ਪਲਾਸਟਿਕ ਸੰਕਟ
ਪਲਾਸਟਿਕ ਦੇ ਬਣੇ ਸਾਮਾਨ ਨੇ ਸਾਡੇ ਗ੍ਰਹਿ ਦੇ ਸਾਹ ਸੂਤ ਰੱਖੇ ਹਨ ਪਰ ਇਸ ਦੇ ਬਾਵਜੂਦ ਇਸ ਵਧ ਰਹੇ ਸੰਕਟ ’ਤੇ ਕਾਬੂ ਪਾਉਣ ਮੁਤੱਲਕ ਕੋਈ ਆਲਮੀ ਸਹਿਮਤੀ ਨਹੀਂ ਬਣ ਰਹੀ। ਪਲਾਸਟਿਕ ਪਦਾਰਥਾਂ ਬਾਰੇ ਆਲਮੀ ਸੰਧੀ ਉੱਪਰ ਜਨੇਵਾ ਵਾਰਤਾ ਅਸਫਲ ਹੋ ਜਾਣ ਤੋਂ ਸਪੱਸ਼ਟ ਹੋ ਗਿਆ ਹੈ ਕਿ ਦੁਨੀਆ ਦੇ ਦੇਸ਼ ਦੋ ਖੇਮਿਆਂ ਵਿੱਚ ਵੰਡੇ ਹੋਏ ਹਨ ਜਿਨ੍ਹਾਂ ’ਚੋਂ 70 ਦੇਸ਼ਾਂ ਦਾ ਇੱਕ ਗਰੁੱਪ ਨਵੇਂ ਪਲਾਸਟਿਕ ਉੱਪਰ ਆਲਮੀ ਪੱਧਰ ’ਤੇ ਰੋਕਾਂ ਲਾਉਣ ਅਤੇ ਖ਼ਤਰਨਾਕ ਰਸਾਇਣਾਂ ਉੱਪਰ ਆਲਮੀ ਕੰਟਰੋਲ ਕਰਨ ’ਤੇ ਜ਼ੋਰ ਪਾ ਰਿਹਾ ਹੈ; ਤੇਲ ਅਤੇ ਪੈਟਰੋ ਕੈਮੀਕਲ ਪਦਾਰਥ ਪੈਦਾ ਕਰਨ ਵਾਲੇ ਦੇਸ਼ਾਂ ਦਾ ਧੜਾ ਰੀਸਾਈਕਲਿੰਗ, ਕੂੜ ਕਬਾੜ ਦੇ ਪ੍ਰਬੰਧਨ ਅਤੇ ਸਵੈਇੱਛਕ ਵਚਨਬੱਧਤਾਵਾਂ ਤੋਂ ਅਗਾਂਹ ਜਾਣ ਲਈ ਤਿਆਰ ਨਹੀਂ। ਇਸ ਧੜੇ ਜਿਸ ਵਿੱਚ ਭਾਰਤ ਵੀ ਸ਼ਾਮਿਲ ਹੈ, ਦੇ ਹਿੱਸੇ ਵਿੱਚ ਦੁਨੀਆ ਦੇ ਕੁੱਲ ਪਲਾਸਟਿਕ ਗੈਸਾਂ ਦੀ ਨਿਕਾਸੀ ਦਾ 20 ਫ਼ੀਸਦੀ ਆਉਂਦਾ ਹੈ ਜਿਸ ਕਰ ਕੇ ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਪਲਾਸਟਿਕ ਪ੍ਰਦੂਸ਼ਕ ਕਰਾਰ ਦਿੱਤਾ ਜਾਂਦਾ ਹੈ। ਨਵੀਂ ਦਿੱਲੀ ਇਸ ਗੱਲ ’ਤੇ ਜ਼ੋਰ ਦੇ ਰਹੀ ਸੀ ਕਿ ਆਲਮੀ ਪੱਧਰ ’ਤੇ ਪਲਾਸਟਿਕ ਉਤਪਾਦਾਂ ਅਤੇ ਰਸਾਇਣਾਂ ਨੂੰ ਹੌਲੀ-ਹੌਲੀ ਖ਼ਤਮ ਕਰਨ ਦੀ ਕੋਈ ਸਮਾਂ ਸੀਮਾ ਫਿਲਹਾਲ ਤੈਅ ਨਹੀਂ ਕੀਤੀ ਜਾਣੀ ਚਾਹੀਦੀ।
ਭਾਰਤ ਦੀ ਇਸ ਦਲੀਲ ਨਾਲ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ ਕਿ ਕੌਮੀ ਹਾਲਾਤ ਅਤੇ ਕਾਬਲੀਅਤਾਂ ਉੱਪਰ ਢੁਕਵੀਂ ਗ਼ੌਰ ਕੀਤੀ ਜਾਣੀ ਚਾਹੀਦੀ ਹੈ। ਵਿਡੰਬਨਾ ਇਹ ਹੈ ਕਿ ਪੈਟਰੋਕੈਮੀਕਲ ਖੇਤਰ ਦਾ ਜਿੱਥੇ ਭਾਰਤੀ ਅਰਥਚਾਰੇ ਦਾ ਮੁੱਖ ਯੋਗਦਾਨ ਹੈ, ਉੱਥੇ ਇਹ ਮਾਈਕਰੋਪਲਾਸਟਿਕ ਪ੍ਰਦੂਸ਼ਣ ਦਾ ਵੱਡਾ ਜ਼ਰੀਆ ਵੀ ਸਾਬਤ ਹੋ ਰਿਹਾ ਹੈ। ਸਾਡੇ ਚੌਗਿਰਦੇ, ਜੈਵ ਵੰਨ-ਸਵੰਨਤਾ ਅਤੇ ਜਲਵਾਯੂ ਤੇ ਮਨੁੱਖ ਸਿਹਤ ਉੱਪਰ ਇਸ ਦੇ ਅਸਰ ਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ। ਇਹ ਸਨਅਤੀ ਵਿਕਾਸ ਅਤੇ ਵਾਤਾਵਰਨ ਦੀ ਰਾਖੀ ਵਿਚਕਾਰ ਸਮਤੋਲ ਬਿਠਾ ਕੇ ਤੁਰਨ ਵਾਲੀ ਗੱਲ ਹੈ। ਭਾਰਤ ਅਤੇ ਚੀਨ, ਰੂਸ ਤੇ ਸਾਊਦੀ ਅਰਬ ਜਿਹੇ ਹਮਖਿਆਲ ਦੇਸ਼ਾਂ ਨੂੰ ਇਕਜੁੱਟ ਹੋ ਕੇ ਕਦਮ ਪੁੱਟਣ ਦੀ ਲੋੜ ਹੈ। ਇਹ ਭਾਵੇਂ ਪਲਾਸਟਿਕ ਪ੍ਰਦੂਸ਼ਣ ਦੇ ਖਾਤਮੇ ਲਈ ਕੌਮਾਂਤਰੀ ਕਾਨੂੰਨੀ ਬੰਧੇਜਕਾਰੀ ਸਮਝੌਤਾ ਨਾ ਹੋਣ ਦੇਣ ਵਿੱਚ ਸਫਲ ਹੋ ਗਏ ਹਨ ਪਰ ਅਜਿਹਾ ਕਰਨ ਨਾਲ ਇਹ ਆਪੋ-ਆਪਣੇ ਲੋਕਾਂ ਅਤੇ ਵਾਤਾਵਰਨ ਪ੍ਰਤੀ ਆਪਣੇ ਫਰਜ਼ਾਂ ਤੋਂ ਬਰੀ ਨਹੀਂ ਹੋ ਜਾਂਦੇ।
ਅਸਲ ਵਿੱਚ ਪ੍ਰਦੂਸ਼ਣ ਫੈਲਾਉਣ ਵਾਲੀਆਂ ਸਨਅਤਾਂ ਨੂੰ ਸਖ਼ਤ ਸੰਦੇਸ਼ ਦੇਣ ਲਈ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਲੋੜ ਹੈ। ਭਾਰਤ ਨੂੰ ਇਕਹਿਰੀ ਵਰਤੋਂ ਦੇ ਪਲਾਸਟਿਕ ਉੱਪਰ ਲਾਈ ਪਾਬੰਦੀ ਦੇ ਕਾਰਗਰ ਹੋਣ ਅਤੇ ਇਸ ਦੀਆਂ ਕਮੀਆਂ ਦਾ ਲੇਖਾ-ਜੋਖਾ ਕਰਨਾ ਚਾਹੀਦਾ ਹੈ। ਆਖ਼ਿਰਕਾਰ ਕੇਂਦਰ, ਰਾਜ ਸਰਕਾਰਾਂ, ਸਨਅਤਾਂ ਅਤੇ ਆਮ ਲੋਕਾਂ ਸਣੇ ਸਾਰੀਆਂ ਧਿਰਾਂ ਨੂੰ ਇਕਮੱਤ ਹੋਣ ਦੀ ਲੋੜ ਹੈ ਤਾਂ ਕਿ ਦੇਸ਼ ਪਲਾਸਟਿਕ ਪ੍ਰਦੂਸ਼ਣ ਵਿੱਚ ਆਪਣੇ ਹਿੱਸੇ ਨੂੰ ਘਟਾ ਸਕੇ। ਵਾਤਾਵਰਨ ਪੱਖੀ ਪਹੁੰਚ ਅਪਣਾਏ ਬਿਨਾਂ ਭਾਰਤ ਨੂੰ ਵਿਕਸਤ, ਆਤਮ-ਨਿਰਭਰ ਅਤੇ ਖੁਸ਼ਹਾਲ ਦੇਸ਼ ਬਣਾਉਣ ਦਾ ਸੁਫਨਾ ਸਾਕਾਰ ਨਹੀਂ ਕੀਤਾ ਜਾ ਸਕਦਾ।