ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹੜ੍ਹ ਦੇ ਪਾਣੀਆਂ ’ਚ ਘਿਰੀ ਜ਼ਿੰਦਗੀ

ਜੇਕਰ ਪੰਜਾਬ ਵਿੱਚ ਪਿਛਲੇ ਕੁਝ ਸਮੇਂ ਦੌਰਾਨ ਆਏ ਹਡ਼੍ਹਾਂ ਦੀ ਪਡ਼ਤਾਲ ਕੀਤੀ ਜਾਵੇ ਤਾਂ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਬਰਾਬਰ ਦੀਆਂ ਦੋਸ਼ੀ ਜਾਪਦੀਆਂ ਹਨ। ਸਾਡੀ ਵੱਡੀ ਤ੍ਰਾਸਦੀ ਇਹ ਹੈ ਕਿ ਸਾਡੇ ਨੇਤਾਵਾਂ ਨੂੰ ਹਡ਼੍ਹਾਂ ਦੇ ਡੂੰਘੇ ਪਾਣੀਆਂ ਅਤੇ ਗਾਰੇ ਵਿੱਚ ਵੀ ਮੁਸੀਬਤ ਮਾਰੇ ਲੋਕਾਂ ਦੇ ਉਦਾਸ ਚਿਹਰੇ ਨਹੀਂ ਦਿਸਦੇ ਸਗੋਂ ਸੱਤਾ ਦੇ ਹੀ ਝਲਕਾਰੇ ਪੈਂਦੇ ਹਨ।
Advertisement

ਪੰਜਾਬ ਵਿੱਚ ਇਸ ਵੇਲੇ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਘਰ, ਸਕੂਲ, ਹਸਪਤਾਲ ਅਤੇ ਸੜਕਾਂ ਹੜ੍ਹਾਂ ਦੇ ਪਾਣੀ ’ਚ ਘਿਰੇ ਹੋਏ ਹਨ। ਕਈ ਥਾਈਂ ਤਿੰਨ-ਤਿੰਨ, ਚਾਰ-ਚਾਰ ਫੁੱਟ ਪਾਣੀ ’ਚ ਲੋਕ ਆਪਣਾ ਸਾਮਾਨ ਸਿਰਾਂ ’ਤੇ ਚੁੱਕ ਕੇ ਤੁਰੇ ਜਾਂਦੇ ਦਿਖਾਈ ਦਿੰਦੇ ਹਨ ਤੇ ਜਿੱਥੇ ਪਾਣੀ ਵੱਧ ਹੈ, ਉੱਥੋਂ ਕਿਸ਼ਤੀਆਂ ਰਾਹੀਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਜਿੱਥੇ ਕਿਤੇ ਇਮਾਰਤਾਂ ਅੰਦਰ ਹੀ ਲੋਕ ਘਿਰ ਗਏ, ਉੱਥੇ ਹੈਲੀਕਾਪਟਰ ਛੱਤਾਂ ’ਤੇ ਉਤਾਰ ਕੇ ਉਨ੍ਹਾਂ ਨੂੰ ਬਚਾਇਆ ਜਾ ਰਿਹਾ ਹੈ। ਸਮੁੱਚੀ ਸਥਿਤੀ ਦੇ ਜਾਇਜ਼ੇ ਲਈ ਸਰਕਾਰ ਵੱਲੋਂ ਆਪਣੇ ਮੰਤਰੀਆਂ ਨੂੰ ਹੜ੍ਹਾਂ ਦੀ ਮਾਰ ਹੇਠ ਆਏ ਇਲਾਕਿਆਂ ਦੇ ਦੌਰੇ ’ਤੇ ਭੇਜਿਆ ਜਾ ਰਿਹਾ ਹੈ ਤਾਂ ਜੋ ਹੜ੍ਹ ਪੀੜਤਾਂ ਦਾ ਦੁੱਖ ਦਰਦ ਵੰਡਾਉਣ ਦੇ ਨਾਲ-ਨਾਲ ਉਨ੍ਹਾਂ ਦੀ ਢੁੱਕਵੀਂ ਮਦਦ ਕੀਤੀ ਜਾ ਸਕੇ ਅਤੇ ਪੀੜਤਾਂ ਤੱਕ ਇਹ ਸੁਨੇਹਾ ਪਹੁੰਚਾਇਆ ਜਾ ਸਕੇ ਕਿ ਇਸ ਦੁੱਖ ਦੀ ਘੜੀ ਵਿੱਚ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ। ਜੇਕਰ ਤੁਸੀਂ ਹੜ੍ਹ ਪੀੜਤਾਂ ਦੀ ਮਦਦ ਤੇ ਹਾਲਾਤ ਦੇ ਜਾਇਜ਼ੇ ਲਈ ਗਏ ਤਿੰਨ ਮੰਤਰੀਆਂ ਦੀ ਇਸ ਮੌਕੇ ਹੋਈ ਗੱਲਬਾਤ ਸੁਣੋਗੇ ਤਾਂ ਹੈਰਾਨ-ਪ੍ਰੇਸ਼ਾਨ ਹੋ ਜਾਵੋਗੇ। ਹੜ੍ਹਾਂ ਦੇ ਪਾਣੀ ’ਚ ਕਿਸ਼ਤੀ ’ਤੇ ਸਵਾਰ ਇਹ ਮੰਤਰੀ ਸਵੀਡਨ ਅਤੇ ਗੋਆ ’ਚ ਕਰੂਜ਼ ’ਤੇ ਬਿਤਾਏ ਆਪਣੇ ਸਮੇਂ ਨੂੰ ਯਾਦ ਕਰ ਰਹੇ ਹਨ। ਉਨ੍ਹਾਂ ਦੇ ਆਲੇ-ਦੁਆਲੇ ਚਾਰੋਂ ਪਾਸੇ ਹੜ੍ਹ ਦਾ ਪਾਣੀ ਅਤੇ ਤਬਾਹੀ ਦੇ ਦ੍ਰਿਸ਼ ਹਨ। ਇਸ ਮੌਕੇ ਇੱਕ ਮੰਤਰੀ ਆਪਣੇ ਸਵੀਡਨ ਦੌਰੇ ਦੀ ਗੱਲ ਕਰਦਾ ਹੈ ਜਿੱਥੇ ਉਸ ਨੇ ਵਿਸ਼ਾਲ ਕਰੂਜ਼ ਸ਼ਿਪ ਦੇਖੇ ਸਨ ਜਿਨ੍ਹਾਂ ’ਚ ਹੋਟਲ ਅਤੇ ਹੋਰ ਸ਼ਾਨਦਾਰ ਸੁੱਖ ਸਹੂਲਤਾਂ ਸਨ। ਉਸ ਨੇ ਜਦੋਂ ਕਰੂਜ਼ ਵਾਲੀ ਕਹਾਣੀ ਛੇੜੀ ਤਾਂ ਦੂਜੇ ਮੰਤਰੀ ਨੇ ਵੀ ਹੁੰਗਾਰਾ ਭਰਦਿਆਂ ਉਸ ਨੂੰ ਗੋਆ ’ਚ ਅਜਿਹੇ ਕਰੂਜ਼ ਹੋਣ ਦੀ ਗੱਲ ਸੁਣਾਈ। ਇਹ ਵੀਡੀਓ ਦੇਖ ਕੇ ਤੁਹਾਡੇ ਮਨ ’ਚ ਇਹ ਸੁਆਲ ਜ਼ਰੂਰ ਉੱਠਿਆ ਹੋਵੇਗਾ ਕਿ ਮੰਤਰੀਆਂ ਦੀ ਇਹ ਗੱਲਬਾਤ ਬਾਹਰ ਕਿਵੇਂ ਆਈ? ਹੋਇਆ ਇਹ ਕਿ ਕਿਸੇ ਇੱਕ ਮੰਤਰੀ ਵੱਲੋਂ ਆਪਣੇ ਫੇਸਬੁੱਕ ਪੇਜ ’ਤੇ ਇਸ ਦੌਰੇ ਦੀ ਲਾਈਵ ਸਟਰੀਮਿੰਗ ਕੀਤੀ ਜਾ ਰਹੀ ਸੀ। ਗੱਲਾਂ ਕਰਦਿਆਂ ਉਹ ਭੁੱਲ ਗਏ ਕਿ ਉਨ੍ਹਾਂ ਦੀ ਸਾਰੀ ਗੱਲਬਾਤ ਲਾਈਵ ਜਾ ਰਹੀ ਹੈ। ਉਨ੍ਹਾਂ ਦੀ ਅਜਿਹੀ ਗੱਲਬਾਤ ਵਾਲੀ 27 ਸਕਿੰਟ ਦੀ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਆਮ ਲੋਕਾਂ ਵਿੱਚ ਇਨ੍ਹਾਂ ਮੰਤਰੀਆਂ ਖ਼ਿਲਾਫ਼ ਜ਼ੋਰਦਾਰ ਗੁੱਸਾ ਹੈ। ਸੋਸ਼ਲ ਮੀਡੀਆ ’ਤੇ ਲੋਕਾਂ ਵੱਲੋਂ ਇਹ ਵੀਡੀਓ ਦੇਖਣ ਮਗਰੋਂ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਲੋਕਾਂ ਦਾ ਸੁਆਲ ਹੈ ਕਿ ਏਨੀ ਤਬਾਹੀ ਦੌਰਾਨ ਜਦੋਂ ਉਹ ਆਪਣਾ ਸਾਰਾ ਕੁਝ ਗੁਆ ਕੇ ਮਹਿਜ਼ ਤਨ ’ਤੇ ਪਾਏ ਕੱਪੜਿਆਂ ਨਾਲ ਔਖਾ ਵੇਲਾ ਕੱਟਣ ਲਈ ਸੁਰੱਖਿਅਤ ਥਾਂ ਦੀ ਭਾਲ ਕਰ ਰਹੇ ਹਨ ਤਾਂ ਕੀ ਕੋਈ ਮੰਤਰੀ ਸੈਰ, ਤਫ਼ਰੀਹ ਅਤੇ ਕਰੂਜ਼ ਦੀਆਂ ਗੱਲਾਂ ਕਰ ਸਕਦਾ ਹੈ? ਕਿਸੇ ਵੀ ਸਾਧਾਰਨ ਤੇ ਸੰਵੇਦਨਸ਼ੀਲ ਮਨੁੱਖ ਦਾ ਜਵਾਬ ‘ਨਾਂਹ’ ਵਿੱਚ ਹੀ ਹੋਵੇਗਾ। ਅਜਿਹੀ ਕੁਦਰਤੀ ਕਰੋਪੀ ਦੌਰਾਨ ਏਨੇ ਜ਼ਿੰਮੇਵਾਰੀ ਵਾਲੇ ਅਹੁਦੇ ’ਤੇ ਬੈਠੇ ਕਿਸੇ ਵਿਅਕਤੀ ਵੱਲੋਂ ਅਜਿਹੀ ਗੱਲਬਾਤ ਕਰਨਾ ਬਹੁਤ ਕਰੂਰ ਜਾਪਦਾ ਹੈ।

ਇਸ ਤੋਂ ਪਹਿਲਾਂ ਹੜ੍ਹਾਂ ਦੀ ਗੰਭੀਰਤਾ ਦੇ ਮੱਦੇੇਨਜ਼ਰ ਮੁੱਖ ਮੰਤਰੀ ਨੇ ਆਪਣਾ ਹੈਲੀਕਾਪਟਰ ਹੜ੍ਹ ਪੀੜਤਾਂ ਤੱਕ ਰਸਦ ਅਤੇ ਪੀਣ ਵਾਲਾ ਪਾਣੀ ਪਹੁੰਚਾਉਣ ਲਈ ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਦੇ ਸਪੁਰਦ ਕੀਤਾ ਸੀ। ਪਰ ਸੱਤਾਧਾਰੀ ਧਿਰ ਦੇ ਸਥਾਨਕ ਆਗੂਆਂ ਨੇ ਆਪਣੀ ਸਿਆਸਤ ਚਮਕਾਉਣ ਲਈ ਪੀੜਤਾਂ ਨੂੰ ਰਾਹਤ ਸਮੱਗਰੀ ਪਹੁੰਚਾਉਂਦਿਆਂ ਦੀਆਂ ਆਪਣੀਆਂ ਤਸਵੀਰਾਂ ਖਿਚਵਾਉਣ ਲਈ ਇੱਕ ਫੋਟੋਗ੍ਰਾਫਰ ਵੀ ਨਾਲ ਹੀ ਹੈਲੀਕਾਪਟਰ ਵਿੱਚ ਬਿਠਾ ਲਿਆ। ਇਨ੍ਹਾਂ ਆਗੂਆਂ ਦੀ ਇਸ ਗੱਲੋਂ ਆਲੋਚਨਾ ਹੋ ਰਹੀ ਹੈ ਕਿ ਇਨ੍ਹਾਂ ਵੱਲੋਂ ਸੁੱਟੀ ਜਾ ਰਹੀ ਰਾਹਤ ਸਮੱਗਰੀ ਪੀੜਤਾਂ ਤੱਕ ਪੁੱਜਣ ਦੀ ਥਾਂ ਹੜ੍ਹ ਦੇ ਪਾਣੀ ਵਿੱਚ ਰੁੜ੍ਹ ਰਹੀ ਹੈ। ਅਸਲ ਵਿੱਚ ਅਜਿਹੀ ਕਿਸੇ ਵੀ ਸੰਕਟਕਾਲੀ ਸਥਿਤੀ ਵਿੱਚ ਫ਼ੌਜ ਵੱਲੋਂ ਰਾਹਤ ਸਮੱਗਰੀ ਹੈਲੀਕਾਪਟਰ ਰਾਹੀਂ ਪੀੜਤਾਂ ਤੱਕ ਸੁੱਟੀ ਜਾਂਦੀ ਹੈ ਜਿਸ ਲਈ ਵਿਸ਼ੇਸ਼ ਮੁਹਾਰਤ ਦੀ ਲੋੜ ਹੁੰਦੀ ਹੈ। ਹਰ ਕੋਈ ਇਹ ਕੰਮ ਨਹੀਂ ਕਰ ਸਕਦਾ। ਵਿਰੋਧੀ ਆਗੂਆਂ ਦਾ ਕਹਿਣਾ ਹੈ ਕਿ ਬਿਨਾਂ ਸ਼ੱਕ ਮੁੱਖ ਮੰਤਰੀ ਨੇ ਪੀੜਤਾਂ ਨੂੰ ਮਦਦ ਪਹੁੰਚਾਉਣ ਲਈ ਆਪਣਾ ਹੈਲੀਕਾਪਟਰ ਦਿੱਤਾ ਹੈ ਪਰ ਸਥਾਨਕ ਆਗੂ ਆਪਣੀ ਸਿਆਸੀ ਚੌਧਰ ਕਾਇਮ ਕਰਨ ਲਈ ਇਸ ਦੀ ਵਰਤੋਂ ਕਰ ਰਹੇ ਹਨ।

Advertisement

ਬੇਸ਼ੱਕ ਇਸ ਸਮੁੱਚੀ ਸਥਿਤੀ ਦਾ ਇਹ ਪਹਿਲੂ ਤੁਹਾਨੂੰ ਪ੍ਰੇਸ਼ਾਨ ਤਾਂ ਕਰਦਾ ਹੀ ਹੈ ਪਰ ਨਾਲ ਹੀ ਮਨ ’ਚ ਇਹ ਸੁਆਲ ਵੀ ਉੱਠਦਾ ਹੈ ਕਿ ਕੀ ਕਿਸ਼ਤੀਆਂ ਅਤੇ ਹੈਲੀਕਾਪਟਰ ’ਤੇ ਸਵਾਰ ਅਜਿਹੇ ਮੰਤਰੀ ਅਤੇ ਸਿਆਸੀ ਆਗੂ ਹੜ੍ਹਾਂ ਦੀਆਂ ਸਮੱਸਿਆਵਾਂ ਅਤੇ ਇਨ੍ਹਾਂ ਦੇ ਕਾਰਨਾਂ ਨੂੰ ਸਮਝਣ ਲਈ ਗਿਆਨ ਤੇ ਤਕਨੀਕ ਨਾਲ ਲੈਸ ਹਨ? ਜੇ ਨਹੀਂ, ਤਾਂ ਕੀ ਇਨ੍ਹਾਂ ਨਾਲ ਅਜਿਹੇ ਮਾਹਿਰਾਂ ਨੂੰ ਨਹੀਂ ਭੇਜਿਆ ਜਾਣਾ ਚਾਹੀਦਾ ਜੋ ਆਫ਼ਤ ਦੌਰਾਨ ਅਜਿਹੇ ਅਧਿਐਨ ਕਰਨ ਤਾਂ ਕਿ ਭਵਿੱਖ ਵਿੱਚ ਹੜ੍ਹਾਂ ਦੀ ਰੋਕਥਾਮ ਅਤੇ ਪਾਣੀ ਦਾ ਨਿਰਵਿਘਨ ਵਹਾਅ ਤੇ ਨਿਕਾਸ ਯਕੀਨੀ ਬਣਾਇਆ ਜਾ ਸਕੇ। ਖ਼ੈਰ, ਇਹ ਵੀ ਨਹੀਂ ਕਿ ਇਸ ਦਿਸ਼ਾ ’ਚ ਕੋਈ ਕਦਮ ਨਹੀਂ ਚੁੱਕਿਆ ਗਿਆ। ‘ਆਪ’ ਸਰਕਾਰ ਨੇ ਹੀ ਸਾਲ 2024 ਵਿੱਚ ਹੜ੍ਹਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਇੱਕ ਗਾਈਡ ਬੁੱਕ ਤਿਆਰ ਕੀਤੀ ਸੀ ਪਰ ਸ਼ਾਇਦ ਇਸ ਵਿੱਚ ਦਿੱਤੇ ਗਏ ਸੁਝਾਵਾਂ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾ ਸਕਿਆ। ‘ਆਪ’ ਸਰਕਾਰ ਨੇ ਇਹ ਗਾਈਡ ਬੁੱਕ 2010, 2013, 2019 ਅਤੇ 2023 ਵਿੱਚ ਹੜ੍ਹਾਂ ਨਾਲ ਹੋਈ ਤਬਾਹੀ ਦੇ ਮੱਦੇਨਜ਼ਰ ਮਾਹਿਰਾਂ ਦੀ ਮਦਦ ਨਾਲ ਤਿਆਰ ਕੀਤੀ ਸੀ। ਇਸ ਗਾਈਡ ਬੁੱਕ ਵਿੱਚ ਮੁੱਖ ਜ਼ੋਰ ਨਦੀਆਂ ਨਾਲਿਆਂ ਦੇ ਪਾਣੀ ਦੇ ਨਿਰਵਿਘਨ ਵਹਾਅ ’ਤੇ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਡਰੇਨੇਜ ਸਿਸਟਮ ’ਚ ਸੁਧਾਰ ਕੀਤੇ ਜਾਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਇਹ ਵੀ ਆਖਿਆ ਗਿਆ ਸੀ ਕਿ ਇਸ ਗੱਲ ਦੀ ਰੂਪ-ਰੇਖਾ ਵੀ ਪਹਿਲਾਂ ਹੀ ਤਿਆਰ ਹੋਣੀ ਚਾਹੀਦੀ ਹੈ ਕਿ ਜੇਕਰ ਕੋਈ ਸੰਕਟਕਾਲੀ ਸਥਿਤੀ ਪੈਦਾ ਹੋ ਜਾਵੇ ਤਾਂ ਬਚਾਅ ਕਾਰਜਾਂ ਲਈ ਕਿਹੜਾ ਰੂਟ ਅਪਣਾਇਆ ਜਾਵੇਗਾ ਅਤੇ ਲੋਕਾਂ ਨੂੰ ਕਿਹੜੀ ਜਗ੍ਹਾ ਠਹਿਰਾਇਆ ਜਾਵੇਗਾ। ਇਸ ਯੋਜਨਾ ਨੂੰ ਅਮਲੀ ਰੂਪ ਦੇਣ ਲਈ ਮੌਨਸੂਨ ਦੇ ਮੌਸਮ ਤੋਂ ਪਹਿਲਾਂ ਤਿਆਰੀ ਕਰਨੀ ਜ਼ਰੂਰੀ ਹੈ। ਜੇਕਰ ਨਦੀਆਂ ਨਾਲਿਆਂ ਅਤੇ ਨਹਿਰਾਂ ਦੀ ਸਫ਼ਾਈ ਪਹਿਲਾਂ ਨਹੀਂ ਕੀਤੀ ਜਾਵੇਗੀ ਤਾਂ ਪਾਣੀ ਦੇ ਵਹਾਅ ’ਚ ਰੁਕਾਵਟਾਂ ਪੈਦਾ ਹੋਣ ਨਾਲ ਹੜ੍ਹ ਦੀ ਸਥਿਤੀ ਪੈਦਾ ਹੋ ਜਾਵੇਗੀ।

ਫਾਜ਼ਿਲਕਾ ਖੇਤਰ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਜੇ ਇੱਥੇ ਨਦੀਆਂ ਨਾਲਿਆਂ ਦੀ ਸਫ਼ਾਈ ਹੋਈ ਹੁੰਦੀ ਤਾਂ ਹੜ੍ਹਾਂ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ। ਇਸ ਖੇਤਰ ਦੇ ਇੱਕ ਸਰਕਾਰੀ ਅਧਿਕਾਰੀ ਨੇ ਇਹ ਮੰਨਿਆ ਕਿ ਭਾਵੇਂ ਯੋਜਨਾਬੰਦੀ ’ਚ ਕੋਈ ਖਾਮੀ ਨਹੀਂ ਸੀ ਪਰ ਅਸਲ ’ਚ ਉਸ ਯੋਜਨਾ ਨੂੰ ਅਮਲੀ ਰੂਪ ਦੇਣ ਲਈ ਉਨ੍ਹਾਂ ਕੋਲ ਲੋੜੀਂਦੇ ਫੰਡ ਹੀ ਨਹੀਂ ਸਨ।

ਇਸ ਗਾਈਡ ਬੁੱਕ ’ਚ ਜਿਹੜੇ ਹੋਰ ਨੁਕਤੇ ਅਤੇ ਸਮੱਸਿਆਵਾਂ ਉਭਾਰੀਆਂ ਗਈਆਂ ਸਨ ਉਨ੍ਹਾਂ ਵਿੱਚ ਦਰਿਆਵਾਂ ਕੰਢੇ ਗ਼ੈਰ-ਕਾਨੂੰਨੀ ਉਸਾਰੀਆਂ, ਨਹਿਰਾਂ ’ਚੋਂ ਗ਼ੈਰ-ਕਾਨੂੰਨੀ ਢੰਗ ਨਾਲ ਪਾਈਪਾਂ ਪਾ ਕੇ ਪਾਣੀ ਚੋਰੀ ਕਰਨਾ, ਪਾਣੀ ਦੇ ਵਹਾਅ ਵਾਲੇ ਖੇਤਰ ’ਚ ਸਫ਼ੈਦੇ ਦੇ ਦਰੱਖਤ ਉਗਾਉਣੇ ਅਤੇ ਪੁਲ ਜਾਂ ਕੋਈ ਹੋਰ ਢਾਂਚਾ ਉਸਾਰਨਾ ਸ਼ਾਮਿਲ ਸਨ। ਇਹ ਕਾਰਵਾਈਆਂ ਪਾਣੀ ਦੇ ਰਾਹ ’ਚ ਅੜਿੱਕਾ ਬਣ ਕੇ ਇਸ ਦੇ ਵਹਾਅ ਨੂੰ ਘਟਾ ਦਿੰਦੀਆਂ ਹਨ।

ਗ਼ੈਰ-ਕਾਨੂੰਨੀ ਖਣਨ ਅਤੇ ਦਰਿਆਵਾਂ ’ਚੋਂ ਗਾਰ ਨਾ ਕੱਢੇ ਜਾਣਾ ਵੀ ਹੜ੍ਹਾਂ ਦਾ ਇੱਕ ਪ੍ਰਮੁੱਖ ਕਾਰਨ ਬਣਦਾ ਹੈ। ਇਸ ਤੋਂ ਇਲਾਵਾ ਇੱਕ ਸਵਾਲ ਹਰ ਆਮ ਨਾਗਰਿਕ ਦੇ ਮਨ ’ਚ ਉੱਠਦਾ ਹੈ ਕਿ ਭਾਖੜਾ, ਪੌਂਗ ਡੈਮ ਤੇ ਹੋਰ ਜਲ ਭੰਡਾਰਾਂ ਤੋਂ ਅਚਾਨਕ ਹੀ ਏਨਾ ਪਾਣੀ ਕਿਉਂ ਛੱਡ ਦਿੱਤਾ ਜਾਂਦਾ ਹੈ ਕਿ ਮੈਦਾਨੀ ਖੇਤਰਾਂ ’ਚ ਹੜ੍ਹ ਆ ਜਾਂਦੇ ਹਨ। ਇਹ ਪਾਣੀ ਪੜਾਅਵਾਰ ਢੰਗ ਨਾਲ ਪਹਿਲਾਂ ਹੀ ਛੱਡਿਆ ਜਾ ਸਕਦਾ ਹੈ। ਦਰਅਸਲ, ਡੈਮਾਂ ਵਿੱਚ ਇੱਕ ਖ਼ਾਸ ਪੱਧਰ ਤੱਕ ਪਾਣੀ ਜਮ੍ਹਾਂ ਕਰ ਕੇ ਰੱਖਿਆ ਜਾਂਦਾ ਹੈ ਤੇ ਜਦੋਂ ਪਾਣੀ ਖ਼ਤਰੇ ਦੇ ਨਿਸ਼ਾਨ ਤੱਕ ਆਉਂਦਾ ਹੈ ਤਾਂ ਉਦੋਂ ਹੀ ਫਲੱਡ ਗੇਟ ਖੋਲ੍ਹੇ ਜਾਂਦੇ ਹਨ ਜੋ ਮੈਦਾਨੀ ਖੇਤਰਾਂ ’ਚ ਹੜ੍ਹ ਲਿਆ ਦਿੰਦੇ ਹਨ। ਇਸ ਨੂੰ ਪਹਿਲਾਂ ਹੀ ਛੱਡਣਾ ਸ਼ੁਰੂ ਕੀਤਾ ਜਾ ਸਕਦਾ ਹੈ। ਜਦੋਂ ਮੈਦਾਨੀ ਖੇਤਰ ’ਚ ਦਰਿਆ ਭਰਨ ਲੱਗਣਗੇ ਤਾਂ ਲੋਕ ਚੌਕਸ ਹੋ ਜਾਣਗੇ ਤੇ ਦੂਜਾ ਤਬਾਹੀ ਲਿਆਂਦੇ ਬਿਨਾਂ ਪਾਣੀ ਦੀ ਨਿਕਾਸੀ ਸ਼ੁਰੂ ਹੋ ਜਾਵੇਗੀ ਜੋ ਲੋੜ ਅਨੁਸਾਰ ਘਟਾਈ ਜਾਂ ਵਧਾਈ ਜਾ ਸਕਦੀ ਹੈ।

ਪਾਣੀਆਂ ਦੀ ਨਿਕਾਸੀ ਦੇ ਰਾਹ ’ਚ ਨਵੇਂ ਐਕਸਪ੍ਰੈਸ ਹਾਈਵੇਅ ਵੀ ਅੜਿੱਕਾ ਬਣਨ ਲੱਗੇ ਹਨ। ਆਮ ਤੌਰ ’ਤੇ ਐਕਸਪ੍ਰੈਸ ਵੇਅ ਬਣਾਉਣ ਵੇਲੇ ਵਕਤੀ ਲਾਹੇ ਲਈ ਪਾਣੀ ਦੇ ਵਹਾਅ ਦੇ ਰਸਤੇ ਨੂੰ ਅਣਗੌਲਿਆਂ ਕਰ ਦਿੱਤਾ ਜਾਂਦਾ ਹੈ ਤੇ ਵਹਾਅ ਵਾਲੀ ਥਾਂ ਤੋਂ ਕਾਫ਼ੀ ਦੂਰ ਜਾ ਕੇ ਨਿਕਾਸੀ ਲਈ ਪੁਲ ਆਦਿ ਬਣਾਏ ਜਾਂਦੇ ਹਨ। ਇਸ ਤਰ੍ਹਾਂ ਪਾਣੀ ਦੇ ਵਹਾਅ ’ਚ ਪਿਆ ਅੜਿੱਕਾ ਵੀ ਕੁਦਰਤੀ ਆਫ਼ਤ ਦਾ ਕਾਰਨ ਬਣ ਸਕਦਾ ਹੈ। ਇਹ ਉਸਾਰੀ ’ਚ ਲਾਪ੍ਰਵਾਹੀ ਜਾਂ ਯੋਜਨਾਬੰਦੀ ਦੀ ਘਾਟ ਹੈ ਜਿਸ ਬਾਰੇ ਚੌਕਸ ਹੋਣ ਦੀ ਲੋੜ ਹੈ।

ਸਿਆਸਤਦਾਨਾਂ ਅਤੇ ਪ੍ਰਸ਼ਾਸਕਾਂ ਨੂੰ ਹੜ੍ਹ ਪੀੜਤਾਂ ਦਾ ਉਹ ਦੁੱਖ ਸ਼ਾਇਦ ਨਜ਼ਰ ਨਹੀਂ ਆਉਂਦਾ ਜੋ ਉਹ ਹਰ ਦੂਜੇ ਜਾਂ ਤੀਜੇ ਸਾਲ ਭੋਗਦੇ ਹਨ। ਉਨ੍ਹਾਂ ਦਾ ਸਿਰਫ਼ ਮਾਲੀ ਨੁਕਸਾਨ ਹੀ ਨਹੀਂ ਹੁੰਦਾ ਸਗੋਂ ਹੜ੍ਹਾਂ ਦੇ ਪਾਣੀਆਂ ’ਚ ਉਨ੍ਹਾਂ ਦੇ ਸੁਫ਼ਨੇ, ਉਮੀਦਾਂ ਤੇ ਸੱਧਰਾਂ ਵੀ ਡੁੱਬ ਜਾਂਦੀਆਂ ਹਨ। ਦੂਜੇ ਪਾਸੇ, ਹਰ ਵਾਰੀ ਜਦੋਂ ਹੜ੍ਹ ਆਉਂਦੇ ਹਨ ਤਾਂ ਜਿਉਂ ਜਿਉਂ ਪਾਣੀਆਂ ਦੀ ਮਾਰ ਵਧਦੀ ਜਾਂਦੀ ਹੈ, ਤਿਉਂ ਤਿਉਂ ਸਿਆਸੀ ਪਾਰਾ ਵੀ ਚੜ੍ਹਨ ਲੱਗਦਾ ਹੈ। ਅਕਸਰ ਵਰਤਮਾਨ ਸਰਕਾਰ ਪਿਛਲੀਆਂ ਸਰਕਾਰਾਂ ਉੱਤੇ ਦੋਸ਼ ਮੜ੍ਹਨੇ ਸ਼ੁਰੂ ਕਰ ਦਿੰਦੀ ਹੈ। ਜੇਕਰ ਪੰਜਾਬ ਵਿੱਚ ਪਿਛਲੇ ਕੁਝ ਸਮੇਂ ਦੌਰਾਨ ਆਏ ਹੜ੍ਹਾਂ ਦੀ ਪੜਤਾਲ ਕੀਤੀ ਜਾਵੇ ਤਾਂ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਬਰਾਬਰ ਦੀਆਂ ਦੋਸ਼ੀ ਜਾਪਦੀਆਂ ਹਨ। ਪੰਜਾਬ ਨੇ ਪਿਛਲੇ 14 ਸਾਲਾਂ ਦੌਰਾਨ ਅਜਿਹੇ ਤਿੰਨ ਸਿਆਸੀ ਰੰਗ ਦੇਖ ਲਏ ਹਨ। ਸਾਡੀ ਵੱਡੀ ਤ੍ਰਾਸਦੀ ਇਹ ਹੈ ਕਿ ਸਾਡੇ ਨੇਤਾਵਾਂ ਨੂੰ ਹੜ੍ਹਾਂ ਦੇ ਡੂੰਘੇ ਪਾਣੀਆਂ ਅਤੇ ਗਾਰੇ ਵਿੱਚ ਵੀ ਮੁਸੀਬਤ ਮਾਰੇ ਲੋਕਾਂ ਦੇ ਉਦਾਸ ਚਿਹਰੇ ਨਹੀਂ ਦਿਸਦੇ ਸਗੋਂ ਸੱਤਾ ਦੇ ਹੀ ਝਲਕਾਰੇ ਪੈਂਦੇ ਹਨ।

Advertisement
Show comments