ਕਾਸਮੈਟਿਕ ਦੇ ਨਵੇਂ ਨੇਮ
ਦੇਸ਼ ਦੀ ਕਾਸਮੈਟਿਕ ਸਨਅਤ ਦੇ ਇਸ ਸਾਲ 30 ਅਰਬ ਡਾਲਰ ਦੇ ਕਾਰੋਬਾਰ ਤੱਕ ਅੱਪੜ ਜਾਣ ਦੇ ਆਸਾਰ ਹਨ ਤੇ ਇਹ ਛੜੱਪੇ ਮਾਰ ਕੇ ਵਧ ਰਹੀ ਹੈ, ਪਰ ਇਸ ਪਰਦੇ ਪਿੱਛੇ ਉਤਪਾਦ ਸੁਰੱਖਿਆ ਦੀ ਚਿੰਤਾ ਲਗਾਤਾਰ ਚੱਲ ਰਹੀ ਹੈ। ਕੇਂਦਰ ਸਰਕਾਰ ਵੱਲੋਂ ਕਾਸਮੈਟਿਕ ਉਤਪਾਦਾਂ ਲਈ ਸਖ਼ਤ ਨੇਮ ਨੋਟੀਫਾਈ ਕੀਤੇ ਜਾਣੇ ਮੌਕੇ ਕੀਤੀ ਕਾਰਵਾਈ ਤੇ ਲੋੜੀਂਦਾ ਦਖ਼ਲ ਦਰਸਾਉਂਦਾ ਹੈ ਤਾਂ ਕਿ ਖਪਤਕਾਰਾਂ ਦਾ ਭਰੋਸਾ ਬਹਾਲ ਕੀਤਾ ਜਾਵੇ ਅਤੇ ਇਸ ਸਨਅਤ ਉੱਪਰ ਸੁਚੱਜੀ ਨਿਗਰਾਨੀ ਕਾਇਮ ਕੀਤੀ ਜਾਵੇ। ਨਵੇਂ ਨੇਮਾਂ ਤਹਿਤ ਸਾਰੇ ਕਾਸਮੈਟਿਕ ਉਤਪਾਦਾਂ ਦੀ ਜਾਂਚ ਕਰਾਉਣੀ ਲਾਜ਼ਮੀ ਹੋਵੇਗੀ ਕਿ ਇਨ੍ਹਾਂ ਵਿੱਚ ਭਾਰੀਆਂ ਧਾਤਾਂ ਅਤੇ ਕਿਰਮਾਂ ਦੀ ਕਿਸੇ ਕਿਸਮ ਦੀ ਲਾਗ ਤਾਂ ਨਹੀਂ ਹੈ। ਇਨ੍ਹਾਂ ਦੀ ਸਪੱਸ਼ਟ ਲੇਬਲਿੰਗ ਕਰਨ ਦੇ ਨੇਮ ਨਾਲ ਇਨ੍ਹਾਂ ਵਿੱਚ ਵਰਤੀ ਜਾਣ ਵਾਲੀ ਸਮੱਗਰੀ, ਮਿਆਦ ਮਿਤੀ ਅਤੇ ਵਰਤੋਂ ਸੇਧਾਂ ਬਾਰੇ ਪਾਰਦਰਸ਼ਤਾ ਆਉਣ ਦੀ ਉਮੀਦ ਹੈ। ਇਨ੍ਹਾਂ ਸੁਧਾਰਾਂ ਤੋਂ ਅਮਰੀਕਾ ਵਿੱਚ ਯੂਐੱਸ ਐੱਫਡੀਏ ਵੱਲੋਂ ਲਿਆਂਦੇ ਮਾਡਰਨਾਈਜੇਸ਼ਨ ਆਫ ਕਾਸਮੈਟਿਕਸ ਰੈਗੂਲੇਸ਼ਨ ਐਕਟ (ਮੌਕਰਾ) ਜਿਹੇ ਰੈਗੂਲੇਟਰੀ ਮਾਡਲਾਂ ਦੀ ਝਲਕ ਪੈਂਦੀ ਹੈ ਜਿਸ ਨਾਲ ਭਾਰਤੀ ਨਿਗਰਾਨੀ ਕੌਮਾਂਤਰੀ ਮਿਆਰਾਂ ਦੇ ਨੇੜੇ ਤੇੜੇ ਚਲੀ ਜਾਵੇਗੀ।
ਹਾਲਾਂਕਿ ਡਰੱਗਜ਼ ਐਂਡ ਕਾਸਮੈਟਿਕਸ ਐਕਟ-1940 ਇਸ ਕਾਰੋਬਾਰ ਉੱਪਰ ਨਿਗਰਾਨੀ ਰੱਖ ਰਿਹਾ ਸੀ ਪਰ ਇਹ ਬਹੁਤਾ ਕਰ ਕੇ ਕਮਜ਼ੋਰ ਅਤੇ ਵੇਲਾ ਵਿਹਾਅ ਚੁੱਕੇ ਨੇਮਾਂ ਨੂੰ ਲੈ ਕੇ ਚੱਲ ਰਿਹਾ ਸੀ ਜੋ ਆਧੁਨਿਕ ਫਾਰਮੂਲਿਆਂ ਅਤੇ ਉੱਭਰ ਰਹੀ ਮੰਡੀ ਦੀ ਜਟਿਲਤਾ ਨੂੰ ਮੁਖ਼ਾਤਿਬ ਹੋਣ ਤੋਂ ਅਸਮਰੱਥ ਦਿਖਾਈ ਦਿੰਦਾ ਸੀ। ਬਾਜ਼ਾਰ ਵਿੱਚ ਬਾਹਰੋਂ ਆਉਣ ਵਾਲੇ ਉਤਪਾਦਾਂ ਦੀ ਭਰਮਾਰ ਹੈ ਅਤੇ ਕਈ ਬ੍ਰਾਂਡ ਗਾਹਕਾਂ ਤੱਕ ਸਿੱਧੇ ਪਹੁੰਚ ਬਣਾ ਰਹੇ ਹਨ ਅਤੇ ਕਈ ਵਾਰ ਅਸੁਰੱਖਿਅਤ ਅਤੇ ਝੂਠੇ ਲੇਬਲਾਂ ਦੀ ਸਮੱਸਿਆ ਵੀ ਬਣਦੀ ਹੈ ਜਿਨ੍ਹਾਂ ਵਿੱਚ ਪਾਰੇ, ਸ਼ੀਸ਼ੇ ਜਾਂ ਸਟੀਰਾਇਡਾਂ ਦੀ ਮਿਲਾਵਟ ਹੋਣ ਕਰ ਕੇ ਇਹ ਭੋਲੇ-ਭਾਲੇ ਖਪਤਕਾਰਾਂ ਲਈ ਨੁਕਸਾਨਦਾਇਕ ਸਾਬਿਤ ਹੁੰਦੇ ਹਨ। ਨਵੇਂ ਨੇਮਾਂ ਨਾਲ ਗ਼ਲਤ ਕਿਸਮ ਦੀਆਂ ਅਜਿਹੀਆਂ ਕਾਰਵਾਈਆਂ ਵਿੱਚ ਸ਼ਾਮਿਲ ਇਕਾਈਆਂ ਉੱਪਰ ਸ਼ਿਕੰਜਾ ਕੱਸਣ ਦਾ ਰਾਹ ਮੋਕਲਾ ਹੋ ਜਾਣ ਦੀ ਉਮੀਦ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਸਰਕਾਰ ਨੇ ਨਿਗਰਾਨ ਤੰਤਰ ’ਚ ਵਾਧੇ ਅਤੇ ‘ਜ਼ਿੰਮੇਵਾਰ ਵਿਅਕਤੀਆਂ’ ਦੀ ਨਿਯੁਕਤੀ ਰਾਹੀਂ ਆਲਮੀ ਪੱਧਰ ’ਤੇ ਲਾਗੂ ਜਵਾਬਦੇਹੀ ਢਾਂਚੇ ਨੂੰ ਅਪਣਾਇਆ ਹੈ। ਇਸ ਤਰ੍ਹਾਂ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾ ਸਕਦੀ ਹੈ। ਇਹ ਕੰਪਨੀਆਂ ਦੀ ਜ਼ਿੰਮੇਵਾਰੀ ਤੈਅ ਕਰੇਗਾ ਕਿ ਉਹ ਆਪਣੇ ਉਤਪਾਦ ਨੂੰ ਬਾਜ਼ਾਰ ਵਿੱਚ ਉਤਾਰਨ ਤੋਂ ਪਹਿਲਾਂ ਸੁਰੱਖਿਆ ਮਿਆਰਾਂ ਨੂੰ ਮਜ਼ਬੂਤ ਕਰਨ। ਹਾਲਾਂਕਿ ਇਹ ਸਖ਼ਤੀ ਸਿਰਫ਼ ਕਾਗਜ਼ਾਂ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ। ਨਿਰਦੇਸ਼ਾਂ ਨੂੰ ਅਸਰਦਾਰ ਤਰੀਕੇ ਨਾਲ ਲਾਗੂ ਕਰਨ ਲਈ ਸਮਰੱਥ ਲੈਬਾਂ, ਸਿੱਖਿਅਤ ਰੈਗੂਲੇਟਰੀ ਅਮਲੇ ਤੇ ਨਿਯਮਤ ਲੇਖੇ-ਜੋਖੇ ਦੀ ਲੋੜ ਪਏਗੀ। ਜਿਸ ਤਰ੍ਹਾਂ ਸੁੰਦਰਤਾ ਨਾਲ ਸਬੰਧਿਤ ਸਨਅਤ ਨਿਊਟਰਾਸਿਊਟੀਕਲਜ਼, ਆਯੁਰਵੈਦਿਕ ਮਿਸ਼ਰਨਾਂ ਤੇ “ਕਲੀਨ ਬਿਊਟੀ” ਖੇਤਰ ’ਚ ਵੀ ਪੈਰ ਪਸਾਰ ਰਹੀ ਹੈ, ਨਿਯਮਾਂ ਦਾ ਇਹ ਢਾਂਚਾ ਸਾਰੀਆਂ ਉੱਭਰਦੀਆਂ ਸ਼੍ਰੇਣੀਆਂ ਉੱਤੇ ਲਾਗੂ ਹੋਣਾ ਚਾਹੀਦਾ ਹੈ। ਕਾਸਮੈਟਿਕ ਮਹਿਜ਼ ਸੁੰਦਰਤਾ ਦਾ ਸਾਜ਼ੋ-ਸਾਮਾਨ ਨਹੀਂ ਹਨ, ਬਲਕਿ ਸਿੱਧੇ ਤੌਰ ’ਤੇ ਲੋਕਾਂ ਦੀ ਸਿਹਤ ਨੂੰ ਪ੍ਰਭਾਵਿਤ ਕਰਦੇ ਹਨ। ਇਹ ਨਵੇਂ ਨਿਯਮ ਅਜਿਹੇ ਸਨਅਤੀ ਖੇਤਰ ਵਿੱਚ ਅਤਿ ਲੋੜੀਂਦਾ ਸੁਧਾਰ ਹਨ ਜੋ ਲੰਮੇ ਸਮੇਂ ਤੋਂ ਸੂਖ਼ਮ ਨਿਗਰਾਨੀ ਤੋਂ ਬਿਨਾਂ ਵਧ-ਫੁੱਲ ਰਿਹਾ ਹੈ। ਸਰਕਾਰ ਤੇ ਉਦਯੋਗ ਜਗਤ ਦੋਵਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸੁੰਦਰਤਾ ਕਦੇ ਵੀ ਸਲਾਮਤੀ ਦੀ ਕੀਮਤ ’ਤੇ ਨਾ ਆਵੇ।