ਰਾਧਿਕਾ ਦਾ ਕਤਲ
ਹਰਿਆਣਾ ਦੇ ਗੁਰੂਗ੍ਰਾਮ ਸ਼ਹਿਰ ਜੋ ਵੱਡਾ ਸਾਈਬਰ ਹੱਬ ਬਣ ਚੁੱਕਿਆ ਹੈ, ਵਿੱਚ 25 ਸਾਲਾਂ ਦੀ ਟੈਨਿਸ ਖਿਡਾਰਨ ਰਾਧਿਕਾ ਯਾਦਵ ਦੀ ਉਸ ਦੇ ਪਿਤਾ ਵੱਲੋਂ ਕੀਤੀ ਹੱਤਿਆ ਇਸ ਗੱਲ ਦਾ ਬੱਜਰ ਸੰਕੇਤ ਹੈ ਕਿ ਅਜੇ ਵੀ ਪਿੱਤਰਸੱਤਾ ਅਤੇ ਲੜਕੀਆਂ ਪ੍ਰਤੀ ਹਿਕਾਰਤੀ ਸੋਚ ਸਾਡੇ ਸਮਾਜ ਵਿੱਚ ਕਿਸ ਕਦਰ ਪਸਰ ਚੁੱਕੀ ਹੈ ਅਤੇ ਇਹ ਵਰਤਾਰਾ ਦੂਰ-ਦਰਾਜ਼ ਦੇ ਪੇਂਡੂ ਖੇਤਰਾਂ ਵਿੱਚ ਹੀ ਨਹੀਂ ਸਗੋਂ ਸ਼ਹਿਰੀ ਅਤੇ ਮੱਧਵਰਗੀ ਪਰਿਵਾਰ ਵੀ ਇਸ ਦੀ ਲਪੇਟ ਵਿੱਚ ਆ ਚੁੱਕੇ ਹਨ। ਇਹ ਮਾਮਲਾ ਹਾਲਾਂਕਿ ਤਰਾਸਦਿਕ ਅਪਵਾਦ ਜਾਪਦਾ ਹੈ ਪਰ ਇਸ ਨਾਲ ਗਹਿਰੀ ਤੇ ਪ੍ਰੇਸ਼ਾਨਕੁਨ ਹਕੀਕਤ ਸਾਹਮਣੇ ਆਉਂਦੀ ਹੈ ਕਿ ਕਿਸੇ ਔਰਤ ਦੀ ਖ਼ੁਦਮੁਖ਼ਤਾਰੀ, ਇੱਥੋਂ ਤੱਕ ਕਿ ਉਸ ਦੀ ਦਿੱਖ ਅਤੇ ਖਾਹਿਸ਼ ਅਜੇ ਵੀ ਪੁਰਸ਼ ਹਉਮੈ ਲਈ ਘਾਤਕ ਖ਼ਤਰਾ ਬਣ ਸਕਦੀ ਹੈ। ਮੁਢਲੀਆਂ ਰਿਪੋਰਟਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਰਾਧਿਕਾ ਦਾ ਪਿਤਾ ਡਿਪਰੈਸ਼ਨ ਤੋਂ ਪੀੜਤ ਸੀ ਅਤੇ ਇਸ ਦੇ ਨਾਲ ਹੀ ਇਹ ਰਿਪੋਰਟਾਂ ਵੀ ਆਈਆਂ ਹਨ ਕਿ ਰਾਧਿਕਾ ਦੀ ਜਨਤਕ ਪਛਾਣ, ਖ਼ਾਸਕਰ ਉਸ ਦੀਆਂ ਇੰਸਟਾਗ੍ਰਾਮ ਰੀਲਾਂ, ਉਸ ਦੇ ਸੰਗੀਤ ਵੀਡੀ ਅਤੇ ਵਿੱਤੀ ਆਜ਼ਾਦੀ ਕਰ ਕੇ ਉਸ ਦੇ ਪਿਤਾ ਨੂੰ ਆਲੇ-ਦੁਆਲੇ ਦੇ ਸਮਾਜਿਕ ਤਾਣੇ-ਬਾਣੇ ਅੰਦਰ ਤਾਅਨੇ ਮਿਹਣਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪੁਲੀਸ ਮੁਤਾਬਿਕ ਮੁਲਜ਼ਮ ਨੂੰ ਉਸ ਦੇ ਵਾਕਿਫ਼ਕਾਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਸ਼ਰਮਿੰਦਾ ਕੀਤਾ ਜਾ ਰਿਹਾ ਸੀ ਕਿ ਉਹ ਆਪਣੀ ਧੀ ਨੂੰ ਸੋਸ਼ਲ ਮੀਡੀਆ ਅਤੇ ਟੈਨਿਸ ਦੀ ਕੋਚਿੰਗ ਜਿਹੇ ਮੌਕਿਆਂ ਲਈ ‘ਖੁੱਲ੍ਹ’ ਕਿਉਂ ਦੇ ਰਿਹਾ ਸੀ।
ਰਾਧਿਕਾ ਦਾ ਕਤਲ ਮਰਦਾਨਗੀ, ਕੰਟਰੋਲ ਅਤੇ ਅਖੌਤੀ ਅਣਖ ਦੇ ਖ਼ਤਰਨਾਕ ਜੋੜ ਨੂੰ ਦਰਸਾਉਂਦਾ ਹੈ। ਗੁਰੂਗ੍ਰਾਮ ਵਰਗੇ ਸ਼ਹਿਰ ਵਿੱਚ ਕਿਸੇ ਮੁਟਿਆਰ ਦੀ ਅਜਿਹੀ ਹੋਣੀ ਦਰਸਾਉਂਦੀ ਕਿ ਪਿੱਤਰਸੱਤਾ ਦੀ ਸੋਚ ਅਣਖ, ਫ਼ਰਮਾਬਰਦਾਰੀ ਅਤੇ ਚੁੱਪ ਦੇ ਵੇਲਾ ਵਿਹਾਅ ਚੁੱਕੇ ਖਿਆਲਾਤ ਨਾਲ ਕਿਵੇਂ ਚਿੰਬੜੀ ਹੋਈ ਹੈ। ਇਹ ਮਾਮਲਾ ਮੰਗ ਕਰਦਾ ਹੈ ਕਿ ਸਾਡਾ ਸਮਾਜ ਸਮਰੱਥ ਹੋ ਰਹੀਆਂ ਲੜਕੀਆਂ ਅਤੇ ਪਿੱਤਰਸੱਤਾ ਦੇ ਢਾਂਚਿਆਂ ਵਿਚਕਾਰ ਵਧਦੇ ਜਾ ਰਹੇ ਪੀੜ੍ਹੀਆਂ ਅਤੇ ਸਭਿਆਚਾਰਕ ਪਾਡਿ਼ਆਂ ਦਾ ਸਾਹਮਣਾ ਕਰੇ। ਦਰਅਸਲ, ਅਜਿਹੀਆਂ ਪਿਛਾਂਹਖਿੱਚੂ ਧਾਰਨਾਵਾਂ ਸਿਆਸੀ ਸੱਤਾ ਤੇ ਜਮੂਦ ਦੇ ਬਹੁਤ ਰਾਸ ਆਉਂਦੀਆਂ ਹਨ ਅਤੇ ਜਿੰਨੀ ਦੇਰ ਤੱਕ ਸਿਆਸੀ ਪ੍ਰਕਿਰਿਆ ਅਗਾਂਹਵਧੂ ਵਿਚਾਰਾਂ ਦੀ ਧਾਰਨੀ ਨਹੀਂ ਬਣਦੀ, ਉਦੋਂ ਤੱਕ ਸਮਾਜ ਲਈ ਅਜਿਹੀਆਂ ਅਲਾਮਤਾਂ ਤੋਂ ਖਹਿੜਾ ਛੁਡਾਉਣਾ ਜੇ ਅਸੰਭਵ ਨਾ ਸਹੀ ਤਾਂ ਬਹੁਤ ਔਖਾ ਹੁੰਦਾ ਹੈ।
ਹਰਿਆਣਾ ਵਿੱਚ ਲਿੰਗਕ ਨੇਮ ਅਜੇ ਵੀ ਅਣਖ, ਆਗਿਆ ਅਤੇ ਮਰਦ ਕੰਟਰੋਲ ਦੇ ਵਿਚਾਰਾਂ ਮੁਤਾਬਿਕ ਘੜੇ ਜਾ ਰਹੇ ਹਨ ਤੇ ਜਦੋਂ ਇਹ ਕਠੋਰ ਸਮਾਜਿਕ ਰਸਮਾਂ ਰਾਧਿਕਾ ਜਿਹੀਆਂ ਆਧੁਨਿਕ, ਡਿਜੀਟਲ ਯੁੱਗ ਦੀਆਂ ਭਰੋਸੇਮੰਦ ਅਤੇ ਵਿੱਤੀ ਤੌਰ ’ਤੇ ਆਜ਼ਾਦ ਔਰਤਾਂ ਦੀਆਂ ਖਾਹਿਸ਼ਾਂ ਨਾਲ ਟਕਰਾਉਂਦੀਆਂ ਹਨ ਤਾਂ ਇਸ ਦਾ ਸਿੱਟਾ ਅਕਸਰ ਤਰਾਸਦਿਕ ਹੁੰਦਾ ਹੈ। ਜਿਵੇਂ-ਜਿਵੇਂ ਜਾਂਚ ਅੱਗੇ ਵਧਦੀ ਹੈ ਤਾਂ ਸਾਨੂੰ ਅਦਾਲਤ ਤੋਂ ਪਰ੍ਹੇ ਤੱਕ ਨਜ਼ਰ ਰੱਖਣੀ ਪਵੇਗੀ। ਸਾਨੂੰ ਵਿਵਸਥਾ ਨੂੰ ਵੀ ਨਵਿਆਉਣ ਦਾ ਅਹਿਦ ਲੈਣਾ ਪਵੇਗਾ ਜੋ ਅਜੇ ਵੀ ਚੁੱਪ, ਸ਼ਰਮਸ਼ਾਰੀ ਅਤੇ ਪਰਿਵਾਰਕ ਹਿੰਸਾ ਜ਼ਰੀਏ ਧੀਆਂ ਦੀ ਹੱਤਿਆ ਕਰ ਰਹੀ ਹੈ ਤੇ ਜਿਸ ਨੂੰ ਪਿੱਤਰਸੱਤਾ ਦੇ ਕੋਡ ਵੱਲੋਂ ਸੁਰੱਖਿਆ ਦਿੱਤੀ ਜਾ ਰਹੀ ਹੈ।