ਭਾਰਤ-ਪਾਕਿ ਖੇਡ ਭਾਵਨਾ
ਭੂ-ਰਾਜਨੀਤਕ ਤਣਾਵਾਂ ਦੇ ਹੁੰਦੇ ਸੁੰਦੇ, ਭਾਰਤ ਅਤੇ ਪਾਕਿਸਤਾਨ ਦੇ ਹਾਕੀ ਖਿਡਾਰੀਆਂ ਨੇ ਮੰਗਲਵਾਰ ਨੂੰ ਮਲੇਸ਼ੀਆ ਵਿੱਚ ਅੰਡਰ-21 ਟੂਰਨਾਮੈਂਟ ਵਿੱਚ ਨਾ ਕੇਵਲ ਹੱਥ ਮਿਲਾਏ ਸਗੋਂ ਸ਼ਾਬਾਸ਼ੀ ਦਾ ਆਦਾਨ- ਪ੍ਰਦਾਨ ਵੀ ਕੀਤਾ। ਖਿਡਾਰੀਆਂ ਦਾ ਇਹ ਵਿਹਾਰ ਬਹੁਤ ਸ਼ੁਭ ਹੈ ਜੋ ਕਿ ਹਾਲ ਹੀ ਵਿੱਚ ਯੂ ਏ ਈ ਵਿੱਚ ਹੋਏ ਏਸ਼ੀਆ ਕ੍ਰਿਕਟ ਕੱਪ ਅਤੇ ਸ੍ਰੀਲੰਕਾ ਵਿੱਚ ਔਰਤਾਂ ਦੇ ਵਿਸ਼ਵ ਕ੍ਰਿਕਟ ਕੱਪ ਮੌਕੇ ਦਿਖਾਏ ਗਏ ਤੇਵਰਾਂ ਤੋਂ ਬਿਲਕੁਲ ਵੱਖਰਾ ਹੈ। ਹਾਕੀ ਖਿਡਾਰੀਆਂ ਨੇ ਤਕੜਾ ਸੰਦੇਸ਼ ਦਿੱਤਾ ਹੈ ਕਿ ਖੇਡਾਂ ਅਤੇ ਰਾਜਨੀਤੀ ਦਾ ਕੋਈ ਮੇਲ ਨਹੀਂ ਹੈ ਅਤੇ ਇਨ੍ਹਾਂ ਨੂੰ ਵੱਖ ਰੱਖਿਆ ਜਾਣਾ ਚਾਹੀਦਾ ਹੈ। ਇਹ ਗੱਲ ਸੱਚ ਹੈ ਕਿ ਇਸ ਸਮੇਂ ਇਨ੍ਹਾਂ ਦੋਵਾਂ ਦੇਸ਼ਾਂ ਅੰਦਰ ਹਾਕੀ ਕ੍ਰਿਕਟ ਜਿੰਨੀ ਹਰਮਨਪਿਆਰੀ ਖੇਡ ਨਹੀਂ ਰਹੀ ਤੇ ਇਸ ਦੇ ਨਾਲ ਹੀ ਸੁਲਤਾਨ ਜੋਹੋਰ ਕੱਪ ਕੋਈ ਓਨਾ ਵੱਡਾ ਮੁਕਾਬਲਾ ਵੀ ਨਹੀਂ ਹੈ ਜੋ ਸਾਰੇ ਖੇਡ ਪ੍ਰੇਮੀਆਂ ਦੀਆਂ ਨਜ਼ਰਾਂ ਦਾ ਕੇਂਦਰ ਬਿੰਦੂ ਬਣਦਾ ਹੋਵੇ। ਫਿਰ ਖੇਡ ਉੱਪਰ ਧਿਆਨ ਕੇਂਦਰਿਤ ਕਰਨ ਅਤੇ ਬੇਲੋੜੇ ਵਿਵਾਦਾਂ ਤੋਂ ਬਚਾਓ ਕਰਨ ਦੀ ਦੁਪਾਸੀ ਖਾਹਿਸ਼ ਅਤੇ ਸੂਝ-ਬੂਝ ਬਿਨਾਂ ਸ਼ੱਕ ਪ੍ਰਸ਼ੰਸਾਯੋਗ ਹੈ।
ਜ਼ਿਕਰਯੋਗ ਹੈ ਕਿ ਭਾਰਤ-ਪਾਕਿ ਮੈਚ ਤੋਂ ਪਹਿਲਾਂ ਪਾਕਿਸਤਾਨ ਹਾਕੀ ਫੈਡਰੇਸ਼ਨ ਨੇ ਆਪਣੇ ਖਿਡਾਰੀਆਂ ਨੂੰ ਤਾਕੀਦ ਕੀਤੀ ਸੀ ਕਿ ਉਹ ਭਾਰਤੀ ਟੀਮ ਨਾਲ ਕਿਸੇ ਤਰ੍ਹਾਂ ਦੇ ਟਕਰਾਅ ਵਿੱਚ ਨਾ ਪਵੇ। ਨਾਲ ਹੀ ਇਸ ਨੇ ਖਿਡਾਰੀਆਂ ਨੂੰ ਇਹ ਵੀ ਨਸੀਹਤ ਕੀਤੀ ਸੀ ਕਿ ਜੇ ਵਿਰੋਧੀ ਟੀਮ ਵੱਲੋਂ ਹੱਥ ਨਾ ਮਿਲਾਉਣ ਵਰਗੀ ਕੋਈ ਸਥਿਤੀ ਪੈਦਾ ਹੁੰਦੀ ਹੈ ਤਾਂ ਇਸ ਲਈ ਤਿਆਰ ਰਿਹਾ ਜਾਵੇ। ਚੰਗੇ ਭਾਗੀਂ ਅਜਿਹੀ ਕੋਈ ਨੌਬਤ ਨਹੀਂ ਆਈ ਅਤੇ ਨੌਜਵਾਨ ਖਿਡਾਰੀਆਂ ਨੇ ਆਪਣੇ ਤੋਂ ਉਮਰ ਦਰਾਜ਼ ਕ੍ਰਿਕਟ ਖਿਡਾਰੀਆਂ ਨਾਲੋਂ ਕਿਤੇ ਵੱਧ ਸਿਆਣਪ ਅਤੇ ਖੇਡ ਭਾਵਨਾ ਦਾ ਮੁਜ਼ਾਹਰਾ ਕੀਤਾ। ਜੋ ਗੱਲ ਹਾਕੀ ਖਿਡਾਰੀਆਂ ਦੀ ਸ਼ੋਭਾ ਵਧਾਉਂਦੀ ਹੈ, ਉਸ ਨਾਲ ਕ੍ਰਿਕਟਰਾਂ ਦੀ ਵੀ ਸ਼ੋਭਾ ਵਧਣੀ ਸੀ।
ਏਸ਼ੀਆ ਕੱਪ ਦੌਰਾਨ ਹੋਏ ਬੇਸੁਆਦੇ ਤਮਾਸ਼ੇ ਕਰ ਕੇ ਦੋਵਾਂ ਦੇਸ਼ਾਂ ਦੇ ਕ੍ਰਿਕਟ ਖਿਡਾਰੀਆਂ ਅਤੇ ਪ੍ਰਬੰਧਕਾਂ ਦਾ ਕੱਦ-ਬੁੱਤ ਹੀ ਘਟਿਆ ਹੈ। ਇਸ ਨੂੰ ਲੈ ਕੇ ਤਿੱਖਾ ਪ੍ਰਤੀਕਰਮ ਦੇਖਣ ਨੂੰ ਮਿਲਿਆ ਸੀ ਜਿਸ ਦੌਰਾਨ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਐਥਰਟਨ ਨੇ ਤਾਂ ਇਹ ਵੀ ਆਖ ਦਿੱਤਾ ਸੀ ਕਿ ਇਨ੍ਹਾਂ ਦੋਵਾਂ ਦੇਸ਼ਾਂ ਵਿਚਕਾਰ ਕ੍ਰਿਕਟ ਮੁਕਾਬਲੇ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਜਾਣੇ ਚਾਹੀਦੇ ਹਨ ਕਿਉਂਕਿ ‘ਇਸ ਖੇਡ ਨੂੰ ਵਡੇਰੇ ਤਣਾਵਾਂ ਅਤੇ ਪ੍ਰਾਪੇਗੰਡਾ ਦੀ ਪ੍ਰੌਕਸੀ ਬਣਾ ਦਿੱਤਾ ਗਿਆ ਹੈ।’ ਬੁਨਿਆਦੀ ਗੱਲ ਇਹ ਹੈ ਕਿ ਖੇਡ ਜਗਤ ਇਨ੍ਹਾਂ ਦੋਵੇਂ ਦੇਸ਼ਾਂ ਦੇ ਖਿਡਾਰੀਆਂ ਨੂੰ ਖੇਡ ਭਾਵਨਾ ਨੂੰ ਲਤਾੜਦੇ ਹੋਏ ਨਹੀਂ ਦੇਖਣਾ ਚਾਹੁੰਦਾ। ਹਾਲੇ ਵੀ ਸਮਾਂ ਹੈ ਕਿ ਇਨ੍ਹਾਂ ਨੂੰ ਸੁਮੱਤ ਆਵੇ ਅਤੇ ਉਹ ਅਗਾਂਹ ਤੋਂ ਚੰਗੇ ਵਿਹਾਰ ਦੀ ਮਿਸਾਲ ਪੇਸ਼ ਕਰਨ।