ਪੁਲਾੜ ਵੱਲ ਪੁਲਾਂਘ
ਮਨੁੱਖੀ ਪੁਲਾੜ ਉਡਾਣ ’ਚ ਭਾਰਤ ਦੀ ਵਾਪਸੀ ਲੰਮੀ ਉਡੀਕ ਤੋਂ ਬਾਅਦ 41 ਸਾਲਾਂ ਬਾਅਦ ਹੋਈ ਹੈ, ਪਰ ਇਹ ਇੰਤਜ਼ਾਰ ਸਫਲ ਰਿਹਾ ਹੈ। ਲਗਾਤਾਰ ਕਈ ਨਿਰਾਸ਼ਾਜਨਕ ਦੇਰੀਆਂ ਤੋਂ ਬਾਅਦ ਐਕਸੀਓਮ-4 ਮਿਸ਼ਨ ਆਖ਼ਿਰਕਾਰ ਉਡਾਣ ਭਰ ਗਿਆ ਜਿਸ ਵਿੱਚ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਅਤੇ ਤਿੰਨ ਹੋਰ ਪੁਲਾੜ ਯਾਤਰੀ ਸਵਾਰ ਹਨ। ਭਾਰਤੀ ਹਵਾਈ ਸੈਨਾ ਦੇ ਅਧਿਕਾਰੀ ਨੇ ਕੌਮਾਂਤਰੀ ਪੁਲਾੜ ਸਟੇਸ਼ਨ (ਆਈਐੱਸਐੱਸ) ਲਈ ਯਾਤਰਾ ਆਰੰਭੀ ਹੈ ਅਤੇ ਇਹ ਘੜੀ ਚਾਰ ਦਹਾਕਿਆਂ ਬਾਅਦ ਆਈ ਹੈ। 1984 ਵਿੱਚ ਰਾਕੇਸ਼ ਸ਼ਰਮਾ ਜੋ ਉਸ ਸਮੇਂ ਸਕੁਐਡਰਨ ਲੀਡਰ ਸਨ, ਨੇ ਸੋਵੀਅਤ ਸੰਘ ਦੇ ਸਾਲਯੂਟ-7 ਪੁਲਾੜ ਸਟੇਸ਼ਨ ਵਿੱਚ ਲਗਭਗ ਅੱਠ ਦਿਨ ਬਿਤਾਏ ਸਨ। ਸ਼ੁਕਲਾ ਦੀ ਇਸ ਪ੍ਰਾਪਤੀ ਨੇ ਉਨ੍ਹਾਂ ਨੂੰ ਭਾਰਤ ਦੇ ਮਨੁੱਖੀ ਪੁਲਾੜ ਮਿਸ਼ਨ, ਗਗਨਯਾਨ ਦੀ ਅਗਵਾਈ ਕਰਨ ਲਈ ਪਸੰਦੀਦਾ ਦਾਅਵੇਦਾਰ ਬਣਾ ਦਿੱਤਾ ਹੈ। ਇਹ ਭਾਰਤੀ ਪ੍ਰੋਗਰਾਮ ਸਹੀ ਤਰੀਕੇ ਨਾਲ ਅੱਗੇ ਵਧ ਰਿਹਾ ਹੈ, ਜਿਸ ਤਹਿਤ ਪਹਿਲੀ ਮਨੁੱਖੀ ਪੁਲਾੜ ਉਡਾਣ 2027 ਦੀ ਪਹਿਲੀ ਤਿਮਾਹੀ ਲਈ ਨਿਰਧਾਰਿਤ ਕੀਤੀ ਗਈ ਹੈ। ਆਈਐੱਸਐੱਸ ’ਤੇ ਸ਼ੁਕਲਾ ਦੁਆਰਾ ਪ੍ਰਾਪਤ ਕੀਤਾ ਗਿਆ ਤਜਰਬਾ ਇਸ ਮਿਸ਼ਨ ਲਈ ਚੁਣੇ ਗਏ ਹੋਰਨਾਂ ਭਾਰਤੀ ਪੁਲਾੜ ਯਾਤਰੀਆਂ ਲਈ ਬਹੁਤ ਮਦਦਗਾਰ ਹੋਵੇਗਾ।
ਭਾਰਤ ਨੇ ਪਿਛਲੇ ਦਹਾਕੇ ਜਾਂ ਇਸ ਤੋਂ ਕੁਝ ਵੱਧ ਸਮੇਂ ’ਚ ਪੁਲਾੜ ਖੇਤਰ ਵਿੱਚ ਵੱਡੀਆਂ ਛਾਲਾਂ ਮਾਰੀਆਂ ਹਨ, ਜਿਸ ਵਿੱਚ ਚੰਦਰਯਾਨ ਅਤੇ ਮੰਗਲਯਾਨ ਮਿਸ਼ਨਾਂ ਨੇ ਇਸਰੋ (ਭਾਰਤੀ ਪੁਲਾੜ ਖੋਜ ਸੰਗਠਨ) ਦੀਆਂ ਸਮਰੱਥਾਵਾਂ ਪ੍ਰਦਰਸ਼ਿਤ ਕੀਤੀਆਂ ਹਨ। ਮੋਦੀ ਸਰਕਾਰ ਵੱਲੋਂ ਆਤਮ-ਨਿਰਭਰਤਾ ’ਤੇ ਦਿੱਤਾ ਗਿਆ ਜ਼ੋਰ ਸਵਦੇਸ਼ੀ ਤਕਨੀਕ ਦੀ ਵਰਤੋਂ ਅਤੇ ਕਿਫ਼ਾਇਤੀ ਹੱਲਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਵਿੱਚੋਂ ਝਲਕਿਆ ਹੈ। ਭਾਰਤ ਲਈ ਅਗਨੀ ਪ੍ਰੀਖਿਆ ਅਮਰੀਕਾ ਅਤੇ ਰੂਸ ਵਰਗੇ ਦੇਸ਼ਾਂ ’ਤੇ ਮਨੁੱਖੀ ਉਡਾਣਾਂ ਲਈ ਨਿਰਭਰਤਾ ਘਟਾਉਣਾ ਹੈ। ਇਹ ਅਜਿਹਾ ਖੇਤਰ ਹੈ ਜਿਸ ਵਿੱਚ ਚੀਨ ਸਾਡੇ ਤੋਂ ਕਈ ਸਾਲ ਅੱਗੇ ਲੰਘ ਗਿਆ ਹੈ। ਗਗਨਯਾਨ, ਜਿਸ ਵਿੱਚ ਭਾਰਤੀ ਪੁਲਾੜ ਯਾਤਰੀਆਂ ਨੂੰ ਭਾਰਤੀ ਧਰਤੀ ਤੋਂ ਭਾਰਤੀ ਰਾਕੇਟ ਰਾਹੀਂ ਪੰਧ ਵਿੱਚ ਪਾਉਣ ਦੀ ਕਲਪਨਾ ਕੀਤੀ ਗਈ ਹੈ, ਆਲਮੀ ਪੁਲਾੜ ਸ਼ਕਤੀ ਵਜੋਂ ਦੇਸ਼ ਦੇ ਉਭਾਰ ਲਈ ਜ਼ਰੂਰੀ ਹੈ। ਅਮਰੀਕਾ ਤੇ ਚੀਨ ਦੀ ਪੁਲਾੜ ਲਈ ਦੌੜ ਦੇ ਵਿਚਕਾਰ ਭਾਰਤ 2035 ਤੱਕ ਭਾਰਤੀ ਪੁਲਾੜ ਸਟੇਸ਼ਨ ਸਥਾਪਿਤ ਕਰਨਾ ਚਾਹੁੰਦਾ ਹੈ ਅਤੇ 2040 ਤੱਕ ਆਪਣੇ ਪਹਿਲੇ ਨਾਗਰਿਕ ਨੂੰ ਚੰਦਰਮਾ ’ਤੇ ਭੇਜਣਾ ਚਾਹੁੰਦਾ ਹੈ। ਇਹ ਟੀਚੇ ਪਹੁੰਚ ਤੋਂ ਬਾਹਰ ਨਹੀਂ ਹੋ ਸਕਦੇ, ਪਰ ਅਗਲੇ ਡੇਢ ਦਹਾਕੇ ’ਚ ਬਹੁਤ ਸਾਰੀਆਂ ਚੀਜ਼ਾਂ ਦਾ ਸਹੀ ਢੰਗ ਨਾਲ ਹੋਣਾ ਜ਼ਰੂਰੀ ਹੋਵੇਗਾ।
ਇਕ ਭਾਰਤੀ ਦੇ ਪੁਲਾੜ ਵਿੱਚ ਦਿਸਣ ਤੋਂ ਇਲਾਵਾ ਐਕਸੀਓਮ-4 ਮਿਸ਼ਨ ਖੋਜ ਦੇ ਨਜ਼ਰੀਏ ਤੋਂ ਇਸਰੋ ਲਈ ਵੀ ਮਹੱਤਵਪੂਰਨ ਹੈ। ਆਈਐੱਸਐੱਸ ’ਤੇ ਵਿਗਿਆਨਕ ਅਧਿਐਨਾਂ ਅਤੇ ਗਤੀਵਿਧੀਆਂ ਵਿੱਚ ਲਗਭਗ 30 ਦੇਸ਼ ਸ਼ਾਮਿਲ ਹੋਣਗੇ। ਭਾਰਤ ਨੂੰ ਭਵਿੱਖੀ ਪੁਲਾੜ ਖੋਜ ਨੂੰ ਸੇਧ ਦੇਣ ਵਾਲਾ ਗਿਆਨ ਪ੍ਰਾਪਤ ਕਰਨ ਲਈ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ।