ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਐੱਨਸੀਪੀ ’ਚ ਦੁਫੇਡ਼

ਭਾਰਤੀ ਜਨਤਾ ਪਾਰਟੀ ਨੇ ਮਹਾਰਾਸ਼ਟਰ ਵਿਚ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਨੂੰ ਤੋਡ਼ ਕੇ ਇਹ ਸਿਆਸੀ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਵਿਰੋਧੀ ਪਾਰਟੀਆਂ ਨੇ ਭਾਜਪਾ ਵਿਰੋਧੀ ਮੁਹਾਜ਼ ਤਾਂ ਕੀ ਬਣਾਉਣਾ ਹੈ, ਉਹ ਤਾਂ ਆਪਣੀਆਂ ਪਾਰਟੀਆਂ ਨੂੰ ਬਚਾ ਕੇ ਵੀ...
Advertisement

ਭਾਰਤੀ ਜਨਤਾ ਪਾਰਟੀ ਨੇ ਮਹਾਰਾਸ਼ਟਰ ਵਿਚ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਨੂੰ ਤੋਡ਼ ਕੇ ਇਹ ਸਿਆਸੀ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਵਿਰੋਧੀ ਪਾਰਟੀਆਂ ਨੇ ਭਾਜਪਾ ਵਿਰੋਧੀ ਮੁਹਾਜ਼ ਤਾਂ ਕੀ ਬਣਾਉਣਾ ਹੈ, ਉਹ ਤਾਂ ਆਪਣੀਆਂ ਪਾਰਟੀਆਂ ਨੂੰ ਬਚਾ ਕੇ ਵੀ ਨਹੀਂ ਰੱਖ ਸਕਦੀਆਂ। ਭਾਜਪਾ ਮਹਾਰਾਸ਼ਟਰ ਵਿਚ ਸ਼ਿਵ ਸੈਨਾ ਅਤੇ ਐੱਨਸੀਪੀ ਦੋਵਾਂ ਨੂੰ ਦੁਫਾਡ਼ ਕਰਨ ਵਿਚ ਕਾਮਯਾਬ ਹੋਈ ਹੈ। ਉਸ ਨੇ ਮੱਧ ਪ੍ਰਦੇਸ਼, ਕਰਨਾਟਕ, ਗੋਆ ਅਤੇ ਹੋਰ ਸੂਬਿਆਂ ਵਿਚ ਇਸੇ ਤਰ੍ਹਾਂ ਦੀ ਭੰਨ-ਤੋਡ਼ ਕਰ ਕੇ ਕਾਂਗਰਸ ਵਿਚ ਵੀ ਅਸੁਰੱਖਿਆ ਦੀ ਭਾਵਨਾ ਪੈਦਾ ਕੀਤੀ ਸੀ।

ਸ਼ਰਦ ਪਵਾਰ ਨੇ 1999 ਵਿਚ ਪੀਏ ਸੰਗਮਾ ਅਤੇ ਤਾਰਿਕ ਅਨਵਰ ਨਾਲ ਮਿਲ ਕੇ ਐੱਨਸੀਪੀ ਦੀ ਸਥਾਪਨਾ ਕੀਤੀ; ਇਹ ਆਗੂ ਵਿਦੇਸ਼ੀ ਮੂਲ ਦੀ ਸੋਨੀਆ ਗਾਂਧੀ ਨੂੰ ਕਾਂਗਰਸ ਦੀ ਪ੍ਰਧਾਨ ਬਣਾਏ ਜਾਣ ਦਾ ਵਿਰੋਧ ਕਰ ਰਹੇ ਸਨ। ਦੇਸ਼ ਦੇ ਸਿਆਸੀ ਸਮੀਕਰਨ ਅਜਿਹੇ ਬਣੇ ਕਿ 2004 ਵਿਚ ਐੱਨਸੀਪੀ ਨੇ ਕਾਂਗਰਸ ਦੀ ਹਮਾਇਤ ਕੀਤੀ ਅਤੇ ਸ਼ਰਦ ਪਵਾਰ ਮਨਮੋਹਨ ਸਿੰਘ ਮੰਤਰੀ ਮੰਡਲ ਵਿਚ ਕੇਂਦਰੀ ਖੇਤੀ ਮੰਤਰੀ ਬਣਿਆ। 2017 ਵਿਚ ਮੋਦੀ ਸਰਕਾਰ ਨੇ ਉਸ ਨੂੰ ਪਦਮ ਵਿਭੂਸ਼ਨ ਨਾਲ ਨਿਵਾਜਿਆ ਅਤੇ ਉਸ ਸਮੇਂ ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਸਿਆਸੀ ਕਿਆਸ-ਅਰਾਈਆਂ ਵੀ ਕੀਤੀਆਂ ਗਈਆਂ ਪਰ ਪਵਾਰ ਨੇ ਕਦੇ ਵੀ ਭਾਜਪਾ ਦਾ ਸਾਥ ਨਹੀਂ ਦਿੱਤਾ। 2019 ਵਿਚ ਉਸ ਦੀ ਦਿਸ਼ਾ-ਨਿਰਦੇਸ਼ਨਾ ਵਿਚ ਸ਼ਿਵ ਸੈਨਾ, ਕਾਂਗਰਸ ਅਤੇ ਐੱਨਸੀਪੀ ਦਾ ਗੱਠਜੋਡ਼ ‘ਮਹਾ ਵਿਕਾਸ ਅਗਾਡ਼ੀ’ ਬਣਿਆ ਜਿਸ ਵਿਚ ਸ਼ਿਵ ਸੈਨਾ ਪ੍ਰਮੁੱਖ ਊਧਵ ਠਾਕਰੇ ਨੂੰ ਮੁੱਖ ਮੰਤਰੀ ਬਣਾਇਆ ਗਿਆ। ਇਨ੍ਹਾਂ ਸਮਿਆਂ ਵਿਚ ਸ਼ਰਦ ਪਵਾਰ ਨੇ ਆਪਣੇ ਭਤੀਜੇ ਅਜੀਤ ਪਵਾਰ ਨੂੰ ਆਪਣੇ ਸਿਆਸੀ ਵਾਰਿਸ ਵਜੋਂ ਉਭਾਰਿਆ ਪਰ ਜੂਨ 2023 ਨੂੰ ਅਜੀਤ ਨੂੰ ਲਾਂਭੇ ਕਰ ਕੇ ਆਪਣੀ ਧੀ ਸੁਪਰਿਆ ਸੂਲੇ ਨੂੰ ਪਾਰਟੀ ਦਾ ਕਾਰਜਕਾਰੀ (ਵਰਕਿੰਗ) ਪ੍ਰਧਾਨ ਬਣਾ ਦਿੱਤਾ। ਭਾਜਪਾ ਨੇ ਪਾਰਟੀ ਤੇ ਪਰਿਵਾਰ ਵਿਚਲੇ ਇਸ ਤਫਰਕੇ ਦਾ ਫਾਇਦਾ ਉਠਾਇਆ ਅਤੇ ਅਜੀਤ ਪਵਾਰ ਨੇ ਐਤਵਾਰ ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਅਜੀਤ ਦੇ ਨਾਲ ਐੱਨਸੀਪੀ ਦੇ ਅੱਠ ਹੋਰ ਵਿਧਾਇਕ ਵੀ ਸ਼ਿਵ ਸੈਨਾ (ਸ਼ਿੰਦੇ)-ਭਾਜਪਾ ਮੰਤਰੀ ਮੰਡਲ ਵਿਚ ਮੰਤਰੀ ਬਣੇ। ਤਾਕਤਵਰ ਐੱਨਸੀਪੀ ਆਗੂ ਪ੍ਰਫੁੱਲ ਪਟੇਲ ਵੀ ਅਜੀਤ ਪਵਾਰ ਦੇ ਨਾਲ ਹੈ ਅਤੇ ਉਨ੍ਹਾਂ ਨੇ ਐੱਨਸੀਪੀ ਦੇ 53 ਵਿਧਾਇਕਾਂ ’ਚੋਂ 40 ਦੀ ਹਮਾਇਤ ਹਾਸਲ ਹੋਣ ਦਾ ਦਾਅਵਾ ਕੀਤਾ ਹੈ। ਭਾਜਪਾ ਵਿਰੋਧੀ ਪਾਰਟੀਆਂ ਵਿਚੋਂ ਵੱਡੀ ਗਿਣਤੀ ਵਿਧਾਇਕ ਤੋਡ਼ਨ ਦੀ ਸਮਰੱਥਾ ਰੱਖਦੀ ਹੈ; ਮਹਾਰਾਸ਼ਟਰ ਵਿਚ ਸ਼ਿਵ ਸੈਨਾ ਵਿਚ ਦੁਫਾਡ਼ (ਜਿਸ ਵਿਚ 39 ਵਿਧਾਇਕ ਮੌਜੂਦਾ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਨਾਲ ਆਏ) ਅਤੇ ਮੱਧ ਪ੍ਰਦੇਸ਼ ਵਿਚ ਕਾਂਗਰਸ ਦੀ ਟੁੱਟ-ਭੱਜ (ਜਿਸ ਵਿਚ 21 ਵਿਧਾਇਕ ਜਯੋਤਿਰਦਿੱਤਿਆ ਸਿੰਧੀਆ ਨਾਲ ਗਏ) ਇਸ ਦਾ ਮੂੰਹ ਬੋਲਦਾ ਸਬੂਤ ਹਨ। ਭਾਜਪਾ ਨੇ 2019 ਵਿਚ ਵੀ ਕਰਨਾਟਕ ਵਿਚ ਕਾਂਗਰਸ ਦੇ 14 ਅਤੇ ਜਨਤਾ ਦਲ (ਸੈਕੂਲਰ) ਦੇ ਤਿੰਨ ਵਿਧਾਇਕਾਂ ਤੋਂ ਅਸਤੀਫ਼ੇ ਦਿਵਾਏ ਸਨ। ਸ਼ਰਦ ਪਵਾਰ ਨੇ ਦੋਸ਼ ਲਗਾਇਆ ਹੈ ਕਿ ਤਫ਼ਤੀਸ਼ ਕਰਨ ਵਾਲੀਆਂ ਕੇਂਦਰੀ ਏਜੰਸੀਆਂ ਮੰਤਰੀ ਬਣਾਏ ਐੱਨਸੀਪੀ ਵਿਧਾਇਕਾਂ ਵਿਰੁੱਧ ਜਾਂਚ ਕਰ ਰਹੀਆਂ ਸਨ ਅਤੇ ਭਾਜਪਾ ਨੇ ਵਿਧਾਇਕ ਤੋਡ਼ਨ ਲਈ ਇਨ੍ਹਾਂ ਏਜੰਸੀਆਂ ਦੀ ਵਰਤੋਂ ਕੀਤੀ ਹੈ।

Advertisement

ਇਹ ਘਟਨਾਕ੍ਰਮ ਇਹ ਵੀ ਸਪੱਸ਼ਟ ਕਰਦਾ ਹੈ ਕਿ ਮੌਜੂਦਾ ਸਿਆਸਤ ਵਿਚ ਨੈਤਿਕਤਾ ਲਈ ਕੋਈ ਥਾਂ ਨਹੀਂ; ਇਸ ਦੇ ਪ੍ਰਮੁੱਖ ‘ਸਿਧਾਂਤ’ ਤਾਕਤ ਤੇ ਮੌਕਾਪ੍ਰਸਤੀ ਹਨ। ਅਜੀਤ ਪਵਾਰ ਤੇ ਉਸ ਦੇ ਸਾਥੀਆਂ ਨੇ ਸਿਖਰਲੇ ਦਰਜੇ ਦੀ ਮੌਕਾਪ੍ਰਸਤੀ ਦਾ ਮੁਜ਼ਾਹਰਾ ਕੀਤਾ ਹੈ। ਇਸ ਘਟਨਾਕ੍ਰਮ ਦਾ ਵਿਰੋਧੀ ਪਾਰਟੀਆਂ ਦੇ ਭਾਜਪਾ ਵਿਰੋਧੀ ਮੁਹਾਜ਼ ਬਣਾਉਣ ਦੇ ਯਤਨ ’ਤੇ ਪ੍ਰਭਾਵ ਪੈਣਾ ਸੁਭਾਵਿਕ ਹੈ। ਹੁਣ ਹਰ ਪਾਰਟੀ ਨੂੰ ਪਹਿਲਾਂ ਆਪਣੀਆਂ ਅੰਦਰੂਨੀ ਸਮੱਸਿਆਵਾਂ ਵੱਲ ਧਿਆਨ ਦੇਣਾ ਪੈਣਾ ਹੈ। ਪਿੱਛੇ ਜਿਹੇ ਹੋਏ ਸਰਵੇਖਣ ਵਿਚ ਦੱਸਿਆ ਗਿਆ ਸੀ ਕਿ ਜੇ ਲੋਕ ਸਭਾ ਦੀਆਂ ਚੋਣਾਂ ਹੁਣੇ ਹੁੰਦੀਆਂ ਹਨ ਤਾਂ ਭਾਜਪਾ ਤੇ ਸ਼ਿਵ ਸੈਨਾ (ਸ਼ਿੰਦੇ) ਗੱਠਜੋਡ਼ ਅਤੇ ਮਹਾਰਾਸ਼ਟਰ ਵਿਕਾਸ ਅਗਾਡ਼ੀ ਲਗਭਗ ਇਕੋ ਜਿਹੀਆਂ ਸੀਟਾਂ ਹਾਸਲ ਕਰਨਗੀਆਂ ਪਰ ਇਸ ਝਟਕੇ ਨਾਲ ਐੱਨਸੀਪੀ ਨੂੰ ਸਿਆਸੀ ਨੁਕਸਾਨ ਪਹੁੰਚਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹੋ ਸਕਦਾ ਹੈ ਕਿ ਹੰਢੇ ਹੋਏ ਸਿਆਸਤਦਾਨ ਸ਼ਰਦ ਪਵਾਰ ਦੀ ਅਗਵਾਈ ਵਿਚ ਐੱਨਸੀਪੀ ਦੁਬਾਰਾ ਆਪਣੇ ਪੈਰਾਂ ’ਤੇ ਖਡ਼੍ਹੀ ਹੋ ਜਾਵੇ ਪਰ ਹਾਲ ਦੀ ਘਡ਼ੀ ਭਾਜਪਾ ਨੇ ਸ਼ਰਦ ਪਵਾਰ ਨੂੰ ਉਸ ਦੀ ਸਿਆਸੀ ਜ਼ਿੰਦਗੀ ਦੀ ਸਭ ਤੋਂ ਵੱਡੀ ਸੱਟ ਮਾਰੀ ਹੈ।

Advertisement
Tags :
ਐੱਨਸੀਪੀਦੁਫੇਡ਼
Show comments