ਤਰਨ ਤਾਰਨ ਜ਼ਿਮਨੀ ਚੋਣ
ਪੰਜਾਬ ਦੀ ਤਰਨ ਤਾਰਨ ਵਿਧਾਨ ਸਭਾ ਸੀਟ ’ਤੇ ਹੋਈ ਜ਼ਿਮਨੀ ਚੋਣ, ਜੋ ਜੂਨ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਕਾਰਨ ਕਰਾਉਣੀ ਪਈ, ਨੇ ਇੱਕ ਅਜਿਹਾ ਨਤੀਜਾ ਕੱਢਿਆ ਹੈ ਜਿਸ ਦਾ ਮਹੱਤਵ ਇੱਕ ਆਮ ਮੱਧਕਾਲੀ ਚੋਣ ਮੁਕਾਬਲੇ ਤੋਂ ਕਿਤੇ ਵੱਧ ਹੈ। 60.95ਫ਼ੀ ਸਦੀ ਵੋਟਰਾਂ ਦੀ ਹਾਜ਼ਰੀ ਅਤੇ ਆਖ਼ਰੀ ਗੇੜ ਵਿੱਚ ਫੈਸਲਾਕੁਨ ਜਿੱਤ ਨਾਲ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਸਪੱਸ਼ਟ ਜਿੱਤ ਦਰਜ ਕੀਤੀ। ਇਸ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ 42,000 ਤੋਂ ਵੱਧ ਵੋਟਾਂ ਪ੍ਰਾਪਤ ਕਰਕੇ ਇਹ ਸੀਟ ਜਿੱਤੀ, ਜਿਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਧਾਵਾ ਨੂੰ ਹਰਾਇਆ ਹੈ, ਜਿਨ੍ਹਾਂ ਨੂੰ ਲਗਭਗ 30,500 ਵੋਟਾਂ ਮਿਲੀਆਂ। ਜਿੱਤ ਦਾ ਇਹ ਅੰਤਰ ‘ਆਪ’ ਦੀ ਜਥੇਬੰਦਕ ਪੱਧਰ ਦੀ ਤਾਕਤ ਤੇ ਵੰਡੀ ਹੋਈ ਵਿਰੋਧੀ ਧਿਰ ਨੂੰ ਦਰਸਾਉਂਦਾ ਹੈ। ‘ਵਾਰਿਸ ਪੰਜਾਬ ਦੇ’ ਦੀ ਹਮਾਇਤ ਪ੍ਰਾਪਤ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ ਨੇ ਵੀ ਲਗਭਗ 20,000 ਵੋਟਾਂ ਨਾਲ ਠੋਸ ਪ੍ਰਦਰਸ਼ਨ ਕੀਤਾ। ਕਾਂਗਰਸ ਚੌਥੇ ਸਥਾਨ ਅਤੇ ਭਾਜਪਾ ਪੰਜਵੇਂ ਸਥਾਨ ’ਤੇ ਰਹੀ।
ਤਰਨ ਤਾਰਨ ਇੱਕ ਵੱਡਾ ਪੇਂਡੂ ਸਿੱਖ ਬਹੁਗਿਣਤੀ ਵਾਲਾ ਜ਼ਿਲ੍ਹਾ ਹੈ, ਜਿਸ ਨੂੰ 2006 ਵਿੱਚ ਅੰਮ੍ਰਿਤਸਰ ਤੋਂ ਵੱਖ ਕਰਕੇ ਬਣਾਇਆ ਗਿਆ ਸੀ ਅਤੇ ਇਸ ਨੂੰ ਲੰਮੇ ਸਮੇਂ ਤੋਂ ਕਿਸਾਨੀ ਸੰਕਟ, ਪੰਥਕ ਪਛਾਣ ਅਤੇ ਸਥਾਨਕ ਲੀਡਰਸ਼ਿਪ ਦੇ ਬਦਲਦੇ ਸਮੀਕਰਨਾਂ ਨੇ ਆਕਾਰ ਦਿੱਤਾ ਹੈ। ਇਸ ਜ਼ਿਮਨੀ ਚੋਣ ਵਿੱਚ 15 ਉਮੀਦਵਾਰਾਂ ਨਾਲ ਭਰੇ ਚੋਣ ਮੈਦਾਨ ਨੇ ਇਹ ਯਕੀਨੀ ਬਣਾਇਆ ਕਿ ‘ਆਪ’ ਵਿਰੋਧੀ ਵੋਟਾਂ ਕਈ ਪਾਸੇ ਖਿੱਲਰ ਜਾਣ। ‘ਵਾਰਿਸ ਪੰਜਾਬ ਦੇ’ ਦੀ ਹਮਾਇਤ ਪ੍ਰਾਪਤ ਉਮੀਦਵਾਰ ਨੂੰ ਹੈਰਾਨੀਜਨਕ ਢੰਗ ਨਾਲ ਪਈਆਂ ਵੱਡੀ ਗਿਣਤੀ ਵੋਟਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਰਵਾਇਤੀ ਵੋਟ ਬੈਂਕ ਨੂੰ ਹੋਰ ਵੰਡ ਦਿੱਤਾ, ਜੋ ਮਾਝੇ ’ਚ ਆਪਣੇ ਆਧਾਰ ਨੂੰ ਮਜ਼ਬੂਤ ਕਰਨ ਦੇ ਅਕਾਲੀ ਦਲ ਦੇ ਸੰਘਰਸ਼ ਨੂੰ ਦਰਸਾਉਂਦਾ ਹੈ। ਕਾਂਗਰਸ ਅਤੇ ਭਾਜਪਾ ਲਈ ਨਤੀਜਿਆਂ ਨੇ ਇੱਕ ਅਜਿਹੇ ਇਲਾਕੇ ਵਿੱਚ ਉਨ੍ਹਾਂ ਦੇ ਹਾਸ਼ੀਏ ’ਤੇ ਹੋਣ ਦੀ ਪੁਸ਼ਟੀ ਕੀਤੀ, ਜੋ ਕਦੇ ਉਨ੍ਹਾਂ ਦੀਆਂ ਚੋਣ ਰਣਨੀਤੀਆਂ ਦਾ ਕੇਂਦਰ ਸੀ। ਇਹ ਗਹਿਰੇ ਜਥੇਬੰਦਕ ਅਤੇ ਬਿਰਤਾਂਤਕ ਪਾੜੇ ਨੂੰ ਦਰਸਾਉਂਦਾ ਹੈ, ਜਿਸ ਨੂੰ ਦੋਵੇਂ ਪਾਰਟੀਆਂ ਭਰਨ ਵਿੱਚ ਕਾਮਯਾਬ ਨਹੀਂ ਹੋ ਸਕੀਆਂ ਹਨ।
‘ਆਪ’ ਲਈ ਤਰਨ ਤਾਰਨ ਦਾ ਫਤਵਾ ਉਸ ਦੀ ਜਿੱਤ ਦੀ ਲੜੀ ਨੂੰ ਅੱਗੇ ਵਧਾਉਂਦਾ ਹੈ: ਮਾਰਚ 2022 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਪਾਰਟੀ ਨੇ ਹੁਣ ਤੱਕ ਹੋਈਆਂ ਛੇ ਜ਼ਿਮਨੀ ਚੋਣਾਂ ਵਿੱਚੋਂ ਪੰਜ ਸੀਟਾਂ ਜਿੱਤੀਆਂ ਹਨ। ਇਹ ਜਿੱਤ ਸਥਿਰ ਸ਼ਾਸਨ ਅਤੇ ਨਿਰੰਤਰ ਜ਼ਮੀਨੀ ਪੱਧਰ ’ਤੇ ਮੌਜੂਦਗੀ ਦੇ ਇਸ ਦੇ ਦਾਅਵਿਆਂ ਨੂੰ ਮਜ਼ਬੂਤ ਕਰਦੀ ਹੈ। ਫਿਰ ਵੀ ਪਾਰਟੀ ਬੇਪਰਵਾਹ ਨਹੀਂ ਹੋ ਸਕਦੀ। ਸਤ੍ਵਾ ਦੇ ਹੇਠਾਂ ਕਿਸਾਨਾਂ ਦੀ ਅਸੰਤੁਸ਼ਟੀ, ਬੇਰੁਜ਼ਗਾਰੀ ਅਤੇ ਪੇਂਡੂ ਖੜੋਤ ਅਣਸੁਲਝੀਆਂ ਚੁਣੌਤੀਆਂ ਵਜੋਂ ਬਰਕਰਾਰ ਹਨ। ਤਰਨ ਤਾਰਨ ਦਾ ਫ਼ੈਸਲਾ ਰਾਹਤ ਤਾਂ ਦਿੰਦਾ ਹੈ, ਪਰ ਮਨਮਾਨੀਆਂ ਦੀ ਖੁੱਲ੍ਹ ਬਿਲਕੁਲ ਨਹੀਂ ਦਿੰਦਾ।
