ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੁਰੱਖਿਆ ਬਲਾਂ ਦੀ ਸਫ਼ਲ ਕਾਰਵਾਈ

ਚੋਟੀ ਦੇ ਮਾਓਵਾਦੀ ਕਮਾਂਡਰ ਮਾੜਵੀ ਹਿੜਮਾ ਦਾ ਮਾਰਿਆ ਜਾਣਾ ਖੱਬੇ ਪੱਖੀ ਕੱਟੜਵਾਦ ਵਿਰੁੱਧ ਦਹਾਕਿਆਂ ਤੋਂ ਚੱਲ ਰਹੀ ਲੜਾਈ ਦੀਆਂ ਸਭ ਤੋਂ ਫੈਸਲਾਕੁਨ ਸਫ਼ਲਤਾਵਾਂ ਵਿੱਚੋਂ ਇੱਕ ਹੈ। ਲਗਭਗ ਤਿੰਨ ਦਹਾਕਿਆਂ ਤੱਕ ਬਸਤਰ ਇਲਾਕੇ ਵਿੱਚ ਹਿੜਮਾ ਕਿਸੇ ਦੀ ਪਕੜ ’ਚ ਨਾ ਆਇਆ...
Advertisement

ਚੋਟੀ ਦੇ ਮਾਓਵਾਦੀ ਕਮਾਂਡਰ ਮਾੜਵੀ ਹਿੜਮਾ ਦਾ ਮਾਰਿਆ ਜਾਣਾ ਖੱਬੇ ਪੱਖੀ ਕੱਟੜਵਾਦ ਵਿਰੁੱਧ ਦਹਾਕਿਆਂ ਤੋਂ ਚੱਲ ਰਹੀ ਲੜਾਈ ਦੀਆਂ ਸਭ ਤੋਂ ਫੈਸਲਾਕੁਨ ਸਫ਼ਲਤਾਵਾਂ ਵਿੱਚੋਂ ਇੱਕ ਹੈ। ਲਗਭਗ ਤਿੰਨ ਦਹਾਕਿਆਂ ਤੱਕ ਬਸਤਰ ਇਲਾਕੇ ਵਿੱਚ ਹਿੜਮਾ ਕਿਸੇ ਦੀ ਪਕੜ ’ਚ ਨਾ ਆਇਆ ਅਤੇ ਸੁਰੱਖਿਆ ਬਲਾਂ ਤੇ ਆਮ ਨਾਗਰਿਕਾਂ ’ਤੇ ਹੋਏ ਕੁਝ ਸਭ ਤੋਂ ਘਾਤਕ ਹਮਲਿਆਂ ਦੀ ਸਾਜ਼ਿਸ਼ ਰਚਦਾ ਰਿਹਾ। ਆਂਧਰਾ ਪ੍ਰਦੇਸ਼ ਦੀ ਕਮਾਂਡੋ ਫੋਰਸ ‘ਗ੍ਰੇਹਾਊਂਡਜ਼’ ਵੱਲੋਂ ਮਾਰੇੜੂਮਿਲੀ ਦੇ ਜੰਗਲਾਂ ਵਿੱਚ ਹਿੜਮਾ ਦਾ ਪਤਨੀ ਤੇ ਕਈ ਮਾਓਵਾਦੀਆਂ ਸਣੇ ਖਾਤਮਾ ਸੀ ਪੀ ਆਈ (ਮਾਓਵਾਦੀ) ਦੇ ਸਰਗਰਮ ਢਾਂਚੇ ਦੇ ਅੰਤ ਅਤੇ ਰਾਜਧ੍ਰੋਹ ਖ਼ਿਲਾਫ਼ ਭਾਰਤ ਦੇ ਤੰਤਰ ਦੀ ਇੱਕ ਮਹੱਤਵਪੂਰਨ ਜਿੱਤ ਦਾ ਸੰਕੇਤ ਦਿੰਦਾ ਹੈ। ਬਸਤਰ ਵਿੱਚ ਇੱਕ ਵਰਕਰ ਤੋਂ ਲੈ ਕੇ ਪੀਪਲਜ਼ ਲਿਬਰੇਸ਼ਨ ਗੁਰਿਲਾ ਆਰਮੀ ਦੀ ਬਟਾਲੀਅਨ 1 ਦੇ ਕਮਾਂਡਰ ਤੱਕ ਹਿੜਮਾ ਦਾ ਉਭਾਰ ਵਿਦਰੋਹ ਦੀ ਤਾਕਤ ਨੂੰ ਦਰਸਾਉਂਦਾ ਹੈ ਕਿ ਕਿਵੇਂ ਇਹ ਨਿਰਾਸ਼ ਨੌਜਵਾਨਾਂ ਨੂੰ ਭਰਤੀ ਕਰਨ, ਵਿਚਾਰਧਾਰਕ ਤੌਰ ’ਤੇ ਤਿਆਰ ਕਰਨ ਅਤੇ ਹਥਿਆਰਬੰਦ ਕਰਨ ਵਿੱਚ ਭੂਮਿਕਾ ਨਿਭਾਉਂਦੀ ਹੈ। ਉਸ ਨੇ 2010 ਦੇ ਚਿੰਤਲਨਾਰ ਕਤਲੇਆਮ, 2013 ਦੇ ਝੀਰਮ ਘਾਟੀ ਹਮਲੇ ਅਤੇ ਸੁਕਮਾ ’ਚ ਬਹੁਤ ਜ਼ਿਆਦਾ ਜਾਨੀ ਨੁਕਸਾਨ ਵਾਲੀਆਂ ਕਈ ਕਾਰਵਾਈਆਂ ਨੂੰ ਅੰਜਾਮ ਦਿੱਤਾ ਸੀ। ਇਨ੍ਹਾਂ ਕਾਰਵਾਈਆਂ ਨੇ ਭਾਰਤ ਦੇ ਸੁਰੱਖਿਆ ਸਮੀਕਰਨਾਂ ਨੂੰ ਨਵੇਂ ਸਿਰਿਓਂ ਤੈਅ ਕੀਤਾ।

ਉਸ ਦੀ ਮੌਤ ਜਦਕਿ ਬਗ਼ਾਵਤ ਨੂੰ ਕਮਜ਼ੋਰ ਕਰਦੀ ਹੈ, ਪਰ ਇਹ ਉਨ੍ਹਾਂ ਡੂੰਘੇ ਕਬਾਇਲੀ ਮੁੱਦਿਆਂ ਨੂੰ ਹੱਲ ਨਹੀਂ ਕਰਦੀ ਜਿਨ੍ਹਾਂ ਨੇ ਮਾਓਵਾਦ ਨੂੰ ਜੜ੍ਹ ਫੜਨ ਦੇ ਯੋਗ ਬਣਾਇਆ। ਬਸਤਰ ਦਾ ਬਹੁਤਾ ਹਿੱਸਾ ਲੰਮੇ ਸਮੇਂ ਤੋਂ ਪੱਛੜਿਆ ਹੋਇਆ ਹੈ, ਖਣਨ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਕਾਰਨ ਲੋਕ ਉੱਜੜ ਚੁੱਕੇ ਹਨ ਅਤੇ ਕਬਾਇਲੀ ਭਾਈਚਾਰਿਆਂ ਤੇ ਸਰਕਾਰ ਵਿਚਕਾਰ ਭਰੋਸੇ ਦੀ ਚਿਰਾਂ ਤੋਂ ਘਾਟ ਹੈ। ਸਿਹਤ ਸੰਭਾਲ, ਮਿਆਰੀ ਸਿੱਖਿਆ ਅਤੇ ਕਾਰਜਸ਼ੀਲ ਭਲਾਈ ਯੋਜਨਾਵਾਂ ਤੱਕ ਪਹੁੰਚ ਅਜੇ ਵੀ ਇਕਸਾਰ ਨਹੀਂ ਹੈ। ਬਹੁਤ ਸਾਰੇ ਪਿੰਡਾਂ ਨੂੰ ਪ੍ਰਸ਼ਾਸਨ ਦਾ ਤਜਰਬਾ ਅਜੇ ਵੀ ਸਿਰਫ਼ ਸੁਰੱਖਿਆ ਬਲਾਂ ਦੀ ਮੌਜੂਦਗੀ ਰਾਹੀਂ ਹੁੰਦਾ ਹੈ, ਨਾ ਕਿ ਸਿਵਲ ਸੰਸਥਾਵਾਂ ਰਾਹੀਂ। ​ਨੀਤੀਗਤ ਵਾਅਦਿਆਂ ਅਤੇ ਜ਼ਮੀਨੀ ਹਕੀਕਤਾਂ ਦਾ ਫ਼ਰਕ ਨਾਰਾਜ਼ਗੀ ਨੂੰ ਬਣਾਈ ਰੱਖਦਾ ਹੈ, ਭਾਵੇਂ ਮਾਓਵਾਦੀ ਪ੍ਰਭਾਵ ਘਟਦਾ ਵੀ ਰਹੇ। ਜਦੋਂ ਤੱਕ ਪ੍ਰਸ਼ਾਸਨ ਜਵਾਬਦੇਹ ਅਤੇ ਸੱਭਿਆਚਾਰਕ ਤੌਰ ’ਤੇ ਸੰਵੇਦਨਸ਼ੀਲ ਨਹੀਂ ਬਣਦਾ, ਉਹ ਖਲਾਅ ਬਰਕਰਾਰ ਰਹਿ ਸਕਦਾ ਹੈ ਜੋ ਕਦੇ ਬਾਗ਼ੀਆਂ ਨੂੰ ਆਪਣੇ ਆਪ ਨੂੰ ਰੱਖਿਅਕਾਂ ਵਜੋਂ ਪੇਸ਼ ਕਰਨ ਦੀ ਇਜਾਜ਼ਤ ਦਿੰਦਾ ਸੀ।

Advertisement

​ਸੁਰੱਖਿਆ ਬਲਾਂ ਨੇ ਆਪਣਾ ਕੰਮ ਕਰ ਦਿੱਤਾ ਹੈ। ਸਰਕਾਰ ਕੋਲ ਹੁਣ ਇਸ ਰਣਨੀਤਕ ਜਿੱਤ ਨੂੰ ਸਥਾਈ ਸ਼ਾਂਤੀ ਵਿੱਚ ਬਦਲਣ ਦਾ ਮੌਕਾ ਹੈ। ਇਸ ਨੂੰ ਹਾਸਲ ਕਰਨ ਲਈ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸੜਕਾਂ, ਸਕੂਲ, ਹੱਕ ਅਤੇ ਰੁਜ਼ਗਾਰ ਬਸਤਰ ਦੇ ਜੰਗਲ ਦੇ ਧੁਰ ਅੰਦਰ ਤੱਕ ਪਹੁੰਚੇ।

Advertisement
Show comments