ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨੀਰਜ ’ਤੇ ਨਿਸ਼ਾਨਾ

ਪਹਿਲਗਾਮ ’ਚ ਹੋਈਆਂ ਹੱਤਿਆਵਾਂ ’ਤੇ ਪੂਰੇ ਦੇਸ਼ ਦੇ ਲੋਕਾਂ ’ਚ ਗੁੱਸਾ ਹੋਣਾ ਵਾਜਿਬ ਹੈ। ਬੇਖ਼ਬਰ ਸੈਲਾਨੀਆਂ ’ਤੇ ਕੀਤੇ ਗਏ ਭਿਆਨਕ ਹਮਲੇ ਨੇ ਸਾਰੇ ਦੇਸ਼ ਦੀ ਆਤਮਾ ਨੂੰ ਜ਼ਖ਼ਮ ਦਿੱਤੇ ਹਨ। ਪਾਕਿਸਤਾਨ ਨਾਲ ਜੁੜੀ ਕਿਸੇ ਵੀ ਚੀਜ਼ ਜਾਂ ਵਿਅਕਤੀ ਨੂੰ, ਦੂਰ-ਦੂਰ...
Advertisement
ਪਹਿਲਗਾਮ ’ਚ ਹੋਈਆਂ ਹੱਤਿਆਵਾਂ ’ਤੇ ਪੂਰੇ ਦੇਸ਼ ਦੇ ਲੋਕਾਂ ’ਚ ਗੁੱਸਾ ਹੋਣਾ ਵਾਜਿਬ ਹੈ। ਬੇਖ਼ਬਰ ਸੈਲਾਨੀਆਂ ’ਤੇ ਕੀਤੇ ਗਏ ਭਿਆਨਕ ਹਮਲੇ ਨੇ ਸਾਰੇ ਦੇਸ਼ ਦੀ ਆਤਮਾ ਨੂੰ ਜ਼ਖ਼ਮ ਦਿੱਤੇ ਹਨ। ਪਾਕਿਸਤਾਨ ਨਾਲ ਜੁੜੀ ਕਿਸੇ ਵੀ ਚੀਜ਼ ਜਾਂ ਵਿਅਕਤੀ ਨੂੰ, ਦੂਰ-ਦੂਰ ਤੱਕ ਵੀ ਨਫ਼ਰਤ ਅਤੇ ਸ਼ੱਕ ਦੀ ਨਿਗ੍ਹਾ ਨਾਲ ਦੇਖਿਆ ਜਾ ਰਿਹਾ ਹੈ। ਪਰ ਇਹ ਬੇਹੱਦ ਮੰਦਭਾਗਾ ਹੈ ਕਿ ਭਾਰਤ ਦੇ ਵਿਸ਼ਵ ਪ੍ਰਸਿੱਧ ਅਥਲੀਟ ਨੀਰਜ ਚੋਪੜਾ ਨੂੰ ਵੀ ਇਸ ਭ੍ਰਿਸ਼ਟ ਉਥਲ-ਪੁਥਲ ’ਚ ਲਪੇਟਿਆ ਗਿਆ ਹੈ। ਅਥਲੈਟਿਕਸ ’ਚ ਓਲੰਪਿਕ ਸੋਨ ਤਗਮਾ ਜਿੱਤਣ ਵਾਲੇ ਇੱਕੋ-ਇੱਕ ਭਾਰਤੀ ਨੂੰ ਪਾਕਿਸਤਾਨ ਦੇ ਸਾਥੀ ਜੈਵਲਿਨ ਅਥਲੀਟ ਅਰਸ਼ਦ ਨਦੀਮ ਨੂੰ ਅਗਲੇ ਮਹੀਨੇ ਬੰਗਲੁਰੂ ਦੇ ਮੁਕਾਬਲੇ ਵਿੱਚ ਖੇਡਣ ਦਾ ਸੱਦਾ ਦੇਣ ਲਈ ਬੁਰੀ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ ਹੈ। ਸੋਸ਼ਲ ਮੀਡੀਆ ’ਤੇ ਆਪਣੀ ਅਤੇ ਆਪਣੇ ਪਰਿਵਾਰ ਦੀ ਨੀਅਤ ਉੱਤੇ ਅਪਮਾਨਜਨਕ ਢੰਗ ਨਾਲ ਸਵਾਲ ਉੱਠਦੇ ਦੇਖ ਨੀਰਜ ਨੂੰ ਠੇਸ ਪਹੁੰਚੀ ਹੈ।

ਓਲੰਪਿਕ ਚੈਂਪੀਅਨ ਨੇ ਸਾਫ਼ ਕੀਤਾ ਹੈ ਕਿ ਪਹਿਲੇ ਐੱਨਸੀ (ਨੀਰਜ ਚੋਪੜਾ) ਕਲਾਸਿਕ ਮੁਕਾਬਲੇ ਲਈ ਸੱਦੇ, ਕਸ਼ਮੀਰ ਹਮਲੇ ਤੋਂ ਇੱਕ ਦਿਨ ਪਹਿਲਾਂ ਸੋਮਵਾਰ ਨੂੰ ਭੇਜੇ ਗਏ ਸਨ; ਹਾਲਾਂਕਿ ਸੋਸ਼ਲ ਮੀਡੀਆ ’ਤੇ ਦੁਰਭਾਵਨਾ ਨਾਲ ਗ਼ਲਤ ਜਾਣਕਾਰੀ ਅਤੇ ਝੂਠਾ ਬਿਰਤਾਂਤ ਫੈਲਾਇਆ ਗਿਆ ਤੇ ਟਰੋਲਾਂ ਰਾਹੀਂ ਉਸ ਦੀ ਦੇਸ਼ਭਗਤੀ ’ਤੇ ਸਵਾਲ ਚੁੱਕੇ ਗਏ। ਨੀਰਜ ਚੋਪੜਾ ਦਾ ਅਰਸ਼ਦ ਨਦੀਮ ਨਾਲ ਮੁਕਾਬਲਾ ਹਮੇਸ਼ਾ ਖੁਸ਼ਗਵਾਰ ਰਿਹਾ ਹੈ, ਅਰਸ਼ਦ ਨਦੀਮ ਨੇ ਪਿਛਲੇ ਸਾਲ ਪੈਰਿਸ ਓਲੰਪਿਕ ’ਚ ਨੀਰਜ ਚੋਪੜਾ ਨੂੰ ਪਛਾੜ ਕੇ ਸੋਨ ਤਗਮਾ ਜਿੱਤਿਆ ਸੀ। ਪਰ ਉਸ ਨੇ ਸਪੱਸ਼ਟ ਕੀਤਾ ਹੈ ਕਿ ਹਾਲੀਆ ਸੱਦਾ “ਇੱਕ ਅਥਲੀਟ ਵੱਲੋਂ ਦੂਜੇ ਨੂੰ ਭੇਜਿਆ ਗਿਆ ਸੀ- ਇਸ ਤੋਂ ਵਧ ਕੇ ਕੁਝ ਨਹੀਂ”। ਇਹ ਬਹੁਤ ਮਾੜੀ ਗੱਲ ਹੈ ਕਿ ਨੀਰਜ ਨੂੰ ਉਹ ਕਹਿਣ ਲਈ ਮਜਬੂਰ ਕੀਤਾ ਗਿਆ ਜੋ ਸੁਭਾਵਿਕ ਹੈ ਕਿ ਉਸ ਦਾ ਮੁਲਕ ਅਤੇ ਇਸ ਦੇ ਹਿੱਤ ਉਸ ਲਈ ਸਭ ਤੋਂ ਪਹਿਲਾਂ ਹਨ।

Advertisement

ਇਸ ਤੋਂ ਬਦਤਰ ਕੀ ਹੋਵੇਗਾ ਕਿ ਇੱਕ ਮਹਾਨ ਖਿਡਾਰੀ ਦੀ ਮਾਂ ਨੂੰ ਪੈਰਿਸ ਖੇਡਾਂ ਤੋਂ ਬਾਅਦ ਦਿੱਤੇ ਉਸ ਜਜ਼ਬਾਤੀ ਬਿਆਨ ਲਈ ਨਿਸ਼ਾਨਾ ਬਣਾਇਆ ਗਿਆ ਕਿ ਅਰਸ਼ਦ ਨਦੀਮ ਵੀ ਉਸ ਦੇ ਪੁੱਤ ਵਰਗਾ ਹੈ; ਨੀਰਜ ਦੀ ਮਾਂ ਦੇ ਇਨ੍ਹਾਂ ਭਲੇ ਭਾਵਾਂ ਦਾ ਪਾਕਿਸਤਾਨੀ ਅਥਲੀਟ ਦੀ ਮਾਂ ਨੇ ਵੀ ਬਿਲਕੁਲ ਉਸੇ ਅੰਦਾਜ਼ ’ਚ ਹੁੰਗਾਰਾ ਭਰਿਆ ਸੀ, ਜਿਸ ਨੇ ਕਿਹਾ ਸੀ ਕਿ ਦੋਵੇਂ ਮੁਕਾਬਲੇਬਾਜ਼ ਭਰਾਵਾਂ ਵਾਂਗ ਹਨ। ਆਸ ਸੀ ਕਿ ਸਰਹੱਦ ਪਾਰ ਦੋਸਤੀ ਦਾ ਇਹ ਦਿਲਾਂ ਨੂੰ ਛੂਹ ਲੈਣ ਵਾਲਾ ਮੁਜ਼ਾਹਰਾ ਦੋਵਾਂ ਦੇਸ਼ਾਂ ਨੂੰ ਆਪਣੇ ਚਿਰਾਂ ਦੇ ਫ਼ਰਕ ਤਿਆਗਣ ਤੇ ਇੱਕ-ਦੂਜੇ ਦੇ ਨੇੜੇ ਆਉਣ ਲਈ ਪ੍ਰੇਰਿਤ ਕਰੇਗਾ। ਪਰ ਪਹਿਲਗਾਮ ਦੇ ਕਤਲੇਆਮ ਨੇ ਇਸ ਉਮੀਦ ਨੂੰ ਬੁਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਹੈ; ਹਾਲਾਂਕਿ, ਨੀਰਜ ਨੂੰ ਮੰਦਾ ਬੋਲਣਾ, ਜਿਸ ਨੇ ਕਈ ਵਾਰ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ, ਨਿਰੀ ਨਾ-ਸ਼ੁਕਰਗੁਜ਼ਾਰੀ ਤੇ ਬੇਸ਼ਰਮੀ ਦੀ ਨਿਸ਼ਾਨੀ ਹੈ।

Advertisement
Show comments