ਸ਼ੌਕ ਨਹੀਂ ਮਜਬੂਰੀ ਹੈ ਵਿਦਿਆਰਥੀਆਂ ਦਾ ਪਰਵਾਸ
ਭਾਰਤ ਸਰਕਾਰ ਤੇ ਵੱਖ-ਵੱਖ ਸੂਬਿਆਂ ਦੀਆਂ ਰਾਜ ਸਰਕਾਰਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰਾਂ ਲਾਗੇ ਹੀ ਚੰਗੀ ਤੇ ਵਿਦੇਸ਼ਾਂ ਦੇ ਹਾਣ ਦੀ ਉਚੇਰੀ ਤੇ ਸਸਤੀ ਸਿੱਖਿਆ ਦੇਣ ਦੇ ਉਪਰਾਲੇ ਕਰ ਰਹੀਆਂ ਹਨ ਪਰ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦੇ ਚਾਹਵਾਨ ਵੱਡੀ ਗਿਣਤੀ ਭਾਰਤੀ ਵਿਦਿਆਰਥੀ ਅਜੇ ਵੀ ਜਹਾਜ਼ਾਂ ’ਚ ਸਵਾਰ ਹੋ ਕੇ ਵਿਦੇਸ਼ ਦਾ ਰੁਖ਼ ਕਰ ਰਹੇ ਹਨ।
ਭਾਰਤ ’ਚ ਨੌਕਰੀਆਂ ਲਈ ਹੁਨਰ ਦੀਆਂ ਲੋੜਾਂ ਬਦਲੀਆਂ ਹਨ, ਪਰ ਸਿੱਖਿਆ ਖੇਤਰ ਵਿੱਚ ਉਸੇ ਤਰ੍ਹਾਂ ਦਾ ਬਦਲਾਅ ਨਹੀਂ ਆਇਆ। ਭਾਰਤੀ ਸਿੱਖਿਆ ਸਮੇਂ ਦੇ ਨਾਲ-ਨਾਲ ਬਦਲ ਨਹੀਂ ਸਕੀ ਨਤੀਜੇ ਵਜੋਂ ਇਹ ਕਈ ਖੇਤਰਾਂ ਵਿੱਚ ਪੱਛੜ ਗਈ ਹੈ। ਇਸ ਕਾਰਨ ਵੀ ਅਨੇਕਾਂ ਭਾਰਤੀ ਵਿਦਿਆਰਥੀਆਂ ਨੂੰ ਸਿੱਖਿਆ ਲਈ ਪਰਵਾਸ ਕਰਨ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੈ। ਭਾਰਤੀ ਸਿੱਖਿਆ ਪ੍ਰਣਾਲੀ ਦਾ ਘੇਰਾ ਬਹੁਤ ਵਿਆਪਕ ਹੈ ਪਰ ਸਮੇਂ ਦੇ ਹਾਣ ਦੀ ਨਾ ਹੋਣ ਕਾਰਨ ਭਾਰਤੀ ਵਿਦਿਆਰਥੀ ਇਸ ਨੂੰ ਅਲਵਿਦਾ ਆਖ ਵਿਦੇਸ਼ੀ ਸਿੱਖਿਆ ਪ੍ਰਣਾਲੀ ਨੂੰ ਅਪਣਾ ਰਹੇ ਹਨ।
ਭਾਰਤ ਤੋਂ ਵਿਦੇਸ਼ ਜਾ ਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਲੱਖਾਂ ਵਿੱਚ ਹੈ, ਜਿਨ੍ਹਾਂ ਵਿੱਚ ਪੰਜਾਬ ਦੇ ਵਿਦਿਆਰਥੀ ਵੀ ਸ਼ਾਮਲ ਹਨ। ਅਸਲ ਵਿੱਚ ਵਿਦੇਸ਼ ਜਾ ਕੇ ਪੜ੍ਹਾਈ ਕਰਨਾ ਭਾਰਤੀ ਵਿਦਿਆਰਥੀਆਂ ਲਈ ‘ਸਟੇਟਸ ਸਿੰਬਲ’ ਬਣ ਗਿਆ ਹੈ। ਵੱਡੀ ਗਿਣਤੀ ਭਾਰਤੀ ਵਿਦਿਆਰਥੀਆਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਜੇ ਉਹ ਵਿਦੇਸ਼ ਵਿੱਚ ਪੜ੍ਹਾਈ ਕਰ ਕੇ ਭਾਰਤ ਵਾਪਸ ਆਉਣਗੇ ਤਾਂ ਭਾਰਤ ਵਿੱਚ ਉਨ੍ਹਾਂ ਨੂੰ ਚੰਗੀਆਂ ਨੌਕਰੀਆਂ ਪਹਿਲ ਦੇ ਆਧਾਰ ’ਤੇ ਮਿਲਣਗੀਆਂ। ਇਸ ਤੋਂ ਇਲਾਵਾ ਵੱਡੀ ਗਿਣਤੀ ਭਾਰਤੀ ਵਿਦਿਆਰਥੀ ਇਸ ਲਈ ਵੀ ਵਿਦੇਸ਼ ਚਲੇ ਜਾਂਦੇ ਹਨ ਕਿਉਂਕਿ ਉਨ੍ਹਾਂ ਦਾ ਮੁੱਖ ਮਕਸਦ ਪੜ੍ਹਾਈ ਬਹਾਨੇ ਵਿਦੇਸ਼ਾਂ ਦੀ ਪੱਕੀ ਰਿਹਾਇਸ਼ ਲੈਣਾ ਹੁੰਦਾ ਹੈ।
ਇੱਕ ਰਿਪੋਰਟ ਅਨੁਸਾਰ 2022 ’ਚ ਭਾਰਤ ਦੇ 9 ਲੱਖ ਵਿਦਿਆਰਥੀ ਦੁਨੀਆ ਦੇ ਦੂਜੇ ਦੇਸ਼ਾਂ ਵਿੱਚ ਪੜ੍ਹਾਈ ਲਈ ਗਏ। 2023 ’ਚ ਇਹ ਗਿਣਤੀ 13 ਲੱਖ ਅਤੇ 2024 ਵਿੱਚ 13.50 ਲੱਖ ਹੋ ਗਈ। ਇਨ੍ਹਾਂ 13.50 ਲੱਖ ਵਿਦਿਆਰਥੀਆਂ ’ਚ ਸਭ ਤੋਂ ਵੱਧ ਗਿਣਤੀ 4.30 ਲੱਖ, ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਸੀ, 3.50 ਵਿਦਿਆਰਥੀ ਅਮਰੀਕਾ, 1.85 ਲੱਖ ਬਰਤਾਨੀਆ ਤੇ ਬਾਕੀ ਆਸਟਰੇਲੀਆ, ਚੀਨ, ਜਰਮਨੀ, ਯੂਕਰੇਨ ਤੇ ਫ਼ਿਲਪੀਨਜ਼ ਗਏ।
ਲੱਖਾਂ ਵਿਦਿਆਰਥੀਆਂ ਦੇ ਪਰਵਾਸ ਕਰਨ ਬਾਰੇ ਕੇਂਦਰੀ ਸਿੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਇਸ ਨਾਲ ਇੱਕ ਤਾਂ ਦੇਸ਼ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ, ਦੂਜਾ ਦੇਸ਼ ਦੇ ਹੋਣਹਾਰ ਬੱਚੇ ਜਿਨ੍ਹਾਂ ਦਾ ਦੇਸ਼ ਨੂੰ ਲਾਭ ਮਿਲਣਾ ਸੀ, ਵਿਦੇਸ਼ਾਂ ਵਿੱਚ ਵਸ ਰਹੇ ਹਨ।
ਹੁਣ ਵਿਦੇਸ਼ੀ ਮੁਲਕਾਂ ਦੀਆਂ ਸਰਕਾਰਾਂ ਵੀ ਭਾਰਤੀ ਵਿਦਿਆਰਥੀਆਂ ਦੀ ਇਸ ਭਾਵਨਾ ਨੂੰ ਸਮਝ ਗਈਆਂ ਹਨ ਅਤੇ ਉਨ੍ਹਾਂ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਲਈ ਆਪਣੇ ਵੀਜ਼ਾ ਨਿਯਮ ਤੇ ਕਾਨੂੰਨ ਸਖ਼ਤ ਕੀਤੇ ਜਾ ਰਹੇ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਤਾਂ ਸਪੱਸ਼ਟ ਐਲਾਨ ਕੀਤਾ ਹੈ ਕਿ ਅਮਰੀਕਾ ਵਿੱਚ ਪੜ੍ਹਾਈ ਕਰਨ ਆਉਂਦੇ ਕੌਮਾਂਤਰੀ ਵਿਦਿਆਰਥੀਆਂ ਨੂੰ ਅਮਰੀਕਾ ਦੀ ਨਾਗਰਿਕਤਾ ਨਹੀਂ ਦਿੱਤੀ ਜਾਵੇਗੀ ਸਗੋਂ ਉਨ੍ਹਾਂ ਵਿਦਿਆਰਥੀਆਂ ਨੂੰ ਅਮਰੀਕਾ ’ਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮੁੜ ਵਾਪਸ ਆਪਣੇ ਮੂੁਲ ਮੁਲਕਾਂ ’ਚ ਮੁੜਨਾ ਪਵੇਗਾ। ਇਸ ਤੋਂ ਇਲਾਵਾ ਕੈਨੇਡਾ, ਬਰਤਾਨੀਆ, ਨਿਊਜ਼ੀਲੈਂਡ ਅਤੇ ਹੋਰ ਮੁਲਕਾਂ ਨੇ ਵੀ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰਨ ਲਈ ਨਵੇਂ ਵੀਜ਼ਾ ਨਿਯਮ ਅਤੇ ਕਾਨੂੰਨ ਲਾਗੂ ਕਰ ਦਿੱਤੇ ਹਨ ਪਰ ਇਹ ਸਖ਼ਤ ਕਾਨੂੰਨ ਵੀ ਭਾਰਤੀ ਵਿਦਿਆਰਥੀਆਂ ਨੂੰ ਸਿੱਖਿਆ ਬਹਾਨੇ ਪਰਵਾਸ ਕਰਨ ਤੋਂ ਰੋਕਣ ਵਿੱਚ ਨਾਕਾਮ ਸਿੱਧ ਹੋ ਰਹੇ ਹਨ। ਪੰਜਾਬ ਸਮੇਤ ਪੂਰੇ ਭਾਰਤ ਵਿਚੋਂ ਹਰ ਸਾਲ ਵੱਡੀ ਗਿਣਤੀ ਵਿਦਿਆਰਥੀ ਦੁਨੀਆ ਦੇ ਵੱਖ-ਵੱਖ ਮੁਲਕਾਂ ’ਚ ਸਿੱਖਿਆ ਪ੍ਰਾਪਤ ਕਰਨ ਲਈ ਜਾਂਦੇ ਹਨ। ਇਨ੍ਹਾਂ ਵਿਦਿਆਰਥੀਆਂ ਵਿੱਚ ਮੈਡੀਕਲ ਦੇ ਵਿਦਿਆਰਥੀ ਵੀ ਵੱਡੀ ਗਿਣਤੀ ’ਚ ਹੁੰਦੇ ਹਨ, ਜੋ ਕਿ ਐੱਮ ਬੀ ਬੀ ਐੱਸ ਤੇ ਹੋਰ ਉਚੇਰੀ ਪੜ੍ਹਾਈ ਲਈ ਵਿਦੇਸ਼ ਜਾਂਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਪਾਸੇ ਤਾਂ ਭਾਰਤ ਵਿੱਚ ਸਿੱਖਿਆ ਸੰਸਥਾਵਾਂ, ਸਰਕਾਰੀ ਤੇ ਪ੍ਰਾਈਵੇਟ ਯੂਨੀਵਰਸਿਟੀਆਂ, ਮੈਡੀਕਲ ਕਾਲਜਾਂ ਦਾ ਹੜ੍ਹ ਆਇਆ ਹੋਇਆ ਹੈ, ਪਰ ਇਸ ਦੇ ਬਾਵਜੂਦ ਭਾਰਤ ਤੋਂ ਹਰ ਸਾਲ ਹਜ਼ਾਰਾਂ ਵਿਦਿਆਰਥੀ ਦੁਨੀਆਂ ਦੇ 86 ਦੇਸ਼ਾਂ ’ਚ ਪੜ੍ਹਨ ਜਾ ਰਹੇ ਹਨ।
ਸਰਕਾਰੀ ਅੰਕੜਿਆਂ ਅਨੁਸਾਰ ਸਾਲ 2017 ’ਚ 4,54,010 ਭਾਰਤੀ ਵਿਦਿਆਰਥੀ ਵੱਖ-ਵੱਖ ਕੋਰਸਾਂ ਦੀ ਪੜ੍ਹਾਈ ਲਈ ਵਿਦੇਸ਼ ਗਏ ਸਨ, ਸਾਲ 2018 ’ਚ ਇਹ ਗਿਣਤੀ 5,18,015 ਸੀ, 2019 ’ਚ 5,86,337 ਵਿਦਿਆਰਥੀ ਬਾਹਰ ਗਏ, 2020 ’ਚ 2,59,655, ਸਾਲ 2021 ਵਿੱਚ 44,553 ਅਤੇ ਸਾਲ 2022 ਵਿੱਚ 7,50,365 ਵਿਦਿਆਰਥੀਆਂ ਨੇ ਵਿਦੇਸ਼ਾਂ ਵਿੱਚ ਪੜ੍ਹਾਈ ਦਾ ਰਾਹ ਚੁਣਿਆ।
ਆਸਟਰੇਲੀਆ ਦੇ ਗ੍ਰਹਿ ਵਿਭਾਗ ਦੇ ਕੌਮਾਂਤਰੀ ਵਿਦਿਆਰਥੀਆਂ ਦੇ 2022-23 (ਅੱਧੇ ਸਾਲ ਤੱਕ ਦੇ) ਦੇ ਅੰਕੜਿਆਂ ’ਤੇ ਜੇਕਰ ਨਜ਼ਰ ਮਾਰੀ ਜਾਵੇ ਤਾਂ 2 ਲੱਖ 83 ਹਜ਼ਾਰ 573 ਵਿਦਿਆਰਥੀਆਂ ਨੂੰ ਵੀਜ਼ੇ ਮਿਲੇ ਜੋ ਕਿ ਸਾਲ 2021-22 ਦੇ ਇਸੇ ਸਮੇਂ ਤੱਕ ਦੇ ਅੰਕੜਿਆਂ ਤੋਂ 203 ਪ੍ਰਤੀਸ਼ਤ ਜ਼ਿਆਦਾ ਸਨ।
ਸਰਕਾਰੀ ਅੰਕੜਿਆਂ ਅਨੁਸਾਰ ਕੁੱਲ 86 ਦੇਸ਼ ਅਜਿਹੇ ਹਨ ਜਿੱਥੇ ਭਾਰਤੀ ਵਿਦਿਆਰਥੀ ਪੜ੍ਹ ਰਹੇ ਹਨ। ਇਨ੍ਹਾਂ ਵਿਚੋਂ 36 ਏਸ਼ੀਆ ਤੋਂ, 32 ਯੂਰਪ ਤੋਂ, 8 ਅਫ਼ਰੀਕਾ ਤੋਂ, 6 ਦੱਖਣੀ ਅਮਰੀਕਾ ਤੋਂ ਅਤੇ ਦੋ ਉੱਤਰੀ ਅਮਰੀਕਾ ਅਤੇ ਆਸਟਰੇਲੀਆ ਮਹਾਦੀਪ ਤੋਂ ਹਨ। 50 ਫੀਸਦ ਤੋਂ ਵੱਧ ਭਾਰਤੀ ਵਿਦਿਆਰਥੀ ਉੱਤਰੀ ਅਮਰੀਕਾ ਵਿੱਚ ਪੜ੍ਹਦੇ ਹਨ। 90,000 ਤੋਂ ਵੱਧ ਭਾਰਤੀ ਵਿਦਿਆਰਥੀ ਏਸ਼ੀਆ ਦੇ ਕਈ ਦੇਸ਼ਾਂ ਤੋਂ ਇਲਾਵਾ ਆਸਟਰੇਲੀਆ ਵਿੱਚ ਪੜ੍ਹਦੇ ਹਨ।
ਮੰਨਿਆ ਜਾਂਦਾ ਹੈ ਕਿ ਬਰਤਾਨੀਆ ਦੇ ਅਰਥਚਾਰੇ ’ਚ ਭਾਰਤੀ ਵਿਦਿਆਰਥੀਆਂ ਦਾ ਯੋਗਦਾਨ ਚੀਨ ਤੋਂ ਬਾਅਦ ਦੂਜੇ ਨੰਬਰ ’ਤੇ ਹੈ। ਹਰ ਸਾਲ 4.5 ਲੱਖ ਤੋਂ ਵੱਧ ਚੀਨੀ ਵਿਦਿਆਰਥੀ ਪੜ੍ਹਾਈ ਲਈ ਵਿਦੇਸ਼ ਜਾ ਰਹੇ ਹਨ। ਚੀਨ ਤੋਂ ਬਾਅਦ ਭਾਰਤ ਦਾ ਸਥਾਨ ਹੈ, ਜਿੱਥੇ ਇਹ ਅੰਕੜਾ ਤਿੰਨ ਲੱਖ ਤੱਕ ਪਹੁੰਚ ਗਿਆ ਹੈ।
ਇੱਕ ਹੋਰ ਕਾਰਨ, ਜੋ ਭਾਰਤੀ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਪੜ੍ਹਨ ਲਈ ਖਿੱਚ ਰਿਹਾ ਹੈ ਉਹ ਹੈ ਸਿੱਖਿਆ ਦਾ ਮਿਆਰ। ਯੂਨੈਸਕੋ ਦੀ ਰਿਪੋਰਟ ਅਨੁਸਾਰ ਭਾਰਤ ਵਿੱਚ ਵਿਗਿਆਨ, ਤਕਨੀਕ, ਇੰਜਨੀਅਰਿੰਗ ਅਤੇ ਗਣਿਤ ਦੀ ਸਿੱਖਿਆ ਦਾ ਮਿਆਰ ਆਸ ਮੁਤਾਬਕ ਨਹੀਂ ਹੈ। ਇਸ ਰਿਪੋਰਟ ਅਨੁਸਾਰ, 2019 ਵਿੱਚ ਸਿਰਫ਼ 47 ਪ੍ਰਤੀਸ਼ਤ ਵਿਦਿਆਰਥੀ ਰੁਜ਼ਗਾਰ ਦੇ ਯੋਗ ਸਨ। ਭਾਵ ਅੱਧੇ ਤੋਂ ਵੱਧ ਵਿਦਿਆਰਥੀ ਅਜਿਹੇ ਸਨ ਜੋ ਪੜ੍ਹਾਈ ਦੇ ਬਾਵਜੂਦ ਨੌਕਰੀ ਦੇ ਕਾਬਿਲ ਨਹੀਂ ਸਨ। ਭਾਰਤੀ ਸਿੱਖਿਆ ਪ੍ਰਣਾਲੀ ਅਜੇ ਵੀ ਰਵਾਇਤੀ ਵਿਸ਼ਿਆਂ ਦੁਆਲੇ ਕੇਂਦਰਿਤ ਹੈ। ਕੇਂਦਰ ਸਰਕਾਰ ਮੁਤਾਬਕ ਭਾਰਤ ਵਿੱਚ 1000 ਤੋਂ ਵੱਧ ਯੂਨੀਵਰਸਿਟੀਆਂ ਹਨ ਪਰ ਇਨ੍ਹਾਂ ਵਿੱਚ ਪੜ੍ਹਾਏ ਜਾਣ ਵਾਲੇ ਵਿਸ਼ੇ ਸਾਧਾਰਨ ਹਨ। ਜਿਸ ਤਰ੍ਹਾਂ ਨੌਕਰੀਆਂ ਲਈ ਹੁਨਰ ਦੀਆਂ ਲੋੜਾਂ ਬਦਲੀਆਂ ਹਨ, ਸਿੱਖਿਆ ਪ੍ਰਣਾਲੀ ਉਸ ਤਰ੍ਹਾਂ ਨਹੀਂ ਬਦਲੀ।
ਇਹ ਕਿਹਾ ਜਾ ਸਕਦਾ ਹੈ ਕਿ ਵਿਦੇਸ਼ਾਂ ’ਚ ਪੜ੍ਹਾਈ ਭਾਰਤੀ ਵਿਦਿਆਰਥੀਆਂ ਦਾ ਸ਼ੌਕ ਨਹੀਂ ਸਗੋਂ ਇੱਕ ਮਜਬੂਰੀ ਬਣ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵਿਦੇਸ਼ਾਂ ਦੇ ਹਾਣ ਦੀ ਉਚੇਰੀ ਸਿੱਖਿਆ ਲੋਕਾਂ ਦੀ ਪਹੁੰਚ ਵਿਚ ਕਰੇ ਤਾਂ ਜੋ ਵਿਦੇਸ਼ਾਂ ਦਾ ਰੁਖ਼ ਨਾ ਕਰਨਾ ਪਵੇ।
ਸੰਪਰਕ: 94638-19174