ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੋਦੀ ਦੀ ਜਪਾਨ ਯਾਤਰਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਪਾਨ ਯਾਤਰਾ ਭਾਰਤ ਲਈ ਪਰਖੇ ਹੋਏ ਦੋਸਤ ਨਾਲ ਰਿਸ਼ਤੇ ਹੋਰ ਵੀ ਗਹਿਰੇ ਕਰਨ ਦਾ ਮੌਕਾ ਲੈ ਕੇ ਆਈ ਹੈ। ਅਜਿਹੇ ਸਮੇਂ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ’ਤੇ ਵਾਧੂ ਟੈਰਿਫ ਲਾਏ ਹੋਏ ਹਨ, ਨਵੀਂ...
Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਪਾਨ ਯਾਤਰਾ ਭਾਰਤ ਲਈ ਪਰਖੇ ਹੋਏ ਦੋਸਤ ਨਾਲ ਰਿਸ਼ਤੇ ਹੋਰ ਵੀ ਗਹਿਰੇ ਕਰਨ ਦਾ ਮੌਕਾ ਲੈ ਕੇ ਆਈ ਹੈ। ਅਜਿਹੇ ਸਮੇਂ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ’ਤੇ ਵਾਧੂ ਟੈਰਿਫ ਲਾਏ ਹੋਏ ਹਨ, ਨਵੀਂ ਦਿੱਲੀ ਨੂੰ ਆਪਣੇ ਅਜਿਹੇ ਦੋਸਤਾਂ ਦੇ ਸਹਾਰੇ ਦੀ ਸਖ਼ਤ ਲੋੜ ਹੈ। ਮੋਦੀ ਆਪਣੇ ਜਪਾਨੀ ਹਮਰੁਤਬਾ ਸ਼ਿਗੇਰੂ ਇਸ਼ੀਬਾ ਨੂੰ ਮਾਰੂਤੀ ਸੁਜ਼ੂਕੀ ਦੀ ਪਹਿਲੀ ਇਲੈਕਟ੍ਰਿਕ ਗੱਡੀ ਨੂੰ ਗੁਜਰਾਤ ਦੇ ਹਾਂਸਲਪੁਰ ਤੋਂ 100 ਤੋਂ ਵੱਧ ਦੇਸ਼ਾਂ ਲਈ ਬਰਾਮਦ ਕਰਨ ਦੀ ਸ਼ੁਰੂਆਤ ਤੋਂ ਕੁਝ ਦਿਨਾਂ ਬਾਅਦ ਮਿਲਣਗੇ। ਪ੍ਰਧਾਨ ਮੰਤਰੀ ਦਾ ਇਹ ਕਹਿਣਾ ਬਿਲਕੁਲ ਸਹੀ ਸੀ ਕਿ ਭਾਰਤ ਅਤੇ ਜਪਾਨ “ਇੱਕ ਦੂਜੇ ਲਈ ਬਣੇ ਹਨ”, ਕਿਉਂਕਿ ਜਪਾਨੀ ਕਾਰ ਨਿਰਮਾਤਾ ਕੰਪਨੀ ਸੁਜ਼ੂਕੀ ਮੋਟਰ ਕਾਰਪੋਰੇਸ਼ਨ ਨੇ ਅਗਲੇ ਪੰਜ ਤੋਂ ਛੇ ਸਾਲਾਂ ਵਿੱਚ ਦੇਸ਼ ਵਿੱਚ 70,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰਨ ਦਾ ਵਾਅਦਾ ਕੀਤਾ ਹੈ। ਵਧੇਰੇ ਜਪਾਨੀ ਨਿਵੇਸ਼ ਕਰ ਕੇ, ਸਰਕਾਰ ਦੀ ‘ਮੇਕ ਇਨ ਇੰਡੀਆ’ ਪਹਿਲਕਦਮੀ ਨੂੰ ਉੱਚ ਮਿਆਰੀ ਉਤਪਾਦਨ ਨਾਲ ਰਫ਼ਤਾਰ ਮਿਲ ਸਕਦੀ ਹੈ।

ਭਾਰਤ-ਜਪਾਨ ਸਾਲਾਨਾ ਸੰਮੇਲਨ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਦੋਵੇਂ ਦੇਸ਼, ਅਮਰੀਕਾ ਅਤੇ ਆਸਟਰੇਲੀਆ ਦੇ ਨਾਲ ਕੁਆਡ ਗੱਠਜੋੜ ਦਾ ਹਿੱਸਾ ਹਨ, ਇਹ ਅਜਿਹਾ ਸਮੂਹ ਜੋ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਚੀਨ ਦੇ ਵਧਦੇ ਰਸੂਖ਼ ਦਾ ਮੁਕਾਬਲਾ ਕਰਨਾ ਚਾਹੁੰਦਾ ਹੈ। ਕੁਆਡ ਵੀ ਮੁੱਖ ਤੌਰ ’ਤੇ ਭਾਰਤ-ਅਮਰੀਕਾ ਦੇ ਵਪਾਰਕ ਤਣਾਅ ਅਤੇ ਦਿੱਲੀ-ਪੇਈਚਿੰਗ ਸਬੰਧਾਂ ’ਚ ਆਈ ਨਰਮੀ ਕਾਰਨ ਖ਼ੁਦ ਨੂੰ ਚੁਰਾਹੇ ’ਤੇ ਖੜ੍ਹਾ ਦੇਖ ਰਿਹਾ ਹੈ। ਇਸ ਤੋਂ ਇਲਾਵਾ ਜਪਾਨ ਅਤੇ ਅਮਰੀਕਾ ਵਿਚਕਾਰ ਵਪਾਰਕ ਗੱਲਬਾਤ ’ਚ ਵੀ ਰੁਕਾਵਟ ਆ ਗਈ ਜਾਪਦੀ ਹੈ, ਕਿਉਂਕਿ ਜਪਾਨੀ ਵਾਰਤਾਕਾਰ ਰਓਸੇਈ ਅਕਾਜ਼ਾਵਾ ਨੇ ਆਖਰੀ ਪਲਾਂ ਵਿੱਚ ਵੀਰਵਾਰ ਨੂੰ ਅਮਰੀਕਾ ਦੀ ਆਪਣੀ ਯਾਤਰਾ ਰੱਦ ਕਰ ਦਿੱਤੀ ਸੀ। ਇਸ ਦੇ ਬਾਵਜੂਦ ਦਿੱਲੀ, ਟੋਕੀਓ ਤੋਂ ਉਮੀਦ ਕਰੇਗਾ ਕਿ ਉਹ ਅਮਰੀਕਾ ਨੂੰ ਸਖ਼ਤ ਟੈਰਿਫਾਂ ’ਤੇ ਮਨਾਉਣ ਅਤੇ ਸਮਝਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ। ਕੁਆਡ ਗੱਠਜੋੜ ਦਾ ਹਿੱਸਾ ਹੋਣ ਤੋਂ ਇਲਾਵਾ ਜਪਾਨ ਰਣਨੀਤਕ ਤੌਰ ’ਤੇ ਵੀ ਅਮਰੀਕਾ ਦੇ ਨੇੜੇ ਹੈ। ਦੋਵਾਂ ਦੇਸ਼ਾਂ ਵਿਚਾਲੇ ਗਹਿਰੇ ਕਾਰੋਬਾਰੀ ਅਤੇ ਰੱਖਿਆ ਸਬੰਧ ਹਨ।

Advertisement

ਪ੍ਰਧਾਨ ਮੰਤਰੀ ਮੋਦੀ ਨੂੰ ਆਪਣੀ ਜਪਾਨ ਯਾਤਰਾ ਦਾ ਪੂਰਾ ਫ਼ਾਇਦਾ ਉਠਾਉਣਾ ਚਾਹੀਦਾ ਹੈ, ਜਿਸ ਤੋਂ ਬਾਅਦ ਉਹ ਪਿਛਲੇ ਸੱਤ ਸਾਲਾਂ ਵਿੱਚ ਪਹਿਲੀ ਵਾਰ ਚੀਨ ਦਾ ਦੌਰਾ ਵੀ ਕਰਨਗੇ। ਦਿੱਲੀ ਅਤੇ ਪੇਈਚਿੰਗ, ਦੋਵੇਂ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਮੁਕਾਬਲਾ ਕਰਨ ਲਈ, ਇੱਕ-ਦੂਜੇ ਦੇ ਫ਼ਾਇਦੇ ਵਾਲਾ ਬੰਦੋਬਸਤ ਕਰਨ ਪ੍ਰਤੀ ਉਤਾਵਲੇ ਜਾਪਦੇ ਹਨ। ਹਾਲਾਂਕਿ, ਦੋਵਾਂ ਗੁਆਂਢੀ ਦੇਸ਼ਾਂ ਵਿਚਕਾਰ ਚਿਰਾਂ ਤੋਂ ਬਰਕਰਾਰ ਭਰੋਸੇ ਦੀ ਘਾਟ ਨੂੰ ਰਾਤੋ-ਰਾਤ ਖ਼ਤਮ ਨਹੀਂ ਕੀਤਾ ਜਾ ਸਕਦਾ। ਰਾਸ਼ਟਰੀ ਹਿੱਤ ਬੇਸ਼ੱਕ ਸਭ ਤੋਂ ਪਹਿਲਾਂ ਹਨ, ਪਰ ਭਾਰਤ ਨੂੰ ਆਪਣੇ ਦੋਸਤਾਂ ਜਪਾਨ ਅਤੇ ਆਸਟਰੇਲੀਆ, ਜੋ ਅਮਰੀਕਾ ਦੇ ਵੀ ਸਹਿਯੋਗੀ ਹਨ, ਨੂੰ ਨਾਰਾਜ਼ ਕਰਨ ਤੋਂ ਬਚਣ ਲਈ ਸਾਵਧਾਨੀ ਵਰਤਣੀ ਚਾਹੀਦੀ ਹੈ।

Advertisement
Show comments