ਭਗਦੜ ਦੀਆਂ ਘਟਨਾਵਾਂ
ਭਾਰਤ ਵਿੱਚ ਭਗਦੜ ਦੀਆਂ ਦੁਖਦਾਈ ਘਟਨਾਵਾਂ ਦਾ ਨਾ ਰੁਕਣਾ ਅਤੇ ਆਮ ਵਰਤਾਰਾ ਬਣਨਾ ਪ੍ਰੇਸ਼ਾਨ ਕਰਦਾ ਹੈ। ਘਟਨਾਕ੍ਰਮ ਦੀ ਤਰਤੀਬ ਹਮੇਸ਼ਾ ਉਹੀ ਹੁੰਦੀ ਹੈ- ਸਿਰਫ਼ ਦੁਖਾਂਤ ਦੀ ਜਗ੍ਹਾ ਅਤੇ ਭੀੜ ਇਕੱਠੀ ਕਰਨ ਵਾਲੇ ਹੀ ਬਦਲਦੇ ਹਨ। ਤਾਜ਼ਾ ਘਟਨਾ ਸ਼ਨਿੱਚਰਵਾਰ ਨੂੰ ਤਾਮਿਲਨਾਡੂ ਦੇ ਸ਼ਹਿਰ ਕਰੂਰ ਵਿੱਚ ਵਾਪਰੀ; ਅਦਾਕਾਰ-ਸਿਆਸਤਦਾਨ ਵਿਜੈ ਦੀ ਰੈਲੀ ਵਿੱਚ ਭਗਦੜ ਮਚਣ ਕਾਰਨ 40 ਲੋਕਾਂ ਦੀ ਮੌਤ ਹੋ ਗਈ, ਜਿੱਥੇ ਉਸ ਦੇ ਦੇਰੀ ਨਾਲ ਪਹੁੰਚਣ ਕਰ ਕੇ ਭੀੜ ਵਧਣ ਨਾਲ ਅਫ਼ਰਾ-ਤਫ਼ਰੀ ਮਚ ਗਈ। ਸੂਬੇ ਦੇ ਪੁਲੀਸ ਮੁਖੀ ਜੀ ਵੈਂਕਟਰਮਨ ਅਨੁਸਾਰ, ਪ੍ਰਬੰਧਕਾਂ ਨੇ ਲਗਭਗ 10,000 ਲੋਕਾਂ ਦੇ ਆਉਣ ਦਾ ਅਨੁਮਾਨ ਲਗਾਇਆ ਸੀ; ਹਾਲਾਂਕਿ, ਨਵੀਂ ਬਣੀ ਤਮਿਲਗਾ ਵੈਤਰੀ ਕਜ਼ਗਮ ਦੇ ਬਾਨੀ ਪ੍ਰਧਾਨ ਦੀ ਝਲਕ ਪਾਉਣ ਲਈ ਲਗਭਗ 27,000 ਲੋਕ ਇਕੱਠੇ ਹੋ ਗਏ। ਉਹ ਜ਼ਾਹਿਰਾ ਤੌਰ ’ਤੇ ਖਾਣੇ-ਪਾਣੀ ਦੇ ਢੁੱਕਵੇਂ ਪ੍ਰਬੰਧ ਤੋਂ ਬਿਨਾਂ ਘੰਟਿਆਂ ਬੱਧੀ ਧੁੱਪ ਵਿੱਚ ਉਡੀਕ ਕਰਦੇ ਰਹੇ। ਪ੍ਰਬੰਧਕਾਂ ਅਤੇ ਪੁਲੀਸ ਨੂੰ ਬਿਹਤਰ ਤਿਆਰੀ ਕਰਨੀ ਚਾਹੀਦੀ ਸੀ, ਇਹ ਧਿਆਨ ਵਿੱਚ ਰੱਖਦਿਆਂ ਕਿ 13 ਸਤੰਬਰ ਤੋਂ, ਜਦੋਂ ਤੋਂ ਵਿਜੇ ਨੇ ਆਪਣਾ ਸੂਬਾ ਪੱਧਰੀ ਦੌਰਾ ਸ਼ੁਰੂ ਕੀਤਾ ਸੀ, ਉਦੋਂ ਤੋਂ ਹੀ ਉਨ੍ਹਾਂ ਦੇ ਜਲਸਿਆਂ ਵਿੱਚ ਹੱਦੋਂ ਵੱਧ ਭੀੜ ਦੇਖੀ ਜਾ ਰਹੀ ਸੀ। ਇਸ ਤੋਂ ਇਲਾਵਾ, ਇਸ ਸਾਲ ਦੂਜੇ ਰਾਜਾਂ ਵਿੱਚ ਵਾਪਰੀਆਂ ਅਜਿਹੀਆਂ ਘਟਨਾਵਾਂ ਤੋਂ ਕੋਈ ਸਬਕ ਨਹੀਂ ਸਿੱਖਿਆ ਗਿਆ। ਇਸੇ ਸਾਲ ਜੂਨ ਵਿੱਚ ਬੰਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਹੋਈ ਭਗਦੜ ਵਿੱਚ 11 ਲੋਕਾਂ ਦੀ ਜਾਨ ਚਲੀ ਗਈ ਸੀ।
ਕਰੂਰ ਦੀ ਘਟਨਾ ਨੇ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਤੋਂ ਮਹੀਨਿਆਂ ਪਹਿਲਾਂ ਸਿਆਸੀ ਜੰਗ ਛੇੜ ਦਿੱਤੀ ਹੈ। ਸੱਤਾਧਾਰੀ ਡੀ ਐੱਮ ਕੇ ਨੇ ਵਿਜੈ ’ਤੇ ਤਿੱਖਾ ਹਮਲਾ ਕੀਤਾ ਹੈ, ਜਦੋਂਕਿ ਉਸ ਦੀ ਪਾਰਟੀ ਨੇ ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਜਾਂ ਵਿਸ਼ੇਸ਼ ਜਾਂਚ ਟੀਮ ਤੋਂ ਜਾਂਚ ਕਰਾਉਣ ਦੀ ਮੰਗ ਕਰਦੇ ਹੋਏ ਮਦਰਾਸ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ। ਮੁੱਖ ਵਿਰੋਧੀ ਪਾਰਟੀ, ਅੰਨਾ ਡੀ ਐੱਮ ਕੇ, ਨੇ ਪੁਲੀਸ ਅਤੇ ਸਥਾਨਕ ਪ੍ਰਸ਼ਾਸਨ ਨੂੰ ਦੋਸ਼ੀ ਠਹਿਰਾਇਆ ਹੈ। ਇਸ ਮੁਕਾਬਲੇਬਾਜ਼ੀ ਦੇ ਵਿਚਕਾਰ, ਇਹ ਘਟਨਾ ਸਿਰਫ਼ ਤਾਮਿਲਨਾਡੂ ’ਚ ਹੀ ਨਹੀਂ ਬਲਕਿ ਪੂਰੇ ਦੇਸ਼ ਵਿੱਚ ਸਿਆਸੀ ਪਾਰਟੀਆਂ ਤੇ ਅਧਿਕਾਰੀਆਂ ਲਈ ਚਿਤਾਵਨੀ ਹੈ। ਕੇਂਦਰ ਅਤੇ ਰਾਜਾਂ ਨੂੰ ਜਨਤਕ ਸਮਾਗਮਾਂ ਨੂੰ ਮਨਜ਼ੂਰੀ ਦੇਣ ਲਈ ਸਖ਼ਤ ਪ੍ਰਕਿਰਿਆ, ਇਸ ਤੋਂ ਇਲਾਵਾ ਸਿਆਸੀ ਰੈਲੀਆਂ, ਪੂਜਾ ਸਥਾਨਾਂ, ਸਟੇਡੀਅਮਾਂ, ਰੇਲਵੇ ਸਟੇਸ਼ਨਾਂ ਆਦਿ ’ਤੇ ਵੱਡੀਆਂ ਭੀੜਾਂ ਦੇ ਪ੍ਰਬੰਧਨ ਲਈ ਪ੍ਰੋਟੋਕੋਲ ਸਾਂਝੇ ਤੌਰ ’ਤੇ ਤਿਆਰ ਕਰਨਾ ਚਾਹੀਦਾ ਹੈ।
ਜਨਤਕ ਸੁਰੱਖਿਆ ਨੂੰ ਅਣਗੌਲਿਆ ਕਰਨ ਵਾਲੇ ਪ੍ਰਬੰਧਕਾਂ ਖ਼ਿਲਾਫ਼ ਸਜ਼ਾਯੋਗ ਕਦਮ (ਜਿਵੇਂ ਜੇਲ੍ਹ ਤੇ ਜੁਰਮਾਨਾ) ਚੁੱਕੇ ਜਾਣੇ ਚਾਹੀਦੇ ਹਨ। ਪੁਲੀਸ ਅਤੇ ਹੋਰ ਅਧਿਕਾਰੀਆਂ ਦੀ ਲਾਪਰਵਾਹੀ ਵੀ ਸਜ਼ਾ ਦੇ ਘੇਰੇ ਵਿੱਚ ਲਿਆਂਦੀ ਜਾਣੀ ਚਾਹੀਦੀ ਹੈ। ਪਾਣੀ ਸਿਰ ਉੱਪਰੋਂ ਲੰਘ ਚੁੱਕਾ ਹੈ। ਅਜਿਹੀ ਘਟਨਾਵਾਂ ਵਾਪਰਨ ਤੋਂ ਬਾਅਦ ਕੁਝ ਸਮਾਂ ਚਰਚਾ ਚੱਲਦੀ ਹੈ, ਕਈ ਤਰ੍ਹਾਂ ਦੇ ਦਾਅਵੇ ਤੇ ਵਾਅਦੇ ਵੀ ਕੀਤੇ ਜਾਂਦੇ ਹਨ ਪਰ ਹਾਲਾਤ ਜਿਉਂ ਦੇ ਤਿਉਂ ਹੀ ਰਹਿੰਦੇ ਹਨ। ਘਾਤਕ ਭਗਦੜਾਂ ਦੀ ਰੋਕਥਾਮ ਨੂੰ ਪੂਰੇ ਭਾਰਤ ਵਿੱਚ ਮਿਸ਼ਨ ਵਜੋਂ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।