ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਿਸਾਨੀ ਦੇ ਹਿੱਤ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਭਾਰਤ ਖ਼ਿਲਾਫ਼ ਕੀਤੇ ਜਾ ਰਹੇ ਟੈਰਿਫ ਹੱਲੇ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖ਼ਿਰਕਾਰ ਠੋਸ ਜਵਾਬ ਦਿੱਤਾ ਹੈ। ਉਨ੍ਹਾਂ ਦੇਸ਼ ਦੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਕਿਸਾਨਾਂ ਦੇ ਹਿੱਤਾਂ ਦੀ ਕਿਸੇ ਵੀ ਕੀਮਤ ’ਤੇ...
Advertisement

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਭਾਰਤ ਖ਼ਿਲਾਫ਼ ਕੀਤੇ ਜਾ ਰਹੇ ਟੈਰਿਫ ਹੱਲੇ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖ਼ਿਰਕਾਰ ਠੋਸ ਜਵਾਬ ਦਿੱਤਾ ਹੈ। ਉਨ੍ਹਾਂ ਦੇਸ਼ ਦੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਕਿਸਾਨਾਂ ਦੇ ਹਿੱਤਾਂ ਦੀ ਕਿਸੇ ਵੀ ਕੀਮਤ ’ਤੇ ਬਲੀ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦਾ ਇਹ ਬਿਆਨ ਉੱਘੇ ਖੇਤੀ ਵਿਗਿਆਨੀ ਐੱਮਐੱਸ ਸਵਾਮੀਨਾਥਨ ਦੇ ਜਨਮ ਦੀ ਸ਼ਤਾਬਦੀ ਵਰ੍ਹੇਗੰਢ ਮੌਕੇ ਆਇਆ ਹੈ ਜਿਸ ਕਰ ਕੇ ਇਸ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਸਵਾਮੀਨਾਥਨ ਨੂੰ ਭਾਰਤ ਦੀ ਹਰੀ ਕ੍ਰਾਂਤੀ ਦਾ ਮੋਢੀ ਮੰਨਿਆ ਜਾਂਦਾ ਹੈ ਜਿਸ ਕਰ ਕੇ ਦੇਸ਼ ਅਨਾਜ ਦੇ ਮਾਮਲੇ ਵਿੱਚ ਆਤਮ-ਨਿਰਭਰਤਾ ਹਾਸਿਲ ਕਰ ਸਕਿਆ।

ਜ਼ਾਹਿਰ ਹੈ ਕਿ ਦਿੱਲੀ ਨੇ ਵਾਸ਼ਿੰਗਟਨ ਦੇ ਟੈਰਿਫ ਪੈਂਤੜੇ ਖ਼ਿਲਾਫ਼ ਸਟੈਂਡ ਲੈਣ ਦਾ ਫ਼ੈਸਲਾ ਕੀਤਾ ਹੈ ਜੋ ਮੱਕੀ, ਸੋਇਆਬੀਨ, ਸੇਬ, ਬਦਾਮ ਅਤੇ ਐਥਾਨੋਲ ਜਿਹੇ ਉਤਪਾਦਾਂ ਉੱਪਰ ਟੈਰਿਫ ਘਟਾਉਣ ਅਤੇ ਨਾਲ ਹੀ ਭਾਰਤੀ ਮੰਡੀ ਵਿੱਚ ਅਮਰੀਕੀ ਡੇਅਰੀ ਵਸਤਾਂ ਦੀ ਜ਼ਿਆਦਾ ਰਸਾਈ ਦੀ ਮੰਗ ਕਰ ਰਹੀ ਸੀ। ਪ੍ਰਧਾਨ ਮੰਤਰੀ ਵੱਲੋਂ ਪੇਂਡੂ ਅਰਥਚਾਰੇ ਦੇ ਤਿੰਨ ਅਹਿਮ ਵਰਗਾਂ- ਕਿਸਾਨਾਂ, ਡੇਅਰੀ ਉਤਪਾਦਕਾਂ ਤੇ ਮਛੇਰਿਆਂ ਦੇ ਹਿੱਤਾਂ ਪ੍ਰਤੀ ਵਚਨਬੱਧਤਾ ਦ੍ਰਿੜ੍ਹਾਉਣਾ ਸ਼ਲਾਘਾਯੋਗ ਕਦਮ ਹੈ। ਉਂਝ, ਇਸ ਵਚਨਬੱਧਤਾ ਦੀ ਅਸਲ ਪਰਖ ਉਦੋਂ ਹੋਵੇਗੀ ਜਦੋਂ ਟਰੰਪ ਵੱਲੋਂ ਭਾਰਤ ਉੱਪਰ ਹੋਰ ਜ਼ਿਆਦਾ ਦਬਾਅ ਲਾਮਬੰਦ ਕੀਤਾ ਜਾਵੇਗਾ, ਖ਼ਾਸਕਰ ਇਸ ਨੂੰ ਰੂਸੀ ਤੇਲ ਖਰੀਦਣ ਤੋਂ ਰੋਕਣ ਦੇ ਮੰਤਵ ਲਈ। ਇਹ ਗੱਲ ਸਮਝ ਪੈਂਦੀ ਹੈ ਕਿ ਮੋਦੀ ਸਰਕਾਰ ਅਮਰੀਕਾ ਦੇ ਅਜਿਹੇ ਵਤੀਰੇ ਸਾਹਮਣੇ ਝੁਕ ਕੇ ਕਿਸਾਨਾਂ ਦੀ ਨਾਰਾਜ਼ਗੀ ਨਹੀਂ ਸਹੇੜ ਸਕਦੀ, ਖ਼ਾਸਕਰ ਉਦੋਂ ਜਦੋਂ ਇਸ ਨੂੰ 2020-21 ਵਿੱਚ ਤਿੰਨ ਖੇਤੀ ਕਾਨੂੰਨਾਂ ਜਿਨ੍ਹਾਂ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਕਾਲੇ ਕਾਨੂੰਨ ਕਰਾਰ ਦਿੱਤਾ ਸੀ, ਖ਼ਿਲਾਫ਼ ਸਾਲ ਭਰ ਲੰਮੀ ਲੜਾਈ ਦੌਰਾਨ ਕੌੜਾ ਸਬਕ ਸਿੱਖਣਾ ਪਿਆ ਸੀ।

Advertisement

ਵਿਵਾਦਤ ਕਾਨੂੰਨਾਂ ਨੂੰ ਅਖ਼ੀਰ ਵਿੱਚ ਵਾਪਸ ਲੈ ਲਿਆ ਗਿਆ ਸੀ, ਪਰ ਇਸ ਤੋਂ ਪਹਿਲਾਂ 700 ਤੋਂ ਵੱਧ ਮੁਜ਼ਾਹਰਾਕਾਰੀ ਕਿਸਾਨਾਂ ਦੀ ਮੌਤ ਹੋ ਚੁੱਕੀ ਸੀ। ਕਿਸਾਨਾਂ ਦੀ ਪ੍ਰਮੁੱਖ ਮੰਗ- ਵੱਖ-ਵੱਖ ਫ਼ਸਲਾਂ ਲਈ ਐੱਮਐੱਸਪੀ (ਘੱਟੋ-ਘੱਟ ਸਮਰਥਨ ਮੁੱਲ) ਉੱਤੇ ਬਣਿਆ ਜਮੂਦ- ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਾਲੇ ਕਈ ਗੇੜਾਂ ਦੀ ਵਾਰਤਾ ਦੇ ਬਾਵਜੂਦ ਅਜੇ ਵੀ ਕਾਇਮ ਹੈ। ਅਮਰੀਕਾ ਦਾ ਟਾਕਰਾ ਕਰਨ ਲਈ ਹਿੱਤ ਧਾਰਕਾਂ ਨੂੰ ਇਕੱਠੇ ਹੋ ਕੇ ਕਰੀਬੀ ਤਾਲਮੇਲ ਕਰਨ ਦੀ ਲੋੜ ਹੈ ਜਿਹੜਾ ਭਾਰਤ ਨੂੰ ‘ਡੰਪਿੰਗ ਗਰਾਊਂਡ’ ਬਣਾਉਣ ਉੱਤੇ ਤੁਲਿਆ ਹੋਇਆ ਹੈ, ਖ਼ਾਸ ਤੌਰ ’ਤੇ ਇਸ ਦੇ ਡੇਅਰੀ ਉਤਪਾਦਾਂ ਲਈ। ਟਰੰਪ ਦੇ ਹੱਲਿਆਂ ਅੱਗੇ ਖੜ੍ਹਨ ਲਈ ਭਾਰਤ ਦੇ ਖੇਤੀ ਖੇਤਰ ਨੂੰ ਹੋਰ ਸਮਰੱਥ ਤੇ ਲਾਹੇਵੰਦ ਬਣਾਉਣਾ ਬਹੁਤ ਜ਼ਰੂਰੀ ਹੈ। ਭਾਰਤ ਦੇ ਕਿਸਾਨਾਂ ’ਤੇ ਦਮਨਕਾਰੀ ਕਰਜ਼ੇ ਦਾ ਬੋਝ ਚਿੰਤਾਜਨਕ ਹੈ, ਵਿਸ਼ੇਸ਼ ਤੌਰ ’ਤੇ ਪੰਜਾਬ ਅਤੇ ਹਰਿਆਣਾ ਵਰਗੇ ਅੰਨਦਾਤਾ ਸੂਬਿਆਂ ’ਚ ਇਹ ਹੋਰ ਵੀ ਪ੍ਰੇਸ਼ਾਨ ਕਰਨ ਵਾਲਾ ਹੈ ਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਵੱਡੇ-ਵੱਡੇ ਵਾਅਦਿਆਂ ਦਾ ਕੀ ਬਣਿਆ? ਸਵਾਮੀਨਾਥਨ ਵਰਗੀ ਸ਼ਖ਼ਸੀਅਤ ਨੂੰ ਸਭ ਤੋਂ ਚੰਗੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਹਰ ਚੰਗੇ-ਮਾੜੇ ਸਮੇਂ ’ਚ ਮਿਹਨਤ ਕਰਦੇ ਅੰਨਦਾਤਾ ਦੀ ਦਿਲੋਂ ਮਦਦ ਕੀਤੀ ਜਾਵੇ। ਪਿਛਲੇ ਸਮੇਂ ਦੌਰਾਨ ਇਹ ਤੱਥ ਵਾਰ-ਵਾਰ ਉੱਭਰ ਕੇ ਸਾਹਮਣੇ ਆਇਆ ਹੈ ਕਿ ਕਿਸਾਨੀ ਇਸ ਵਕਤ ਗਹਿਰੇ ਸੰਕਟ ਵਿਚੋਂ ਲੰਘ ਰਹੀ ਹੈ। ਇਸ ਲਈ ਇਸ ਬਾਰੇ ਵੱਧ ਸੰਜੀਦਗੀ ਨਾਲ ਵਿਚਾਰਨ ਦੀ ਜ਼ਰੂਰਤ ਹੈ।

Advertisement