ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਿਟਾਇਰਮੈਂਟ

ਸਕੂਲ ਵਿੱਚ ਬਹੁਤ ਰੌਣਕ ਸੀ। ਸਾਰੇ ਅਧਿਆਪਕ ਅਤੇ ਬੱਚੇ ਮੈਡਮ ਦੀ ਰਿਟਾਇਰਮੈਂਟ ਪਾਰਟੀ ਲਈ ਪ੍ਰਬੰਧ ਕਰਨ ਵਿੱਚ ਰੁੱਝੇ ਹੋਏ ਸਨ। ‘ਰਿਟਾਇਰਮੈਂਟ’ ਸ਼ਬਦ ਨਾਲ ਖੁਸ਼ੀ ਅਤੇ ਉਦਾਸੀ ਦੋਵੇਂ ਤਰ੍ਹਾਂ ਦੇ ਅਨੁਭਵ ਜੁੜੇ ਹੁੰਦੇ ਹਨ। ਜਦੋਂ ਕਰਮਚਾਰੀ ਨੌਕਰੀ ਵਿੱਚ ਆਉਂਦਾ ਹੈ, ਉਦੋਂ...
Advertisement

ਸਕੂਲ ਵਿੱਚ ਬਹੁਤ ਰੌਣਕ ਸੀ। ਸਾਰੇ ਅਧਿਆਪਕ ਅਤੇ ਬੱਚੇ ਮੈਡਮ ਦੀ ਰਿਟਾਇਰਮੈਂਟ ਪਾਰਟੀ ਲਈ ਪ੍ਰਬੰਧ ਕਰਨ ਵਿੱਚ ਰੁੱਝੇ ਹੋਏ ਸਨ। ‘ਰਿਟਾਇਰਮੈਂਟ’ ਸ਼ਬਦ ਨਾਲ ਖੁਸ਼ੀ ਅਤੇ ਉਦਾਸੀ ਦੋਵੇਂ ਤਰ੍ਹਾਂ ਦੇ ਅਨੁਭਵ ਜੁੜੇ ਹੁੰਦੇ ਹਨ। ਜਦੋਂ ਕਰਮਚਾਰੀ ਨੌਕਰੀ ਵਿੱਚ ਆਉਂਦਾ ਹੈ, ਉਦੋਂ ਹੀ ਰਿਟਾਇਰਮੈਂਟ ਦੀ ਤਰੀਕ ਨਿਸ਼ਚਿਤ ਹੋ ਜਾਂਦੀ ਹੈ। ਅੱਜ ਮੈਡਮ ਦੀ ਰਿਟਾਇਰਮੈਂਟ ਪਾਰਟੀ ਸੀ।

ਮੈਡਮ ਆਪਣੇ ਪਰਿਵਾਰ ਸਮੇਤ ਸਕੂਲ ਪੁੱਜੇ। ਅਧਿਆਪਕਾਂ ਤੇ ਬੱਚਿਆਂ ਨੇ ਸਕੂਲ ਦੇ ਮੁੱਖ ਅਧਿਆਪਕ ਨਾਲ ਮਿਲ ਕੇ ਮੈਡਮ ਦਾ ਸਵਾਗਤ ਕੀਤਾ। ਸਾਰਾ ਪ੍ਰੋਗਰਾਮ ਬਹੁਤ ਵਧੀਆ ਤੇ ਖੁਸ਼ੀ-ਖੁਸ਼ੀ ਨੇਪਰੇ ਚੜ੍ਹਿਆ। ਮੈਡਮ ਅੱਜ ਖੁਸ਼ ਵੀ ਸਨ ਅਤੇ ਉਦਾਸ ਵੀ ਸਨ ਕਿਉਂਕਿ ਉਨ੍ਹਾਂ ਨੂੰ ਆਪਣੇ ਕੰਮ ਅਤੇ ਬੱਚਿਆਂ ਨਾਲ ਬਹੁਤ ਲਗਾਓ ਸੀ। ਉਹ ਬੱਚਿਆਂ ਨੂੰ ਨੈਤਿਕ ਸਿੱਖਿਆ ਦੇਣਾ ਆਪਣਾ ਪਰਮ ਧਰਮ ਮੰਨਦੇ ਸਨ। ਅਗਲੇ ਦਿਨ ਸਕੂਲ ਲੱਗਿਆ, ਪਰ ਉਹ ਮੈਡਮ ਦਿਖਾਈ ਨਹੀਂ ਸੀ ਦੇ ਰਹੇ। ਮੈਡਮ ਨਾਲ ਮੇਰੀ ਚੰਗੀ ਸਾਂਝ ਸੀ। ਇਸ ਕਰਕੇ ਮੇਰਾ ਮਨ ਅੱਜ ਬਹੁਤ ਉਦਾਸ ਸੀ। ਬੱਚੇ ਵੀ ਉਨ੍ਹਾਂ ਦੀ ਘਾਟ ਮਹਿਸੂਸ ਕਰ ਰਹੇ ਸਨ। ਅਗਲੇ ਆਉਣ ਵਾਲੇ ਚਾਰ ਮਹੀਨਿਆਂ ਬਾਅਦ ਮੋਹਨ ਸਰ ਦੀ ਰਿਟਾਇਰਮੈਂਟ ਸੀ। ਜਿਉਂ ਜਿਉਂ ਸਰ ਦੀ ਰਿਟਾਇਰਮੈਂਟ ਨੇੜੇ ਆ ਰਹੀ ਸੀ, ਤਿਉਂ ਤਿਉਂ ਸਰ ਉਦਾਸ ਰਹਿਣ ਲੱਗ ਪਏ। ਕਿਸੇ ਵੀ ਸਾਥੀ ਨਾਲ ਕੋਈ ਖ਼ਾਸ ਗੱਲ ਨਾ ਕਰਦੇ। ਜੇ ਕੋਈ ਪੁੱਛਦਾ ਕਿ, ‘ਸਰ ਕੀ ਗੱਲ ਹੈ?’ ਤਾਂ ਆਖ ਦਿੰਦੇ ਕਿ ਥੋੜ੍ਹੀ ਤਬੀਅਤ ਠੀਕ ਨਹੀਂ ਹੈ। ਮੈਂ ਕਈ ਦਿਨਾਂ ਤੋਂ ਮਹਿਸੂਸ ਕਰ ਰਹੀ ਸੀ ਕਿ ਸਰ ਅੱਜਕੱਲ੍ਹ ਸੋਚਾਂ ਵਿੱਚ ਡੁੱਬੇ ਰਹਿੰਦੇ ਹਨ। ਸਮਾਂ ਆਪਣੀ ਤੋਰ ਤੁਰਦਾ ਰਿਹਾ। ਪਤਾ ਹੀ ਨਾ ਲੱਗਾ ਕਿ ਸਰ ਦੀ ਰਿਟਾਇਰਮੈਂਟ ਵਾਲਾ ਮਹੀਨਾ ਆ ਗਿਆ। ਸਰ ਹੋਰ ਜ਼ਿਆਦਾ ਉਦਾਸ ਰਹਿਣ ਲੱਗ ਪਏ। ਹੁਣ ਉਹ ਅਕਸਰ ਇਕੱਲਾ ਰਹਿਣਾ ਪਸੰਦ ਕਰਨ ਲੱਗੇ। ਉਨ੍ਹਾਂ ਨੇ ਸਟਾਫ ਰੂਮ ਛੱਡ ਕੇ ਲਾਇਬਰੇਰੀ ਵਿੱਚ ਬੈਠਣਾ ਸ਼ੁਰੂ ਕਰ ਦਿੱਤਾ।

Advertisement

ਮੇਰੀ ਸਰ ਨਾਲ ਕਾਫੀ ਸਾਂਝ ਸੀ। ਅਸੀਂ ਇੱਕ ਵਿਸ਼ੇ ਦੇ ਅਧਿਆਪਕ ਸੀ। ਭਾਵੇਂ ਮੈਨੂੰ ਇਸ ਸਕੂਲ ਵਿੱਚ ਆਇਆਂ ਥੋੜ੍ਹਾ ਸਮਾਂ ਹੋਇਆ ਸੀ, ਪਰ ਸਕੂਲ ਵਿੱਚ ਕੰਮ ਕਰਨ ਵਿੱਚ ਸਰ ਹਮੇਸ਼ਾ ਮੇਰੀ ਮਦਦ ਕਰਦੇ। ਬੱਚਿਆਂ ਵਾਂਗ ਕੰਮ ਸਮਝਾਉਂਦੇ ਸਨ। ਪਰਮਾਤਮਾ ਨੂੰ ਮੰਨਣ ਵਾਲੇ ਇਨਸਾਨ ਸਨ। ਅਸੀਂ ਸਰ ਦੀ ਕਾਫੀ ਇੱਜ਼ਤ ਕਰਦੇ ਸੀ। ਇੱਕ ਦਿਨ ਮੈਂ ਅਤੇ ਮੇਰੀ ਸਹੇਲੀ ਨੇ ਸੋਚਿਆ ਕਿ ਅੱਜ ਆਪਾਂ ਸਰ ਤੋਂ ਉਦਾਸ ਰਹਿਣ ਦਾ ਕਾਰਨ ਪੁੱਛਦੇ ਹਾਂ। ਅਸੀਂ ਸਰ ਨੂੰ ਪੁੱਛਿਆ, ‘ਸਰ ਕੋਈ ਪਰੇਸ਼ਾਨੀ ਹੈ ਤਾਂ ਦੱਸੋ। ਅਸੀਂ ਵੀ ਤੁਹਾਡੇ ਬੱਚਿਆਂ ਵਰਗੇ ਹਾਂ, ਕੀ ਪਤਾ ਅਸੀਂ ਕੋਈ ਮਦਦ ਕਰ ਸਕੀਏ।’ ਸਾਡੇ ਕਾਫੀ ਜ਼ੋਰ ਦੇ ਕੇ ਪੁੱਛਣ ’ਤੇ ਉਨ੍ਹਾਂ ਦੱਸਿਆ, ‘ਤੁਸੀਂ ਤਾਂ ਜਾਣਦੇ ਹੀ ਹੋ ਕਿ ਮੇਰੀ ਆਰਥਿਕ ਸਥਿਤੀ ਬਹੁਤੀ ਠੀਕ ਨਹੀਂ ਹੈ। ਮੈਂ ਇਕੱਲਾ ਹੀ ਕਮਾਉਣ ਵਾਲਾ ਹਾਂ। ਮੇਰੀ ਧੀ ਦਾ ਵਿਆਹ ਕਰਨਾ ਬਾਕੀ ਹੈ। ਮੇਰੀ ਪਤਨੀ ਅਕਸਰ ਬਿਮਾਰ ਰਹਿੰਦੀ ਹੈ। ਮੇਰੇ ਪੁੱਤਰ ਨੂੰ ਕੋਈ ਨੌਕਰੀ ਨਹੀਂ ਮਿਲ ਰਹੀ।’ ਏਨਾ ਕਹਿੰਦੇ ਹੀ ਉਨ੍ਹਾਂ ਨੇ ਅੱਖਾਂ ਭਰ ਲਈਆਂ ਤੇ ਕਹਿਣ ਲੱਗੇ, ‘ਮੈਂ ਸੋਚਦਾ ਹਾਂ ਕਿ ਰੱਬ ਮੈਨੂੰ ਚੁੱਕ ਲਵੇ।’ ਮੈਂ ਕਿਹਾ, ‘ਸਰ ਤੁਸੀਂ ਅਜਿਹਾ ਕਿਉਂ ਸੋਚਦੇ ਹੋ।’ ਉਨ੍ਹਾਂ ਨੇ ਕਿਹਾ, ‘ਮੇਰੀ ਪੈਨਸ਼ਨ ਨਾਲ ਘਰ ਦਾ ਗੁਜ਼ਾਰਾ ਨਹੀਂ ਹੋਣਾ। ਪਰ ਜੇਕਰ ਰਿਟਾਇਰਮੈਂਟ ਤੋਂ ਪਹਿਲਾਂ ਮੈਨੂੰ ਕੁਝ ਹੋ ਜਾਂਦਾ ਹੈ ਤੇ ਮੇਰੇ ਪੁੱਤਰ ਨੂੰ ਨੌਕਰੀ ਮਿਲ ਜਾਵੇਗੀ।’ ਉਨ੍ਹਾਂ ਦੀ ਇਹ ਗੱਲ ਸੁਣ ਕੇ ਮੈਂ ਧੁਰ ਅੰਦਰ ਤੱਕ ਹਿੱਲ ਗਈ ਅਤੇ ਸੋਚ ਰਹੀ ਸਾਂ ਕਿ ਕਿਵੇਂ ਜ਼ਿੰਦਗੀ ਨੂੰ ਤੁਰਦੇ ਰੱਖਣ ਲਈ ਮਨੁੱਖ ਮੌਤ ਦੇ ਰਾਹ ਬਾਰੇ ਸੋਚਣ ਲੱਗ ਜਾਂਦਾ ਹੈ।

ਸੰਪਰਕ: 98558-00316

Advertisement
Show comments