰਮੇ ਬੱਚਿਆਂ ਨੂੰ ਮਾਂ ਵੱਲੋਂ ਪਿਆਏ ਜਾਂਦੇ ਦੁੱਧ ਵਿੱਚ ਵੀ ਇਹ ਕਣ ਮੌਜੂਦ ਹੁੰਦੇ ਹਨ। ਇਸ ਤੋਂ ਇਲਾਵਾ ਇਹ ਕਣ ਅਜਿਹੀਆਂ ਅਨੇਕਾਂ ਬਿਮਾਰੀਆਂ ਲਈ ਜ਼ਿੰਮੇਵਾਰ ਹਨ, ਜਿਨ੍ਹਾਂ ਦਾ ਸਬੰਧ ਸਾਡੀ ਆਧੁਨਿਕ ਜੀਵਨ ਸ਼ੈਲੀ ਨਾਲ ਹੈ। ਸੰਸਾਰ ਦੇ ਵੱਖ-ਵੱਖ ਭਾਗਾਂ ਵਿੱਚ ਚੱਲ ਰਹੀਆਂ ਖੋਜਾਂ ਹਾਲੇ ਹੋਰ ਇਹ ਦੱਸਣਗੀਆਂ ਕਿ ਮਨੁੱਖ ਵੱਲੋਂ ਆਪਣੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਲਈ ਤਿਆਰ ਕੀਤੇ ਗਏ ਇਸ ਪਲਾਸਟਿਕ ਨੇ ਸਾਨੂੰ ਕਿੰਨਾ ਕੁ ਸੁਖ ਦਿੱਤਾ ਜਾਂ ਫਿਰ ਕਿੰਨੀਆਂ ਪ੍ਰੇਸ਼ਾਨੀਆਂ ਸਾਡੇ ਗਲ ਪਾਈਆਂ ਹਨ। ਸਿਹਤ ਸੇਵਾਵਾਂ ਨਾਲ ਜੁੜੇ ਮਾਹਿਰਾਂ ਵੱਲੋਂ ਤਾਂ ਬਾਂਝਪਣ ਅਤੇ ਨਾਮਰਦਗੀ ਜਿਹੇ ਭਿਆਨਕ ਰੋਗਾਂ ਲਈ ਵੀ ਮਹੀਨ ਪਲਾਸਟਿਕ ਕਣਾਂ ਨੂੰ ਹੀ ਜ਼ਿੰਮੇਵਾਰ ਦੱਸਿਆ ਗਿਆ ਹੈ। ਮਨੁੱਖ ਤੋਂ ਇਲਾਵਾ ਧਰਤੀ ਦੇ ਦੂਜੇ ਜੀਵ ਵੀ ਇਨ੍ਹਾਂ ਕਣਾਂ ਦੀ ਮਾਰ ਝੱਲਦੇ ਵੇਖੇ ਗਏ ਹਨ। ਅਨੇਕਾਂ ਜਲੀ ਅਤੇ ਥਲੀ ਜੀਵ ਇਨ੍ਹਾਂ ਨੂੰ ਆਪਣਾ ਭੋਜਨ ਸਮਝ ਕੇ ਨਿਗਲ ਜਾਂਦੇ ਹਨ, ਜਿਸ ਨਾਲ ਇਹ ਉਨ੍ਹਾਂ ਦੀ ਮੌਤ ਦਾ ਕਾਰਨ ਬਣ ਜਾਂਦੇ ਹਨ।
ਪਲਾਸਟਿਕ ਪਦਾਰਥਾਂ ਨੂੰ ਬਣਾਉਣ ਲਈ ਸੈਂਕੜੇ ਕਿਸਮ ਦੇ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹਾ ਕਰਨਾ ਇਨ੍ਹਾਂ ਵਿੱਚ ਲਚਕੀਲਾਪਣ ਅਤੇ ਮਜ਼ਬੂਤੀ ਜਿਹੇ ਗੁਣ ਪੈਦਾ ਕਰਨ ਲਈ ਜ਼ਰੂਰੀ ਹੁੰਦਾ ਹੈ। ਇਹੋ ਰਸਾਇਣ ਹੀ ਪਲਾਸਟਿਕ ਕਣਾਂ ਨੂੰ ਲੰਮੇ ਸਮੇਂ ਤੱਕ ਗੈਰ ਵਿਘਟਣਸ਼ੀਲ ਬਣਾਉਂਦੇ ਹਨ ਅਤੇ ਪਲਾਸਟਿਕ ਵਿੱਚ ਜ਼ਹਿਰੀਲਾਪਣ ਵੀ ਇਹ ਰਸਾਇਣ ਹੀ ਪੈਦਾ ਕਰਦੇ ਹਨ।
ਮਨੁੱਖੀ ਜੀਵਨ ਦਾ ਇੱਕ ਹੋਰ ਅਹਿਮ ਹਿੱਸਾ ਖੇਤੀਬਾੜੀ ਦਾ ਖੇਤਰ ਵੀ ਇਸ ਬਣਾਉਟੀ ਜ਼ਹਿਰ ਤੋਂ ਅਛੂਤਾ ਨਹੀਂ ਬਚਿਆ ਭਾਵ ਜ਼ਰਖ਼ੇਜ਼ ਜ਼ਮੀਨ, ਬੀਜ, ਪਾਣੀ ਅਤੇ ਪੈਦਾ ਹੋਈਆਂ ਫ਼ਸਲਾਂ ਵੀ ਪਲਾਸਟਿਕ ਦੇ ਮਹੀਨ ਕਣਾਂ ਰੂਪੀ ਜ਼ਹਿਰ ਦੇ ਚੱਕਰ ਵਿੱਚ ਫਸ ਚੁੱਕੀਆਂ ਹਨ। ਪਲਾਸਟਿਕ ਦਾ ਇੱਕ ਹੋਰ ਅਤੇ ਅਤਿ ਬਰੀਕ ਰੂਪ ਨੈਨੋਪਲਾਸਟਿਕ ਹੈ। ਨੈਨੋਪਲਾਸਟਿਕ ਕਣਾਂ ਦਾ ਆਕਾਰ ਇੱਕ ਮਿਲੀਮੀਟਰ ਤੋਂ ਵੀ ਛੋਟਾ ਹੁੰਦਾ ਹੈ। ਇਹ ਹਵਾ, ਪਾਣੀ ਅਤੇ ਜ਼ਮੀਨ ਵਿੱਚੋਂ ਹੁੰਦੇ ਹੋਏ ਸਾਡੇ ਸਰੀਰ ਵਿੱਚ ਦਾਖ਼ਲ ਹੋ ਜਾਂਦੇ ਹਨ। ਇਸ ਲਈ ਜੋ ਵੀ ਅਨਾਜ ਅਸੀਂ ਖਾਂਦੇ ਹਾਂ ਉਸ ਵਿੱਚ ਪਲਾਸਟਿਕ ਦੇ ਕਣ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਸ਼ਾਮਲ ਹੁੰਦੇ ਹਨ।
ਬਚਣ ਦੇ ਢੰਗ: ਹੁਣ ਮੁੱਖ ਮੁੱਦਾ ਇਹ ਹੈ ਕਿ ਅਸੀਂ ਪਲਾਸਟਿਕ ਦੇ ਮਹੀਨ ਕਣਾਂ ਦੇ ਜ਼ਹਿਰ ਤੋਂ ਬਚ ਕਿਵੇਂ ਸਕਦੇ ਹਾਂ? ਪਲਾਸਟਿਕ ਦੇ ਲਿਫ਼ਾਫ਼ਿਆਂ, ਕੋਲਡ ਡ੍ਰਿੰਕਸ ਦੀਆਂ ਬੋਤਲਾਂ, ਡੱਬਾਬੰਦ ਭੋਜਨਾਂ, ਬੋਤਲਬੰਦ ਪਾਣੀ, ਪਲਾਸਟਿਕ ਦੇ ਗਿਲਾਸ, ਕੱਪ, ਮਠਿਆਈਆਂ ਦੇ ਡੱਬੇ, ਪਲਾਸਟਿਕ ਦੀਆਂ ਜੁੱਤੀਆਂ, ਸਕਿਨ ਕਰੀਮਾਂ ਅਤੇ ਲੋਸ਼ਨ, ਪੋਲਿਸਟਰ ਦੇ ਕੱਪੜੇ, ਸਿਗਰਟਾਂ ਅਤੇ ਪਲਾਸਟਿਕ ਦੀਆਂ ਬੋਰੀਆਂ ਤੇ ਬਾਲਟੀਆਂ ਆਦਿ ਦੀ ਤਰਕਸੰਗਤ ਵਰਤੋਂ ਕਰ ਕੇ ਅਸੀਂ ਮਹੀਨ ਕਣਾਂ ਦੇ ਜ਼ਹਿਰ ਤੋਂ ਬਚ ਸਕਦੇ ਹਾਂ। ਘਰਾਂ ਵਿੱਚ ਲੱਗੇ ਪਾਣੀ ਦੇ ਆਰ.ਓ. ਪ੍ਰਣਾਲੀ (RO) ਵਿੱਚ ਐਕਟੀਵੇਟਡ ਕਾਰਬਨ ਵਾਲੇ ਫਿਲਟਰਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਹ ਪਾਣੀ ਵਿਚਲੇ ਕੀਟਨਾਸ਼ਕ ਰਸਾਇਣਾਂ ਨੂੰ ਬਾਹਰ ਕੱਢ ਕੇ ਅਤੇ ਪਾਣੀ ਦੇ ਪੋਸ਼ਕ ਤੱਤਾਂ ਨੂੰ ਬਚਾਅ ਕੇ ਰੱਖਦੇ ਹਨ। ਜੜ੍ਹਾਂ ਵਾਲੀਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਛਿੱਲ ਕੇ ਧੋ ਲੈਣਾ ਚਾਹੀਦਾ ਹੈ। ਮਾਈਕ੍ਰੋਵੇਵ ਜਾਂ ਓਵਨ ਵਿੱਚ ਖਾਣ ਵਾਲੀਆਂ ਵਸਤਾਂ ਨੂੰ ਕੱਚ ਜਾਂ ਮਿੱਟੀ ਦੇ ਬਰਤਨਾਂ ਵਿੱਚ ਹੀ ਗਰਮ ਕਰਨਾ ਚਾਹੀਦਾ ਹੈ। ਗਰਮ ਕੀਤੇ ਗਏ ਤਰਲ ਪਦਾਰਥਾਂ ਜਿਵੇਂ ਚਾਹ ਅਤੇ ਦੁੱਧ ਆਦਿ ਨੂੰ ਪਲਾਸਟਿਕ ਦੇ ਭਾਂਡਿਆਂ ਵਿੱਚ ਨਾ ਪਾਇਆ ਜਾਵੇ। ਰਸੋਈ ਵਿੱਚ ਪਲਾਸਟਿਕ ਦੇ ਚੌਪਿੰਗ ਬੋਰਡ (ਸਬਜ਼ੀਆਂ ਕੱਟਣ ਵਾਲਾ ਬੋਰਡ) ਦੀ ਬਜਾਏ ਲੱਕੜ ਦੇ ਬੋਰਡ ਦੀ ਵਰਤੋਂ ਕੀਤੀ ਜਾਵੇ। ਪਲਾਸਟਿਕ ਦੇ ਭਾਂਡਿਆਂ ਦੀ ਥਾਂ ਕੱਚ ਜਾਂ ਸਟੀਲ ਦੇ ਭਾਂਡੇ ਵਰਤੇ ਜਾਣ। ਕੋਸ਼ਿਸ਼ ਕੀਤੀ ਜਾਵੇ ਕਿ ਬਾਜ਼ਾਰੋਂ ਖਰੀਦੀਆਂ ਵਸਤਾਂ ਪਲਾਸਟਿਕ ਦੀ ਬਜਾਏ ਕਾਗ਼ਜ਼ ਦੀ ਪੈਕਿੰਗ ਵਿੱਚ ਹੋਣ। ਗਰੀਨ ਟੀ ਖਰੀਦਣੀ ਹੋਵੇ ਤਾਂ ਖੁੱਲ੍ਹੀ ਖਰੀਦੋ ਅਤੇ ਇਸ ਨੂੰ ਸਟੀਲ ਦੇ ਬਰਤਨ ਵਿੱਚ ਉਬਾਲੋ। ਸਨਸਕਰੀਨ ਅਤੇ ਮੌਇਸਚਰਾਈਜ਼ਰ ਖਰੀਦਦੇ ਸਮੇਂ ਧਿਆਨ ਰੱਖੋ ਕਿ ਇਹ ਜ਼ਿੰਕ ਆਕਸਾਈਡ ਅਤੇ ਟਾਈਟੇਨੀਅਮ ਆਕਸਾਈਡ ਆਧਾਰਿਤ ਖਣਿਜਾਂ ਤੋਂ ਹੀ ਬਣੇ ਹੋਣ। ਬਾਜ਼ਾਰ ਤੋਂ ਖਰੀਦਦਾਰੀ ਕਰਦਿਆਂ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਥਾਂ ਕੱਪੜੇ ਦੇ ਥੈਲੇ ਨਾਲ ਲੈ ਕੇ ਜਾਓ।
ਸੰਪਰਕ: 62842-20595
 
 
             
            