ਤਕਨੀਕੀ ਖੇਤਰ ’ਚ ਛਾਂਟੀਆਂ
ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐੱਸ) ਵੱਲੋਂ 12,000 ਤੋਂ ਵੱਧ ਕਰਮਚਾਰੀਆਂ ਜਾਂ ਆਪਣੇ ਲਗਭਗ 2 ਪ੍ਰਤੀਸ਼ਤ ਮੁਲਾਜ਼ਮਾਂ ਦੀ ਛਾਂਟੀ ਦਾ ਫ਼ੈਸਲਾ, ਅਜਿਹੇ ਸੰਕਟ ਦੀ ਝਲਕ ਹੈ ਜਿਸ ਦਾ ਕਰੀਬ ਹਰ ਖੇਤਰ ਨੂੰ ਆਪਣੀ ਲਪੇਟ ਵਿੱਚ ਲੈਣ ਦਾ ਖ਼ਦਸ਼ਾ ਹੈ। ਆਰਟੀਫੀਸ਼ਲ ਇੰਟੈਲੀਜੈਂਸ (ਏਆਈ) ਕਾਰਨ ਆ ਰਹੀ ਤਿੱਖੀ ਤਕਨੀਕੀ ਤਬਦੀਲੀ ਅਤੇ ਮੰਗ ਦਾ ਉਤਰਾਅ-ਚੜ੍ਹਾਅ ਭਾਰਤ ਦੇ ਪ੍ਰਸਿੱਧ ਆਈਟੀ (ਸੂਚਨਾ ਤਕਨੀਕ) ਸੇਵਾਵਾਂ ਖੇਤਰ ਨੂੰ ਢਾਂਚਾਗਤ ਤਬਦੀਲੀਆਂ ਕਰਨ ਲਈ ਮਜਬੂਰ ਕਰ ਰਿਹਾ ਹੈ। ਟੀਸੀਐੱਸ ਦਾ ਦਾਅਵਾ ਹੈ ਕਿ ਨੌਕਰੀਆਂ ਵਿੱਚ ਕਟੌਤੀ ਦਾ ਕਾਰਨ ਲੋੜੀਂਦੇ ਹੁਨਰਾਂ ਦੀ ਘਾਟ ਹੈ ਤੇ ਇਸ ਦੇ ਵਿਕਸਤ ਹੋ ਰਹੇ ਕਾਰੋਬਾਰੀ ਮਾਡਲ ਵਿੱਚ ਕੁਝ ਕਰਮਚਾਰੀਆਂ ਦੀ ਦੁਬਾਰਾ ਤਾਇਨਾਤੀ ਸੰਭਵ ਨਹੀਂ ਹੈ। ਇਸ ਦੇ ਸੀਈਓ (ਮੁੱਖ ਕਾਰਜਕਾਰੀ ਅਧਿਕਾਰੀ) ਦਾ ਇਹ ਦਾਅਵਾ ਕਿ ਨੌਕਰੀਆਂ ਵਿੱਚ ਛਾਂਟੀ ਲਈ ਏਆਈ ਜ਼ਿੰਮੇਵਾਰ ਨਹੀਂ ਹੈ, ਉਦਯੋਗ ਜਗਤ ਜਾਂ ਵੱਖ-ਵੱਖ ਬਾਜ਼ਾਰਾਂ ਨੂੰ ਸ਼ਾਂਤ ਕਰਨ ਲਈ ਕਾਫ਼ੀ ਨਹੀਂ ਹੈ। ਲਾਗਤ ਘਟਾਉਣ ਦੀਆਂ ਪਹਿਲਕਦਮੀਆਂ ਤਹਿਤ ਹੋਰਨਾਂ ਆਈਟੀ ਕੰਪਨੀਆਂ ਵਿੱਚ ਵੀ ਛਾਂਟੀ ਹੋ ਸਕਦੀ ਹੈ। ਏਆਈ ਹੁਣ ਬੁਨਿਆਦੀ ਰੂਪ ਵਿੱਚ ਕਾਰੋਬਾਰੀ ਨਿਯਮ ਦੁਬਾਰਾ ਲਿਖ ਰਹੀ ਹੈ। ਇਨ੍ਹਾਂ ਹਾਲਾਤ ਵਿੱਚ ਭਵਿੱਖ ਲਈ ਕੀ ਤਿਆਰੀ ਰੱਖੀ ਜਾਵੇ, ਇਹ ਹਰ ਕਾਰੋਬਾਰੀ ਉੱਦਮ ਦੇ ਏਜੰਡੇ ਵਿੱਚ ਸਭ ਤੋਂ ਉੱਤੇ ਹੋਣਾ ਚਾਹੀਦਾ ਹੈ। ਇਸ ਨਵੀਂ ਹਕੀਕਤ ਨੂੰ ਦੇਖਦਿਆਂ ਇਹ ਸਵਾਲ ਜਿਹੜਾ ਬਹੁਤ ਫ਼ਿਕਰਮੰਦ ਕਰਦਾ ਹੈ- ਉਹ ਹੈ: ਕੀ ਇਹ ਤਕਨੀਕੀ ਤਬਦੀਲੀ ਕਰਮਚਾਰੀਆਂ ਦੀ ਕੀਮਤ ’ਤੇ ਹੋਣੀ ਜ਼ਰੂਰੀ ਹੈ?
ਟੀਸੀਐੱਸ ਨੇ ਏਆਈ ਹੁਨਰਾਂ ਤੇ ਸਿਖਲਾਈ ਵਿੱਚ ਵੱਡਾ ਨਿਵੇਸ਼ ਕੀਤਾ ਹੈ, ਫਿਰ ਵੀ ਬਹੁਤ ਸਾਰੇ ਦਰਮਿਆਨੇ ਤੋਂ ਸੀਨੀਅਰ ਪੱਧਰ ਦੇ ਕਰਮਚਾਰੀਆਂ ਨੂੰ ਬਰਕਰਾਰ ਰੱਖਣ ਵਿੱਚ ਇਹ ਕੰਪਨੀ ਅਸਮਰੱਥ ਹੈ। ਇਹ ਸਾਹਮਣੇ ਆਉਣਾ ਕਿ ਤਕਨੀਕ ਦੇ ਨਵੇਂ ਹੁਨਰਾਂ ਨਾਲ ਲੈਸ ਹੋਣਾ ਵੀ ਹਮੇਸ਼ਾ ਕੰਮ ਨਹੀਂ ਆਉਂਦਾ, ਨੇ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ। ਡਰਾਉਣਾ ਦ੍ਰਿਸ਼ ਸਾਹਮਣੇ ਆ ਰਿਹਾ ਹੈ ਜਿੱਥੇ ਕਾਰੋਬਾਰ, ਭਾਵੇਂ ਵੱਡੇ ਜਾਂ ਛੋਟੇ, ਪਿੱਛੇ ਰਹਿਣ ਦੇ ਡਰੋਂ ਨਵੇਂ ਮਾਡਲਾਂ ਨੂੰ ਅੰਨ੍ਹੇਵਾਹ ਅਪਣਾ ਰਹੇ ਹਨ। ਬੇਯਕੀਨੀ ਵਾਲੇ ਇਨ੍ਹਾਂ ਸਮਿਆਂ ਵਿੱਚ ਜੇ ਕੋਈ ਉਮੀਦ ਹੈ ਤਾਂ ਉਹ ਸਾਲਾਂ ਤੋਂ ਭਾਰਤ ਵੱਲੋਂ ਵੱਡੇ ਪੱਧਰ ’ਤੇ ਕੀਤੀ ਜਾ ਰਿਹਾ ਤਕਨੀਕੀ ਪਰਿਵਰਤਨ ਹੈ- ਹਰੇਕ ਸਮਾਜਿਕ ਤੇ ਆਰਥਿਕ ਪੱਧਰ ’ਤੇ ਡਿਜੀਟਲ ਤਬਦੀਲੀ ਨੂੰ ਅਪਣਾਇਆ ਗਿਆ ਹੈ। ਏਆਈ ਅਪਨਾਉਣ ਲਈ ਵੀ ਉਸੇ ਤਰ੍ਹਾਂ ਦੇ ਢਾਂਚਾਗਤ, ਨਿਯਮਤ, ਪ੍ਰਾਈਵੇਟ-ਸਰਕਾਰੀ ਖੇਤਰ ਦੇ ਸਹਿਯੋਗ ਦੀ ਲੋੜ ਪਵੇਗੀ। ਸੰਖੇਪ ਵਿੱਚ ਕਿਹਾ ਜਾਵੇ ਤਾਂ ਇਹ ਅਜਿਹੀ ਭਾਰਤੀ ਪਹੁੰਚ ਹੈ ਜੋ ਮਾਨਵੀ ਸਰੋਤ ਅਤੇ ਤਬਦੀਲੀ ਅਪਨਾਉਣ ਦੀ ਇਸ ਦੀ ਸਮਰੱਥਾ ਦੀ ਕਦਰ ਕਰਦੀ ਹੈ।
ਭਾਰਤ ਵਿੱਚ ਵਧ ਰਿਹਾ ਬੇਰੁਜ਼ਗਾਰੀ ਦਾ ਸੰਕਟ ਲਗਾਤਾਰ ਦਖ਼ਲ ਮੰਗਦਾ ਹੈ। ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ ਦੇ ਦੋ-ਰੋਜ਼ਾ ਟੈਸਟ ਵਿੱਚ ਦੇਖੀ ਗਈ ਰਿਕਾਰਡ ਹਾਜ਼ਰੀ ਬੇਰੁਜ਼ਗਾਰੀ ਦੇ ਪੈਮਾਨੇ ਅਤੇ ਮੌਕਿਆਂ ਦੀ ਘਾਟ ਦੀ ਯਾਦ ਦਿਵਾਉਂਦੀ ਹੈ। ਆਬਾਦੀ ਦਾ ਅਜੇ ਤੱਕ ਲਾਭ ਨਹੀਂ ਲਿਆ ਜਾ ਸਕਿਆ, ਬਲਕਿ ਇਹ ਗਰਾਫ ਬਹੁਤ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ।