ਤੇਜਸਵੀ ਦੀ ਵੰਗਾਰ
ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ’ਚ ਮਹਾਗੱਠਜੋੜ ਨੇ ਤੇਜਸਵੀ ਯਾਦਵ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਆਪਣਾ ਉਮੀਦਵਾਰ ਐਲਾਨ ਕੇ ਸੱਤਾਧਾਰੀ ਐੱਨਡੀਏ ਨੂੰ ਵੰਗਾਰ ਪਾ ਦਿੱਤੀ ਹੈ। ਵਿਧਾਨ ਸਭਾ ਚੋਣਾਂ ਤੋਂ ਦੋ ਹਫ਼ਤੇ ਪਹਿਲਾਂ ਕੀਤੀ ਗਈ ਇਹ ਪਹਿਲਕਦਮੀ ਆਰਜੇਡੀ ਦੀ ਅਗਵਾਈ ਵਾਲੇ ਮਹਾਗਠਬੰਧਨ ਦਰਮਿਆਨ ਮਤਭੇਦਾਂ ਨੂੰ ਪਾਰ ਪਾ ਕੇ ਇਕਜੁੱਟਤਾ ਦਰਸਾਉਣ ਦੀ ਵੀ ਭਰਵੀਂ ਕੋਸ਼ਿਸ਼ ਹੈ। ਸ਼ੁਰੂ ਵਿੱਚ ਕਾਂਗਰਸ ਵੱਲੋਂ ਨਾਂਹ-ਨੁੱਕਰ ਕਰਨ ਦੇ ਸੰਕੇਤ ਦਿੱਤੇ ਗਏ ਸਨ ਪਰ ਫਿਰ ਇਸ ਨੇ ਵੀ ਮੁੱਖ ਮੰਤਰੀ ਦੇ ਅਹੁਦੇ ਲਈ ਤੇਜਸਵੀ ਦੀ ਉਮੀਦਵਾਰੀ ਨੂੰ ਖਿੜੇ ਮੱਥੇ ਪ੍ਰਵਾਨ ਕਰ ਲਿਆ। ਕਾਂਗਰਸ ਪਾਰਟੀ ਨੂੰ ਵੀ ਆਪਣੇ ਅੰਦਰ ਵਿਦਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਕਰ ਕੇ ਰਾਹੁਲ ਗਾਂਧੀ ਵੱਲੋਂ ਕਰੀਬ ਦੋ ਹਫ਼ਤੇ ਚਲਾਈ ਵੋਟਰ ਅਧਿਕਾਰ ਯਾਤਰਾ ਨਾਲ ਮਿਲਿਆ ਲੋਕ ਹੁੰਗਾਰਾ ਅਸਰਅੰਦਾਜ਼ ਹੁੰਦਾ ਦਿਖਾਈ ਦੇ ਰਿਹਾ ਸੀ।
ਟਿਕਟਾਂ ਦੀ ਵੰਡ ਨੂੰ ਲੈ ਕੇ ਘਮਸਾਣ ਤੋਂ ਬਾਅਦ ਹੁਣ ਮਹਾਗੱਠਜੋੜ ਆਪਣੀ ਚੋਣ ਪ੍ਰਚਾਰ ਮੁਹਿੰਮ ਨੂੰ ਮਘਾਉਣ ਲਈ ਕਾਹਲਾ ਪੈ ਰਿਹਾ ਹੈ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਤੇਜਸਵੀ ਨੇ ਐੱਨਡੀਏ ਨੂੰ ਲਲਕਾਰਿਆ ਹੈ ਕਿ ਉਹ ਆਪਣੇ ਮੁੱਖ ਮੰਤਰੀ ਦੇ ਉਮੀਦਵਾਰ ਦਾ ਐਲਾਨ ਕਰ ਕੇ ਵਿਖਾਵੇ। ਭਾਰਤੀ ਜਨਤਾ ਪਾਰਟੀ ਜੋ ਕਿ ਬਿਹਾਰ ਵਿੱਚ ਨਿਤੀਸ਼ ਕੁਮਾਰ ਦੀ ਅਗਵਾਈ ਹੇਠਲੀ ਸਰਕਾਰ ਵਿੱਚ ਜੂਨੀਅਰ ਭਿਆਲ ਵਜੋਂ ਵਿਚਰਦੀ ਆ ਰਹੀ ਹੈ, ਇਸ ਮੁੱਦੇ ’ਤੇ ਬਚ-ਬਚ ਕੇ ਪੈਰ ਧਰ ਰਹੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਸੀ ਕਿ ਐੱਨਡੀਏ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਚੋਣਾਂ ਲੜੇਗਾ ਪਰ ਉਨ੍ਹਾਂ ਨਾਲ ਇਹ ਵੀ ਕਿਹਾ ਕਿ ਮੁੱਖ ਮੰਤਰੀ ਦੀ ਚੋਣ ਚੁਣੇ ਗਏ ਵਿਧਾਇਕਾਂ ਵੱਲੋਂ ਕੀਤੀ ਜਾਵੇਗੀ। ਬਿਹਾਰ ਵਿੱਚ ਪਿਛਲੇ ਕਈ ਸਾਲਾਂ ਤੋਂ ਭਾਜਪਾ ਦੋਇਮ ਦਰਜੇ ਦੀ ਭੂਮਿਕਾ ਨਿਭਾਉਂਦੀ ਆ ਰਹੀ ਹੈ। ਜੇ ਐੱਨਡੀਏ ਨੂੰ ਮੁੜ ਫ਼ਤਵਾ ਹਾਸਿਲ ਹੁੰਦਾ ਹੈ ਤਾਂ ਸੰਭਾਵਨਾ ਹੈ ਕਿ ਪਾਰਟੀ ਆਪਣੇ ਅਸਲ ਰੰਗ ਵਿੱਚ ਆ ਜਾਵੇ। ਇਸ ਪੱਖ ਤੋਂ ਬਹੁਤਾ ਕੁਝ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਜਨਤਾ ਦਲ (ਯੂ) ਦੀ ਕਾਰਕਰਦਗੀ ਕਿਹੋ ਜਿਹੀ ਰਹਿੰਦੀ ਹੈ ਅਤੇ ਇਸ ਦੇ ਨਾਲ ਹੀ ਇੱਕ ਹੋਰ ਛੋਟੇ ਭਿਆਲ ਚਿਰਾਗ ਪਾਸਵਾਨ ਦੀ ਪਾਰਟੀ ਕਿੱਥੇ ਕੁ ਤੱਕ ਪਹੁੰਚਦੀ ਹੈ।
ਇਹ ਗੱਲ ਵੀ ਅਹਿਮ ਹੈ ਕਿ ਵਿਕਾਸਸ਼ੀਲ ਇਨਸਾਨ ਪਾਰਟੀ (ਵੀਆਈਪੀ) ਦੇ ਆਗੂ ਮੁਕੇਸ਼ ਸਾਹਨੀ ਨੂੰ ਉਪ ਮੁੱਖ ਮੰਤਰੀ ਦੇ ਅਹੁਦੇ ਲਈ ਦੋ ਉਮੀਦਵਾਰਾਂ ’ਚੋਂ ਇੱਕ ਉਮੀਦਵਾਰ ਐਲਾਨਿਆ ਗਿਆ ਹੈ। ਇਹ ਵੀ ਇੱਕ ਛੋਟੀ ਪਾਰਟੀ ਗਿਣੀ ਜਾਂਦੀ ਹੈ ਪਰ ਚੁਣਾਵੀ ਸਮੀਕਰਨਾਂ ਵਿੱਚ ਇਸ ਨੇ ਆਪਣਾ ਕੱਦ ਬੁੱਤ ਕਾਫ਼ੀ ਵਧਾ ਲਿਆ ਹੈ। ਪਾਰਟੀ ਦਾ ਨਿਸ਼ਾਦ ਅਤੇ ਮੱਲ੍ਹਾ ਜਾਤਾਂ ਦੇ ਲੋਕਾਂ ਉੱਪਰ ਕਾਫ਼ੀ ਪ੍ਰਭਾਵ ਦੱਸਿਆ ਜਾਂਦਾ ਹੈ ਜਿਨ੍ਹਾਂ ਦੀ ਗਿਣਤੀ ਬਿਹਾਰ ਦੀਆਂ ਕੁੱਲ ਵੋਟਾਂ ਵਿੱਚ 12 ਫ਼ੀਸਦੀ ਬਣਦੀ ਹੈ। ਉਂਝ, ਆਰਜੇਡੀ ਇਸ ਗਹਿਗੱਚ ਚੁਣਾਵੀ ਮੁਕਾਬਲੇ ਵਿੱਚ ਕਾਂਗਰਸ ਅਤੇ ਖੱਬੀਆਂ ਪਾਰਟੀਆਂ ਦੀ ਨਾਰਾਜ਼ਗੀ ਮੁੱਲ ਨਹੀਂ ਲੈ ਸਕਦੀ ਜਿਸ ਕਰ ਕੇ ਐੱਨਡੀਏ ਨੂੰ ਪਛਾੜ ਕੇ ਸੱਤਾ ਦੇ ਗਲਿਆਰੇ ਤੱਕ ਪਹੁੰਚਣ ਲਈ ਇਸ ਨੂੰ ਗੱਠਜੋੜ ਦੀਆਂ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਚੱਲਣਾ ਪਵੇਗਾ।
