ਹਾਏ ਗਰਮੀ ਤੌਬਾ ਏਸੀ
ਭਾਰਤ ਦੇ ਬਹੁਤ ਸਾਰੇ ਹਿੱਸਿਆਂ ਅੰਦਰ ਗਰਮੀ ਵਿੱਚ ਬੇਤਹਾਸ਼ਾ ਵਾਧਾ ਹੋਣ ਕਰ ਕੇ ਬਿਜਲੀ ਦੀ ਖ਼ਪਤ ਦੇ ਸਭ ਰਿਕਾਰਡ ਟੁੱਟ ਰਹੇ ਹਨ ਜਿਸ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਇਸ ਲਈ ਇੱਕ ਖ਼ਲਨਾਇਕ, ਭਾਵ, ਏਅਰ ਕੰਡੀਸ਼ਨਰ (ਏਸੀ) ਦੀ ਪਛਾਣ ਕਰ ਲਈ ਹੈ। ਸਰਕਾਰ ਦੀ ਯੋਜਨਾ ਹੈ ਕਿ ਘਰਾਂ, ਹੋਟਲਾਂ ਤੇ ਕਾਰਾਂ ਵਿੱਚ ਗਰਮੀ ਤੋਂ ਰਾਹਤ ਲਈ ਵਰਤੇ ਜਾਂਦੇ ਇਸ ਉਪਕਰਨ ਦੀ ਕੂਲਿੰਗ ਰੇਂਜ ਦੇ ਮਿਆਰ ਕਾਇਮ ਕੀਤੇ ਜਾਣ; ਭਾਵ, ਇਸ ਨੂੰ 20 ਡਿਗਰੀ ਤੋਂ 28 ਡਿਗਰੀ ਤੱਕ ਵਰਤਿਆ ਜਾਵੇ। ਜਦੋਂ ਨਵੇਂ ਨੇਮ ਅਮਲ ਵਿੱਚ ਆ ਗਏ ਤਾਂ 20 ਡਿਗਰੀ ਸੈਲਸੀਅਸ ਤੋਂ ਹੇਠਾਂ ਕੂਲਿੰਗ ਵਾਲੇ ਏਸੀ ਬਣਾਉਣ ਵਾਲੀਆਂ ਕੰਪਨੀਆਂ ’ਤੇ ਪਾਬੰਦੀ ਲਗਾ ਦਿੱਤੀ ਜਾਵੇਗੀ। ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਦੇ ਦੱਸਣ ਮੁਤਾਬਿਕ, ਇਹ ਯਤਨ ਬਿਜਲੀ ਦੀ ਬੱਚਤ ਕਰਨ ਅਤੇ ਭਾਰਤ ਦੀਆਂ ਵਧ ਰਹੀਆਂ ਊਰਜਾ ਲੋੜਾਂ ਦਾ ਪ੍ਰਬੰਧ ਕਰਨ ਲਈ ਕੀਤੇ ਜਾ ਰਹੀ ਚਾਰਾਜੋਈ ਦਾ ਹਿੱਸਾ ਹੈ।
ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗਰਮੀਆਂ ਦੇ ਮਹੀਨਿਆਂ ਵਿੱਚ ਜਦੋਂ ਗਰਮੀ ਦੀ ਮਾਰ ਤੋਂ ਬਚਣ ਲਈ ਲੋਕ ਘਰਾਂ, ਦਫ਼ਤਰਾਂ ਅਤੇ ਹੋਟਲਾਂ ਵਿੱਚ ਏਸੀ ਚਲਾਉਂਦੇ ਹਨ ਤਾਂ ਪਾਵਰ ਗਰਿਡ ’ਤੇ ਦਬਾਅ ਬਹੁਤ ਵਧ ਜਾਂਦਾ ਹੈ, ਖ਼ਾਸਕਰ ਉਦੋਂ ਜਦੋਂ ਏਸੀ 20 ਡਿਗਰੀ ਤੋਂ ਘੱਟ ਰੇਂਜ ’ਤੇ ਚਲਾਏ ਜਾਂਦੇ ਹਨ। ਇਸ ਨਾਲ ਬਹੁਤੀ ਵਾਰ ਬਿਜਲੀ ਚਲੀ ਜਾਂਦੀ ਹੈ ਅਤੇ ਇਸ ਦਾ ਖਮਿਆਜ਼ਾ ਉਨ੍ਹਾਂ ਲੋਕਾਂ ਨੂੰ ਵੀ ਭੁਗਤਣਾ ਪੈਂਦਾ ਹੈ ਜੋ ਏਸੀ ਨਹੀਂ ਚਲਾਉਂਦੇ ਜਾਂ ਇਸ ਦੀ ਸਮੱਰਥਾ ਨਹੀਂ ਰੱਖਦੇ। ਅਸਲ ਵਿੱਚ ਇਹ ਸਮੱਸਿਆ ਬਹੁਤ ਵਧ ਚੁੱਕੀ ਹੈ। ਸਰਕਾਰੀ ਦਫ਼ਤਰਾਂ ਅਤੇ ਪ੍ਰਾਈਵੇਟ ਅਦਾਰਿਆਂ ਵਿੱਚ ਘੰਟਿਆਂਬੱਧੀ ਏਸੀ ਚੱਲਦੇ ਹਨ। ਇਸੇ ਤਰ੍ਹਾਂ ਬਹੁਤੇ ਅਮੀਰ ਘਰਾਂ ਵਿੱਚ ਵੀ ਇਹ ਅਲਾਮਤ ਪਾਈ ਜਾਂਦੀ ਹੈ ਅਤੇ ਉਨ੍ਹਾਂ ਦੀਆਂ ਰਿਹਾਇਸ਼ਗਾਹਾਂ ਦੇ ਹਰ ਕੋਨੇ ਵਿੱਚ ਏਸੀ ਲੱਗੇ ਤੇ ਚੱਲਦੇ ਦਿਖਾਈ ਦਿੰਦੇ ਹਨ। ਬਿਜਲੀ ਦੀ ਵਧੀ ਹੋਈ ਖ਼ਪਤ ਦੀ ਪੂਰਤੀ ਲਈ ਜੋ ਵਾਧੂ ਬਿਜਲੀ ਪੈਦਾ ਕੀਤੀ ਜਾਂਦੀ ਹੈ, ਉਨ੍ਹਾਂ ਕਦਮਾਂ ਨਾਲ ਹੋਰ ਜ਼ਿਆਦਾ ਤਪਸ਼ ਵਧਦੀ ਹੈ। ਊਰਜਾ ਕੁਸ਼ਲਤਾ ਬਿਊਰੋ (ਬੀਈਈ) ਵੱਲੋਂ ਊਰਜਾ ਕੁਸ਼ਲਤਾ ਵਾਲੇ ਉਪਕਰਨਾਂ ਤੇ ਸਾਜ਼ੋ-ਸਾਮਾਨ ਦੀ ਵਰਤੋਂ ਨੂੰ ਹੱਲਾਸ਼ੇਰੀ ਵੀ ਦਿੱਤੀ ਜਾਂਦੀ ਹੈ।
ਏਅਰ ਕੰਡੀਸ਼ਨਰਾਂ ਤੋਂ ਇਲਾਵਾ ਸਾਨੂੰ ਖ਼ੁਦ ਨੂੰ ਇਹ ਪੁੱਛਣ ਦੀ ਲੋੜ ਹੈ: ਸਾਡੇ ਸ਼ਹਿਰਾਂ ’ਚ ਤਪਸ਼ ਆਖ਼ਿਰ ਐਨੀ ਕਿਉਂ ਵਧ ਰਹੀ ਹੈ ਕਿ ਸੰਭਾਲਣੀ ਮੁਸ਼ਕਿਲ ਹੋ ਰਹੀ ਹੈ। ਸੱਚ ਇਹ ਹੈ ਕਿ ਸ਼ਹਿਰੀਕਰਨ ਗਰਮੀ ਵਧਾਉਣ ਵਿੱਚ ਵੱਡਾ ਹਿੱਸਾ ਪਾ ਰਿਹਾ ਹੈ ਕਿਉਂਕਿ ਇਸ ਕਰ ਕੇ ਹਰਿਆਲੀ ਘਟੀ ਹੈ। ਇਸ ਤੋਂ ਇਲਾਵਾ ਤਪਸ਼ ਵਧਾਉਣ ਵਾਲੀ ਇਮਾਰਤੀ ਸਮੱਗਰੀ ਦੀ ਵਰਤੋਂ, ਬਿਜਲੀ ਦੀ ਬੇਕਾਬੂ ਮੰਗ ਅਤੇ ਵਾਹਨਾਂ ਦੀ ਲਗਾਤਾਰ ਵਧਦੀ ਨਿਕਾਸੀ ਦਾ ਵੀ ਇਸ ’ਚ ਵੱਡਾ ਯੋਗਦਾਨ ਹੈ। ਸ਼ਹਿਰੀ ਯੋਜਨਾਬੰਦੀ ਵਿੱਚ ਮਿਸਾਲੀ ਤਬਦੀਲੀ ਹੋਣੀ ਚਾਹੀਦੀ ਹੈ ਤਾਂ ਕਿ ਜਲਵਾਯੂ ਤਬਦੀਲੀ, ਖ਼ਾਸ ਤੌਰ ’ਤੇ ਤਪਸ਼ ਦਾ ਟਾਕਰਾ ਕੀਤਾ ਜਾ ਸਕੇ। ਛੱਤਾਂ ਠੰਢੀਆਂ ਰੱਖਣ ਵਾਲੀਆਂ ਤਕਨੀਕਾਂ ਉੱਤੇ ਜ਼ੋਰ ਦੇਣਾ ਚਾਹੀਦਾ ਹੈ- ਅਜਿਹੇ ਪਦਾਰਥ ਜਾਂ ਢਾਂਚੇ ਜੋ ਆਮ ਛੱਤ ਨਾਲੋਂ ਸੂਰਜ ਵਾਲੀ ਤਪਸ਼ ਨੂੰ ਵੱਧ ਵਾਪਸ ਮੋੜਨ ਅਤੇ ਇਸ ਤਰ੍ਹਾਂ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਘਟਾਉਣ। ਵਿਦੇਸ਼ਾਂ ਵਿੱਚ ਅਜਿਹੀਆਂ ਤਕਨੀਕਾਂ ਪਹਿਲਾਂ ਹੀ ਵਰਤੀਆਂ ਜਾ ਰਹੀਆਂ ਹਨ। ਜਿੱਥੇ ਜ਼ਿਆਦਾ ਗਰਮੀ ਪੈਂਦੀ ਹੈ, ਉੱਥੇ ਛੱਤਾਂ ਠੰਢੀਆਂ ਰੱਖਣ ਲਈ ਖ਼ਾਸ ਕਿਸਮ ਦੀ ਸਮੱਗਰੀ ਵਰਤੀ ਜਾ ਰਹੀ ਹੈ। ਹਰਿਆਲੀ ਵਧਾ ਕੇ ਅਤੇ ਰਵਾਇਤੀ ਤਲਾਬ ਪੁਨਰ ਜੀਵਤ ਕਰ ਕੇ ਵੀ ਪਾਰਾ ਹੇਠਾਂ ਲਿਆਉਣ ਵਿੱਚ ਮਦਦ ਮਿਲ ਸਕਦੀ ਹੈ। ਸਾਂਝੀ ਜ਼ਿੰਮੇਵਾਰੀ ਦੀ ਭਾਵਨਾ ਵੱਡੀ ਤਬਦੀਲੀ ਲਿਆ ਸਕਦੀ ਹੈ। ਸ਼ਹਿਰਾਂ ਨੂੰ ਮੁਕੰਮਲ ਧਿਆਨ ਦੇਣਾ ਪਏਗਾ- ਹਾਲਾਤ ਬਦਲਣ ਲਈ ਸਥਾਨਕ ਪ੍ਰਸ਼ਾਸਨ, ਪ੍ਰਾਈਵੇਟ ਸੈਕਟਰ ਦੀਆਂ ਇਕਾਈਆਂ, ਗ਼ੈਰ-ਸਰਕਾਰੀ ਸੰਗਠਨਾਂ ਤੇ ਲੋਕਾਂ, ਸਾਰਿਆਂ ਨੂੰ ਮਿਲ ਕੇ ਉੱਦਮ ਕਰਨਾ ਪਏਗਾ।