ਪੰਜਾਬ ਕਾਂਗਰਸ ਦੀ ਖਾਨਾਜੰਗੀ
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇੱਕ ਸਾਲ ਤੋਂ ਥੋੜ੍ਹਾ ਵੱਧ ਸਮਾਂ ਰਹਿ ਗਿਆ ਹੈ ਅਤੇ ਸੱਤਾਧਾਰੀ ‘ਆਪ’ ਨੂੰ ਮੁੱਖ ਚੁਣੌਤੀ ਪੇਸ਼ ਕਰਨ ਵਾਲੀ ਪਾਰਟੀ ਆਪਣੀਆਂ ਅੰਦਰੂਨੀ ਲੜਾਈਆਂ ਨਾਲ ਜੂਝ ਰਹੀ ਹੈ। ਕਾਂਗਰਸ 2024 ਦੀਆਂ ਲੋਕ ਸਭਾ ਚੋਣਾਂ ਵਿਚ ਹੋਏ ਲਾਭ ਨੂੰ ਖਤਮ ਕਰਦੀ ਦਿਸ ਰਹੀ ਹੈ, ਜਦੋਂ ਉਸ ਨੇ ਰਾਜ ਦੀਆਂ 13 ਵਿੱਚੋਂ ਸੱਤ ਸੀਟਾਂ ਜਿੱਤੀਆਂ ਸਨ (‘ਆਪ’ ਨੇ ਸਿਰਫ਼ ਤਿੰਨ ਜਿੱਤੀਆਂ ਸਨ)। ਪਾਰਟੀ ਦੀ ਸਾਬਕਾ ਵਿਧਾਇਕਾ ਨਵਜੋਤ ਕੌਰ ਸਿੱਧੂ ਨੇ ਪਿਛਲੇ ਹਫ਼ਤੇ ਇਹ ਦਾਅਵਾ ਕਰਕੇ ਇੱਕ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਕਿ ਮੁੱਖ ਮੰਤਰੀ ਦੀ ਕੁਰਸੀ ਲਈ 500 ਕਰੋੜ ਰੁਪਏ ਚਾਹੀਦੇ ਸਨ, ਜੋ ਉਨ੍ਹਾਂ ਕੋਲ ਨਹੀਂ ਸਨ। ਕਾਂਗਰਸ ਨੇ ਉਸ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਹੈ, ਪਰ ਇਸ ਨਾਲ ਉਹ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ’ਤੇ ਨਿਸ਼ਾਨਾ ਸੇਧਣ ਤੋਂ ਨਹੀਂ ਰੁਕੀ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਕ੍ਰਿਕਟਰ ਰਹੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਨੇ ਵੜਿੰਗ ’ਤੇ ਕਾਂਗਰਸ ਨੂੰ ਤਬਾਹ ਕਰਨ ਲਈ ਵਿਰੋਧੀ ਪਾਰਟੀ ਨਾਲ ਮਿਲੀਭੁਗਤ ਕਰਨ ਦਾ ਦੋਸ਼ ਲਾਇਆ ਹੈ। ਉਸ ਨੇ ਪਾਰਟੀ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ’ਤੇ ਵੀ ਨਿਸ਼ਾਨਾ ਸੇਧਿਆ ਹੈ ਅਤੇ ਦੋਸ਼ ਲਗਾਇਆ ਹੈ ਕਿ ਉਸ ਦੇ ਤਸਕਰਾਂ ਨਾਲ ਸਬੰਧ ਹਨ।
ਵੜਿੰਗ ਨੇ ‘ਆਪ’ ਉਤੇ ਪੰਜਾਬ ਵਿੱਚ ਕਾਂਗਰਸ ਨੂੰ ਕਮਜ਼ੋਰ ਕਰਨ ਦੇ ਉਦੇਸ਼ ਨਾਲ ‘ਸਾਜ਼ਿਸ਼ਾਂ’ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ, ਜਦਕਿ ਰੰਧਾਵਾ ਨੇ ਸ੍ਰੀਮਤੀ ਸਿੱਧੂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਨ੍ਹਾਂ ਅਣਸੁਖਾਵੀਆਂ ਘਟਨਾਵਾਂ ਨੇ ਪਾਰਟੀ ਹਾਈ ਕਮਾਂਡ ਨੂੰ ਵੀ ਕਾਰਵਾਈ ਕਰਨ ਲਈ ਮਜਬੂਰ ਕੀਤਾ ਹੈ। ਗਾਂਧੀ ਪਰਿਵਾਰ ਪ੍ਰਤੀ ਵਫ਼ਾਦਾਰੀ ਰੱਖਣ ਵਾਲਾ ਸਿੱਧੂ ਜੋੜਾ 2027 ਦੀਆਂ ਚੋਣਾਂ ’ਤੇ ਅੱਖ ਰੱਖ ਕੇ ਆਪਣੇ ਆਪ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸ੍ਰੀਮਤੀ ਸਿੱਧੂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਜੇ ਕਾਂਗਰਸ ਉਨ੍ਹਾਂ ਦੇ ਪਤੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਦੀ ਹੈ ਤਾਂ ਉਹ ਸਰਗਰਮ ਰਾਜਨੀਤੀ ਵਿੱਚ ਵਾਪਸ ਆਉਣਗੇ। ਹਾਲਾਂਕਿ, ਵੜਿੰਗ ਅਤੇ ਕੁਝ ਹੋਰ ਆਗੂ ਸਿੱਧੂਆਂ ਨੂੰ ਜਗ੍ਹਾ ਦੇਣ ਦੇ ਪੱਖ ਵਿਚ ਨਹੀਂ ਹਨ। ਉਹ ਉਨ੍ਹਾਂ ਨੂੰ ਮੌਸਮੀ ਸਿਆਸਤਦਾਨ ਮੰਨਦੇ ਹਨ।
ਸੱਤਾ ਮੁੜ ਹਾਸਲ ਕਰਨ ਦੀ ਆਪਣੀ ਕੋਸ਼ਿਸ਼ ਵਿੱਚ ਕਾਂਗਰਸ ਨੂੰ ਇੱਕਜੁੱਟਤਾ ਦਿਖਾਉਣ ਦੀ ਲੋੜ ਹੈ। ਇਸ ਦੇ ਵਿਰੋਧੀਆਂ ਵਿੱਚ ਸਿਰਫ਼ ‘ਆਪ’ ਹੀ ਨਹੀਂ, ਸਗੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੀ ਹਨ। ਭਗਵਾ ਪਾਰਟੀ ਨੇ ਪਿਛਲੇ ਕੁਝ ਸਾਲਾਂ ਵਿੱਚ ਕਾਂਗਰਸ ਦੇ ਕਈ ਚੋਟੀ ਦੇ ਆਗੂਆਂ, ਜਿਵੇਂ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਅਤੇ ਰਵਨੀਤ ਬਿੱਟੂ ਨੂੰ ਆਪਣੇ ਨਾਲ ਰਲਾ ਲਿਆ ਹੈ। ਅਕਾਲੀ ਦਲ-ਭਾਜਪਾ ਦੇ ਮੁੜ ਗੱਠਜੋੜ ਦੀ ਸੰਭਾਵਨਾ ਅਤੇ ਕੱਟੜਪੰਥੀਆਂ ਦਾ ਪ੍ਰਭਾਵ ਕਾਂਗਰਸ ਦੇ ਕੰਮ ਨੂੰ ਹੋਰ ਵੀ ਮੁਸ਼ਕਲ ਬਣਾ ਸਕਦਾ ਹੈ। ਅਜਿਹੀ ਪਾਰਟੀ, ਜਿਸ ਨੇ ਵੱਖ-ਵੱਖ ਸੂਬਿਆਂ ’ਚ ਕਈ ਹਾਰਾਂ ਦੇਖੀਆਂ ਹਨ, ਨੂੰ ਪੰਜਾਬ ਵਿੱਚ ਆਪਣੀਆਂ ਸੰਭਾਵਨਾਵਾਂ ਨੂੰ ਅੰਦਰੂਨੀ ਲੜਾਈ ਨਾਲ ਖ਼ਰਾਬ ਨਹੀਂ ਹੋਣ ਦੇਣਾ ਚਾਹੀਦਾ।
