ਮੁੱਖਧਾਰਾ ’ਚ ਵਾਪਸੀ
ਇਸ ਹਫ਼ਤੇ ਛੱਤੀਸਗੜ੍ਹ ਅਤੇ ਮਹਾਰਾਸ਼ਟਰ ਵਿੱਚ ਨਕਸਲੀਆਂ ਤੇ ਮਾਓਵਾਦੀਆਂ ਵੱਲੋਂ ਵੱਡੀ ਗਿਣਤੀ ’ਚ ਕੀਤਾ ਸਮਰਪਣ ਦਰਸਾਉਂਦਾ ਹੈ ਕਿ ਦਹਾਕਿਆਂ ਦੇ ਸੰਘਰਸ਼ ਤੋਂ ਬਾਅਦ ਉਹ ਆਖਰਕਾਰ ਮੁੱਖਧਾਰਾ ਨਾਲ ਜੁੜਨਾ ਚਾਹੁੰਦੇ ਹਨ, ਬਸ਼ਰਤੇ ਸਰਕਾਰ ਉਨ੍ਹਾਂ ਨਾਲ ਨਰਮੀ ਵਰਤੇ ਤੇ ਕਿਸੇ ਲਾਹੇਵੰਦ ਮੁੜਵਸੇਬਾ ਨੀਤੀ ਦੇ ਨਾਲ ਉਨ੍ਹਾਂ ਦਾ ਸੁਆਗਤ ਕਰੇ। ਨਕਸਲੀਆਂ ਦੇ ਮੁੱਖ ਰਣਨੀਤੀਕਾਰ, ਮੱਲੋਜੁਲਾ ਵੇਣੂਗੋਪਾਲ ਰਾਓ ਉਰਫ਼ ਭੂਪਤੀ, ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਅੱਗੇ ਗੜ੍ਹਚਿਰੌਲੀ ਜ਼ਿਲ੍ਹੇ ਵਿੱਚ ਆਪਣੇ 60 ਸਾਥੀਆਂ ਸਮੇਤ ਹਥਿਆਰ ਸੁੱਟ ਦਿੱਤੇ ਹਨ, ਜਦਕਿ 78 ਮਾਓਵਾਦੀਆਂ—- ਜਿਨ੍ਹਾਂ ਵਿੱਚ 43 ਔਰਤਾਂ ਵੀ ਸ਼ਾਮਲ ਸਨ—- ਨੇ ਛੱਤੀਸਗੜ੍ਹ ਦੇ ਤਿੰਨ ਜ਼ਿਲ੍ਹਿਆਂ ਵਿੱਚ ਆਤਮ-ਸਮਰਪਣ ਕੀਤਾ ਹੈ। ਪਾਬੰਦੀਸ਼ੁਦਾ ‘ਪੀਪਲਜ਼ ਵਾਰ ਗਰੁੱਪ’ ਦੇ ਬਾਨੀ ਮੈਂਬਰ ਵਜੋਂ ਮਹਾਰਾਸ਼ਟਰ-ਛੱਤੀਸਗੜ੍ਹ ਦੀ ਸਰਹੱਦ ਦੇ ਆਰ-ਪਾਰ ਮਾਓਵਾਦੀ ਲਹਿਰ ਦੇ ਪਸਾਰ ਵਿੱਚ ਮਦਦ ਕਰਨ ਵਾਲੇ ਭੂਪਤੀ ਨੂੰ ਮਨਾਉਣ ਲਈ ਇੱਕ ਮਹੀਨੇ ਤੱਕ ਅੰਦਰੂਨੀ ਗੱਲਬਾਤ ਚੱਲੀ। ਮੁੱਖਧਾਰਾ ਵਿੱਚ ਉਸ ਦੀ ਵਾਪਸੀ ਦਰਸਾਉਂਦੀ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਅਗਲੇ ਸਾਲ 31 ਮਾਰਚ ਦੀ ਸਮਾਂ-ਸੀਮਾ ਤੱਕ ਨਕਸਲੀਆਂ ਨੂੰ ਹਥਿਆਰ ਸੁੱਟਣ ਲਈ ਸਹਿਮਤ ਕਰਨ ਦੇ ਰਾਹ ’ਤੇ ਹਨ। ਵਿਦਰੋਹ ਖਿਲਾਫ਼ ਕਾਰਵਾਈਆਂ ਨੂੰ ਲੋਕ-ਮੁਖੀ ਵਿਕਾਸ ਪਹਿਲਕਦਮੀਆਂ ਨਾਲ ਜੋੜਨ ਦੀ ਰਣਨੀਤੀ ਕਾਰਗਰ ਸਾਬਿਤ ਹੋ ਰਹੀ ਹੈ।
ਹੁਣ ਅਗਲੀ ਚੁਣੌਤੀ ਸਮਰਪਣ ਕਰਨ ਵਾਲਿਆਂ ਦਾ ਮੁੜ-ਵਸੇਬਾ ਹੈ ਜਿਨ੍ਹਾਂ ਹਿੰਸਾ ਦਾ ਰਾਹ ਛੱਡ ਦਿੱਤਾ ਹੈ। ਇਹ ਦਿਲ ਨੂੰ ਤਸੱਲੀ ਦੇਣ ਵਾਲੀ ਗੱਲ ਹੈ ਕਿ ਇੱਕ ਪ੍ਰਾਈਵੇਟ ਫਰਮ, ਲੋਇਡਸ ਮੈਟਲਸ ਐਂਡ ਐਨਰਜੀ ਲਿਮਟਿਡ, ਗੜ੍ਹਚਿਰੌਲੀ ਵਿੱਚ ਸਾਬਕਾ ਨਕਸਲੀਆਂ ਨੂੰ ਸਿਖਲਾਈ ਅਤੇ ਨੌਕਰੀ ਦੇਣ ਦੀ ਚਾਹਵਾਨ ਹੈ, ਜਿਸ ਨੂੰ ਲਗਭਗ 3 ਲੱਖ ਕਰੋੜ ਰੁਪਏ ਦੇ ਨਿਵੇਸ਼ ਨਾਲ ਇੱਕ ਸਟੀਲ ਹੱਬ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਇੱਕ ਲੱਖ ਤੋਂ ਵੱਧ ਸਥਾਨਕ ਨੌਕਰੀਆਂ ਪੈਦਾ ਕਰਨ ਦਾ ਟੀਚਾ ਆਸ ਭਰਿਆ ਲੱਗਦਾ ਹੈ। ਦਰਅਸਲ, ਲਾਭਕਾਰੀ ਰੁਜ਼ਗਾਰ ਦੀ ਸੰਭਾਵਨਾ ਹੋਰਨਾਂ ਨਕਸਲੀਆਂ ਅਤੇ ਮਾਓਵਾਦੀਆਂ ਨੂੰ ਆਤਮ-ਸਮਰਪਣ ਲਈ ਉਤਸ਼ਾਹਿਤ ਕਰ ਸਕਦੀ ਹੈ। ਮਾਓਵਾਦੀਆਂ ਤੇ ਨਕਸਲੀਆਂ ਦੇ ਮੁੱਖ ਧਾਰਾ ਵੱਲ ਪਰਤਣ ਦੇ ਕਈ ਕਾਰਨ ਹਨ। ਸੁਰੱਖਿਆ ਬਲਾਂ ਵੱਲੋਂ ਕੀਤੀ ਸਖ਼ਤੀ ਵੀ ਇਨ੍ਹਾਂ ਕਾਰਨਾਂ ਵਿਚੋਂ ਇਕ ਹੈ। ਹੁਣ, ਸਰਕਾਰ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਨ੍ਹਾਂ ਆਸਵੰਦ ਧੀਆਂ-ਪੁੱਤਰਾਂ ਨੂੰ ਬੇਸਹਾਰਾ ਨਾ ਛੱਡਿਆ ਜਾਵੇ।
ਓਨਾ ਹੀ ਮਹੱਤਵਪੂਰਨ ਹੈ ਉਨ੍ਹਾਂ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਜਿਨ੍ਹਾਂ ਇਸ ਹਥਿਆਰਬੰਦ ਲਹਿਰ ਨੂੰ ਹੁਲਾਰਾ ਦਿੱਤਾ ਅਤੇ ਐਨਾ ਲੰਮਾ ਸਮਾਂ ਵਧਣ-ਫੁੱਲਣ ਵਿੱਚ ਮਦਦ ਕੀਤੀ। ਜ਼ਮੀਨੀ ਹੱਕਾਂ ਤੋਂ ਇਨਕਾਰ, ਸਮਾਜਿਕ ਨਾਇਨਸਾਫ਼ੀ, ਸਰਕਾਰ ਦੀ ਉਦਾਸੀਨਤਾ—- ਇਨ੍ਹਾਂ ਅਲਾਮਤਾਂ ਨੇ ਕਬਾਇਲੀ ਲੋਕਾਂ ਤੇ ਪੇਂਡੂ ਖਿੱਤਿਆਂ ਦੇ ਗਰੀਬਾਂ ਨੂੰ ਇਸ ਲਹਿਰ ਵੱਲ ਖਿੱਚਿਆ। ਭਾਰਤ ਦੀ ਅੰਦਰੂਨੀ ਸੁਰੱਖਿਆ ਲਈ ਅਜਿਹੇ ਵਿਆਪਕ ਖ਼ਤਰੇ ਨੂੰ ਸੁਚੱਜੇ ਪ੍ਰਸ਼ਾਸਨ ਅਤੇ ਇਕਸਾਰ ਵਿਕਾਸ ਨਾਲ ਹੀ ਰੋਕਿਆ ਜਾ ਸਕਦਾ ਹੈ।