ਅੰਗਦਾਨ ਬਾਰੇ ਨਿਰਦੇਸ਼
ਕੇਂਦਰ ਸਰਕਾਰ ਵੱਲੋਂ ਸਾਰੇ ਹਸਪਤਾਲਾਂ ਨੂੰ ਆਪਣੇ ਆਈਸੀਯੂਜ਼ ਵਿੱਚ ਅੰਗ ਅਤੇ ਤੰਤੂ ਦਾਨ ਟੀਮਾਂ ਦਾ ਗਠਨ ਕਰਨ ਦਾ ਦਿੱਤਾ ਨਿਰਦੇਸ਼ ਨਾ ਕੇਵਲ ਜ਼ਰੂਰੀ ਹੈ ਸਗੋਂ ਇਸ ਨੂੰ ਚੁੱਕਣ ਵਿੱਚ ਕਾਫ਼ੀ ਦੇਰੀ ਹੋ ਗਈ ਹੈ। ਦਹਾਕਿਆਂ ਤੋਂ ਇਸ ਦੀ ਪੈਰਵੀ ਕੀਤੀ ਜਾ ਰਹੀ ਸੀ ਪਰ ਭਾਰਤ ਵਿੱਚ ਅੰਗਦਾਨ ਦੀ ਪ੍ਰਥਾ ਹਾਲੇ ਤੱਕ ਪ੍ਰਚੱਲਿਤ ਨਹੀਂ ਹੋ ਸਕੀ ਜੋ ਕਿ ਦਸ ਲੱਖ ਦੀ ਆਬਾਦੀ ਪਿੱਛੇ ਮਹਿਜ਼ 0.9 ਅੰਗਦਾਨੀ ਬਣਦੀ ਹੈ ਜਦੋਂਕਿ ਸਪੇਨ ਜਿਹੇ ਮੁਲਕਾਂ ਵਿੱਚ ਇਹ ਦਰ 30 ਤੋਂ ਵੀ ਵੱਧ ਹੈ। ਸਿੱਟੇ ਵਜੋਂ ਹਰ ਸਾਲ ਲੱਖਾਂ ਮਰੀਜ਼ ਟ੍ਰਾਂਸਪਲਾਂਟ ਦੀ ਉਡੀਕ ਕਰਦੇ ਰਹਿੰਦੇ ਹਨ ਕਿਉਂਕਿ ਕੋਈ ਅੰਗ ਦਾਨ ਲਈ ਅੱਗੇ ਨਹੀਂ ਆਉਂਦਾ। ਨੈਸ਼ਨਲ ਆਰਗਨ ਐਂਡ ਟਿਸ਼ੂ ਆਰਗੇਨਾਈਜ਼ੇਸ਼ਨ (ਨੌਟੋ) ਨੇ ਹੁਣ ਹਰੇਕ ਹਸਪਤਾਲ ਨੂੰ ਅਜਿਹੀਆਂ ਪ੍ਰਤੀਬੱਧ ਟੀਮਾਂ ਬਣਾਉਣ ਲਈ ਕਿਹਾ ਹੈ ਜਿਨ੍ਹਾਂ ਵਿੱਚ ਬਰੇਨ ਸਟੈੱਮ ਡੈੱਥ ਕਮੇਟੀ ਦੇ ਮੈਂਬਰ ਅਤੇ ਕਾਉਂਸਲਰ ਸ਼ਾਮਿਲ ਕੀਤੇ ਜਾਣ ਜੋ ਕਿ ਪਰਿਵਾਰਾਂ ਨੂੰ ਸਮੁੱਚੀ ਪ੍ਰਕਿਰਿਆ ਬਾਰੇ ਸਮਝਾਉਣ। ਇਹ ਇੱਕ ਜ਼ਰੂਰੀ ਪਹਿਲ ਹੈ ਕਿਉਂਕਿ ਸਮੇਂ ਸਿਰ ਕਾਉਂਸਲਿੰਗ, ਚੇਤਨਾ ਅਤੇ ਤਾਲਮੇਲ ਨਾ ਹੋਣ ਕਰ ਕੇ ਬਹੁਤ ਸਾਰੇ ਸੰਭਾਵੀ ਅੰਗਦਾਨੀ ਅਜਾਈਂ ਚਲੇ ਜਾਂਦੇ ਹਨ। ਅਕਸਰ ਦੇਖਿਆ ਗਿਆ ਹੈ ਕਿ ਜਦੋਂ ਤੱਕ ਗਮਜ਼ਦਾ ਪਰਿਵਾਰਾਂ ਤੱਕ ਪਹੁੰਚ ਕੀਤੀ ਜਾਂਦੀ ਹੈ, ਉਦੋਂ ਤੱਕ ਅੰਗ ਜਾਂ ਟਿਸ਼ੂ ਦਾਨ ਲਈ ਖਿੜਕੀ ਸਦਾ ਲਈ ਬੰਦ ਹੋ ਚੁੱਕੀ ਹੁੰਦੀ ਹੈ।
ਫਿਰ ਵੀ ਇਹ ਮਸਲਾ ਇਕੱਲੇ ਨਿਰਦੇਸ਼ ਜਾਰੀ ਕਰਨ ਨਾਲ ਹੱਲ ਨਹੀਂ ਹੋ ਸਕਣਾ। ਬਹੁਤ ਸਾਰੇ ਹਸਪਤਾਲਾਂ, ਖ਼ਾਸਕਰ ਕਸਬਿਆਂ ਵਿਚਲੇ ਹਸਪਤਾਲਾਂ ਵਿੱਚ ਟਰਾਂਸਪਲਾਂਟ ਕੋਆਰਡੀਨੇਟਰਾਂ, ਸਿੱਖਿਅਤ ਆਈਸੀਯੂ ਸਟਾਫ਼ ਅਤੇ ਅੰਗਾਂ ਨੂੰ ਸੰਭਾਲ ਕੇ ਰੱਖਣ ਦੇ ਬੁਨਿਆਦੀ ਢਾਂਚੇ ਦੀ ਘਾਟ ਪਾਈ ਜਾਂਦੀ ਹੈ। ਟ੍ਰਾਂਸਪਲਾਂਟਾਂ ਦੇ ਮਾਮਲੇ ਵਿੱਚ ਪ੍ਰਾਈਵੇਟ ਹਸਪਤਾਲਾਂ ਦਾ ਦਬਦਬਾ ਬਣਿਆ ਹੋਇਆ ਹੈ ਜਦੋਂਕਿ ਸਰਕਾਰੀ ਹਸਪਤਾਲ ਇਸ ਪੱਖ ਤੋਂ ਕਾਫ਼ੀ ਪਿਛਾਂਹ ਹਨ। ਸਿਖਲਾਈ, ਸਾਜ਼ੋ-ਸਾਮਾਨ ਅਤੇ ਪ੍ਰੇਰਕਾਂ ਲਈ ਕਿਸੇ ਠੋਸ ਨਿਵੇਸ਼ ਤੋਂ ਬਿਨਾਂ ਸਾਰੇ ਹਸਪਤਾਲਾਂ ਲਈ ਜਾਰੀ ਕੀਤਾ ਗਿਆ ਇਹ ਫ਼ਤਵਾ ਇੱਕ ਨੇਕ ਖਾਹਿਸ਼ ਹੀ ਬਣਿਆ ਰਹਿ ਸਕਦਾ ਹੈ। ਇਸ ਦੇ ਨਾਲ ਹੀ ਲੋਕਾਂ ਦਾ ਭਰੋਸਾ ਵੀ ਓਨਾ ਹੀ ਜ਼ਰੂਰੀ ਹੈ। ਅੰਗ ਦਾਨ ਬਾਰੇ ਬਹੁਤ ਸਾਰੇ ਮਿੱਥ, ਡਰ ਅਤੇ ਗ਼ਲਤ ਜਾਣਕਾਰੀਆਂ ਹਾਲੇ ਵੀ ਫੈਲ ਰਹੀਆਂ ਹਨ। ਇਸ ਨੂੰ ਲੈ ਕੇ ਚਲਾਈ ਜਾਣ ਵਾਲੀ ਚੇਤਨਾ ਮੁਹਿੰਮ ਵਿਚ ਇਨ੍ਹਾਂ ਸਵਾਲਾਂ ਬਾਰੇ ਬੱਝਵਾਂ ਧਿਆਨ ਦੇਣ ਦੀ ਲੋੜ ਹੈ।