ਡੁੱਬਦਾ ਪੰਜਾਬ
ਪੰਜਾਬ ਕੁਦਰਤ ਦਾ ਕਹਿਰ ਝੱਲ ਰਿਹਾ ਹੈ, ਜਿੱਥੇ ਗੁਜ਼ਰੇ ਦਹਾਕੇ ਦੀ ਸਭ ਤੋਂ ਭਰਵੀਂ ਬਾਰਿਸ਼ ਨੇ ਦਰਿਆਵਾਂ ਨੂੰ ਨੱਕੋ-ਨੱਕ ਭਰ ਦਿੱਤਾ ਹੈ ਤੇ ਬੰਨ੍ਹ ਤੋੜ ਦਿੱਤੇ ਹਨ। ਰਾਵੀ, ਬਿਆਸ ਅਤੇ ਸਤਲੁਜ ਦਰਿਆ ਭਰ ਕੇ ਵਗ ਰਹੇ ਹਨ। ਡੈਮਾਂ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਨੂੰ ਛੂਹ ਗਿਆ ਹੈ। ਮੰਗਲਵਾਰ ਨੂੰ ਰਣਜੀਤ ਸਾਗਰ ਡੈਮ ਤੋਂ ਲਗਭਗ 1.10 ਲੱਖ ਕਿਊਸਿਕ ਪਾਣੀ ਛੱਡਿਆ ਗਿਆ, ਜਿਸ ਨਾਲ ਹੇਠਲੇ ਇਲਾਕਿਆਂ ਵਿੱਚ ਹੜ੍ਹ ਦਾ ਖ਼ਤਰਾ ਵੱਧ ਗਿਆ ਅਤੇ ਤਰਨਤਾਰਨ, ਕਪੂਰਥਲਾ, ਫਿਰੋਜ਼ਪੁਰ ਤੇ ਗੁਰਦਾਸਪੁਰ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ। ਸਭ ਤੋਂ ਚਿੰਤਾਜਨਕ ਹਾਲਤ ਹੁਸ਼ਿਆਰਪੁਰ ਵਿੱਚ ਪੈਦਾ ਹੋਈ, ਜਿੱਥੇ ਇੱਕ ਐਡਵਾਂਸ ਬੰਨ੍ਹ ਟੁੱਟ ਗਿਆ, ਜਿਸ ਨਾਲ 35 ਪਿੰਡਾਂ ਵਿੱਚ ਹੜ੍ਹ ਆ ਗਿਆ ਅਤੇ 36,000 ਏਕੜ ਤੋਂ ਵੱਧ ਖੇਤਰ ਵਿੱਚ ਖੜ੍ਹੀ ਝੋਨੇ ਦੀ ਫ਼ਸਲ ਡੁੱਬ ਗਈ। ਕਿਸਾਨ, ਜੋ ਪਹਿਲਾਂ ਹੀ ਲਾਗਤਾਂ ਦੇ ਦਬਾਅ ਨਾਲ ਜੂਝ ਰਹੇ ਹਨ, ਹੁਣ ਵੱਡੇ ਨੁਕਸਾਨ ਦਾ ਸਾਹਮਣਾ ਕਰ ਰਹੇ ਹਨ। ਬਹੁਤ ਸਾਰੇ ਕਿਸਾਨਾਂ ਲਈ ਇਸ ਦਾ ਮਤਲਬ ਸਾਉਣੀ ਦੇ ਪੂਰੇ ਸੀਜ਼ਨ ਦਾ ਬਰਬਾਦ ਹੋਣਾ ਹੈ। ਇਸ ਤਰ੍ਹਾਂ ਉਨ੍ਹਾਂ ਦੇ ਕਸ਼ਟਾਂ ਦਾ ਵਧਣਾ ਯਕੀਨੀ ਹੈ।
ਸਰਕਾਰ ਵੱਲੋਂ ਬਚਾਅ ਅਤੇ ਰਾਹਤ ਕਾਰਜ ਤੇਜ਼ ਕਰ ਦਿੱਤੇ ਗਏ ਹਨ, ਜਿਸ ਵਿੱਚ ਫ਼ੌਜ ਦੀ ਮਦਦ ਵੀ ਲਈ ਜਾ ਰਹੀ ਹੈ। ਕੌਮੀ ਆਫ਼ਤ ਰਿਸਪਾਂਸ ਫੋਰਸ (ਐੱਨਡੀਆਰਐੱਫ), ਫ਼ੌਜ ਦੀਆਂ ਯੂਨਿਟਾਂ ਅਤੇ ਸੂਬਾਈ ਏਜੰਸੀਆਂ ਹੜ੍ਹ ਪ੍ਰਭਾਵਿਤ ਪਿੰਡਾਂ ਤੋਂ ਲੋਕਾਂ ਨੂੰ ਬਾਹਰ ਕੱਢ ਰਹੀਆਂ ਹਨ; ਸਕੂਲਾਂ ਨੂੰ ਆਰਜ਼ੀ ਪਨਾਹਗਾਹਾਂ ਵਿੱਚ ਬਦਲ ਦਿੱਤਾ ਗਿਆ ਹੈ। ਸਮੱਸਿਆ ਬਹੁਤ ਗੰਭੀਰ ਹੈ- ਕਈ ਜ਼ਿਲ੍ਹਿਆਂ ਵਿੱਚ ਸਕੂਲ ਬੰਦ ਹੋਣ ਕਾਰਨ ਅਕਾਦਮਿਕ ਪ੍ਰੋਗਰਾਮ ਵਿਗੜ ਗਏ ਹਨ। ਰੇਲ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਹਜ਼ਾਰਾਂ ਵਿਦਿਆਰਥੀਆਂ ਲਈ, ਖ਼ਾਸ ਕਰ ਕੇ ਪੇਂਡੂ ਖੇਤਰਾਂ ਵਿੱਚ ਇਹ ਅਚਾਨਕ ਪਿਆ ਵਿਘਨ ਉਨ੍ਹਾਂ ਸਾਰੀਆਂ ਮੁਸ਼ਕਿਲਾਂ ’ਚ ਹੋਰ ਵਾਧਾ ਕਰ ਰਿਹਾ ਹੈ ਜਿਹੜੀਆਂ ਉਨ੍ਹਾਂ ਮਹਾਮਾਰੀ ਦੇ ਸਾਲਾਂ ਦੌਰਾਨ ਝੱਲੀਆਂ ਸਨ। ਪੇਂਡੂ ਖੇਤਰਾਂ ਵਿੱਚ ਜਿੱਥੇ ਆਨਲਾਈਨ ਪਹੁੰਚ ਕਮਜ਼ੋਰ ਹੈ, ਕਲਾਸ ਰੂਮ ਦੀ ਪੜ੍ਹਾਈ ਦਾ ਰੁਕਣਾ ਖ਼ਾਸ ਤੌਰ ’ਤੇ ਨੁਕਸਾਨਦਾਇਕ ਹੈ।
ਇਹ ਸੰਕਟ ਦੱਸਦਾ ਹੈ ਕਿ ਸਿੱਖੇ ਸਬਕ ਯਾਦ ਨਹੀਂ ਰੱਖੇ ਗਏ ਅਤੇ ਤਿਆਰੀ ’ਚ ਵੀ ਕਮੀ ਰਹੀ ਹੈ। ਜ਼ੋਰਦਾਰ ਮੀਂਹ ਦੀਆਂ ਮੌਸਮ ਵਿਭਾਗ ਦੀਆਂ ਭਵਿੱਖਬਾਣੀਆਂ ਦੇ ਬਾਵਜੂਦ, ਹੜ੍ਹ ਰੋਕਥਾਮ ਦੇ ਉਪਾਅ ਕਮਜ਼ੋਰ ਸਾਬਿਤ ਹੋਏ ਹਨ। ਬਰਸਾਤੀ ਮੈਦਾਨਾਂ ’ਤੇ ਕਬਜ਼ਿਆਂ, ਮਾੜੇ ਰੱਖ-ਰਖਾਅ ਵਾਲੇ ਬੰਨ੍ਹਾਂ ਅਤੇ ਕਮਜ਼ੋਰ ਡਰੇਨੇਜ ਪ੍ਰਣਾਲੀਆਂ ਨੇ ਸਥਿਤੀ ਨੂੰ ਹੋਰ ਵਿਗਾੜ ਦਿੱਤਾ ਹੈ। ਰਾਹਤ ਦੇ ਯਤਨ, ਹਾਲਾਂਕਿ ਸ਼ਲਾਘਾਯੋਗ ਹਨ, ਪਰ ਉਹ ਸਿਰਫ਼ ਪ੍ਰਤੀਕਿਰਿਆ ਵਜੋਂ ਹੀ ਕੀਤੇ ਜਾਂਦੇ ਰਹੇ ਹਨ। ਪੰਜਾਬ ਨੂੰ ਲੰਮੇਰੀ ਹੜ੍ਹ ਪ੍ਰਬੰਧਨ ਯੋਜਨਾ ਦੀ ਲੋੜ ਹੈ; ਜਿਵੇਂ, ਡੈਮਾਂ ਤੋਂ ਪਾਣੀ ਛੱਡਣ ਦੀ ਸਖ਼ਤ ਨਿਗਰਾਨੀ, ਮਜ਼ਬੂਤ ਬੰਨ੍ਹ ਅਤੇ ਜਲਵਾਯੂ ਤਬਦੀਲੀ ਮੁਤਾਬਕ ਬੁਨਿਆਦੀ ਢਾਂਚੇ ਦੀ ਉਸਾਰੀ। ਇਸ ਤੋਂ ਇਲਾਵਾ ਲਚਕਦਾਰ ਸਿੱਖਿਆ ਪ੍ਰਣਾਲੀਆਂ ਦੀ ਵੀ ਲੋੜ ਹੈ ਜੋ ਅਜਿਹੀਆਂ ਰੁਕਾਵਟਾਂ ਦਾ ਸਾਹਮਣਾ ਕਰ ਸਕਣ। ਨਹੀਂ ਤਾਂ ਸੂਬਾ ਵਿਨਾਸ਼ ਅਤੇ ਵਿਘਨ ਦੀ ਇਸ ਘੁੰਮਣ-ਘੇਰੀ ਵਿੱਚ ਹੀ ਫਸਿਆ ਰਹੇਗਾ।