ਪੰਜਾਬ ਵਿੱਚ ਵਧਦੇ ਸੜਕੀ ਹਾਦਸੇ
ਸੜਕੀ ਹਾਦਸੇ, ਖਾਸ ਕਰ ਕੇ ‘ਹਿੱਟ ਐਂਡ ਰਨ’ ਦੀਆਂ ਘਟਨਾਵਾਂ, ਪੰਜਾਬ ਵਿੱਚ ਜਨਤਕ ਸੁਰੱਖਿਆ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਈਆਂ ਹਨ। ਬੁਨਿਆਦੀ ਸੜਕੀ ਢਾਂਚੇ ਵਿੱਚ ਸੁਧਾਰ, ‘ਸੜਕ ਸੁਰੱਖਿਆ ਫੋਰਸ’ ਦੀ ਸਥਾਪਨਾ, ਵਾਹਨਾਂ ਦੇ ਤਕਨੀਕੀ ਪੱਖਾਂ ’ਚ ਸੁਧਾਰ ਅਤੇ ਟਰੈਫਿਕ ਕਾਨੂੰਨਾਂ ਪ੍ਰਤੀ ਜਾਗਰੂਕਤਾ ਵਧਣ ਦੇ ਬਾਵਜੂਦ, ਪੰਜਾਬ ਵਿੱਚ ਸੜਕੀ ਹਾਦਸਿਆਂ ਦੀ ਉੱਚੀ ਦਰ ਚਿੰਤਾਜਨਕ ਹੈ। ਇਸ ਤਰ੍ਹਾਂ ਦੇ ਹਾਦਸਿਆਂ ’ਚ ਹਾਲ ਹੀ ਵਿਚ ਸਾਬਕਾ ਮੰਤਰੀ ਮਹਿੰਦਰ ਸਿੰਘ ਕੇਪੀ ਦੇ ਨੌਜਵਾਨ ਪੁੱਤਰ ਰਿਚੀ ਕੇਪੀ ਦੀ ਮੌਤ ਹੋਣ ਤੋਂ ਇਲਾਵਾ ਬਜ਼ੁਰਗ ਮੈਰਾਥਨ ਦੌੜਾਕ ਫੌਜਾ ਸਿੰਘ ਦੀ ਜਾਨ ਵੀ ਗਈ ਹੈ। ਕਈ ਹੋਰ ਦਰਦਨਾਕ ਹਾਦਸੇ ਵੀ ਵਾਪਰੇ ਹਨ ਜਿਨ੍ਹਾਂ ਦੇ ਗਹਿਰੇ ਆਰਥਿਕ, ਭਾਵਨਾਤਮਕ ਅਤੇ ਸਮਾਜਿਕ ਪ੍ਰਭਾਵ ਹਨ। ਇਹ ਮੁੱਦਾ ਗੁੰਝਲਦਾਰ ਅਤੇ ਬਹੁ-ਆਯਾਮੀ ਹੈ, ਜਿਸ ਵਿੱਚ ਮਨੁੱਖੀ ਵਿਹਾਰ, ਬੁਨਿਆਦੀ ਢਾਂਚੇ ਦਾ ਪਾੜਾ, ਨੀਤੀ ਦੋਸ਼ ਅਤੇ ਸਮਾਜਿਕ-ਸੱਭਿਆਚਾਰਕ ਤੱਤ ਸ਼ਾਮਲ ਹਨ। ਉੱਚ ਮੌਤ ਦਰ, ਟਰੈਫਿਕ ਨਿਯਮਾਂ ਦੀ ਅਣਦੇਖੀ ਅਤੇ ਬੁਨਿਆਦੀ ਢਾਂਚੇ ’ਤੇ ਵਧ ਰਹੇ ਵਾਹਨਾਂ ਦੇ ਦਬਾਅ ਕਾਰਨ ਪੰਜਾਬ ਲਗਾਤਾਰ ਦੇਸ਼ ਦੇ ਉਨ੍ਹਾਂ ਸੂਬਿਆਂ ਵਿਚ ਸ਼ੁਮਾਰ ਹੋ ਰਿਹਾ ਹੈ ਜਿੱਥੇ ਹਾਦਸੇ ਬਹੁਤ ਵੱਧ ਹੁੰਦੇ ਹਨ। ਅਜਿਹੀ ਸਥਿਤੀ ਸੜਕ ਹਾਦਸਿਆਂ ਦੇ ਕਾਰਨਾਂ ਦੀ ਪੜਚੋਲ, ਇਨ੍ਹਾਂ ਨੂੰ ਘਟਾਉਣ ਲਈ ਨੀਤੀਗਤ ਸੁਧਾਰਾਂ ਦੀ ਇਕ ਰਣਨੀਤੀ ਬਣਾਉਣ ਦੀ ਫੌਰੀ ਲੋੜ ’ਤੇ ਜ਼ੋਰ ਦਿੰਦੀ ਹੈ।
ਪੰਜਾਬ ਵਿੱਚ ਹਰ ਸਾਲ ਸੜਕ ਹਾਦਸਿਆਂ ਵਿੱਚ ਹਜ਼ਾਰਾਂ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਪੰਜਾਬ ਪੁਲੀਸ ਦੇ ਡੀਜੀਪੀ (ਟਰੈਫਿਕ) ਅਨੁਸਾਰ ਸਾਲ 2024 ਵਿੱਚ ਹੋਏ 6,072 ਸੜਕ ਹਾਦਸਿਆਂ ਵਿੱਚ 3,573 ਲੋਕਾਂ ਨੇ ਜਾਨ ਗਵਾਈ ਹੈ ਅਤੇ 2,450 ਤੋਂ ਵਧੇਰੇ ਗੰਭੀਰ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿੱਚ ਸਭ ਤੋਂ ਵੱਧ ਗਿਣਤੀ ਦੁਪਹੀਆ ਵਾਹਨਾਂ (2,357) ਤੋਂ ਬਾਅਦ ਕਾਰਾਂ (1553) ਦੀ ਸੀ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੀ ਸਾਲ 2023 ਦੀ ਰਿਪੋਰਟ ਮੁਤਾਬਕ ਮਿਜ਼ੋਰਮ (85), ਬਿਹਾਰ (82) ਅਤੇ ਲਗਭਗ 35-40 ਦੀ ਰਾਸ਼ਟਰੀ ਔਸਤ ਦੇ ਮੁਕਾਬਲੇ, ਪੰਜਾਬ ਵਿੱਚ ਪ੍ਰਤੀ 100 ਸੜਕੀ-ਹਾਦਸਿਆਂ ਦੌਰਾਨ ਹੋ ਰਹੀਆਂ 78 ਮੌਤਾਂ, ਦੇਸ਼ ਭਰ ਵਿੱਚੋਂ ਤੀਜੀ ਸਭ ਤੋਂ ਉੱਚੀ ਦੁਰਘਟਨਾ ਮੌਤ ਦਰ ਹੈ। ਇਹ ਇਸ਼ਾਰਾ ਕਰਦਾ ਹੈ ਕਿ ਸੂਬੇ ਵਿੱਚ ਸੜਕ ਹਾਦਸੇ ਦੂਜੇ ਖਿੱਤਿਆਂ ਦੇ ਮੁਕਾਬਲੇ ਜ਼ਿਆਦਾ ਘਾਤਕ ਹਨ। ਪੰਜਾਬ ਵਿੱਚ ਰਾਸ਼ਟਰੀ ਰਾਜ ਮਾਰਗਾਂ, ਰਾਜ ਮਾਰਗਾਂ, ਅਤੇ ਪੇਂਡੂ ਲਿੰਕ ਸੜਕਾਂ ਦਾ ਸੰਘਣਾ ਜਾਲ ਵਿਛਿਆ ਹੋਇਆ ਹੈ ਤੇ ਵੱਖ-ਵੱਖ ਕਿਸਮਾਂ ਦੇ ਵਾਹਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਹ ਸੜਕੀ ਸੰਪਰਕ ਜਿੱਥੇ ਸੂਬੇ ਲਈ ਵਪਾਰ ਅਤੇ ਆਵਾਜਾਈ ਦੇ ਪੱਖ ਤੋਂ ਲਾਹੇਵੰਦ ਹੈ, ਉੱਥੇ ਸੜਕੀ ਦੁਰਘਟਨਾਵਾਂ ਦਾ ਜੋਖ਼ਮ ਵੀ ਪੈਦਾ ਕਰਦਾ ਹੈ, ਖਾਸ ਕਰ ਕੇ ਜਦੋਂ ਸੜਕ ਸੁਰੱਖਿਆ ਵਿਧੀਆਂ ਨੂੰ ਸਹੀ ਢੰਗ ਨਾਲ ਲਾਗੂ ਨਾ ਕੀਤਾ ਜਾ ਰਿਹਾ ਹੋਵੇ। ਪੰਜਾਬ, ਭਾਰਤ ਦੀ ਕੁੱਲ ਆਬਾਦੀ ਦਾ ਸਿਰਫ 2.3 ਪ੍ਰਤੀਸ਼ਤ ਹਿੱਸਾ ਹੋਣ ਦੇ ਬਾਵਜੂਦ ਦੇਸ਼ ਦੀਆਂ ਕੁੱਲ ਸੜਕੀ ਮੌਤਾਂ ਵਿੱਚ 4.2 ਫ਼ੀਸਦ ਦਾ ਹਿੱਸਾ ਪਾ ਰਿਹਾ ਹੈ। ਅਜਿਹਾ ਮੁੱਖ ਤੌਰ ’ਤੇ ਵਾਹਨਾਂ ਦੀ ਦਿਨ-ਬ-ਦਿਨ ਵਧਦੀ ਗਿਣਤੀ ਕਾਰਨ ਹੋ ਰਿਹਾ ਹੈ। ਵੱਡੀ ਗਿਣਤੀ ਮੋਟਰ-ਸਾਈਕਲ ਰੇਹੜੀਆਂ ਜਾਂ ਘੜੁੱਕੇ-ਨੁਮਾ ਬਿਨਾਂ ਰਜਿਸਟਰੇਸ਼ਨ ਦੇ ਵਾਹਨਾਂ ਤੋਂ ਇਲਾਵਾ ਮਾਰਚ 2024 ਦੇ ਅੰਤ ਤੱਕ ਪੰਜਾਬ ਵਿੱਚ ਰਜਿਸਟਰਡ ਵਾਹਨਾਂ ਦੀ ਕੁੱਲ ਗਿਣਤੀ 1.44 ਕਰੋੜ ਨੂੰ ਪਾਰ ਕਰ ਚੁੱਕੀ ਹੈ। ਭਾਰਤ ਸਰਕਾਰ ਦੇ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੀ ‘ਭਾਰਤ ਵਿੱਚ ਸੜਕੀ ਹਾਦਸੇ 2022’ ਰਿਪੋਰਟ ਅਨੁਸਾਰ ਸਾਲ 2022 ਦੌਰਾਨ ਕੁੱਲ 6,138 ਸੜਕ ਹਾਦਸੇ ਵਾਪਰੇ, ਜਿਨ੍ਹਾਂ ਵਿੱਚ 4,756 ਮੌਤਾਂ ਹੋਈਆਂ ਅਤੇ 3,324 ਵਿਅਕਤੀ ਜ਼ਖ਼ਮੀ ਹੋਏ। ਇਨ੍ਹਾਂ ਹਾਦਸਿਆਂ ਵਿੱਚ 44 ਫੀਸਦੀ ਦੁਪਹੀਆ ਵਾਹਨ ਸਵਾਰਾਂ ਅਤੇ 15 ਫੀਸਦੀ ਪੈਦਲ ਯਾਤਰੀਆਂ ਦੀਆਂ ਜਾਨਾਂ ਗਈਆਂ, ਤੇ ਉਹ ਵੀ ਖਾਸ ਕਰਕੇ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਰਗੇ ਸ਼ਹਿਰੀ ਖੇਤਰਾਂ ਵਿੱਚ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (2023) ਦੀ ਰਿਪੋਰਟ ਮੁਤਾਬਕ 80 ਫੀਸਦੀ ਮੌਤ ਦਰ ਨਾਲ ਲੁਧਿਆਣਾ ਦੇਸ਼ ਭਰ ਵਿੱਚ ਯੂਪੀ ਦੇ ਆਗਰਾ ਤੇ ਪੱਛਮੀ ਬੰਗਾਲ ਦੇ ਆਸਨਸੋਲ ਤੋਂ ਬਾਅਦ ਤੀਜਾ ਸਭ ਤੋਂ ਜ਼ਿਆਦਾ ਮੌਤਾਂ ਵਾਲਾ ਸ਼ਹਿਰ ਹੈ, ਜਿੱਥੇ ਵਾਹਨ ਚਾਲਕ ਹੈਲਮੇਟ ਅਤੇ ਜ਼ੈਬਰਾ ਕਰਾਸਿੰਗ ਨੂੰ ਅਕਸਰ ਹੀ ਅਣਡਿੱਠ ਕਰਦੇ ਹਨ। 55 ਫੀਸਦੀ ਤੋਂ ਵੱਧ ਮੌਤਾਂ ਸੰਕੇਤਾਂ, ਸਪੀਡ ਕੰਟਰੋਲ ਅਤੇ ਰੌਸ਼ਨੀ ਦੀ ਘਾਟ ਕਰਕੇ ਰਾਜ ਮਾਰਗਾਂ ਅਤੇ ਪੇਂਡੂ ਲਿੰਕ ਸੜਕਾਂ ’ਤੇ ਹੋ ਰਹੀਆਂ ਹਨ। ਜ਼ਿਆਦਾਤਰ ਦੁਰਘਟਨਾਵਾਂ ਸ਼ਾਮ ਛੇ ਵਜੇ ਤੋਂ ਰਾਤ ਦਸ ਵਜੇ ਤੱਕ, ਖਾਸ ਤੌਰ ’ਤੇ ਧੁੰਦ ਵਾਲੇ ਮਹੀਨਿਆਂ ’ਚ ਦਸੰਬਰ ਤੋੋਂ ਫਰਵਰੀ ਦੌਰਾਨ ਘੱਟ ਦਿਖਣ ਕਰ ਕੇ ਵਾਪਰਦੀਆਂ ਹਨ।
ਪੰਜਾਬ ਵਿੱਚ ਹਾਦਸਿਆਂ ਦੇ ਵੱਖ-ਵੱਖ ਮੁੱਖ ਕਾਰਨ ਆਪਸ ’ਚ ਜੁੜੇ ਹੋਏ ਹਨ। ਡੀਜੀਪੀ (ਟਰੈਫਿਕ) ਪੰਜਾਬ ਪੁਲੀਸ ਅਨੁਸਾਰ ਪੰਜਾਬ ਵਿੱਚ ਸਭ ਤੋਂ ਜ਼ਿਆਦਾ 65 ਫੀਸਦੀ ਸੜਕੀ ਹਾਦਸੇ ਮਨੁੱਖੀ ਗਲਤੀ ਜਾਂ ਓਵਰ-ਸਪੀਡਿੰਗ ਕਾਰਨ ਵਾਪਰਦੇ ਹਨ। ਜ਼ਿਆਦਾਤਰ ਚਾਲਕ ਗੱਡੀ ਚਲਾਉਂਦੇ ਸਮੇਂ ਰਫ਼ਤਾਰ ਦੀ ਪਰਵਾਹ ਨਹੀਂ ਕਰਦੇ, ਖ਼ਾਸ ਕਰ ਕੇ ਰਾਸ਼ਟਰੀ ਰਾਜਮਾਰਗਾਂ ਜਾਂ ਸ਼ਹਿਰੀ ਸੜਕਾਂ ’ਤੇ। ਦੂਸਰਾ, ਅੱਠ ਫੀਸਦੀ ਸੜਕ ਹਾਦਸੇ ਸ਼ਰਾਬ ਪੀ ਕੇ ਗੱਡੀ ਚਲਾਉਣ ਕਾਰਨ ਹੁੰਦੇ ਹਨ, ਤੇ ਉਹ ਵੀ ਰਾਤ ਦੇ ਸਮੇਂ ਵਿਆਹ-ਸ਼ਾਦੀ ਅਤੇ ਤਿਉਹਾਰਾਂ ਦੇ ਸੀਜ਼ਨ ਵਿਚ। ਸੱਤ ਫੀਸਦੀ ਸੜਕ ਹਾਦਸੇ ਗਲਤ ਪਾਸੇ ਡਰਾਈਵਿੰਗ ਕਰਨ ਕਰ ਕੇ ਅਤੇ ਪੰਜ ਫੀਸਦੀ ਟਰੈਫਿਕ ਨਿਯਮਾਂ ਦੀ ਉਲੰਘਣਾ, ਜਿਵੇਂ ਕਿ ਡਰਾਈਵਿੰਗ ਕਰਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ, ਲਾਲ ਬੱਤੀ ਟੱਪਣ, ਹੈਲਮੇਟ ਜਾਂ ਸੀਟ ਬੈਲਟ ਨਾ ਲਾਉਣ, ਸਮਰੱਥਾ ਤੋਂ ਵੱਧ ਸਾਮਾਨ ਲੱਦਣ ਅਤੇ ਲਾਪਰਵਾਹੀ ਨਾਲ ਓਵਰਟੇਕ ਕਰਨ ਕਰ ਕੇ ਹੁੰਦੇ ਹਨ। ਇਸ ਤੋਂ ਇਲਾਵਾ, ਬਹੁਤ ਸਾਰੇ ਨੌਜਵਾਨ ਵੀ ਅਕਸਰ ਬਿਨਾਂ ਲਾਇਸੈਂਸ ਤੋਂ ਵਾਹਨ ਚਲਾਉਂਦੇ ਹਨ। ਸੂਬੇ ਵਿੱਚ ਸੜਕਾਂ ਦੀ ਮਾੜੀ ਹਾਲਤ ਵੀ ਹਾਦਸਿਆਂ ਦਾ ਮੁੱਖ ਕਾਰਨ ਹੈ। ਕਈ ਜਗ੍ਹਾ ਰਾਸ਼ਟਰੀ ਰਾਜਮਾਰਗ, ਫਲਾਈਓਵਰ ਜਾਂ ਚੌਰਾਹਿਆਂ ਦੇ ਦੋਸ਼-ਪੂਰਨ ਡਿਜ਼ਾਈਨ ਵੀ ਹਾਦਸਿਆਂ ਦਾ ਸਬੱਬ ਬਣ ਰਹੇ ਹਨ। ਟਰੈਫਿਕ ਕਾਨੂੰਨਾਂ ਨੂੰ ਢਿੱਲ-ਮੱਠ ਨਾਲ ਲਾਗੂ ਕਰਨਾ ਇਸ ਸਮੱਸਿਆ ਨੂੰ ਹੋਰ ਵਧਾ ਦਿੰਦਾ ਹੈ।
ਡਰਾਈਵਿੰਗ ਲਾਇਸੈਂਸ ਦੀ ਪ੍ਰਕਿਰਿਆ ਵੀ ਦੋਸ਼ਪੂਰਨ ਅਤੇ ਢਿੱਲੀ ਹੋਣ ਕਰਕੇ ਅਯੋਗ ਵਿਅਕਤੀ ਲਾਇਸੈਂਸ ਪ੍ਰਾਪਤ ਕਰ ਜਾਂਦੇ ਹਨ। ਪੰਜਾਬ ਵਿੱਚ ਵਾਪਰ ਰਿਹਾ ਇਹ ਸੜਕੀ ਦੁਖਾਂਤ ਰੋਕਿਆ ਜਾ ਸਕਦਾ ਹੈ। ਇਹ ਸਿਰਫ਼ ਹਾਦਸੇ ਹੀ ਨਹੀਂ ਹਨ ਬਲਕਿ ਅਕਸਰ ਪ੍ਰਣਾਲੀਗਤ ਲਾਪਰਵਾਹੀ, ਮਨੁੱਖੀ ਗਲਤੀਆਂ ਅਤੇ ਨੀਤੀਗਤ ਪਾੜੇ ਦਾ ਨਤੀਜਾ ਹਨ। ਪੰਜਾਬ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਸੰਪੂਰਨ ਤੇ ਸਰਬਪੱਖੀ ਪਹੁੰਚ ਅਪਨਾਉਣੀ ਪਏਗੀ, ਜਿਸ ਵਿੱਚ ਟਰੈਫ਼ਿਕ ਨਿਯਮਾਂ ਨੂੰ ਇਮਾਨਦਾਰੀ ਅਤੇ ਸਖਤੀ ਨਾਲ ਲਾਗੂ ਕਰਨਾ, ਸੁਧਰਿਆ ਹੋਇਆ ਬੁਨਿਆਦੀ ਢਾਂਚਾ, ਜਨਤਕ ਜਾਗਰੂਕਤਾ ਅਤੇ ਜ਼ਿੰਮੇਵਾਰ ਡਰਾਈਵਿੰਗ ਸੱਭਿਆਚਾਰ ਸ਼ਾਮਲ ਹੈ। ਸੜਕਾਂ ’ਤੇ ਸੁਰੱਖਿਅਤ ਆਵਾਜਾਈ ਲਈ ਸਰਕਾਰ ਤੇ ਸਿਵਲ ਸੁਸਾਇਟੀ ਨੂੰ ਸਹਿਯੋਗ ਕਰਨਾ ਚਾਹੀਦਾ ਹੈ, ਤਾਂ ਜੋ ਹਾਦਸਿਆਂ ਦੀ ਗਿਣਤੀ ਘਟੇ ਅਤੇ ਕੀਮਤੀ ਜਾਨਾਂ ਬਚਾਈਆਂ ਜਾ ਸਕਣ।
ਸੰਪਰਕ: 94637-63331