ਖੇਤੀ ਰਸਾਇਣਾਂ ਦੀ ਵਾਜਬ ਵਰਤੋਂ
ਕਰੀਬ ਛੇ ਦਹਾਕੇ ਪਹਿਲਾਂ ਭਾਰਤ ਦੀ ਖੇਤੀਬਾੜੀ ਕਾਫ਼ੀ ਪੱਛੜੀ ਹੋਈ ਸੀ ਅਤੇ ਇਸ ਦੀ ਉਤਪਾਦਕਤਾ ਵੀ ਕਾਫ਼ੀ ਘੱਟ ਅਤੇ ਅਨਿਸ਼ਚਿਤ ਹੁੰਦੀ ਸੀ। ਆਜ਼ਾਦੀ ਤੋਂ ਬਾਅਦ ਦੇ ਤਕਰੀਬਨ ਪਹਿਲੇ ਪੰਦਰਾਂ ਸਾਲਾਂ ਦੌਰਾਨ ਭਾਰਤ ਦੇ ਵੱਖ-ਵੱਖ ਇਲਾਕਿਆਂ ਵਿੱਚ ਵੱਖੋ-ਵੱਖ ਸਮਿਆਂ ’ਤੇ ਅਨਾਜ ਦੀ ਕਿੱਲਤ ਮਹਿਸੂਸ ਕੀਤੀ ਜਾਂਦੀ ਰਹੀ ਸੀ। ਸਰਕਾਰ ਨੂੰ ਲੋਕਾਂ ਦਾ ਪੇਟ ਭਰਨ ਲਈ ਵਿਦੇਸ਼ਾਂ ਤੋਂ ਅਨਾਜ ਮੰਗਵਾਉਣਾ ਪੈਂਦਾ ਸੀ ਜਿਸ ਉੱਤੇ ਸਰਕਾਰੀ ਬਜਟ ਦਾ ਜ਼ਿਆਦਾਤਰ ਹਿੱਸਾ ਖ਼ਰਚ ਹੋ ਜਾਂਦਾ ਸੀ ਅਤੇ ਇਸ ਦਾ ਨਾਂਹ-ਪੱਖੀ ਅਸਰ ਸਿੱਧੇ ਤੌਰ ’ਤੇ ਦੇਸ਼ ਦੇ ਅਰਥਚਾਰੇ ਉੱਤੇ ਪੈਂਦਾ ਸੀ ਅਤੇ ਦੇਸ਼ ਦੀ ਵਿਦੇਸ਼ੀ ਮੁਦਰਾ ਉੱਤੇ ਵੀ ਲਗਾਤਾਰ ਦਬਾਅ ਬਣਿਆ ਰਹਿੰਦਾ ਸੀ। ਇਸ ਦੇ ਸਿੱਟੇ ਵਜੋਂ ਬਾਕੀ ਖੇਤਰਾਂ ਉੱਤੇ ਲੋੜੀਂਦਾ ਖ਼ਰਚ ਨਹੀਂ ਹੁੰਦਾ ਸੀ। ਇਸੇ ਕਾਰਨ ਦੇਸ਼ ਦੀ ਆਰਥਿਕ ਤਰੱਕੀ ਦੀ ਰਫ਼ਤਾਰ ਸ਼ੁਰੂ ਦੇ ਸਾਲਾਂ ਵਿੱਚ ਜ਼ੋਰ ਨਹੀਂ ਫੜ ਸਕੀ। ਸੰਨ 1960 ਤੋਂ 1970 ਦੇ ਦਹਾਕੇ ਦਰਮਿਆਨ ਮਿਹਨਤੀ ਕਿਸਾਨਾਂ, ਸਰਕਾਰਾਂ ਅਤੇ ਖੇਤੀ ਵਿਗਿਆਨੀਆਂ ਵੱਲੋਂ ਕੀਤੀਆਂ ਗਈਆਂ ਸਾਂਝੀਆਂ ਕੋਸ਼ਿਸ਼ਾਂ ਸਦਕਾ ਆਈ ਹਰੀ ਕ੍ਰਾਂਤੀ ਨਾਲ ਖੇਤੀਬਾੜੀ ਦੇ ਢੰਗ-ਤਰੀਕਿਆਂ ਵਿੱਚ ਵੱਡੀਆਂ ਤਬਦੀਲੀਆਂ ਆਈਆਂ। ਖੇਤੀਬਾੜੀ ਵਿੱਚ ਤਕਨਾਲੋਜੀ ਦੀ ਵਰਤੋਂ, ਜ਼ਿਆਦਾ ਝਾੜ ਦੇਣ ਵਾਲੇ ਬੀਜਾਂ ਦਾ ਵਿਕਾਸ, ਮਸ਼ੀਨੀ ਸੰਦਾਂ ਦੀ ਵਰਤੋਂ, ਸਿੰਜਾਈ ਸਹੂਲਤਾਂ ਵਿੱਚ ਵਾਧਾ ਅਤੇ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵੱਧ ਮਾਤਰਾ ਵਿੱਚ ਵਰਤੋਂ ਹੋਣ ਲੱਗੀ। ਹਰੀ ਕ੍ਰਾਂਤੀ ਵਿੱਚ ਜਿੱਥੇ ਖੇਤੀ ਯੂਨੀਵਰਸਿਟੀਆਂ ਅਤੇ ਖੇਤੀ ਵਿਗਿਆਨੀਆਂ ਦੀ ਅਹਿਮ ਭੂਮਿਕਾ ਰਹੀ ਸੀ, ਉੱਥੇ ਹੀ ਸਮੂਹ ਕਿਸਾਨਾਂ ਦਾ ਵੀ ਵੱਡਾ ਯੋਗਦਾਨ ਰਿਹਾ ਸੀ, ਖ਼ਾਸ ਕਰਕੇ ਪੰਜਾਬ ਦੇ ਕਿਸਾਨਾਂ ਦਾ ਵੱਡਮੁੱਲਾ ਅਤੇ ਸ਼ਲਾਘਾਯੋਗ ਯੋਗਦਾਨ ਸੀ ਜਿਸ ਸਦਕਾ ਭਾਰਤ ਵਿੱਚ ਅੱਜ ਅਨਾਜ ਦੇ ਅਥਾਹ ਭੰਡਾਰ ਮੌਜੂਦ ਹਨ। ਇਸੇ ਕਾਰਨ ‘ਭੋਜਨ ਸੁਰੱਖਿਆ ਕਾਨੂੰਨ’ ਲਾਗੂ ਕਰਨ ਵਿਚ ਵੀ ਆਸਾਨੀ ਹੋ ਰਹੀ ਹੈ ਅਤੇ ਵਿਦੇਸ਼ੀ ਮੁਦਰਾ ਨੂੰ ਬਚਾਉਣ ਵਿਚ ਵੀ ਮਦਦ ਮਿਲ ਰਹੀ ਹੈ। ਹਰੀ ਕ੍ਰਾਂਤੀ ਨੇ ਜਿੱਥੇ ਇੱਕ ਪਾਸੇ ਦੇਸ਼ ਵਿੱਚ ਖੁਸ਼ਹਾਲੀ ਲਿਆਂਦੀ ਹੈ, ਉੱਥੇ ਦੂਜੇ ਪਾਸੇ ਲੋੜੋਂ ਵੱਧ ਵਰਤੇ ਜਾਂਦੇ ਰਸਾਇਣਾਂ ਨੇ ਸਾਡੇ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਸੰਨ 1972 ਤੋਂ 1985 ਦੇ ਸਮੇਂ ਦੌਰਾਨ ਸਮੁੱਚੇ ਭਾਰਤ ਦੀ ਖੇਤੀ ਵਾਧਾ ਦਰ 2.3 ਫ਼ੀਸਦ ਰਹੀ ਸੀ ਜਦਕਿ ਪੰਜਾਬ ਵਿੱਚ ਖੇਤੀ ਵਾਧਾ ਦਰ 5.7 ਫ਼ੀਸਦ ਰਹੀ ਸੀ ਜੋ ਕਿ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ। ਇਸ ਸਭ ਦੇ ਨਾਲ ਇੱਕ ਦੂਜਾ ਪਹਿਲੂ ਵੀ ਵਿਚਾਰਨ ਦੀ ਲੋੜ ਹੈ ਤੇ ਉਹ ਹੈ ਖੇਤੀਬਾੜੀ ਵਿੱਚ ਰਸਾਇਣਕ ਖਾਦਾਂ ਅਤੇ ਰਸਾਇਣਕ ਕੀਟਨਾਸ਼ਕਾਂ ਦੀ ਬੇਹਿਸਾਬ ਵਰਤੋਂ ਜੋ ਕਿ ਲਗਾਤਾਰ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਤ੍ਰਾਸਦੀ ਇਹ ਹੈ ਕਿ ਕੀਟਨਾਸ਼ਕਾਂ ਦੀ ਸਭ ਤੋਂ ਵੱਧ ਵਰਤੋਂ ਦੇ ਮਾਮਲੇ ’ਚ ਮਹਾਰਾਸ਼ਟਰ ਅਤੇ ਯੂ ਪੀ ਤੋਂ ਬਾਅਦ ਪੰਜਾਬ ਦਾ ਤੀਜਾ ਨੰਬਰ ਹੈ। ਇੱਥੇ ਕਈ ਅਜਿਹੇ ਕੀਟਨਾਸ਼ਕ ਵੀ ਵਰਤੇ ਜਾਂਦੇ ਹਨ ਜਿਨ੍ਹਾਂ ਦੀ ਵਿਸ਼ਵ ਸਿਹਤ ਸੰਗਠਨ ਨੇ ਮਨਾਹੀ ਕੀਤੀ ਹੋਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਪ੍ਰਤੀ ਹੈਕਟੇਅਰ ਰਸਾਇਣਕ ਖਾਦਾਂ ਦੀ ਔਸਤ ਵਰਤੋਂ 232 ਕਿਲੋ ਹੈ ਜੋ ਕਿ ਦੂਜੇ ਰਾਜਾਂ ਵਿੱਚ ਔਸਤਨ 133 ਕਿਲੋ ਪ੍ਰਤੀ ਹੈਕਟੇਅਰ ਹੈ। ਖੋਜਾਂ ਦੱਸਦੀਆਂ ਹਨ ਕਿ ਵਰਤੇ ਜਾਂਦੇ ਕੀਟਨਾਸ਼ਕ ਜਿੱਥੇ ਨੁਕਸਾਨਕਾਰੀ ਕੀੜਿਆਂ ਅਤੇ ਨਦੀਨਾਂ ਨੂੰ ਖ਼ਤਮ ਕਰਦੇ ਹਨ ਉੱਥੇ ਹੀ ਇਹ ਜੈਵਿਕ ਵਿਭਿੰਨਤਾ ਲਈ ਅਹਿਮ ਮੰਨੇ ਜਾਂਦੇ ਜੀਵਾਂ ਜਿਵੇਂ ਪੰਛੀਆਂ, ਮੱਛੀਆਂ, ਕਿਸਾਨਾਂ ਦੇ ਮਿੱਤਰ ਕੀਟਾਂ, ਸਮੂਹ ਬਨਸਪਤੀਆਂ ਅਤੇ ਪਾਣੀ ’ਚ ਰਹਿਣ ਵਾਲੇ ਸਮੁੱਚੇ ਜਲ-ਜੀਵਨ ਨੂੰ ਖ਼ਤਰੇ ਵਿਚ ਪਾਉਂਦੇ ਹਨ। ਸਮੁੱਚੇ ਪੰਜਾਬ ’ਚ ਵਰਤੇ ਜਾਂਦੇ ਕੁੱਲ ਕੀਟਨਾਸ਼ਕਾਂ ਦਾ 75 ਫ਼ੀਸਦ ਹਿੱਸਾ ਇਕੱਲਾ ਮਾਲਵਾ ਇਲਾਕੇ ਵਿਚ ਹੀ ਵਰਤਿਆ ਜਾਂਦਾ ਹੈ। ਬੇਤਹਾਸ਼ਾ ਵਰਤੇ ਗਏ ਰਸਾਇਣਾਂ ਨੇ ਸਾਡੇ ਹਵਾ, ਪਾਣੀ ਅਤੇ ਭੋਜਨ ਪ੍ਰਣਾਲੀ ਨੂੰ ਜ਼ਹਿਰੀਲਾ ਬਣਾ ਦਿੱਤਾ ਹੈ। ਪਿਛਲੇ ਦਸ-ਪੰਦਰਾਂ ਸਾਲਾਂ ਵਿਚ ਇਸ ਇਲਾਕੇ ਵਿਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਤਿੰਨ ਗੁਣਾ ਤੋਂ ਜ਼ਿਆਦਾ ਵਧ ਚੁੱਕੀ ਹੈ। ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਖੋਜੀ ਵਿਦਵਾਨਾਂ ਵੱਲੋਂ ਇਸ ਖਿੱਤੇ ਨੂੰ ਭਾਰਤ ਦੀ ‘ਕੈਂਸਰ ਰਾਜਧਾਨੀ’ ਆਖਿਆ ਜਾਣ ਲੱਗ ਪਿਆ ਹੈ।
ਕੀਟਨਾਸ਼ਕਾਂ ਦੀ ਬੇਹਿਸਾਬ ਵਰਤੋਂ ਜਿੱਥੇ ਇੱਕ ਪਾਸੇ ਕਿਸਾਨ ਦਾ ਖ਼ਰਚ ਵਧਾਉਂਦੀ ਹੈ, ਦੂਜੇ ਪਾਸੇ ਇਹ ਰਸਾਇਣ ਜ਼ਮੀਨ ਅੰਦਰਲੇ ਮਿੱਤਰ ਕੀਟਾਂ ਨੂੰ ਮਾਰ ਕੇ ਜ਼ਮੀਨ ਨੂੰ ਬੇਜਾਨ ਕਰਦੇ ਹਨ। ਸਮਝਣ ਦੀ ਲੋੜ ਹੈ ਕਿ ਰਸਾਇਣਾਂ ਦੀ ਬੇਤਹਾਸ਼ਾ ਵਰਤੋਂ ਨਾਲ ਇਹ ਸਾਡੀ ਜੀਵਨ ਪ੍ਰਣਾਲੀ ਦੇ ਜ਼ਰੂਰੀ ਹਿੱਸਿਆਂ ਜਿਵੇਂ ਕਿ ਭੋਜਨ, ਪਾਣੀ ਅਤੇ ਮਿੱਟੀ ਵਿੱਚ ਘੁਲ-ਮਿਲ ਚੁੱਕੇ ਹਨ ਅਤੇ ਇਨ੍ਹਾਂ ਰਸਤੇ ਇਹ ਸਾਡੇ ਸਰੀਰ ਅੰਦਰ ਵੀ ਲਗਾਤਾਰ ਵਧ ਰਹੇ ਹਨ ਜੋ ਕਿ ਅਨੇਕਾਂ ਬੀਮਾਰੀਆਂ ਦੇ ਪਸਾਰ ਦਾ ਕਾਰਨ ਹੈ। ਵਿਗਿਆਨੀਆਂ ਵੱਲੋਂ ਭਿਆਨਕ ਰੋਗਾਂ ਜਿਵੇਂ ਜਿਗਰ ਦਾ ਖ਼ਰਾਬ ਹੋਣਾ, ਗੁਰਦਿਆਂ ਦਾ ਫੇਲ੍ਹ ਹੋਣਾ, ਯਾਦਸ਼ਕਤੀ ਦਾ ਘਟਣਾ, ਪ੍ਰਜਨਣ ਸਬੰਧੀ ਰੋਗ, ਗਦੂਦਾਂ, ਫੇਫੜਿਆਂ ਦੇ ਰੋਗ, ਸਾਹ ਦੀਆਂ ਬੀਮਾਰੀਆਂ, ਬਾਂਝਪਣ, ਵੱਖ-ਵੱਖ ਤਰ੍ਹਾਂ ਦੇ ਕੈਂਸਰ, ਨਾੜੀ ਪ੍ਰਣਾਲੀ ਦੇ ਦੋਸ਼ ਅਤੇ ਬੱਚਿਆਂ ਦੇ ਜਨਮ ਸਮੇਂ ਲਗਣ ਵਾਲੇ ਰੋਗਾਂ ਆਦਿ ਲਈ ਸਾਡੇ ਹਵਾ, ਪਾਣੀ ਅਤੇ ਖਾਣ ਪੀਣ ਵਾਲੀਆਂ ਵਸਤਾਂ ਵਿੱਚ ਰਸਾਇਣਾਂ ਦੀ ਬਹੁਤਾਤ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ। ਪੰਜਾਬ ਦੇ ਮਾਲਵੇ ਇਲਾਕੇ ਦੇ ਪਿੰਡਾਂ ਵਿਚੋਂ ਜਾਣਕਾਰੀ ਇਕੱਠੀ ਕਰਨ ਲਈ ਮਾਹਿਰ ਵਿਦਵਾਨਾਂ ਵੱਲੋਂ ਸਬਜ਼ੀਆਂ ਦੇ ਸੈਂਪਲ ਲੈ ਕੇ ਖੋਜਾਂ ਕੀਤੀਆਂ ਗਈਆਂ ਸਨ ਅਤੇ ਸਾਹਮਣੇ ਆਇਆ ਸੀ ਕਿ ਸਬਜ਼ੀਆਂ ਵਿਚ ਕ੍ਰੋਮੀਅਮ, ਯੂਰੇਨੀਅਮ, ਕੈਡਮੀਅਮ, ਲੈੱਡ (ਸਿੱਕਾ) ਅਤੇ ਨਿੱਕਲ ਜਿਹੀਆਂ ਜ਼ਹਿਰੀਲੀਆਂ ਧਾਤੂਆਂ ਦਾ ਖ਼ਤਰਨਾਕ ਪੱਧਰ ਸੀ ਅਤੇ ਇਨ੍ਹਾਂ ਦੀ ਮਾਤਰਾ ਵਿਸ਼ਵ ਸਿਹਤ ਸੰਗਠਨ ਵੱਲੋਂ ਨਿਰਧਾਰਤ ਮਾਪਦੰਡਾਂ ਤੋਂ ਕਿਤੇ ਵੱਧ ਸੀ। ਸਮਝਣ ਦੀ ਲੋੜ ਹੈ ਕਿ ਰਸਾਇਣਾਂ ਦੀ ਲੋੜ ਤੋਂ ਵੱਧ ਵਰਤੋਂ ਕਰਨ ਨਾਲ ਇਹ ਪਾਣੀ ਨਾਲ ਰੁੜ੍ਹ ਕੇ ਪੀਣ ਵਾਲੇ ਪਾਣੀ ਅਤੇ ਜ਼ਮੀਨ ਉੱਪਰਲੇ ਦੂਜੇ ਜਲ ਸਰੋਤਾਂ ਜਿਵੇਂ ਨਹਿਰਾਂ, ਤਲਾਬਾਂ, ਦਰਿਆਵਾਂ ਅਤੇ ਨਿਕਾਸੀ ਨਾਲਿਆਂ ਵਿੱਚ ਦਾਖ਼ਲ ਹੋ ਜਾਂਦੇ ਹਨ। ਮੈਡੀਕਲ ਖੇਤਰ ਦੇ ਮਾਹਿਰਾਂ ਵੱਲੋਂ ਚੌਕਸ ਕੀਤਾ ਗਿਆ ਹੈ ਕਿ ਜ਼ਹਿਰੀਲੀਆਂ ਧਾਤੂਆਂ ਦੇ ਲੰਮਾਂ ਸਮਾਂ ਸੰਪਰਕ ਵਿਚ ਰਹਿਣ ਨਾਲ ਮਨੁੱਖ ਦੀਆਂ ਹਾਰਮੋਨ ਪ੍ਰਣਾਲੀਆਂ ’ਤੇ ਮਾੜਾ ਅਸਰ ਪੈਂਦਾ ਹੈ ਅਤੇ ਉਸ ਦੀ ਸੰਤਾਨ ਪੈਦਾ ਕਰਨ ਦੀ ਸਮਰੱਥਾ ਵੀ ਘੱਟ ਜਾਂਦੀ ਹੈ। ਵਿਗਿਆਨੀਆਂ ਵੱਲੋਂ ਮਾਲਵੇ ਦੇ ਪ੍ਰਭਾਵਿਤ ਪਿੰਡਾਂ ਤੋਂ ਇੱਕਠੀ ਕੀਤੀ ਗਈ ਜਾਣਕਾਰੀ ’ਚ ਇਹ ਪਤਾ ਲੱਗਿਆ ਸੀ ਕਿ ਇਨ੍ਹਾਂ ਇਲਾਕਿਆਂ ਵਿਚ ਹੈਪੇਟਾਇਟਸ-ਸੀ, ਜੋ ਕਿ ਪੀਲੀਏ ਦੀ ਇਕ ਖ਼ਤਰਨਾਕ ਕਿਸਮ ਹੈ, ਤੇ ਕੈਂਸਰ ਦੇ ਕੇਸ ਵਿਆਪਕ ਪੱਧਰ ’ਤੇ ਸਨ। ਪ੍ਰਭਾਵਿਤ ਇਲਾਕਿਆਂ ਵਿਚ ਬੱਚਿਆਂ ਦੇ ਸਮੇਂ ਤੋਂ ਪਹਿਲਾਂ ਜਨਮ ਅਤੇ ਗਰਭਵਤੀ ਮਹਿਲਾਵਾਂ ਵਿਚ ਗਰਭਪਾਤ ਦੇ ਕਾਫ਼ੀ ਮਾਮਲੇ ਸਾਹਮਣੇ ਆਏ ਸਨ। ਇੱਥੋਂ ਤੱਕ ਕਿ ਗਰਭਵਤੀ ਔਰਤਾਂ ਵੱਲੋਂ ਮ੍ਰਿਤਕ ਬੱਚਿਆਂ ਨੂੰ ਜਨਮ ਦੇਣ ਦੀਆਂ ਘਟਨਾਵਾਂ ਵੀ ਦੇਸ਼ ਦੇ ਦੂਜੇ ਹਿੱਸਿਆਂ ਨਾਲੋਂ ਪੰਜ ਗੁਣਾ ਵੱਧ ਵੇਖੀਆਂ ਗਈਆਂ ਸਨ। ਇਨ੍ਹਾਂ ਖ਼ਤਰਨਾਕ ਰਸਾਇਣਾਂ ਦਾ ਛੋਟੇ ਬੱਚਿਆਂ ਦੀ ਸਿਹਤ ਉੱਤੇ ਵੀ ਮਾੜਾ ਪ੍ਰਭਾਵ ਵੇਖਣ ਨੂੰ ਮਿਲਿਆ ਹੈ। ਇਲਾਕੇ ਵਿਚ ਵੱਡੀ ਗਿਣਤੀ ਅਜਿਹੇ ਬੱਚੇ ਵੇਖੇ ਗਏ ਸਨ ਜਿਨ੍ਹਾਂ ’ਚ ਪੇਟ ਅਤੇ ਮਸੂੜ੍ਹਿਆਂ ਦੀਆਂ ਬੀਮਾਰੀਆਂ ਦੇ ਨਾਲ-ਨਾਲ ਦੰਦਾਂ ਦੀ ਬਣਤਰ ਵਿਚ ਵੀ ਖ਼ਰਾਬੀ ਵੇਖੀ ਗਈ ਸੀ। ਖੇਤੀ ਰਸਾਇਣਾਂ ਦਾ ਇਕ ਦੂਜਾ ਪਹਿਲੂ ਵੀ ਹੈ, ਉਹ ਹੈ ਲੋੜ ਤੋਂ ਵੱਧ ਖਾਦਾਂ ਦੀ ਵਰਤੋਂ ਕਰਨਾ। ਇਨ੍ਹਾਂ ਖਾਦਾਂ ਦੇ ਰੁੜ੍ਹ ਕੇ ਜਲ ਸਰੋਤਾਂ ਵਿੱਚ ਮਿਲ ਜਾਣ ਨਾਲ ਕਾਈ ਜਿਹੇ ਫ਼ਾਲਤੂ ਪੌਦੇ ਤੇਜ਼ੀ ਨਾਲ ਉੱਗਣ ਲੱਗਦੇ ਹਨ, ਜਿਸ ਕਰਕੇ ਪਾਣੀ ਨੂੰ ਪ੍ਰਕਾਸ਼ ਅਤੇ ਹਵਾ ਦੀ ਘਾਟ ਹੋਣ ਕਰਕੇ ਪਾਣੀ ਵਿਚਲਾ ਬਾਕੀ ਜਲ-ਜੀਵਨ ਖ਼ਤਰੇ ਵਿੱਚ ਪੈ ਜਾਂਦਾ ਹੈ ਜੋ ਕਿ ਜੈਵਿਕ ਵਿਭਿੰਨਤਾ ਲਈ ਇੱਕ ਬਹੁਤ ਵੱਡਾ ਖ਼ਤਰਾ ਹੈ। ਇਸ ਲਈ ਇਹ ਸਮੇਂ ਦੀ ਲੋੜ ਹੈ ਕਿ ਖੇਤੀਬਾੜੀ ਵਿੱਚ ਖੇਤੀ ਯੂਨੀਵਰਸਿਟੀਆਂ ਦੇ ਵਿਗਿਆਨੀਆਂ ਵੱਲੋਂ ਤੈਅ ਕੀਤੇ ਮਾਪਦੰਡਾਂ ਅਨੁਸਾਰ ਹੀ ਰਸਾਇਣਾਂ ਦੀ ਵਰਤੋਂ ਕੀਤੀ ਜਾਵੇ।
ਸੰਪਰਕ: 62842-20595
