ਟਰੰਪ ਦੇ ਭਾਸ਼ਣ ਦਾ ਖੋਖਲਾਪਨ
ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਖ਼ੁਦ ਨੂੰ ਸ਼ਾਂਤੀ ਦੂਤ ਵਜੋਂ ਪੇਸ਼ ਕਰਦਿਆਂ ਸ਼ੇਖੀ ਮਾਰੀ ਕਿ ਉਸ ਦੀ ਲੀਡਰਸ਼ਿਪ ਨੇ ‘ਸੱਤ ਜੰਗਾਂ ਮੁਕਾਉਣ’ ਅਤੇ ਟਕਰਾਅ ਰੋਕਣ ਵਿੱਚ ਮਦਦ ਕੀਤੀ ਹੈ। ਫਿਰ ਵੀ ਅਮਰੀਕੀ ਰਾਸ਼ਟਰਪਤੀ ਦੇ ਭਾਸ਼ਣ ਦੇ ਅਸਲ ਤੱਤ ਕੁਝ ਹੋਰ ਹੀ ਪ੍ਰਗਟ ਕਰਦੇ ਹਨ: ਇੱਕ ਅਜਿਹਾ ਆਗੂ ਜੋ ਸਹਿਯੋਗ ਦੇ ਉਨ੍ਹਾਂ ਥੰਮ੍ਹਾਂ ਨੂੰ ਹੀ ਖੋਖਲਾ ਕਰ ਰਿਹਾ ਹੈ, ਜਿਹੜੇ ਸਥਾਈ ਸ਼ਾਂਤੀ ਲਈ ਲੋੜੀਂਦੇ ਹਨ। ਸਭ ਤੋਂ ਹੈਰਾਨੀ ਵਾਲੀ ਗੱਲ ਉਸ ਦਾ ਜਲਵਾਯੂ ਪਰਿਵਰਤਨ ਨੂੰ ‘ਹੁਣ ਤੱਕ ਦੀ ਸਭ ਤੋਂ ਵੱਡੀ ਠੱਗੀ’ ਕਹਿ ਕੇ ਖਾਰਜ ਕਰਨਾ ਸੀ। ਜਲਵਾਯੂ ਤਬਦੀਲੀ ਪਹਿਲਾਂ ਹੀ ਸੋਕੇ, ਹੜ੍ਹਾਂ ਅਤੇ ਭੋਜਨ ਅਸੁਰੱਖਿਆ ਨੂੰ ਤੇਜ਼ ਕਰ ਰਹੀ ਹੈ ਜੋ ਸਾਰੇ ਟਕਰਾਅ ਦੇ ਜਨਮਦਾਤਾ ਹਨ। ਸ਼ਾਂਤੀ ਕਾਇਮ ਰੱਖਣ ਦਾ ਦਾਅਵਾ ਕਰਦੇ ਹੋਏ ਇਸ ਹਕੀਕਤ ਤੋਂ ਇਨਕਾਰੀ ਹੋਣਾ ਵਿਰੋਧਾਭਾਸ ਹੈ ਜੋ ਟਰੰਪ ਦੀ ਬਿਆਨਬਾਜ਼ੀ ਦੇ ਖੋਖਲੇਪਣ ਨੂੰ ਪ੍ਰਗਟ ਕਰਦਾ ਹੈ।
ਪਰਵਾਸ ਨੂੰ ਅਜਿਹੀ ਸ਼ਕਤੀ ਵਜੋਂ ਨਿੰਦਣਾ ਜੋ ‘ਕੌਮਾਂ ਨੂੰ ਤਬਾਹ ਕਰਦੀ ਹੈ’ ਵੀ ਓਨਾ ਹੀ ਵਿਨਾਸ਼ਕਾਰੀ ਸੀ। ਪਰਵਾਸ ਲੰਮੇ ਸਮੇਂ ਤੋਂ ਮਨੁੱਖੀ ਇਤਿਹਾਸ ਦਾ ਹਿੱਸਾ ਰਿਹਾ ਹੈ, ਜਿਸ ਨੇ ਸਮਾਜਾਂ ਨੂੰ ਆਕਾਰ ਦਿੱਤਾ ਹੈ ਅਤੇ ਤਰੱਕੀ ਨੂੰ ਹੁਲਾਰਾ ਦਿੱਤਾ ਹੈ। ਪਰਵਾਸੀਆਂ ਨੂੰ ਖ਼ਤਰੇ ਵਜੋਂ ਪੇਸ਼ ਕਰਨਾ ਵਿਦੇਸ਼ੀਆਂ ਪ੍ਰਤੀ ਨਾਪਸੰਦਗੀ ਨੂੰ ਵਧਾਉਂਦਾ ਹੈ ਅਤੇ ਭਾਈਚਾਰਿਆਂ ਨੂੰ ਤੋੜਦਾ ਹੈ। ਸੰਘਰਸ਼ ਨੂੰ ਰੋਕਣ ਦੀ ਬਜਾਏ ਅਜਿਹੀ ਬਿਆਨਬਾਜ਼ੀ ਨਾਰਾਜ਼ਗੀ ਅਤੇ ਵੰਡ ਪੈਦਾ ਕਰਦੀ ਹੈ। ਬੂਹੇ ਭੇੜਨ ਨਾਲ ਸਥਾਈ ਸ਼ਾਂਤੀ ਯਕੀਨੀ ਨਹੀਂ ਬਣਦੀ। ਟਰੰਪ ਵੱਲੋਂ ਸੰਯੁਕਤ ਰਾਸ਼ਟਰ ਦੀ ਸਖ਼ਤ ਆਲੋਚਨਾ- ਇਸ ਨੂੰ ਬੇਅਸਰ ਅਤੇ ਦੋਗ਼ਲਾ ਦੱਸਣਾ ਖ਼ੁਦ ਨੂੰ ਸ਼ਾਂਤੀ ਦੂਤ ਦੱਸਣ ਦੇ ਉਸ ਦੇ ਦਾਅਵੇ ਨੂੰ ਹੋਰ ਵੀ ਕਮਜ਼ੋਰ ਕਰਦਾ ਹੈ। ਸੰਯੁਕਤ ਰਾਸ਼ਟਰ ਨਾਮੁਕੰਮਲ ਹੋ ਸਕਦਾ ਹੈ, ਪਰ ਇਹ ਸੰਵਾਦ, ਮਾਨਵਤਾਵਾਦੀ ਰਾਹਤ ਅਤੇ ਅਮਨ-ਸ਼ਾਂਤੀ ਲਈ ਢਾਂਚਾ ਮੁਹੱਈਆ ਕਰਨ ਵਾਲੀ ਇੱਕੋ-ਇੱਕ ਆਲਮੀ ਸੰਸਥਾ ਹੈ। ਇਸ ’ਤੇ ਹੱਲਾ ਬੋਲਣਾ ਅਤੇ ਅਮਰੀਕਾ ਨੂੰ ਸ਼ਾਂਤੀ ਦੇ ਰਖਵਾਲੇ ਵਜੋਂ ਪੇਸ਼ ਕਰਨਾ, ਉਨ੍ਹਾਂ ਸੰਸਥਾਵਾਂ ਦੀ ਬੇਕਦਰੀ ਹੈ ਜੋ ਜੰਗ ਨੂੰ ਵਧਣ ਤੋਂ ਰੋਕਦੀਆਂ ਹਨ।
ਭਾਰਤ ਲਈ ਸਬਕ ਸਪੱਸ਼ਟ ਹੈ। ਵਾਸ਼ਿੰਗਟਨ ਨਾਲ ਮਜ਼ਬੂਤ ਸਬੰਧ ਬਣਾਈ ਰੱਖਦੇ ਹੋਏ ਵੀ ਨਵੀਂ ਦਿੱਲੀ ਨੂੰ ਕੱਟੜ ਜਾਂ ਸ਼ੰਕਾਵਾਦੀ ਸਿਆਸਤ ਵੱਲ ਨਹੀਂ ਜਾਣਾ ਚਾਹੀਦਾ। ਇਸ ਦੀ ਬਜਾਏ ਭਾਰਤ ਨੂੰ ਬਹੁਪੱਖੀ ਤਾਲਮੇਲ, ਜਲਵਾਯੂ ਲੀਡਰਸ਼ਿਪ ਅਤੇ ਵਿਆਪਕ ਆਲਮੀ ਪ੍ਰਸ਼ਾਸਨ ’ਤੇ ਹੋਰ ਜ਼ੋਰ ਦੇਣਾ ਚਾਹੀਦਾ ਹੈ। ਸ਼ਾਂਤੀ ਨੂੰ ਇਕੱਲੇ ਫ਼ੌਜੀ ਧੀਰਜ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ; ਇਸ ਲਈ ਸਾਂਝੀਆਂ ਮਨੁੱਖੀ ਚੁਣੌਤੀਆਂ ’ਤੇ ਸਹਿਯੋਗ ਦੀ ਲੋੜ ਹੈ। ਟਰੰਪ ਦੇ ਸੰਯੁਕਤ ਰਾਸ਼ਟਰ ’ਚ ਭਾਸ਼ਣ ਨੇ ਅਜਿਹੇ ਆਗੂ ਦੇ ਵਿਰੋਧਾਭਾਸ ਨੂੰ ਪ੍ਰਗਟ ਕੀਤਾ ਹੈ ਜੋ ਜੰਗਾਂ ਨੂੰ ਖ਼ਤਮ ਕਰਨ ਦਾ ਸਿਹਰਾ ਤਾਂ ਲੈ ਰਿਹਾ ਹੈ ਜਦੋਂ ਕਿ ਉਨ੍ਹਾਂ ਸਥਿਤੀਆਂ ਨੂੰ ਹਵਾ ਦੇ ਰਿਹਾ ਹੈ ਜੋ ਭਵਿੱਖ ਵਿੱਚ ਜੰਗਾਂ ਨੂੰ ਭੜਕਾ ਸਕਦੀਆਂ ਹਨ। ਸੱਚੀ ਸ਼ਾਂਤੀ ਬਹਾਲੀ ਲਈ ਇਕਜੁੱਟਤਾ ਦੀ ਲੋੜ ਹੈ, ਨਾ ਕਿ ਨਾਅਰਿਆਂ ਦੀ।