ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜੈਪੁਰ ਅਗਨੀ ਕਾਂਡ

ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ ਵਿੱਚ ਵਾਪਰੇ ਅਗਨੀ ਕਾਂਡ ਵਿੱਚ ਛੇ ਜਾਨਾਂ ਅਜਾਈਂ ਚਲੀਆਂ ਗਈਆਂ। ਅੱਧੀ ਰਾਤ ਨੂੰ ਹਸਪਤਾਲ ਦੇ ਟਰਾਮਾ ਆਈ ਸੀ ਯੂ ਵਿੱਚ ਲੱਗੀ ਅੱਗ ਭਿਆਨਕ ਰੂਪ ਧਾਰਨ ਕਰ ਗਈ। ਪਰਿਵਾਰਾਂ ਨੇ ਦੋਸ਼ ਲਾਇਆ ਕਿ ਡਾਕਟਰ ਮੌਕੇ...
Advertisement

ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ ਵਿੱਚ ਵਾਪਰੇ ਅਗਨੀ ਕਾਂਡ ਵਿੱਚ ਛੇ ਜਾਨਾਂ ਅਜਾਈਂ ਚਲੀਆਂ ਗਈਆਂ। ਅੱਧੀ ਰਾਤ ਨੂੰ ਹਸਪਤਾਲ ਦੇ ਟਰਾਮਾ ਆਈ ਸੀ ਯੂ ਵਿੱਚ ਲੱਗੀ ਅੱਗ ਭਿਆਨਕ ਰੂਪ ਧਾਰਨ ਕਰ ਗਈ। ਪਰਿਵਾਰਾਂ ਨੇ ਦੋਸ਼ ਲਾਇਆ ਕਿ ਡਾਕਟਰ ਮੌਕੇ ਤੋਂ ਦੌੜ ਗਏ ਅਤੇ ਗੇਟ ਨੂੰ ਤਾਲਾ ਲੱਗਾ ਹੋਇਆ ਸੀ। ਫਾਇਰ ਅਲਾਰਮ ਵੱਜਿਆ ਹੀ ਨਹੀਂ, ਅੱਗ ਬੁਝਾਊ ਯੰਤਰ ਨਕਾਰਾ ਪਏ ਰਹੇ ਅਤੇ ਮੌਕੇ ’ਤੇ ਤਾਇਨਾਤ ਇਕਲੌਤਾ ਫਾਇਰਮੈਨ ਬੇਵੱਸ ਹੋ ਕੇ ਰਹਿ ਗਿਆ। ਲੋਕਾਂ ਨੇ ਸ਼ੀਸ਼ੇ ਦੀਆਂ ਖਿੜਕੀਆਂ ਤੋੜ ਕੇ ਆਪਣੇ ਪਿਆਰਿਆਂ ਨੂੰ ਬੈੱਡਸ਼ੀਟਾਂ ਲਪੇਟ ਕੇ ਬਾਹਰ ਕੱਢਿਆ। ਪਤਾ ਲੱਗਿਆ ਹੈ ਕਿ ਅੱਧਾ ਘੰਟਾ ਪਹਿਲਾਂ ਸ਼ਾਰਟ ਸਰਕਟ ਹੋਇਆ ਸੀ ਪਰ ਸਟਾਫ ਨੇ ਇਸ ਨੂੰ ਇਹ ਕਹਿ ਕੇ ਤਵੱਜੋ ਨਾ ਦਿੱਤੀ ਕਿ ਇਹ ਆਮ ਘਟਨਾ ਹੈ ਤੇ ਠੀਕ ਹੋ ਜਾਵੇਗੀ। ਅਜਿਹੀਆਂ ਘਟਨਾਵਾਂ ਪਹਿਲਾਂ ਵੀ ਕਈ ਵਾਰ ਵਾਪਰ ਚੁੱਕੀਆਂ ਹਨ। ਮਈ 2024 ਵਿੱਚ ਦਿੱਲੀ ਦੇ ਇੱਕ ਹਸਪਤਾਲ ਵਿੱਚ ਅੱਗ ਲੱਗਣ ਕਰ ਕੇ ਸੱਤ ਨਵਜਨਮੇ ਬੱਚਿਆਂ ਦੀ ਮੌਤ ਹੋ ਗਈ ਸੀ। ਉਸ ਹਸਪਤਾਲ ਦੇ ਲਾਇਸੈਂਸ ਦੀ ਮਿਆਦ ਪੁੱਗ ਚੁੱਕੀ ਸੀ, ਫਿਰ ਵੀ ਉਹ ਧੜੱਲੇ ਨਾਲ ਚੱਲ ਰਿਹਾ ਸੀ। ਇਸ ਤੋਂ ਸੱਤ ਮਹੀਨੇ ਬਾਅਦ ਝਾਂਸੀ ਮੈਡੀਕਲ ਕਾਲਜ ਵਿੱਚ ਲੱਗੀ ਅੱਗ ਤੋਂ ਇਹ ਗੱਲ ਬੇਪਰਦ ਹੋਈ ਕਿ ਕਿਵੇਂ ਵੱਡੀਆਂ ਸਰਕਾਰੀ ਸੰਸਥਾਵਾਂ ਵਿੱਚ ਵੀ ਅੱਗ ਲੱਗਣ ਤੋਂ ਬਾਅਦ ਲੋਕਾਂ ਦੇ ਨਿਕਲਣ ਦੀ ਕੋਈ ਵਿਵਸਥਾ ਨਹੀਂ ਹੁੰਦੀ ਅਤੇ ਕੰਮਕਾਜੀ ਲੇਖਾ-ਜੋਖਾ ਘੱਟ ਹੀ ਕੀਤਾ ਜਾਂਦਾ ਹੈ। ਟਾਲਣਯੋਗ ਇਨ੍ਹਾਂ ਖੌਫ਼ਨਾਕ ਘਟਨਾਵਾਂ ਦੀ ਲੜੀ ਵਿੱਚ ਹੁਣ ਜੈਪੁਰ ਦਾ ਨਾਂ ਵੀ ਜੁੜ ਗਿਆ ਹੈ।

ਇਨ੍ਹਾਂ ਘਟਨਾਵਾਂ ਦੇ ਕਾਰਨ ਅਕਸਰ ਮਿਲਦੇ ਜੁਲਦੇ ਹੁੰਦੇ ਹਨ; ਜਿਵੇਂ ਵੇਲਾ ਵਿਹਾਅ ਚੁੱਕੀ ਵਾਇਰਿੰਗ, ਆਈ ਸੀ ਯੂ ਵਿੱਚ ਆਕਸੀਜਨ ਦੀ ਬਹੁਤਾਤ, ਨਕਾਰਾ ਪਏ ਅਲਾਰਮ, ਬਾਹਰ ਨਿਕਲਣ ਦੇ ਰਸਤਿਆਂ ਦਾ ਬੰਦ ਹੋਣਾ ਅਤੇ ਸਰਕਾਰੀ ਢਿੱਲ-ਮੱਠ। ਆਮ ਤੌਰ ’ਤੇ ਸੁਰੱਖਿਆ ਅਭਿਆਸ ਅਤੇ ਬਿਜਲਈ ਲੇਖੇ-ਜੋਖੇ ਮਹਿਜ਼ ਕਾਗਜ਼ੀ ਹੁੰਦੇ ਹਨ। ਰਾਜਸਥਾਨ ਸਰਕਾਰ ਨੇ ਜੈਪੁਰ ਅਗਨੀ ਕਾਂਡ ਦੀ ਜਾਂਚ ਕਰਾਉਣ ਦਾ ਐਲਾਨ ਕੀਤਾ ਹੈ ਜਿਵੇਂ ਅਕਸਰ ਸਰਕਾਰਾਂ ਕਰਦੀਆਂ ਹਨ ਪਰ ਅਸਲ ਗੱਲ ਨੇਮਾਂ ਦੇ ਪਾਲਣ ਦੀ ਹੁੰਦੀ ਹੈ ਜੋ ਲੋਕਾਂ ਦਾ ਰੋਸ ਮੱਠਾ ਪੈਣ ਤੋਂ ਬਾਅਦ ਵੀ ਜਿਉਂ ਦਾ ਤਿਉ ਰਹਿੰਦਾ ਹੈ। ਹਸਪਤਾਲ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਬਣਾਏ ਜਾਂਦੇ ਹਨ। ਹਰੇਕ ਸੂਬੇ ਨੂੰ ਹਸਪਤਾਲਾਂ ਦੇ ਸਾਲਾਨਾ ਸੁਰੱਖਿਆ ਅੰਕਾਂ, ਜਾਂਚਾਂ ਦੇ ਵੇਰਵੇ ਦਰਜ ਕਰਨ, ਸਾਜ਼ੋ-ਸਾਮਾਨ ਅਤੇ ਐਮਰਜੈਂਸੀ ਡਰਿੱਲ ਰਿਕਾਰਡਾਂ ਦੀ ਨਿਰਖ-ਪਰਖ ਨੂੰ ਪ੍ਰਕਾਸ਼ਿਤ ਕਰਨ ਦੇ ਪਾਬੰਦ ਕੀਤਾ ਜਾਣਾ ਚਾਹੀਦਾ ਹੈ। ਲਾਇਸੈਂਸ ਦੇ ਨਵੀਨੀਕਰਨ ਲਈ ਅਗਨੀ ਸੁਰੱਖਿਆ ਸਰਟੀਫਿਕੇਟ ਲੈਣਾ ਲਾਜ਼ਮੀ ਹੋਣਾ ਚਾਹੀਦਾ ਅਤੇ ਨੇਮਾਂ ਦੀ ਪਾਲਣਾ ਨਾ ਕਰਨ ਦਾ ਮਤਲਬ ਫੌਰੀ ਬੰਦ ਕਰਨਾ ਹੋਣਾ ਚਾਹੀਦਾ ਹੈ। ਹਰੇਕ ਹਸਪਤਾਲ ਵਿੱਚ ਆਨ ਡਿਊਟੀ ਫਾਇਰ ਅਫਸਰ ਹੋਣਾ ਚਾਹੀਦਾ ਹੈ ਜਿਸ ਕੋਲ, ਜੇ ਪ੍ਰੋਟੋਕਾਲਾਂ ਦਾ ਪਾਲਣ ਨਾ ਕੀਤਾ ਜਾ ਰਿਹਾ ਹੋਵੇ, ਤਾਂ ਕੰਮ ਕਾਜ ਰੋਕਣ ਦਾ ਅਖ਼ਤਿਆਰ ਹੋਵੇ।

Advertisement

ਜੈਪੁਰ ਦੀ ਤਰਾਸਦੀ ਕੋਈ ਹਾਦਸਾ ਨਹੀਂ ਸਗੋਂ ਵਾਰ-ਵਾਰ ਦਿੱਤੀਆਂ ਜਾਂਦੀਆਂ ਚਿਤਾਵਨੀਆਂ ਨੂੰ ਅਣਡਿੱਠ ਕਰਨ ਦਾ ਜਮ੍ਹਾ ਜੋੜ ਹੈ। ਜਿੰਨੀ ਦੇਰ ਤੱਕ ਸਾਡੇ ਦੇਸ਼ ਅੰਦਰ ਹਸਪਤਾਲਾਂ ਵਿੱਚ ਵਾਪਰਦੇ ਅਗਨੀ ਕਾਂਡਾਂ ਨੂੰ ਬਦਨਸੀਬੀ ਦੀ ਘਟਨਾ ਬਜਾਏ ਅਪਰਾਧਿਕ ਲਾਪਰਵਾਹੀ ਨਹੀਂ ਮੰਨਿਆ ਜਾਂਦਾ, ਓਨੀ ਦੇਰ ਤੱਕ ਦਿੱਲੀ, ਝਾਂਸੀ ਅਤੇ ਜੈਪੁਰ ਹੀ ਨਹੀਂ ਸਗੋਂ ਹਰ ਉਸ ਜਗ੍ਹਾ ਵਾਰ-ਵਾਰ ਇਹ ਅਗਨੀ ਕਾਂਡ ਵਾਪਰਦੇ ਰਹਿਣਗੇ।

Advertisement
Show comments