ਹਾਏ ਰੁਪੱਈਆ ...
ਜ਼ਿੰਦਗੀ ਵਿਚ ਨੋਟ ਭਾਵ ਪੈਸੇ ਦੀ ਲੋੜ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪੈਸਾ ਹੱਥ ਵਿਚ ਹੋਵੇ ਤਾਂ ਹਰ ਕੰਮ ਹੋ ਜਾਂਦਾ ਹੈ। ਜੇ ਇਹੀ ਪੈਸਾ ਬਿਲਕੁਲ ਨਾ ਮਿਲੇ ਤਾਂ ਭੁੱਖ ਮਿਟਾਉਣ ਲਈ ਬੰਦਾ ਇਸ ਨੂੰ ਖੋਹ ਕੇ, ਚੋਰੀ ਕਰਕੇ ਜਾਂ ਧੋਖਾਧੜੀ ਦੇ ਹਥਕੰਡੇ ਅਪਣਾ ਕੇ ਹਾਸਲ ਕਰਦਾ ਹੈ। ਪੈਸੇ ਦੀ ਚੜ੍ਹਤ ਹਮੇਸ਼ਾ ਹੀ ਸਾਡੇ ਲੋੋਕ ਅਖਾਣਾਂ, ਗਾਣਿਆਂ, ਕਹਾਣੀਆਂ ਅਤੇ ਫ਼ਿਲਮਾਂ ਦਾ ਵਿਸ਼ਾ ਬਣਦੀ ਰਹੀ ਹੈ: ਡਾਢਿਆਂ ਦੇ ਸੱਤੀਂ ਵੀਹੀਂ ਸੌ, ਰੁਪੱਈਆ ਹਾਏ ਰੁਪੱਈਆ ਨਾ ਬੋਲੇ ਹੱਸ ਕੇ ਮੱਈਆ, ਆਮਦਨੀ ਅਠੱਨੀ ਖਰਚਾ ਰੁਪੱਈਆ, ਲੈ ਜਾਇਓ ਇਕ ਪੈਸਾ/ਆਪਣੀ ਬੰਸਰੀ ਮੇਰੀਆਂ ਚੂੜੀਆਂ/ਕਾਕੇ ਦਾ ਛਣਕਣਾ/ ਲੈ ਕੇ ਗੱਡੀ ਵਿਚ ਬਹਿ ਕੇ/ਆਪ ਗੱਡੀ ਚੜ੍ਹ ਆਇਓ ਜੀ, ਇਕ ਪੈਸਾ/ਧੇਲਾ ਮੋੜ ਲਿਆਇਓ ਜੀ, ਇਕ ਪੈਸਾ। ਪੈਸੇ ਦੀ ਪ੍ਰਸੰਗਿਕਤਾ ਅਤੇ ਅਹਿਮੀਅਤ ਦਰਸਾਉਂਦੇ ਇਸ ਲੰਬੇ ਵਾਕ ਵਿਚ ਅੰਤਿਮ ਬਿਆਨ ਵਿਚਲਾ ਪੈਸਾ ਉਹ ਵੱਡੇ ਆਕਾਰ ਦਾ ਪੁਰਾਣਾ ਪੈਸਾ ਹੈ ਜਿਸ ਦੀ ਅਗਲੀ ਭੰਨ ਜਾਂ ਭਾਨ ਧੇਲਾ ਅਤੇ ਪਾਈ ਅਖਵਾਉਂਦੀ ਸੀ। ਧੇਲੇ ਤੋਂ ਯਾਦ ਆਇਆ- ਪੱਲੇ ਹੈ ਨੀਂ (ਨਹੀਂ) ਧੇਲਾ, ਕਰਦੀ ਮੇਲਾ-ਮੇਲਾ; ਅਸੀਂ ਤਾਂ ਪਾਈ ਪਾਈ ਚੁਕਾ ਦਿੱਤੀ ਜੀ; ਅਤੇ ਜੇ ਪਾਈ ਤੋਂ ਵੀ ਪਿੱਛੇ ਜਾਈਏ ਤਾਂ ਹੁੰਦੀ ਸੀ ਕੌਡੀ ਤੇ ਅਖਾਣ ਬਣਿਆ- ਉਹ ਤਾਂ ਫੁੱਟੀ ਕੌਡੀ ਨੀਂ ਦੁਆਲ (ਦੇਣ ਵਾਲਾ)।
ਕਿਸੇ ਸਮੇਂ ਗੱਲ ਲੱਖਪਤੀਆਂ ਦੀ ਹੁੰਦੀ ਸੀ। ਹੁਣ ਅਰਬਾਂਪਤੀ, ਖਰਬਾਂਪਤੀ ਖ਼ਬਰਾਂ ’ਚ ਰਹਿੰਦੇ ਨੇ ਅਤੇ ਸਭ ਤੋਂ ਵੱਧ ਦੌਲਤਵਾਨ ਹੋਣ ਦੇ ਨਾਤੇ ਅਜੋਕੇ ਅਡਾਨੀ-ਅੰਬਾਨੀ ਇਕ ਦੂਜੇ ਨੂੰ ਮਾਤ ਪਾਈ ਰੱਖਣ ਦੀ ਦੌੜ ਵਿਚ ਲੱਗੇ ਰਹਿੰਦੇ ਨੇ। ਹੁਣ ਪੈਸਾ ਹੀ ਰੱਬ ਹੈ, ਪੈਸਾ ਹੀ ਭਗਵਾਨ ਹੈ ਅਤੇ ‘ਬਾਜ਼ਾਰ’ ਵਲੋਂ ਵੇਚਿਆ ਜਾ ਰਿਹਾ ਸਭ ਤੋਂ ਵੱਡਾ ਵਰਦਾਨ ਹੈ। ਜਦੋਂ ਵੀ ਕੋਈ ਪੁਰਾਣੀ ਹਿੰਦੀ ਫ਼ਿਲਮ ਦੇਖਣ ਲਈ ਇੱਕ ਵਿਸ਼ੇਸ਼ ਟੀਵੀ ਚੈਨਲ ਲਾਈਦਾ ਹੈ ਤਾਂ ਚੈਨਲ ਖੁੱਲ੍ਹਦਿਆਂ ਹੀ ਸਭ ਤੋਂ ਪਹਿਲਾਂ ‘ਬਾਜ਼ਾਰ’ ਮਣੀ ਰਤਨਮ ਨਾਮ ਦਾ ਲੌਕੇਟ ਭਿਜਵਾਉਣ ਦੀ ਪੇਸ਼ਕਸ਼ ਕਰਦਾ ਹੈ, ਜਿਸ ਨੂੰ ਪਹਿਨਣ ਵਾਲੇ ਵੱਲ ਨੋਟ ਭੱਜੇ ਆਉਣਗੇ। ਯਕੀਨ ਦਿਵਾਇਆ ਜਾਂਦਾ ਹੈ ਕਿ ਇਹ ਮਣੀ ਰਤਨਮ ਦਰਸ਼ਕਾਂ ਦੇ ਸਾਰੇ ਦੁੱਖਾਂ ਦਾ ਦਾਰੂ ਬਣ ਕੇ ਨੋਟਾਂ ਦੀਆਂ ਲਹਿਰਾਂ ਲਾ ਦੇਵੇਗਾ। ਇਸ ਤਰ੍ਹਾਂ ਮਣੀ ਰਤਨਮ ਦੀ ਇਹ ਤਾਵੀਜ਼ੀ ਸ਼ਕਤੀ ਬੰਦੇ ਨੂੰ ਤਾਂਘ, ਲਾਲਚ ਅਤੇ ਲਾਲਸਾਵਾਂ ਦੀ ਪੂਰਤੀ ਅਤੇ ਵਿਹਲੜਪੁਣੇ ਦੇ ਸਬਕ ਸਿਖਾਉਂਦੀ ਹੈ। ਇਸ ਤਰ੍ਹਾਂ ਦੇ ਪੈਸੇ ਦੀ ਚੜ੍ਹਤ ਬਣਾਉਣ ਵਾਲੇ ਵਿਗਿਆਪਨ ਅਜੋਕੀ ਜੀਵਨ ਜਾਚ ਦਾ ਹਿੱਸਾ ਬਣਾ ਕੇ ਮੀਡੀਆ ’ਚ ਨਿਰੰਤਰ ਵਿਖਾਏ ਜਾਂਦੇ ਹਨ।
ਹਾਲੀਆ ਖ਼ਬਰਾਂ ਵਿਚ ਨੋਟਾਂ ਦੀਆਂ ਥੱਬੀਆਂ ਜੋੜ-ਜੋੜ ਕੇ ਜਮ੍ਹਾਂ ਕਰਨ ਵਾਲਿਆਂ ਦਾ ਹੈਰਾਨਕੁਨ ਬਿਓਰਾ ਤਸਵੀਰਾਂ ਸਹਿਤ ਛਪਿਆ ਹੈ। ਪਿਛਲੇ ਕੁਝ ਅਰਸੇ ਤੋਂ ਰੱਜਦੇ ਪੁੱਜਦੇ ਬੰਦਿਆਂ ਵੱਲੋਂ ਨੋਟਾਂ ਦੀਆਂ ਬੋਰੀਆਂ, ਅਟੈਚੀ ਅਤੇ ਬੈਗ ਭਰ ਕੇ ਘਰਾਂ ਅਤੇ ਸਟੋਰਾਂ ਆਦਿ ਵਿਚ ਜਮ੍ਹਾਂ ਕਰਕੇ ਰੱਖਣ ਦਾ ਰੁਝਾਨ ਜ਼ੋਰਾਂ ਉਤੇ ਹੈ। ਹਾਲ ਹੀ ਵਿਚ ਵਾਪਰਿਆ ਕਾਂਡ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਦੇ ਨਾਂ ਨਾਲ ਜੁੜਿਆ ਹੈ। ਪੁਲੀਸ, ਕਾਨੂੰਨ, ਕਮਿਸ਼ਨ ਆਦਿ ਕੋਈ ਨਾ ਕੋਈ ਪ੍ਰਬੰਧਕੀ ਜਾਂ ਅਨੁਸ਼ਾਸਨੀ ਅਫ਼ਸਰਸ਼ਾਹੀ ਪੈਸੇ ਦੇ ਸ਼ਿਕੰਜੇ ’ਚ ਫਸੀ ਹੋਈ ਹੈ। ਅੱਜ ਤੋਂ ਦੋ ਦਹਾਕੇ ਪਹਿਲਾਂ ਪਬਲਿਕ ਸਰਵਿਸ ਕਮਿਸ਼ਨ ਵਾਲੇ ਰਵੀ ਸਿੱਧੂ ਨੇ ਨੋਟਾਂ ਨਾਲ ਬੈਂਕਾਂ ਦੇ ਲੌਕਰ ਭਰ ਰੱਖੇ ਸਨ। ਨਾ ਉਹ ਨੋਟ ਖਾਧੇ ਜਾ ਸਕਦੇ ਸਨ ਤੇ ਨਾ ਹੀ ਜਮ੍ਹਾਂ ਪਿਆਂ ਨੇ ਕਿਸੇ ਤਰ੍ਹਾਂ ਦੁੱਗਣੇ ਤਿਗਣੇ ਹੋਣਾ ਸੀ ਜਾਂ ਉਨ੍ਹਾਂ ਦੀ ਗਿਣਤੀ ਵਧ ਜਾਣੀ ਸੀ। ਸਿੱਧੂ ਨੂੰ ਵੀ ਇਸ ਗੱਲ ਦਾ ਪਤਾ ਸੀ। ਫਿਰ ਵੀ ਉਹ ਆਪਣੇ ਹਿਸਾਬ ਨਾਲ ਨੋਟਾਂ ਨੂੰ ਵਧਾਈ ਗਿਆ। ਇਸ ਲਈ ਹੀ ਪੰਜਾਬੀ ਵਿਚ ਇਹ ਗਾਣਾ ਬਣਿਆ ਹੋਇਆ ਹੈ: ‘‘ਜੋੜ ਜੋੜ ਮਾਇਆ ਕਦੇ ਨਹੀਉਂ ਰੱਜਣਾ/ਮਿੱਟੀ ਦਿਆ ਭਾਂਡਿਆ ਅਖੀਰ ਭੱਜਣਾ।’’ ਨੁਕਸਾਨ ਉਹਨਾਂ ਦਾ ਹੋਇਆ ਜਿਨ੍ਹਾਂ ਨੇ ਕਮਿਸ਼ਨ ਦੇ ਚੇਅਰਮੈਨ ਨੂੰ ਰਿਸ਼ਵਤ ਦੇ ਉਹ ਨੋਟ ਨਹੀਂ ਸਨ ਦਿੱਤੇ ਜਿਨ੍ਹਾਂ ਨੂੰ ਸਿੱਧੂ ਲਾਕਰਾਂ ਵਿਚ ਲਕੋਈ ਗਿਆ। ਕੇਸ ਦੀ ਤਫ਼ਤੀਸ਼ ਕਰਕੇ ਕਸੂਰਵਾਰਾਂ (ਰਿਸ਼ਵਤ ਦੇਣ ਵਾਲਿਆਂ) ਅਤੇ ਬੇਕਸੂਰਾਂ (ਰਿਸ਼ਵਤ ਨਾ ਦੇਣ ਵਾਲਿਆਂ) ਨੂੰ ਛਾਂਟਦਿਆਂ ਲੱਗਣ ਵਾਲੀ ਦੇਰੀ ਨੇ ਸਭ ਨੂੰ ਨੌਕਰੀਆਂ ਦੇਰ ਨਾਲ ਮਿਲਣ ਦੀ ਸਜ਼ਾ ਦੇ ਦਿੱਤੀ।
ਅਜੋਕੇ ਮਾਇਆਵਾਦੀ ਦੌਰ ਦਾ ਇਨਸਾਨ ਸੁੱਖ-ਸਮਰਿੱਧੀ ਦੀ ਮੰਗ ਤਾਂ ਮੰਗਦਾ ਹੈ ਪਰ ਸੁੱਖ ਨੂੰ ਵੀ ਸਮਰਿੱਧੀ (ਨੋਟਾਂ) ਵਿਚੋਂ ਭਾਲਣ ਦੀ ਗ਼ਲਤੀ ਕਰ ਬੈਠਦਾ ਹੈ। ਇਹ ਉਸ ਦੀ ਸਭ ਤੋਂ ਵੱਡੀ ਤ੍ਰਾਸਦੀ ਹੈ ਅਤੇ ਮਨੁੱਖਤਾ ਦਾ ਸਭ ਤੋਂ ਵੱਡਾ ਨਿਘਾਰ ਹੈ।
ਸੰਪਰਕ: 98149-02564
