ਹਵਾਬਾਜ਼ੀ ਸੁਰੱਖਿਆ ’ਚ ਅਣਗਹਿਲੀ
ਇਹ ਖੁਲਾਸਾ ਕਿ ਏਅਰ ਇੰਡੀਆ ਦੇ ਇੱਕ ਏਅਰਬੱਸ ਏ320 ਜਹਾਜ਼ ਵੱਲੋਂ ਮਿਆਦ ਪੁਗਾ ਚੁੱਕੇ ਉਡਾਣ ਯੋਗਤਾ ਸਮੀਖਿਆ ਸਰਟੀਫਿਕੇਟ (ਏ ਆਰ ਸੀ) ਨਾਲ ਅੱਠ ਵਪਾਰਕ ਉਡਾਣਾਂ ਭਰੀਆਂ ਗਈਆਂ ਹਨ, ਮਹਿਜ਼ ਰੈਗੂਲੇਟਰੀ ਅਣਗਹਿਲੀ ਨਹੀਂ ਹੈ; ਬਲਕਿ ਦੁਖਦਾਈ ਰੂਪ ਵਿੱਚ ਇਹ ਲੋਕਾਂ ਦਾ ਭਰੋਸਾ ਤੋੜਨ ਵਾਲੀ ਗੱਲ ਹੈ। ਰਿਪੋਰਟਾਂ ਅਨੁਸਾਰ ਇਸ ਜਹਾਜ਼ ਨੇ 24 ਤੇ 25 ਨਵੰਬਰ ਨੂੰ ਬਿਨਾਂ ਵੈਧ ਸੁਰੱਖਿਆ ਕਲੀਅਰੈਂਸ ਤੋਂ ਉਡਾਣ ਭਰੀ, ਜਿਸ ਕਾਰਨ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀ ਜੀ ਸੀ ਏ) ਨੇ ਜਾਂਚ ਹੋਣ ਤੱਕ ਇਸ ਜਹਾਜ਼ ਨੂੰ ਉਡਾਣ ਭਰਨ ਤੋਂ ਰੋਕ ਦਿੱਤਾ ਹੈ ਅਤੇ ਸ਼ਾਮਲ ਕਰਮਚਾਰੀਆਂ ਨੂੰ ਉਡਾਣ ਰੋਸਟਰ ਤੋਂ ਬਾਹਰ ਕਰ ਦਿੱਤਾ ਗਿਆ ਹੈ। ਵਪਾਰਕ ਹਵਾਬਾਜ਼ੀ ਖੇਤਰ ਹਿਫ਼ਾਜ਼ਤੀ ਅਨੁਸ਼ਾਸਨ ਦੀ ਮਜ਼ਬੂਤ ਨੀਂਹ ’ਤੇ ਟਿਕਿਆ ਹੋਇਆ ਹੈ। ਏ ਆਰ ਸੀ ਇੱਕ ਲਾਜ਼ਮੀ ਮੁਲਾਂਕਣ ਹੈ ਜੋ ਜਹਾਜ਼ ਦੀ ਉਡਾਣ ਦੀ ਤਿਆਰੀ ਨੂੰ ਪ੍ਰਮਾਣਿਤ ਕਰਦਾ ਹੈ। ਇਹ ਤੱਥ, ਕਿ ਐਨੀ ਵੱਡੀ ਅਣਗਹਿਲੀ ਹੋ ਸਕਦੀ ਹੈ ਤੇ ਕਈ ਉਡਾਣਾਂ ਦੌਰਾਨ ਇਹ ਕਿਸੇ ਦੇ ਧਿਆਨ ਵਿੱਚ ਵੀ ਨਹੀਂ ਆਈ, ਪਾਲਣਾ, ਨਿਗਰਾਨੀ ਅਤੇ ਦੇਖ-ਰੇਖ ਦੀ ਢਾਂਚਾਗਤ ਨਾਕਾਮੀ ਵੱਲ ਇਸ਼ਾਰਾ ਕਰਦਾ ਹੈ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਏਅਰ ਇੰਡੀਆ ਦੀ ਕੰਮ ਸਬੰਧੀ ਖ਼ਾਮੀਆਂ, ਜਿਨ੍ਹਾਂ ’ਚ ਨੁਕਸਦਾਰ ਕਾਰਜਸੂਚੀਆਂ ਅਤੇ ਸਮਾਂ-ਸੂਚੀਆਂ ਸ਼ਾਮਲ ਹਨ, ਲਈ ਖਿਚਾਈ ਹੋਈ ਹੈ। ਇਸ ਸਮੁੱਚੇ ਘਟਨਾਕ੍ਰਮ ਤੋਂ ਇਹ ਸਵਾਲ ਵੀ ਖੜ੍ਹੇ ਹੁੰਦੇ ਹਨ ਕਿ ਕੀ ਪ੍ਰਕਿਰਿਆਤਮਕ ਸ਼ਾਰਟਕੱਟ ਹੁਣ ਵਿਵਸਥਾ ’ਚ ਆਮ ਗੱਲ ਹੋ ਗਏ ਹਨ। ਇਸੇ ਤਰ੍ਹਾਂ ਪ੍ਰਤੀਕਿਰਿਆਤਮਕ ਸਖ਼ਤੀ ਲਈ ਵਾਰ-ਵਾਰ ਅਪਣਾਏ ਜਾਂਦੇ ਉਹੀ ਤੌਰ-ਤਰੀਕੇ ਵੀ ਚਿੰਤਾ ਦਾ ਵਿਸ਼ਾ ਹਨ। ਡੀ ਜੀ ਸੀ ਏ ਅਤੇ ਹੋਰ ਇਕਾਈਆਂ ਸਰਗਰਮ, ਨਿਰੰਤਰ ਸੁਰੱਖਿਆ ਆਡਿਟਾਂ ਨਾਲ ਕਾਰਵਾਈ ਕਰਨ ਦੀ ਬਜਾਏ, ਮੀਡੀਆ ਰਿਪੋਰਟਾਂ ਜਾਂ ਅੰਦਰੂਨੀ ਚਿਤਾਵਨੀ ਤੋਂ ਬਾਅਦ ਹਰਕਤ ਵਿੱਚ ਆਉਂਦੇ ਹਨ। ਅਹਿਮਦਾਬਾਦ ਵਿੱਚ ਇਸ ਸਾਲ ਦੇ ਸ਼ੁਰੂ ਵਿੱਚ ਹੋਏ ਭਿਆਨਕ ਹਾਦਸੇ ਤੋਂ ਬਾਅਦ ਵੀ ਇਹੀ ਕੁਝ ਦੇਖਣ ਨੂੰ ਮਿਲਿਆ ਸੀ, ਜਿਸ ਨੇ ਹਵਾਬਾਜ਼ੀ ਸੁਰੱਖਿਆ ’ਤੇ ਮੁੜ ਗੌਰ ਕਰਨ ਲਈ ਮਜਬੂਰ ਕੀਤਾ। ਡੀਜੀਸੀਏ ਨੇ ਏਅਰਲਾਈਨਾਂ, ਰੱਖ-ਰਖਾਅ ਸੰਸਥਾਵਾਂ, ਏਅਰ-ਨੇਵੀਗੇਸ਼ਨ ਅਤੇ ਜ਼ਮੀਨ ’ਤੇ ਕੰਮ ਕਰਨ ਵਾਲੀਆਂ ਏਜੰਸੀਆਂ ਲਈ ‘ਵਿਆਪਕ ਵਿਸ਼ੇਸ਼ ਆਡਿਟ’ ਦਾ ਇੱਕ ਢਾਂਚਾ ਕਾਇਮ ਕੀਤਾ ਸੀ, ਜਿਸ ਵਿੱਚ ਸੁਰੱਖਿਆ-ਪ੍ਰਬੰਧਨ ਪ੍ਰਣਾਲੀਆਂ, ਚਾਲਕ ਦਲ ਪ੍ਰੋਟੋਕੋਲ, ਰੱਖ-ਰਖਾਅ ਦੇ ਅਨੁਸ਼ਾਸਨ ਅਤੇ ਰੈਂਪ-ਚੈੱਕ ਨਿਰੀਖਣਾਂ ’ਤੇ ਜ਼ੋਰ ਦਿੱਤਾ ਗਿਆ ਸੀ।
ਫਿਰ ਵੀ, ਇਨ੍ਹਾਂ ਵੱਡੇ ਸੁਧਾਰਾਂ ਦੇ ਬਾਵਜੂਦ ਏ ਆਰ ਸੀ ਦੀ ਮਿਆਦ ਪੁੱਗਣ ਦਾ ਮਾਮਲਾ ਦਰਸਾਉਂਦਾ ਹੈ ਕਿ ਪੁਰਾਣੀਆਂ ਸਮੱਸਿਆਵਾਂ ਅਜੇ ਵੀ ਬਰਕਰਾਰ ਹਨ। ਡੀ ਜੀ ਸੀ ਏ ਦੇ ਪਿਛਲੇ ਫ਼ੈਸਲੇ, ਜਿਨ੍ਹਾਂ ਵਿੱਚ ਲਾਗਤ-ਕਟੌਤੀ ਵਜੋਂ ਕੁਝ ਰੱਖ-ਰਖਾਅ ਦੇ ਕਾਰਜ ਘੱਟ-ਹੁਨਰਮੰਦ ਤਕਨੀਸ਼ੀਅਨਾਂ ਨੂੰ ਸੌਂਪਣ ਦੀ ਇਜਾਜ਼ਤ ਦਿੱਤੀ ਗਈ ਸੀ, ਵੀ ਜਾਂਚ ਦੇ ਘੇਰੇ ਵਿੱਚ ਆਏ ਹਨ। ਏਅਰ ਇੰਡੀਆ ਨੂੰ ਇੱਕ ਪਾਰਦਰਸ਼ੀ ਅੰਦਰੂਨੀ ਆਡਿਟ ਵੀ ਕਰਨਾ ਚਾਹੀਦਾ ਹੈ, ਸੀਨੀਅਰ ਪੱਧਰਾਂ ’ਤੇ ਜਵਾਬਦੇਹੀ ਨਿਸ਼ਚਿਤ ਕਰਨੀ ਚਾਹੀਦੀ ਹੈ ਅਤੇ ਦੁਬਾਰਾ ਅਜਿਹੀਆਂ ਘਟਨਾਵਾਂ ਨੂੰ ਹੋਣ ਤੋਂ ਰੋਕਣ ਲਈ ਜਨਤਕ ਤੌਰ ’ਤੇ ਕਦਮਾਂ ਦੀ ਰੂਪ-ਰੇਖਾ ਬਣਾਉਣੀ ਚਾਹੀਦੀ ਹੈ। ਜਦੋਂ ਜਾਨਾਂ ਦਾਅ ’ਤੇ ਲੱਗੀਆਂ ਹੋਣ ਤਾਂ ਇੱਕ ਅਣਗਹਿਲੀ ਵੀ ਬਹੁਤ ਵੱਡੀ ਹੁੰਦੀ ਹੈ।
