ਹਿਮਾਚਲ ’ਚ ਕੂੜ ਕਬਾੜ
ਕਈ ਸਾਲਾਂ ਤੋਂ ਦਿੱਤੀਆਂ ਜਾ ਰਹੀਆਂ ਚਿਤਾਵਨੀਆਂ, ਵਾਇਰਲ ਵੀਡੀਓਜ਼ ਅਤੇ ਚੇਤਨਾ ਮੁਹਿੰਮਾਂ ਦੇ ਬਾਵਜੂਦ ਹਿਮਾਚਲ ਪ੍ਰਦੇਸ਼ ਵਿੱਚ ਕੂੜੇ ਕਰਕਟ ਦੀ ਸਮੱਸਿਆ ਵਧ ਰਹੀ ਹੈ। ਧੌਲਾਧਾਰ ਦੀਆਂ ਪਹਾੜੀਆਂ ਤੋਂ ਲੈ ਕੇ ਮਨਾਲੀ ਤੇ ਕਸੋਲ ਦੀਆਂ ਵਾਦੀਆਂ ਤੱਕ ਹਰ ਥਾਂ ਨਾ ਕੇਵਲ ਕੂੜੇ ਤੇ ਗੰਦਗੀ ਦਾ ਪਸਾਰਾ ਹੈ ਸਗੋਂ ਇਹ ਸੰਕਟ ਬਣ ਗਿਆ ਹੈ। ‘ਵਾਤਾਵਰਨ ਪੱਖੀ ਸੈਰ-ਸਪਾਟਾ’ ਅਤੇ ‘ਹਰੇ ਭਰੇ ਹਿਮਾਚਲ’ ਦੇ ਨਾਅਰਿਆਂ ਤੇ ਵਾਅਦਿਆਂ ਦੇ ਬਾਵਜੂਦ ਕੂੜੇ ਤੇ ਗੰਦਗੀ ਦੇ ਢੇਰ ਵਧ ਰਹੇ ਹਨ। ਬੀੜ ਬਿਲਿੰਗ ਅਤੇ ਪਾਲਮਪੁਰ ਜਿਹੀਆਂ ਰਮਣੀਕ ਥਾਵਾਂ ਵਾਲੀ ਧੌਲਾਧਾਰ ਰੇਂਜ ਵਿੱਚ ਪਲਾਸਟਿਕ ਕੂੜੇ, ਸ਼ਰਾਬ ਦੀਆਂ ਬੋਤਲਾਂ ਅਤੇ ਲਿਫ਼ਾਫਿਆਂ ਦੇ ਢੇਰ ਲੱਗੇ ਹੋਏ ਹਨ। ਪਰਬਤਾਰੋਹੀ ਅਤੇ ਸੈਲਾਨੀ ਆਪਣੇ ਪਿੱਛੇ ਔਸਤਨ 3 ਤੋਂ 4 ਕਿਲੋਗ੍ਰਾਮ ਕੂੜਾ ਕਰਕਟ ਛੱਡ ਜਾਂਦੇ ਹਨ ਜੋ ਨਦੀਆਂ ਨਾਲਿਆਂ ਵਿੱਚ ਫਸ ਕੇ ਹੋਰ ਗੰਦਗੀ ਫੈਲਾਉਣ ਦਾ ਕਾਰਨ ਬਣਦਾ ਹੈ।
ਪਾਲਮਪੁਰ ਖੇਤਰ ਵਿੱਚ ਕੁਝ ਮੁਕਾਮੀ ਜਥੇਬੰਦੀਆਂ ਅਤੇ ਬੰਦਲਾ ਯੂਥ ਕਲੱਬ ਜਿਹੇ ਵਾਲੰਟੀਅਰ ਸੰਸਥਾਵਾਂ ਨੇ ਅੱਗੇ ਆ ਕੇ ਸ਼ਲਾਘਾਯੋਗ ਕੰਮ ਕੀਤਾ ਹੈ ਪਰ ਇਹ ਕੋਈ ਅਜਿਹੀ ਸਮੱਸਿਆ ਨਹੀਂ ਹੈ ਜਿਸ ਨੂੰ ਹਫ਼ਤੇ ਦੇ ਅੰਤ ਵਿੱਚ ਕੁਝ ਘੰਟੇ ਸਾਫ਼ ਸਫ਼ਾਈ ਕਰਨ ਨਾਲ ਖ਼ਤਮ ਕੀਤਾ ਜਾ ਸਕਦਾ ਹੈ। ਮਨਾਲੀ ’ਚ 30 ਟਨ ਰੋਜ਼ਾਨਾ ਕੂੜਾ ਸੋਧਣ ਲਈ ਬਣਾਇਆ ਪਲਾਂਟ 100 ਟਨ ਕੂੜੇ ਨਾਲ ਭਰਿਆ ਪਿਆ ਹੈ। ਕਸੋਲ ਵਿੱਚ ਕੂੜਾ ਸਾਫ਼ ਨਹੀਂ ਕੀਤਾ ਗਿਆ ਬਲਕਿ ਇਸ ਨੂੰ ਜੰਗਲਾਤ ਦੀ ਜ਼ਮੀਨ ’ਚ ਦੱਬ ਦਿੱਤਾ ਗਿਆ। ਇਸ ਤੋਂ ਪਹਿਲਾਂ ਉੱਥੇ ਪਏ ਖਿਲਾਰੇ ਦੀ ਵੀਡੀਓ ਵਾਇਰਲ ਹੋਈ ਸੀ ਜੋ ਵਾਤਾਵਰਨ ਨਾਲ ਸਬੰਧਿਤ ਨਿਯਮਾਂ ਦੀ ਸ਼ਰਮਨਾਕ ਉਲੰਘਣਾ ਸੀ। ਲਾਹੌਲ ਦੇ ਸਿਸੂ ਤੇ ਜਿਸਪਾ ਤੋਂ ਲੈ ਕੇ ਸ਼ਿਮਲਾ ਦੇ ਵਾਧੂ ਬੋਝ ਨਾਲ ਦੱਬੇ ਕੂੜਾ ਪਲਾਂਟਾਂ ਤੱਕ, ਇਹ ਸੰਕਟ ਵਿਆਪਕ ਤੌਰ ’ਤੇ ਫੈਲ ਚੁੱਕਾ ਹੈ। ਇਹ ਢਾਂਚਾਗਤ ਹੈ। ਰਾਜ ਦਾ ਕੂੜਾ ਪ੍ਰਬੰਧਨ ਢਾਂਚਾ ਬਹੁਤ ਜ਼ਿਆਦਾ ਹਲਕਾ ਹੈ; ਸੈਲਾਨੀਆਂ ਦੀ ਗਿਣਤੀ ਸਾਲ-ਦਰ-ਸਾਲ ਵਧ ਰਹੀ ਹੈ। ਫਿਰ ਵੀ ਸਰਕਾਰਾਂ ਦੀ ਚੁੱਪ ਤੇ ਆਲਸ, ਖ਼ਾਸ ਤੌਰ ’ਤੇ ਜੰਗਲਾਤ ਤੇ ਸੈਰ-ਸਪਾਟਾ ਵਿਭਾਗਾਂ ਦੀ, ਪ੍ਰਤੱਖ ਨਜ਼ਰੀਂ ਪੈਂਦੀ ਹੈ। ਇੱਥੋਂ ਤੱਕ ਕਿ ਰਾਜ ਨਿਵਾਸੀ ਤੇ ਵਾਤਾਵਰਨ ਪ੍ਰੇਮੀ ਵੀ ਰੌਲਾ ਪਾ-ਪਾ ਕੇ ਚੁੱਪ ਹੋ ਗਏ ਹਨ। ਸੈਰ-ਸਪਾਟਾ ਖੇਤਰਾਂ ’ਚ ਦਾਖਲੇ ’ਤੇ ਲੋਕਾਂ ਨੂੰ ਜਾਗਰੂਕਤਾ ਪਰਚੇ ਵੰਡਣ ਵਰਗੇ ਬੁਨਿਆਦੀ ਕਦਮ ਵੀ ਲਾਗੂ ਨਹੀਂ ਹੋ ਸਕੇ।
ਜੇ ਹਿਮਾਚਲ ਪ੍ਰਦੇਸ਼ ਨੇ ਸੈਲਾਨੀਆਂ ਦੀ ਪਸੰਦੀਦਾ ਥਾਂ ਬਣਿਆ ਰਹਿਣਾ ਹੈ ਤੇ ਆਪਣੇ ਚੌਗਿਰਦੇ ਦੇ ਸੰਤੁਲਨ ਨੂੰ ਵੀ ਕਾਇਮ ਰੱਖਣਾ ਹੈ ਤਾਂ ਰਾਜ ਸਰਕਾਰ ਨੂੰ ਫੌਰੀ ਕੂੜੇ ਦੇ ਨਿਬੇੜੇ ਦੀਆਂ ਨੀਤੀਆਂ ਲਾਗੂ ਕਰਨੀਆਂ ਪੈਣਗੀਆਂ, ਨਾਜਾਇਜ਼ ਡੰਪਿੰਗ ਦੀ ਸਖ਼ਤ ਨਿਗਰਾਨੀ ਕਰਨੀ ਪਏਗੀ ਅਤੇ ਜ਼ਿੰਮੇਵਾਰ ਸੈਰ-ਸਪਾਟੇ ’ਤੇ ਲਗਾਤਾਰ ਜਨ ਜਾਗਰੂਕਤਾ ਮੁਹਿੰਮਾਂ ਚਲਾਉਣੀਆਂ ਪੈਣਗੀਆਂ; ਨਹੀਂ ਤਾਂ ਜਿਹੜੀ ਵਿਰਾਸਤ ਅਸੀਂ ਇਨ੍ਹਾਂ ਪਹਾੜਾਂ ’ਚ ਪਿੱਛੇ ਛੱਡ ਕੇ ਜਾਵਾਂਗੇ, ਉਹ ਪਲਾਸਟਿਕ ਤੇ ਅਣਗਹਿਲੀ ਦੀ ਹੋਵੇਗੀ।