ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜੈਮੀਮਾ ਦਾ ਕਾਰਨਾਮਾ

ਇਕ ਅਜਿਹੀ ਖੇਡ ਜਿਸ ਨੂੰ ਅਕਸਰ ਨੰਬਰਾਂ, ਬਣਾਏ ਗਏ ਸੈਂਕੜਿਆਂ, ਹਾਸਲ ਕੀਤੀਆਂ ਵਿਕਟਾਂ, ਕਾਇਮ ਰੱਖੇ ਗਏ ਸਟ੍ਰਾਈਕ ਰੇਟਾਂ ਨਾਲ ਮਾਪਿਆ ਜਾਂਦਾ ਹੈ, ਉਸੇ ਖੇਡ ’ਚ ਜੈਮੀਮਾ ਰੌਡਰਿਗਜ਼ ਨੇ ਸਾਨੂੰ ਚੇਤੇ ਕਰਾਇਆ ਕਿ ਕ੍ਰਿਕਟ ਦਿਮਾਗ਼ ’ਚ ਵੀ ਖੇਡਿਆ ਜਾਂਦਾ ਹੈ। ਮਹਿਲਾ...
Advertisement

ਇਕ ਅਜਿਹੀ ਖੇਡ ਜਿਸ ਨੂੰ ਅਕਸਰ ਨੰਬਰਾਂ, ਬਣਾਏ ਗਏ ਸੈਂਕੜਿਆਂ, ਹਾਸਲ ਕੀਤੀਆਂ ਵਿਕਟਾਂ, ਕਾਇਮ ਰੱਖੇ ਗਏ ਸਟ੍ਰਾਈਕ ਰੇਟਾਂ ਨਾਲ ਮਾਪਿਆ ਜਾਂਦਾ ਹੈ, ਉਸੇ ਖੇਡ ’ਚ ਜੈਮੀਮਾ ਰੌਡਰਿਗਜ਼ ਨੇ ਸਾਨੂੰ ਚੇਤੇ ਕਰਾਇਆ ਕਿ ਕ੍ਰਿਕਟ ਦਿਮਾਗ਼ ’ਚ ਵੀ ਖੇਡਿਆ ਜਾਂਦਾ ਹੈ। ਮਹਿਲਾ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਆਸਟਰੇਲੀਆ ਉੱਤੇ ਭਾਰਤ ਨੂੰ ਪੰਜ ਵਿਕਟਾਂ ਦੀ ਇਤਿਹਾਸਕ ਜਿੱਤ ਦਿਵਾਉਣ ਵਾਲੀ ਉਸ ਦੀ ਨਾਬਾਦ 127 ਦੌੜਾਂ ਦੀ ਪਾਰੀ ਬੇਮਿਸਾਲ ਸੀ। ਕਪਤਾਨ ਹਰਮਨਪ੍ਰੀਤ ਕੌਰ ਦੇ ਨਾਲ ਮਿਲ ਕੇ ਉਸ ਨੇ ਇੱਕ ਮੈਚ ਜੇਤੂ ਭਾਈਵਾਲੀ ਬੁਣੀ ਜਿਸ ਨੇ ਭਾਰਤ ਨੂੰ ਰਿਕਾਰਡ 339 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਦੀ ਹਿੰਮਤ ਬਖ਼ਸ਼ੀ। ਭਾਰਤ ਵੱਲੋਂ ਇਸ ਟੂਰਨਾਮੈਂਟ ਦੇ ਇਤਿਹਾਸ ਵਿੱਚ ਸਫ਼ਲਤਾ ਨਾਲ ਪ੍ਰਾਪਤ ਕੀਤਾ ਗਿਆ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਟੀਚਾ ਹੈ।

​ਪਰ ਜਿਸ ਗੱਲ ਨੇ ਸੱਚਮੁੱਚ ਇਸ ਪਲ ਨੂੰ ਯਾਦਗਾਰ ਬਣਾਇਆ, ਉਹ ਸੀ ਉਸ ਦੀ ਜਿੱਤ ਤੋਂ ਬਾਅਦ ਦੀ ਸਾਫ਼ਗੋਈ। ਟੂਰਨਾਮੈਂਟ ਵਿੱਚ ਪਹਿਲਾਂ ਟੀਮ ਤੋਂ ਬਾਹਰ ਹੋਣ ਦੇ ਦਬਾਅ ਅਤੇ ਬੇਚੈਨੀ ਨਾਲ ਆਪਣੇ ਸੰਘਰਸ਼ ਬਾਰੇ ਗੱਲ ਕਰਦਿਆਂ ਉਸ ਨੇ ਕਬੂਲ ਕੀਤਾ, ‘‘ਮੈਂ ਹਰ ਰੋਜ਼ ਰੋ ਰਹੀ ਸੀ।’’ ਮੈਚ ਤੋਂ ਬਾਅਦ ਦੀ ਦੁਨੀਆ ਜੋ ਉਹੀ ਸੁਣੀ-ਸੁਣਾਈ ਸ਼ੁਕਰਗੁਜ਼ਾਰੀ ਅਤੇ ਅੰਕੜਿਆਂ ਉੱਤੇ ਗਿੱਝੀ ਹੋਈ ਹੈ, ਦਰਮਿਆਨ ਜੈਮਿਮਾ ਦੀ ਬੇਪਰਵਾਹ ਇਮਾਨਦਾਰੀ ਹੈਰਾਨੀਜਨਕ ਸੀ। ਇਸ ਨੇ ਦਰਸਾਇਆ ਕਿ ਹਰ ਸਟਾਰ ਅਥਲੀਟ ਦੇ ਧੀਰਜ ਧਾਰਨ ਪਿੱਛੇ ਇੱਕ ਅਜਿਹੀ ਸ਼ਖ਼ਸੀਅਤ ਲੁਕੀ ਹੁੰਦੀ ਹੈ ਜੋ ਦੁਬਿਧਾ, ਉਮੀਦ ਅਤੇ ਥਕਾਨ ਨਾਲ ਜੂਝ ਰਹੀ ਹੁੰਦੀ ਹੈ। ਉਸ ਦਾ ਬਿਆਨ, “ਮੈਂ ਗੇਦਾਂ ਮੁੱਕਣ ਤੱਕ ਸ਼ਾਂਤ ਰਹਿਣ ਦੀ ਕੋਸ਼ਿਸ਼ ਕੀਤੀ”- ਉਸ ਦੇ ਮਾਨਸਿਕ ਅਨੁਸ਼ਾਸਨ ਅਤੇ ਅਕਸਰ ਓਹਲੇ ਰਹਿ ਜਾਣ ਵਾਲੀ ਨਜ਼ਾਕਤ ਦੋਵਾਂ ਨੂੰ ਦਰਸਾਉਂਦਾ ਹੈ।

Advertisement

ਆਪਣੀ ਮਾਨਸਿਕ ਸਥਿਤੀ ਬਾਰੇ ਖੁੱਲ੍ਹ ਕੇ ਗੱਲ ਕਰ ਕੇ ਜੈਮੀਮਾ ਨੇ ਭਾਰਤੀ ਖੇਡਾਂ ਦੀ ਇੱਕ ਅਣਕਹੀ ਰੁਕਾਵਟ ਨੂੰ ਦੂਰ ਕੀਤਾ ਹੈ। ਬਹੁਤ ਲੰਮੇ ਸਮੇਂ ਤੋਂ ਅਥਲੀਟਾਂ, ਖ਼ਾਸ ਕਰਕੇ ਔਰਤਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਭਾਵਨਾਤਮਕ ਤਣਾਅ ਦੀ ਪਰਵਾਹ ਕੀਤੇ ਬਿਨਾਂ ਪ੍ਰਦਰਸ਼ਨ ਕਰਨ। ਉਸ ਦੀ ਆਵਾਜ਼ ਇੱਕ ਅਜਿਹੇ ਫੈਲ ਰਹੇ ਵਰਗ ਦਾ ਹਿੱਸਾ ਬਣ ਗਈ ਹੈ ਜੋ ਜ਼ੋਰ ਦਿੰਦਾ ਹੈ ਕਿ ਮਾਨਸਿਕ ਸਿਹਤ ਉੱਤੇ ਵੀ ਓਨਾ ਹੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਜਿੰਨਾ ਸਰੀਰਕ ਤੰਦਰੁਸਤੀ ਜਾਂ ਫਾਰਮ ’ਤੇ ਦਿੱਤਾ ਜਾਂਦਾ ਹੈ। ਅਜਿਹਾ ਕਰ ਕੇ ਉਹ ਨਾ ਸਿਰਫ਼ ਮੈਚ ਜੇਤੂ, ਬਲਕਿ ਦਿੜ੍ਹਤਾ ਅਤੇ ਖ਼ੁਦ ਨੂੰ ਸਵੀਕਾਰਨ ਦੇ ਮਾਮਲੇ ਵਿਚ ਵੀ ਇੱਕ ਆਦਰਸ਼ ਬਣ ਗਈ ਹੈ।

ਕ੍ਰਿਕਟ ਪ੍ਰਸ਼ੰਸਕ ਇਸ ਮੈਚ ਨੂੰ ਇਸ ਦੇ ਨਾਟਕੀ ਮੋੜਾਂ ਲਈ ਯਾਦ ਰੱਖਣਗੇ, ਪਰ ਇਤਿਹਾਸ ਜੈਮੀਮਾ ਦੇ ਸ਼ਬਦਾਂ ਨੂੰ ਉਨ੍ਹਾਂ ਵਿਚਲੀ ਇਨਸਾਨੀਅਤ ਲਈ ਯਾਦ ਕਰ ਸਕਦਾ ਹੈ। ਇਨ੍ਹਾਂ ਸ਼ਬਦਾਂ ਨੇ ਇਸ ਸਚਾਈ ਨੂੰ ਰੌਸ਼ਨ ਕੀਤਾ ਹੈ ਕਿ ਮਹਾਨਤਾ ਲਈ ਸੰਘਰਸ਼ ਤਾਂ ਕਰਨਾ ਹੀ ਪਏਗਾ ਪਰ ਸੁਹਜ ਨਾਲ ਇਸ ’ਚੋਂ ਉੱਭਰਨ ਵਾਲੇ ਮਹਾਨਤਾ ਦੀਆਂ ਸਿਖ਼ਰਾਂ ਛੂਹ ਲੈਂਦੇ ਹਨ। ਹੰਝੂਆਂ ਨਾਲ ਭਿੱਜੇ, ਦਿਲੋਂ ਨਿਕਲੇ ਉਨ੍ਹਾਂ ਬੋਲਾਂ ਵਿਚ, ਭਾਰਤ ਨੇ ਨਾ ਸਿਰਫ਼ ਇੱਕ ਚੈਂਪੀਅਨ ਕ੍ਰਿਕਟਰ, ਬਲਕਿ ਇੱਕ ਅਜਿਹੀ ਔਰਤ ਨੂੰ ਵੀ ਦੇਖਿਆ ਹੈ ਜੋ ਇਸ ਗੱਲ ਤੋਂ ਨਹੀਂ ਡਰਦੀ ਕਿ ਸਭ ਤੋਂ ਪਹਿਲਾਂ ਉਹ ਇੱਕ ਇਨਸਾਨ ਹੈ। ਉਸ ਨੇ ਨਾ ਕੇਵਲ ਖੇਡ ਦੇ ਮੈਦਾਨ ’ਤੇ ਕੀਤੇ ਜਾਣ ਵਾਲੇ ਸੰਘਰਸ਼ ਦੀ ਗੱਲ ਕੀਤੀ, ਸਗੋਂ ਇਸ ਮੁਕਾਬਲੇ ਵਿੱਚ ਡਟਣ ਲਈ ਆਪਣੇ ਮਨ ਅੰਦਰਲੇ ਸੰਘਰਸ਼ ਦੀ ਵੀ ਬੇਬਾਕੀ ਨਾਲ ਗੱਲ ਕੀਤੀ।

Advertisement
Show comments