ਖਿੜਦੇ ਰਹਿਣ ਗੁਲਾਬ...
ਹਨੇਰੇ ਨੂੰ ਚੀਰ ਕੇ ਆਉਂਦਾ ਪਹੁ ਫੁਟਾਲਾ। ਚਾਨਣ ਦੇ ਆਉਣ ਦੀ ਦਸਤਕ ਦਿੰਦਾ। ਪੌਣਾਂ ਹੱਥ ਸੁਨੇਹਾ ਭੇਜਦਾ, ਰੌਸ਼ਨ ਸਵੇਰੇ ਦੀ ਉਡੀਕ ਮੁੱਕ ਗਈ ਹੈ। ਹੁਣ ਜਾਗਣ ਤੇ ਕਦਮਾਂ ਨੂੰ ਰਵਾਨੀ ਦੇਣ ਦਾ ਵਕਤ ਹੈ। ਅੰਬਰਾਂ ’ਤੇ ਚਾਨਣੀ ਇਬਾਰਤ ਲਿਖਣ ਦਾ ਵੇਲਾ ਹੈ। ਪੌਣਾਂ ਪੰਛੀ, ਪ੍ਰਾਣੀਆਂ ਦੇ ਦਰਾਂ ’ਤੇ ਜਾ ਅਲਖ ਜਗਾਉਂਦੀਆਂ। ਕਲ ਕਲ ਵਹਿੰਦਾ ਪਾਣੀ, ਜਾਗਦੇ, ਉੱਠਦੇ ਪ੍ਰਾਣੀ। ਕੁਦਰਤ ਦੇ ਵਿਹੜੇ ਜ਼ਿੰਦਗੀ ਦੀ ਅੰਗੜਾਈ ਦੇ ਬੋਲ ਸੁਣਾਈ ਦੇਣ ਲਗਦੇ। ਉਗਮਦੇ ਸੂਰਜ ਦੀਆਂ ਕਿਰਨਾਂ ਚਾਨਣ ਦਾ ਦੀਪ ਬਣ ਜ਼ਿੰਦਗੀ ਦਾ ਹੁਲਾਸ ਬਣਦੀਆਂ। ਚੜ੍ਹਦੇ ਸੂਰਜ ਦੀ ਲੋਅ ਸੂਹੇ, ਬਸੰਤੀ ਫੁੱਲਾਂ ਦਾ ਜਲੌਅ ਬਣਦੀ। ਹੱਸਦੇ ਫੁੱਲਾਂ ਤੇ ਤ੍ਰੇਲ ਦੇ ਕਿਣਕਿਆਂ ਨਾਲ ਸੰਵਾਦ ਰਚਾਉਂਦੀ, ‘ਜਿਊਣ ਲਈ ਡੂੰਘੀਆਂ ਜੜ੍ਹਾਂ ਤੇ ਮਜ਼ਬੂਤ ਤਣੇ ਦੀ ਲੋੜ ਹੁੰਦੀ। ਜੜ੍ਹਾਂ ਤੋਂ ਬਿਨਾਂ ਜਿਊਣਾ ਅਸੰਭਵ ਹੁੰਦਾ। ਜੜ੍ਹਾਂ ਧਰਤੀ ਮਾਂ ਦੀ ਗੋਦ ਵਿੱਚ ਫੈਲਦੀਆਂ ਫੁਲਦੀਆਂ। ਇਹੋ ਗੋਦ ਪੰਛੀ ਪ੍ਰਾਣੀਆਂ ਨੂੰ ਆਪਣੇ ਕਲਾਵੇ ਵਿੱਚ ਰੱਖਦੀ। ਧੀਆਂ ਪੁੱਤਰਾਂ ਨੂੰ ਆਪਣੀ ਵਿਰਾਸਤ ਦੀ ਗੁੜ੍ਹਤੀ ਦਿੰਦੀ। ਉਂਗਲ ਫੜ ਤੋਰਦੀ, ਕਦਮਾਂ ਨੂੰ ਰਵਾਨੀ ਦੇਣ ਦੀ ਜਾਚ ਸਿਖਾਉਂਦੀ। ਮਿਹਨਤ, ਸਿਦਕ, ਸਬਰ ਤੇ ਸੰਘਰਸ਼ ਦਾ ਸਬਕ ਦਿੰਦੀ। ਸਿਰ ਉਠਾ ਕੇ ਜਿਊਣ ਲਈ ਵੱਡਾ ਜਿਗਰਾ ਰੱਖਣਾ ਪੈਂਦਾ। ਆਜ਼ਾਦੀ ਦੇ ਰਾਹਾਂ ’ਤੇ ਤੁਰਨ ਵਾਲਿਆਂ ਲਈ ਹਰ ਮੋੜ ’ਤੇ ਸਲੀਬਾਂ ਹੁੰਦੀਆਂ’।
ਮਾਂ ਧਰਤੀ ਦੀ ਵਿਰਾਸਤ ਦਾ ਪੰਨਾ ਪਲਟਿਆ। ਤਖ਼ਤ ਲਾਹੌਰ ਸਾਹਵੇਂ ਨਾਬਰ ਹੋਇਆ ਸੁੰਦਰ ਮੁੰਦਰੀਏ ਵਾਲਾ ਲੋਕ ਨਾਇਕ ਦੁੱਲਾ ਭੱਟੀ ਸਿਰ ਉਠਾਈ ਖੜ੍ਹਾ ਨਜ਼ਰ ਆਇਆ। ਧਰਤੀ ਮਾਂ ਦੀ ਆਨ ਸ਼ਾਨ ਲਈ ਕੁਰਬਾਨ ਹੋਇਆ ਅੰਬਰਾਂ ’ਤੇ ਹੱਕ ਸੱਚ ਦਾ ਚੰਨ ਬਣ ਚਮਕਦਾ। ਅਗਲੇ ਸੁਨਹਿਰੀ ਪੰਨੇ ’ਤੇ ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨਾਲ ਸੂਰਜ ਵਾਂਗ ਲਟ ਲਟ ਬਲਦਾ ਮੁੱਛਫੁੱਟ ਗੱਭਰੂ ਆ ਮਿਲਿਆ। ਜ਼ਿੰਦਗੀ ਦੀ ਮੰਜ਼ਿਲ ਸਰ ਕਰਨ ਲਈ ਸਰਾਭੇ ਪਿੰਡ ਦੀ ਜੂਹ ਵਿੱਚੋਂ ਕੈਲੀਫੋਰਨੀਆ ਲਈ ਉਡਾਣ ਭਰੀ। ਉੱਥੇ ਪਹੁੰਚਿਆ ਤਾਂ ਦੇਸ਼ ਦੀ ਗ਼ੁਲਾਮੀ ਦਾ ਹਨੇਰਾ ਅੱਖਾਂ ਵਿੱਚ ਰੋੜ ਬਣ ਚੁਭਣ ਲੱਗਾ। ਦਿਲ ਵਿੱਚ ਹੂਕ ਬਣ ਉੱਠੀ ਆਜ਼ਾਦੀ ਤੇ ਬਰਾਬਰੀ ਦੀ ਤਾਂਘ ਮਨ ਦੇ ਅੰਬਰ ’ਤੇ ਵਸਣ ਲੱਗੀ। ਗ਼ਦਰੀ ਦੇਸ਼ ਭਗਤਾਂ ਨਾਲ ਮੇਲ ਸੋਚਾਂ ਸੁਪਨਿਆਂ ਨੂੰ ਭਾਅ ਗਿਆ। ਗ਼ਦਰ ਪਾਰਟੀ ਦਾ ਉਦੇਸ਼ ਤੇ ਅਹਿਦ ਮਨ ਮਸਤਕ ਵਿੱਚ ਵਸਿਆ। ਗ਼ਦਰ ਅਖ਼ਬਾਰ ਦੀ ਛਾਪ ਛਪਾਈ ਤੇ ਦੇਸ਼ ਦੁਨੀਆ ਵਿੱਚ ਪੁੱਜਦਾ ਕਰਨ ਲਈ ਦਿਨ ਰਾਤ ਇੱਕ ਕੀਤਾ। ਭਰ ਜੁਆਨੀ ਵਿੱਚ ਦੇਸ਼ ਦੀ ਆਜ਼ਾਦੀ ਦਾ ਸੁਪਨਾ ਸਾਕਾਰ ਕਰਨ ਲਈ ਫਾਂਸੀ ਦਾ ਰੱਸਾ ਚੁੰਮ ਗਿਆ।
ਪੰਜਾਬ ਦੇ ਪਿੰਡ ਬਖ਼ਸ਼ੀਵਾਲਾ ਦੀ ਬਹਾਦਰ ਧੀ ਗੁਲਾਬ ਕੌਰ। ਮਨੀਲਾ ਵਿੱਚ ਗ਼ਦਰ ਦੀ ਗੂੰਜ ਸੁਣ ਆਜ਼ਾਦੀ ਲਈ ਦੇਸ਼ ਪਰਤਣ ਲਈ ਆਪਣੇ ਜੀਵਨ ਸਾਥੀ ਮਾਨ ਸਿੰਘ ਨਾਲ ਤੁਰੀ। ਪਤੀ ਦੇ ਸਾਥ ਛੱਡ ਜਾਣ ’ਤੇ ਤਿਆਗ ਤੇ ਸਮਰਪਣ ਦੀ ਮਿਸਾਲ ਬਣ ਅਹਿਦ ਲਿਆ:
‘ਚਲੋ ਮੁਲਕ ਅੰਦਰ ਚੱਲ ਗ਼ਦਰ ਕਰੀਏ,
ਹੁਣ ਗ਼ੁਲਾਮ ਕਹਾਉਣ ਦੀ ਲੋੜ ਕੀ ਏ’?
ਇਸ ਗ਼ਦਰੀ ਵੀਰਾਂਗਣਾ ਨੇ ਸਾਰਾ ਜੀਵਨ ਗ਼ਦਰ ਲਹਿਰ ਦੇ ਲੇਖੇ ਲਾਇਆ। ਦੇਸ਼ ਪਹੁੰਚ ਕੇ ਆਜ਼ਾਦੀ ਲਈ ਤੁਰੇ ਗ਼ਦਰੀਆਂ ਨਾਲ ਪਿੰਡ ਪਿੰਡ ਗਈ। ਪਾਰਟੀ ਦੇ ਕੰਮਾਂ ਨੂੰ ਨੇਪਰੇ ਚੜ੍ਹਾਉਣ ਲਈ ਸਿਦਕਦਿਲੀ ਵਿਖਾਈ। ਅੰਗਰੇਜ਼ ਪੁਲੀਸ ਦੀ ਸਖ਼ਤੀ ਤੇ ਚੌਕਸ ਨਜ਼ਰਾਂ ਗ਼ਦਰੀ ਗੁਲਾਬ ਕੌਰ ਦਾ ਰਾਹ ਨਾ ਰੋਕ ਸਕੀਆਂ। ਭੇਸ ਬਦਲ ਕੇ ਗ਼ਦਰੀਆਂ ਦੇ ਸੁਨੇਹੇ ਪੁਜਦੇ ਕਰਨੇ। ਦੇਸ਼ ਭਗਤਾਂ ਨਾਲ ਕੰਮ ਕਰਦਿਆਂ ਜੇਲ੍ਹ ਵੀ ਮਿਲੀ। ਲੁਕ ਛੁਪ ਕੇ ਰਹਿੰਦਿਆਂ, ਔਕੜਾਂ ਝੱਲਦਿਆਂ ਆਜ਼ਾਦੀ ਦੀ ਤਾਂਘ ਜਿਊਂਦੀ ਜਗਦੀ ਰੱਖੀ।
ਗ਼ਦਰੀ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੇ ਦੇਸ਼ ਭਰ ਦੇ ਨੌਜੁਆਨਾਂ ਨੂੰ ਹਲੂਣਿਆ। ਉਨ੍ਹਾਂ ਦੀਆਂ ਸੋਚਾਂ ਵਿੱਚ ਸੂਹਾ ਰੰਗ ਭਰਿਆ। ਜਿਸ ਤੋਂ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੇ ਸਬਕ ਤੇ ਪ੍ਰੇਰਨਾ ਲਈ।‘ਨੌਜੁਆਨ ਭਾਰਤ ਸਭਾ’ ਬਣਾ ਕੇ ਨਵੀਂ ਚੇਤਨਾ ਦੀ ਲੋਅ ਜਗਾਈ। ਨੌਜੁਆਨਾਂ ਨੂੰ ਚਿੰਤਨ, ਅਧਿਐਨ ਨਾਲ ਆਜ਼ਾਦੀ ਦੀ ਲੋੜ ਦਾ ਅਹਿਸਾਸ ਕਰਾਇਆ।
‘ਸ਼ਹੀਦਾਂ ਦਾ ਖ਼ੂਨ ਕਦੇ ਅਜਾਈਂ ਨਹੀਂ ਜਾਂਦਾ’ ਸਰਾਭੇ ਦੇ ਇਹ ਬੋਲ ਸੱਚ ਸਾਬਤ ਹੋਏ। ਭਗਵਤੀ ਚਰਨ ਵੋਹਰਾ, ਅਸ਼ਫਾਕ ਉੱਲਾ ਖਾਂ ਤੇ ਸ਼ਹੀਦ ਭਗਤ ਸਿੰਘ ਜਿਹੇ ਅਨੇਕਾਂ ਇਨਕਲਾਬੀ ਨੌਜੁਆਨ ਆਜ਼ਾਦੀ ਦੀ ਲਹਿਰ ਖ਼ਾਤਰ ਕੁਰਬਾਨੀਆਂ ਦੇ ਗਏ, ਜਿਹੜੇ ਲੋਕ ਮਨਾਂ ਤੇ ਇਤਿਹਾਸ ਦੇ ਪੰਨਿਆਂ ਵਿੱਚ ਜਿਊਂਦੇ ਜਾਗਦੇ ਹਨ।
ਆਜ਼ਾਦੀ ਲਈ ਉਮਰਾਂ ਕਾਲੇ ਪਾਣੀਆਂ ਵਿੱਚ ਬੀਤੀਆਂ। ਜੇਲ੍ਹਾਂ ਵਿੱਚ ਤਸੀਹੇ ਝੱਲਦੇ ਰਹੇ। ਕੁਰਬਾਨ ਹੋ ਗਏ ਦੇਸ਼ ਭਗਤਾਂ ਦੀ ਵਿਰਾਸਤ ਪੁੱਛਦੀ ਹੈ: ‘ਇਹ ਸਾਡੇ ਸਮਿਆਂ ਵਿੱਚ ਹੀ ਹੋਣਾ ਸੀ’? ਹੱਕ ਸੱਚ ਲਈ ਆਵਾਜ਼ ਬੁਲੰਦ ਕਰਦੇ ਰੰਗਕਰਮੀਆਂ, ਬੁੱਧੀਜੀਵੀਆਂ ਦੀ ਜ਼ੁਬਾਨਬੰਦੀ? ਬੋਲਣ, ਲਿਖਣ, ਰੁਜ਼ਗਾਰ ਦਾ ਹੱਕ ਮੰਗਦੇ ਉਮਰ ਖਾਲਿਦ ਜਿਹੇ ਅਨੇਕਾਂ ਹੋਣਹਾਰ, ਖੋਜੀ ਵਿਦਿਆਰਥੀਆਂ ਦੇ ਟਿਕਾਣੇ ਜੇਲ੍ਹਾਂ ਦੀਆਂ ਸਲਾਖਾ ਪਿੱਛੇ? ਦੇਸ਼ ਦੁਨੀਆ ਵਿੱਚ ਜਾਣੇ ਜਾਂਦੇ ਖੋਜੀ ਇਤਿਹਾਸਕਾਰਾਂ, ਲੇਖਕਾਂ ਦੀਆਂ ਪੁਸਤਕਾਂ ’ਤੇ ਪਾਬੰਦੀ? ਗੌਰੀ ਲੰਕੇਸ਼, ਡਾ. ਕੁਲਬਰਗੀ ਤੇ ਡਾ. ਨਰੇਂਦਰ ਦਾਭੋਲਕਰ ਜਿਹੇ ਪੱਤਰਕਾਰਾਂ, ਲੇਖਕਾਂ ਤੇ ਤਰਕਸ਼ੀਲਾਂ ਲਈ ਮੌਤ? ਕੀ ਇਹ ਕੁਰਬਾਨ ਹੋਏ ਇਨਕਲਾਬੀ ਦੇਸ਼ ਭਗਤਾਂ ਦੀਆਂ ਸੋਚਾਂ ਸੁਪਨਿਆਂ ਨਾਲ ਖਿਲਵਾੜ ਨਹੀਂ?
ਗ਼ਦਰੀ ਗੁਲਾਬ ਕੌਰ ਦੀ ਵਿਛੋੜਾ ਸ਼ਤਾਬਦੀ ’ਤੇ ਉਨ੍ਹਾਂ ਦੀ ਯਾਦ ’ਚ ਦੇਸ਼ ਵਿਦੇਸ਼ ਵਿੱਚ ਮੇਲੇ ਭਰਦੇ। ਫਿਜ਼ਾ ਵਿੱਚੋਂ ਸੱਚ ਦੀ ਆਵਾਜ਼ ਆਉਂਦੀ। ਸੰਸਾਰ ਪੱਧਰ ’ਤੇ ਮਨੁੱਖੀ ਹੱਕਾਂ ਦੀ ਆਵਾਜ਼ ਬਣ ਵਿਚਰਦੀ ਪ੍ਰਸਿੱਧ ਲੇਖਿਕਾ ਅਰੁੰਧਤੀ ਰਾਏ। ਉਦਾਸੀ, ਦਿਲ, ਪਾਤਰ, ਪਾਸ਼ ਬਣ ਕੇ ਪੰਜਾਬੀ ਕਵਿਤਾ ਦੇ ਅੰਬਰ ’ਤੇ ਚਮਕਦੇ ਸਿਤਾਰੇ। ਆਪਣੇ ਜਲ, ਜੰਗਲ ਤੇ ਪਹਾੜ ਬਚਾਉਣ ਲਈ ਜਾਨ ਹੂਲਵੇਂ ਸੰਘਰਸ਼ ਕਰਦੇ ਆਦਿਵਾਸੀ। ਖੇਤੀ ਕਿੱਤੇ ਤੇ ਜ਼ਮੀਨਾਂ ਬਚਾਉਣ ਲਈ ਜੂਝਦੇ ਖੇਤਾਂ ਦੇ ਧੀਆਂ ਪੁੱਤ। ਆਪਣੇ ਹਿੱਸੇ ਦਾ ਅੰਬਰ ਤੇ ਜ਼ਮੀਨ ਹਾਸਲ ਕਰਨ ਲਈ ਆਵਾਜ਼ ਬੁਲੰਦ ਕਰਦੇ ਖੇਤ ਮਜ਼ਦੂਰ।
ਹੱਕਾਂ ਹਿੱਤਾਂ ਦੀ ਲੜਾਈ ਲੜਦੇ ਸਭਨਾਂ ਵਰਗਾਂ ਦੇ ਲੋਕ। ਕਲ਼ਮ ਤੇ ਕਿਰਤ ਨਾਲ ਵਫ਼ਾ ਨਿਭਾਉਂਦੇ ਕਲਮਕਾਰ ਹੱਕਾਂ ਦੀ ਮਸ਼ਾਲ ਲੈ ਤੁਰੇ ਨੌਜੁਆਨ, ਵਿਦਿਆਰਥੀ। ਚਾਨਣ ਦੇ ਬੀਜ ਹਨ। ਜਿਨ੍ਹਾਂ ਲਈ ਅਮਰ ਸ਼ਹੀਦਾਂ ਦੇ ਸੋਚਾਂ ਸੁਫ਼ਨਿਆਂ ਦੀ ਪੁੱਗਤ ਵਾਲੇ, ਬਰਾਬਰੀ ਵਾਲੇ ਰਾਜ, ਸਮਾਜ ਦੀ ‘ਫੁੱਲਾਂ ਜੋਗੀ ਜ਼ਮੀਨ’ ਉਨ੍ਹਾਂ ਦੇ ਸਭਨਾਂ ਵਾਰਸਾਂ ਨੇ ਤਿਆਰ ਕਰਨੀ ਹੈ ਤਾਂ ਜੋ ਖਿੜਦੇ ਰਹਿਣ ਗੁਲਾਬ...।
ਸੰਪਰਕ: 95010-06626
