ਜ਼ਿੰਦਗੀ ਦੀ ਦੌੜ ਦਾ ਅੰਤ
ਪਿਛਲੇ ਦਿਨੀਂ ਲੰਮੀ ਦੂਰੀ ਦੇ ਸਭ ਤੋਂ ਬਜ਼ੁਰਗ ਦੌੜਾਕ ਫੌਜਾ ਸਿੰਘ ਦੀ ਸੜਕ ਹਾਦਸੇ ’ਚ ਹੋਈ ਅਚਾਨਕ ਮੌਤ ਦੀ ਖ਼ਬਰ ਮੀਡੀਆ ਵਿੱਚ ਲਗਾਤਾਰ ਚਰਚਾ ’ਚ ਰਹੀ। ਬਾਬਾ ਫੌਜਾ ਸਿੰਘ ਆਪਣੇ ਸਿਰੜ, ਮਿਹਨਤ ਅਤੇ ਬੁਲੰਦ ਹੌਸਲੇ ਨਾਲ ਇੱਕ ਸਦੀ ਤੋਂ ਵੱਧ ਸਮਾਂ ਜੀਵਿਆ ਹੀ ਨਹੀਂ ਸਗੋਂ ਉਸ ਨੇ ਬਹੁਤ ਚੜ੍ਹਦੀ ਕਲਾ ਨਾਲ ਆਪਣਾ ਜੀਵਨ ਬਿਤਾਇਆ। ਕਮਾਲ ਇਹ ਹੈ ਕਿ ਸਾਡੇ ਇਸ ਅਣਥੱਕ ਤੇ ਖੁਸ਼ਮਿਜ਼ਾਜ ਬਾਬੇ ਨੇ ਆਪਣੀਆਂ ਲੱਤਾਂ ਦੀ ਮਜ਼ਬੂਤੀ ਦੇ ਬਲ ’ਤੇ ਸਾਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਤੇ ਦੁਨੀਆ ਭਰ ਦੇ ਅਖ਼ਬਾਰਾਂ ਤੇ ਮੀਡੀਆ ਵਿੱਚ ਛਾਇਆ ਰਿਹਾ।
ਫੌਜਾ ਸਿੰਘ ਨੂੰ ‘ਟਰਬਨ ਟੌਰਨੈਡੋ’ ਕਿਹਾ ਜਾਂਦਾ ਰਿਹਾ ਹੈ। ਬਹੁਤ ਸਾਰੇ ਅਥਲੀਟ ਦੌੜਨ ਵੇਲੇ ਆਪਣੀ ਦਿੱਖ ਨਾਲ ਸਮਝੌਤਾ ਕਰ ਲੈਂਦੇ ਹਨ ਪਰ ਫੌਜਾ ਸਿੰਘ ਨੇ ਹਰ ਲੰਮੀ ਦੌੜ (ਮੈਰਾਥਨ) ਵਿੱਚ ਆਪਣੇ ਸਿਰ ’ਤੇ ਦਸਤਾਰ ਸਜਾਈ ਰੱਖੀ। ਦੁਨੀਆ ਭਰ ਦੇ ਵੱਡੇ ਸ਼ਹਿਰਾਂ ਵਿੱਚ ਹੋਈਆਂ ਮੈਰਾਥਨ ਦੌੜਾਂ ਵਿੱਚ ਬਾਬਾ ਫੌਜਾ ਸਿੰਘ ਨਿਆਰਾ ਹੀ ਦਿਸਦਾ ਸੀ ਕਿਉਂਕਿ ਉਸ ਦੌੜ ’ਚ ਦਸਤਾਰ ਵਾਲਾ ਕੋਈ ਹੋਰ ਨਹੀਂ ਸੀ ਹੁੰਦਾ।
ਜ਼ਿੰਦਗੀ ਦੇ ਔਖੇ ਤੇ ਟੇਢੇ-ਮੇਢੇ ਰਾਹਾਂ ਤੋਂ ਗੁਜ਼ਰਦਿਆਂ ਬਾਬਾ ਫੌਜਾ ਸਿੰਘ ਨੇ ਸਿੱਧ ਕੀਤਾ ਕਿ ਕੋਈ ਵੀ ਕੰਮ ਕਰਨ ਜਾਂ ਖੇਡ ਖੇਡਣ ਦੀ ਕੋਈ ਉਮਰ ਹੱਦ ਨਹੀਂ ਹੁੰਦੀ। ਇਸ ਲਈ ਤਾਂ ਪੱਕਾ ਇਰਾਦਾ ਅਤੇ ਜਜ਼ਬਾ ਦਰਕਾਰ ਹੈ, ਜਿਸਮ ਤਾਂ ਆਪਣੇ ਆਪ ਤੁਹਾਡੇ ਨਾਲ ਤੁਰ ਪੈਂਦਾ ਹੈ। ਹਾਂ, ਇਸ ਲਈ ਖ਼ਾਸ ਕਿਸਮ ਦੀ ਇੱਛਾ ਸ਼ਕਤੀ ਅਤੇ ਅਨੁਸ਼ਾਸਨ ਦੀ ਲੋੜ ਪੈਂਦੀ ਹੈ। ਅਗਲੀਆਂ ਪੀੜ੍ਹੀਆਂ ਲਈ ਇਹ ਯਕੀਨ ਕਰਨਾ ਵੀ ਮੁਸ਼ਕਲ ਹੋ ਜਾਵੇਗਾ ਕਿ ਇਸ ‘ਜਵਾਨ’ ਨੇ ਦੌੜਨ ਦੀ ਸ਼ੁਰੂਆਤ ਹੀ 90ਵਿਆਂ ਨੂੰ ਢੁੱਕ ਕੇ ਕੀਤੀ ਜਦੋਂ ਬਹੁਤੇ ਲੋਕ ਆਪਣਾ
ਅੱਗਾ ਸੰਵਾਰਨ ’ਚ ਲੱਗੇ ਹੁੰਦੇ ਹਨ। ਉਸ ਪੜਾਅ ’ਤੇ ਫੌਜਾ ਸਿੰਘ ਦੀ ਨਿੱਜੀ ਜ਼ਿੰਦਗੀ ’ਚ ਕਈ ਦੁਖਦਾਈ ਹਾਦਸੇ ਵਾਪਰੇ। 1992 ਵਿੱਚ ਉਸ ਦੀ ਪਤਨੀ ਗਿਆਨ ਕੌਰ ਦਾ ਦੇਹਾਂਤ ਹੋ ਗਿਆ ਤੇ ਫਿਰ ਉਸ ਦੇ ਇੱਕ
ਪੁੱਤਰ ਦੀ ਮੌਤ ਹੋ ਗਈ। ਇਨ੍ਹਾਂ ਮੌਤਾਂ ਨੇ ਉਸ ਨੂੰ ਅੰਦਰੋਂ ਬੁਰੀ ਤਰ੍ਹਾਂ ਤੋੜ ਦਿੱਤਾ ਪਰ ਫਿਰ ਉਸ ਨੇ ਆਪਣੇ
ਆਪ ਨੂੰ ਸਮੇਟਿਆ ਅਤੇ ਇਨ੍ਹਾਂ ਦੁੱਖਾਂ ਨੂੰ ਭੁਲਾਉਣ
ਲਈ ਦੌੜਨ ਦਾ ਰਾਹ ਚੁਣਿਆ। ਉਸ ਨੇ ਆਪਣੇ
ਦੁੱਖਾਂ ਨੂੰ ਪ੍ਰਾਪਤੀਆਂ ਦਾ ਜ਼ਰੀਆ ਬਣਾ ਲਿਆ ਅਤੇ ਉਸ ਨੇ ਜੋ ਰਿਕਾਰਡ ਬਣਾਏ, ਉਹ ਸਾਡੇ ਸਭ ਦੇ ਸਾਹਮਣੇ ਹਨ।
ਫੌਜਾ ਸਿੰਘ ਠੇਠ ਪੰਜਾਬੀ ਸੀ। ਉਸ ਦਾ ਗੱਲ ਕਰਨ ਦਾ ਲਹਿਜਾ, ਖਾਣਾ-ਪੀਣਾ, ਰਹਿਣਾ-ਸਹਿਣਾ ਅਤੇ ਠਹਾਕੇ ਮਾਰਦਿਆਂ ਖੁੱਲ੍ਹ ਕੇ ਹੱਸਣਾ, ਗੱਲ ਨੂੰ ਭੁੰਜੇ ਨਾ ਪੈਣ ਦੇਣਾ ਸਭ ਕੁਝ ਪੰਜਾਬੀ ਖ਼ਾਸੇ ’ਚ ਰੰਗਿਆ ਹੋਇਆ ਸੀ। ਫੌਜਾ ਸਿੰਘ ਦੇ ਦੇਹਾਂਤ ਮਗਰੋਂ ਪਿਛਲੇ ਦਿਨੀਂ ਕੁਝ ਲੋਕ ਜਦੋਂ ਉਸ ਦੇ ਘਰ ਅਫ਼ਸੋਸ ਕਰਨ ਗਏ ਤਾਂ ਘਰਦਿਆਂ ਨੇ ਦੱਸਿਆ ਕਿ ਬਾਬਾ ਫੌਜਾ ਸਿੰਘ ਸਵੇਰ ਵੇਲੇ ਚਾਹ ਨਾਲ ਪਿੰਨੀਆਂ ਜ਼ਰੂਰ ਖਾਂਦਾ ਸੀ। ਪਿੰਨੀਆਂ ਤੋਂ ਇਲਾਵਾ ਅੰਬਾਂ ਦਾ ਬਹੁਤ ਸ਼ੌਕੀਨ ਸੀ ਅਤੇ ਘਰ ਦੇ ਵਿਹੜੇ ’ਚ ਲੱਗੇ ਅੰਬ ਦੇ ਦਰੱਖਤ ਦਾ ਕੋਈ ਵੀ ਡਿੱਗਿਆ ਹੋਇਆ ਅੰਬ ਅਜਾਈਂ ਨਹੀਂ ਸੀ ਜਾਣ ਦਿੰਦਾ। ਘਰਦਿਆਂ ਨੇ ਦੱਸਿਆ ਕਿ ਬਾਬਾ ਫੌਜਾ ਸਿੰਘ ਦਿਨ ਵਿੱਚ ਅੱਠ-ਦਸ ਅੰਬ ਚੂਪ ਲੈਂਦਾ ਸੀ। ਅੰਬਾਂ ਦੇ ਦੇਸ ਦੁਆਬੇ ਦੇ ਜੰਮਪਲ ਬਾਬੇ ਲਈ ਇਹ ਆਮ ਜਿਹੀ ਗੱਲ ਸੀ। ਮਤਲਬ ਦੇਸੀ ਰਹਿਣ-ਸਹਿਣ, ਦੇਸੀ ਖੁਰਾਕ, ਦੇਸੀ ਗੱਲਬਾਤ ਤੇ ਆਪਣੀ ਮਿੱਟੀ ਨਾਲ ਮੋਹ ਫੌਜਾ ਸਿੰਘ ਦੀ ਸ਼ਾਂਤ ਤੇ ਲੰਮੀ ਉਮਰ ਦਾ ਰਾਜ਼ ਸੀ।
ਫੌਜਾ ਸਿੰਘ ਨੇ ਪਹਿਲੀ ਦੌੜ 89 ਸਾਲ ਦੀ ਉਮਰ ’ਚ ਦੌੜੀ। ਇਹ ਵੀ ਕਿਹਾ ਜਾਂਦਾ ਹੈ ਕਿ ਉਸ ਨੇ ਛੇਤੀ-ਛੇਤੀ ਲੱਗੇ ਦੋ ਸਦਮਿਆਂ ਨੂੰ ਆਪਣੀ ਜਿਸਮਾਨੀ ਊਰਜਾ ’ਚ ਬਦਲ ਲਿਆ। ਅਸਲ ’ਚ ਪਤਨੀ ਅਤੇ ਪੁੱਤਰ ਦੇ ਵਿਛੋੜੇ ਦਾ ਸਦਮਾ ਉਸ ਲਈ ਬਹੁਤ ਵੱਡਾ ਸੀ। ਸਦਮਾ ਜਾਂ ਤਾਂ ਬੰਦੇ ਨੂੰ ਤੋੜ ਦਿੰਦਾ ਹੈ ਜਾਂ ਭਾਣਾ ਮੰਨਣ ਦਾ ਬਲ ਬਖ਼ਸ਼ ਕੇ ਹੋਰ ਮਜ਼ਬੂਤ ਕਰ ਦਿੰਦਾ ਹੈ। ਤੇ ਫਿਰ ਇਸ ਸਦਮੇ ਨੇ ਫੌਜਾ ਸਿੰਘ ਦੇ ਕਦਮਾਂ ਨੂੰ ਅਜਿਹੀ ਤਾਕਤ ਬਖ਼ਸ਼ੀ ਕਿ ਉਸ ਦੇ ਕਦਮ ਨਾ ਮੁੰਬਈ ’ਚ ਰੁਕੇ, ਨਾ ਲੰਡਨ ਵਿੱਚ ਅਤੇ ਨਾ ਟੋਰਾਂਟੋ ਵਿੱਚ; ਇਹ ਬੱਸ ਦੌੜਦੇ ਹੀ ਚਲੇ ਗਏ। ਕੈਨੇਡਾ ਦੇ ਵੱਡੇ ਸ਼ਹਿਰ ਟੋਰਾਂਟੋ ਵਿੱਚ 2011 ਵਿੱਚ ਮੈਰਾਥਨ ਦੌੜ ਪੂਰੀ ਕਰਨ ਵਾਲਾ ਸੌ ਸਾਲ ਤੋਂ ਵੱਡੀ ਉਮਰ ਦਾ ਉਹ ਇਕੱਲਾ ਸ਼ਖ਼ਸ ਸੀ। ਸ਼ਾਇਦ ਇਸੇ ਕਾਰਨ 2012 ਦੀਆਂ ਲੰਡਨ ਵਿੱਚ ਹੋਈਆਂ ਉਲੰਪਿਕ ਖੇਡਾਂ ਦੀ ਮਸ਼ਾਲ ਲੈ ਕੇ ਦੌੜਨ ਦਾ ਮਾਣ ਵੀ ਉਸ ਨੂੰ ਮਿਲਿਆ।
ਬੱਸ ਮੰਦਭਾਗੀ ਗੱਲ ਇਹ ਰਹੀ ਕਿ ਉਸ ਦੀ ਮੌਤ ਪੰਜਾਬ ’ਚ ਆਪਣੇ ਹੀ ਪਿੰਡ ਦੀ ਇੱਕ ਸੜਕ ਪਾਰ ਕਰਦਿਆਂ ਹੋਈ। ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰੀ ਅਤੇ ਬਾਬਾ ਫੌਜਾ ਸਿੰਘ ਸੜਕ ’ਤੇ ਮੂਧੇ ਮੂੰਹ ਜਾ ਪਿਆ ਅਤੇ ਉਨ੍ਹਾਂ ਪੈਰਾਂ ’ਤੇ ਮੁੜ ਖੜ੍ਹਾ ਨਾ ਹੋ ਸਕਿਆ ਜਿਹੜੇ ਜ਼ਿੰਦਗੀ ਦੇ ਔਖੇ ਵੇਲਿਆਂ ’ਚ ਵੀ ਕਦੇ ਰੁਕੇ ਨਹੀਂ ਸਨ ਅਤੇ ਜਿਨ੍ਹਾਂ ਸਦਕਾ ਉਸ ਨੇ ਏਨੇ ਮਾਣ-ਸਨਮਾਨ ਹਾਸਲ ਕੀਤੇ ਸਨ। ਹਾਦਸਾ ਹਮੇਸ਼ਾ ਅਚਾਨਕ ਵਾਪਰਦਾ ਹੈ ਅਤੇ ਹਾਦਸੇ ਦਾ ਸ਼ਿਕਾਰ ਹੋਣ ਵਾਲੇ ਅਤੇ ਇਸ ਲਈ ਜ਼ਿੰਮੇਵਾਰ ਵਿਅਕਤੀ ਨੂੰ ਵੀ ਸੰਭਲਣ ਦਾ ਮੌਕਾ ਨਹੀਂ ਦਿੰਦਾ। ਇੱਥੇ ਬੁਨਿਆਦੀ ਸਵਾਲ ਇਹ ਹੈ ਕਿ ਹਾਦਸਾ ਵਾਪਰਨ ’ਤੇ ਜ਼ਿੰਮੇਵਾਰ ਵਿਅਕਤੀ ਦਾ ਵਿਹਾਰ ਕਿਹੋ ਜਿਹਾ ਸੀ। ਦੁੱਖ ਦੀ ਗੱਲ ਇਹ ਹੈ ਕਿ ਤੇਜ਼ ਰਫ਼ਤਾਰ ਨਾਲ ਕਾਰ ਚਲਾਉਣ ਵਾਲਾ ਨੌਜਵਾਨ ਬਾਬਾ ਫੌਜਾ ਸਿੰਘ ਨੂੰ ਟੱਕਰ ਮਾਰਨ ਉਪਰੰਤ ਰੁਕਿਆ ਨਹੀਂ ਸਗੋਂ ਕਾਰ ਭਜਾ ਕੇ ਲੈ ਗਿਆ ਅਤੇ ਛੁਪਦੇ-ਛੁਪਾਉਂਦੇ ਪਿੰਡਾਂ ਦੇ ਰਾਹਾਂ ਤੋਂ ਹੁੰਦਾ ਹੋਇਆ ਕਾਰ ਲਿਜਾ ਕੇ ਆਪਣੇ ਘਰ ਦੇ ਗੈਰਾਜ ਵਿੱਚ ਬੰਦ ਕਰ ਦਿੱਤੀ ਤਾਂ ਜੋ ਕਿਸੇ ਨੂੰ ਇਸ ਹਾਦਸੇ ਬਾਰੇ ਕੋਈ ਭਿਣਕ ਨਾ ਲੱਗੇ। ਉਸ ਨੇ ਆਪਣੇ ਪਰਿਵਾਰ ’ਚ ਵੀ ਇਸ ਹਾਦਸੇ ਬਾਰੇ ਨਾ ਕਿਸੇ ਨੂੰ ਦੱਸਿਆ ਅਤੇ ਨਾ ਹੀ ਉਹ ਕਾਰ ਵਰਤੀ। ਆਪਣੇ ਆਉਣ-ਜਾਣ ਲਈ ਮੋਟਰਸਾਈਕਲ ਵਰਤਦਾ ਰਿਹਾ। ਉਸ ਨੂੰ ਉਮੀਦ ਨਹੀਂ ਸੀ ਕਿ ਏਨੀ ਛੇਤੀ ਉਸ ਦਾ ਖੁਰਾ-ਖੋਜ ਨੱਪ ਲਿਆ ਜਾਵੇਗਾ। ਉਹ ਐਮਰਜੈਂਸੀ ਸਰਟੀਫਿਕੇਟ ’ਤੇ ਭਾਰਤ ਆਇਆ ਹੋਇਆ ਸੀ। ਕੈਨੇਡਾ ਵਿੱਚ ਉਸ ਦਾ ਪਾਸਪੋਰਟ ਗੁਆਚ ਗਿਆ ਸੀ ਜੋ ਇਸ ਨੇ ਭਾਰਤ ’ਚ ਆ ਕੇ ਬਣਾਉਣਾ ਸੀ। ਉਸ ਕੋਲ ਉੱਥੇ 2027 ਤੱਕ ਦਾ ਵਰਕ ਪਰਮਿਟ ਸੀ।
ਇਸ ਹਾਦਸੇ ਦਾ ਇੱਕ ਹੋਰ ਬਹੁਤ ਅਫ਼ਸੋਸਨਾਕ ਪਹਿਲੂ ਟੱਕਰ ਮਾਰਨ ਵਾਲੇ ਨੌਜਵਾਨ ਦਾ ਇਹ ਕਹਿਣਾ, ‘‘ਮੈਨੂੰ ਇਹ ਤਾਂ ਪਤਾ ਸੀ ਕਿ ਮੇਰੀ ਕਾਰ ਨਾਲ ਕੋਈ ਬਜ਼ੁਰਗ ਟਕਰਾਇਆ ਸੀ ਪਰ ਜੇਕਰ ਮੈਨੂੰ ਇਹ ਪਤਾ ਹੁੰਦਾ ਕਿ ਉਹ ਮਹਾਨ ਮੈਰਾਥਨ ਦੌੜਾਕ ਬਾਬਾ ਫੌਜਾ ਸਿੰਘ ਹੈ ਤਾਂ ਮੈਂ ਰੁਕ ਕੇ ਉਸ ਨੂੰ ਹਸਪਤਾਲ ਲੈ ਜਾਂਦਾ’’ ਤੁਹਾਨੂੰ ਸੋਚੀਂ ਪਾ ਦਿੰਦਾ ਹੈ ਕਿ ਹਾਦਸਾ ਵਾਪਰਨ ਮਗਰੋਂ ਕਿਸੇ ਦੀ ਮਦਦ ਕਰਨ ਲਈ ਇਹ ਜ਼ਰੂਰੀ ਹੈ ਕਿ ਪੀੜਤ ਬਹੁਤ ਮਸ਼ਹੂਰ ਤੇ ਮਾਰੂਫ਼ ਹੋਵੇ ਜਿਸ ਬਾਰੇ ਤੁਸੀਂ ਜਾਣਦੇ ਵੀ ਹੋਵੋ। ਫੌਜਾ ਸਿੰਘ ਦੇ ਪੁੱਤਰ ਦਾ ਇਹ ਕਹਿਣਾ ਬਿਲਕੁਲ ਸਹੀ ਹੈ ਕਿ ਹਾਦਸੇ ਲਈ ਜ਼ਿੰਮੇਵਾਰ ਵਿਅਕਤੀ ਉਨ੍ਹਾਂ ਦਾ ਦੁਸ਼ਮਣ ਨਹੀਂ ਸੀ। ਇਨਸਾਨੀਅਤ ਨਾਤੇ ਉਸ ਦਾ ਫਰਜ਼ ਸੀ ਕਿ ਉਹ ਉਨ੍ਹਾਂ ਦੇ ਪਿਤਾ ਨੂੰ ਸੜਕ ਤੋਂ ਚੁੱਕ ਕੇ ਡਾਕਟਰ ਕੋਲ ਲਿਜਾਂਦਾ ਅਤੇ ਪਰਿਵਾਰ ਨੂੰ ਇਸ ਬਾਰੇ ਸੂਚਿਤ ਕਰਦਾ। ਉਸ ਨੇ ਕਿਹਾ ਕਿ ਕਾਰ ਵਾਲਾ ਇਸੇ ਇਲਾਕੇ ਦਾ ਰਹਿਣ ਵਾਲਾ ਸੀ ਤੇ ਉਸ ਨੂੰ ਇਹ ਵੀ ਪਤਾ ਸੀ ਕਿ ਉਸ ਨੇ ਕਿਸੇ ਬਜ਼ੁਰਗ ਨੂੰ ਟੱਕਰ ਮਾਰੀ ਹੈ। ਉਸ ਨੂੰ ਹਾਦਸੇ ਪਿੱਛੋਂ ਫਰਾਰ ਨਹੀਂ ਸੀ ਹੋਣਾ ਚਾਹੀਦਾ। ਜੇਕਰ ਉਸ ਦੇ ਪਿਤਾ ਨੂੰ ਮੌਕੇ ’ਤੇ ਹਸਪਤਾਲ ਲਿਜਾਇਆ ਜਾਂਦਾ ਤਾਂ ਸ਼ਾਇਦ ਉਨ੍ਹਾਂ ਦੀ ਜਾਨ ਬਚ ਜਾਂਦੀ।
ਪੰਜਾਬ ਦੇ ਨੌਜਵਾਨਾਂ ਨੂੰ ਜਿੱਥੇ ਫੌਜਾ ਸਿੰਘ ਦੇ ਦ੍ਰਿੜ੍ਹ ਇਰਾਦੇ, ਤਾਕਤ, ਫੁਰਤੀ, ਸਮਰੱਥਾ, ਸਾਦਗੀ, ਖੁਸ਼ਮਿਜ਼ਾਜੀ ਅਤੇ ਹਾਜ਼ਰ-ਜਵਾਬੀ ਜਿਹੀਆਂ ਅਨੇਕਾਂ ਖ਼ੂਬੀਆਂ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ, ਉੱਥੇ ਫੌਜਾ ਸਿੰਘ ਦੀ ਮੌਤ ਵਿੱਚ ਵੀ ਨੌਜਵਾਨਾਂ ਲਈ ਸੜਕ ਸੁਰੱਖਿਆ ਅਤੇ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਦੀ ਮਦਦ ਕਰਨ ਦਾ ਵੱਡਾ ਸੁਨੇਹਾ ਹੈ।
ਅੱਜ ਸਵੇਰੇ ਜਦੋਂ ਤੁਸੀਂ ਅਖ਼ਬਾਰ ਪੜ੍ਹੋਗੇ ਤਾਂ ਪੰਜਾਬ ਦੇ ਇਸ ਅਣਥੱਕ ‘ਨੌਜਵਾਨ’ ਦੀ ਅਰਥੀ ਨੂੰ ਉਸ ਦੇ ਜੱਦੀ ਪਿੰਡ ਬਿਆਸ (ਜਲੰਧਰ) ਵਿੱਚ ਮੋਢਾ ਦੇਣ ਦੀ ਤਿਆਰੀ ਹੋ ਰਹੀ ਹੋਵੇਗੀ। ਜੇ ਅਖ਼ਬਾਰ ਥੋੜ੍ਹਾ ਦੇਰ ਨਾਲ ਪੜ੍ਹੋਗੇ ਤਾਂ ਉਸ ਦੀ ਚਿਖਾ ਨੂੰ ਅਗਨੀ ਭੇਟ ਕੀਤੀ ਜਾ ਚੁੱਕੀ ਹੋਵੇਗੀ। ਕਾਸ਼! ਬਾਬਾ ਫੌਜਾ ਸਿੰਘ ਦੀ ਜ਼ਿੰਦਗੀ ਦੀ ਦੌੜ ਦਾ ਅੰਤ ਇਉਂ ਨਾ ਹੁੰਦਾ।