ਭਾਰਤ-ਚੀਨ ਉਡਾਣਾਂ
ਪੰਜ ਸਾਲਾਂ ਤੋਂ ਵੱਧ ਸਮੇਂ ਬਾਅਦ ਭਾਰਤ ਤੇ ਚੀਨ ਸਿੱਧੀਆਂ ਹਵਾਈ ਉਡਾਣਾਂ ਮੁੜ ਸ਼ੁਰੂ ਕਰਨ ਦੀ ਤਿਆਰੀ ਕਰ ਰਹੇ ਹਨ। ਦੁਵੱਲੇ ਹਵਾਈ ਸੇਵਾ ਸਮਝੌਤੇ ਨੂੰ ਸੋਧਣ ਬਾਰੇ ਗੱਲਬਾਤ ਜਾਰੀ ਹੈ, ਭਾਵੇਂ ਉਡਾਣਾਂ 26 ਅਕਤੂਬਰ ਤੋਂ ਮੁੜ ਸ਼ੁਰੂ ਹੋਣ ਵਾਲੀਆਂ ਹਨ। ਇੰਡੀਗੋ ਦੀ ਕੋਲਕਾਤਾ-ਗੁਆਂਗਜ਼ੂ ਉਡਾਣ ਨਾਲ ਉਹ ਮੁਅੱਤਲੀ ਖ਼ਤਮ ਹੋਵੇਗੀ ਜੋ ਮਹਾਮਾਰੀ ਨਾਲ ਸ਼ੁਰੂ ਹੋਈ ਸੀ ਅਤੇ 2020 ਵਾਲੀ ਗਲਵਾਨ ਝੜਪ ਨਾਲ ਹੋਰ ਡੂੰਘੀ ਹੋ ਗਈ ਸੀ। ਸੇਵਾ ਬਹਾਲੀ ਦਾ ਤਣਾਅ ਘਟਾਉਣ ਦੇ ਸੰਕੇਤ ਵਜੋਂ ਸਵਾਗਤ ਕੀਤਾ ਗਿਆ ਹੈ, ਫਿਰ ਵੀ ਇਹ ਸੰਪੂਰਨ ਨਾਲੋਂ ਇਹਤਿਆਤੀ ਬਹਾਲੀ ਵੱਧ ਹੈ। ਸਿੱਧੀਆਂ ਉਡਾਣਾਂ ਯਾਤਰੀਆਂ ਦੀ ਸਹੂਲਤ ਤੋਂ ਕਿਤੇ ਵੱਧ ਅਰਥ ਰੱਖਦੀਆਂ ਹਨ। ਇਹ ਵਿਦਿਆਰਥੀਆਂ, ਕਾਰੋਬਾਰੀ ਆਗੂਆਂ ਦੇ ਆਪਸੀ ਵਟਾਂਦਰੇ ਤੇ ਸੱਭਿਆਚਾਰਕ ਤਾਲਮੇਲ ਦਾ ਰਾਹ ਹਨ- ਇੱਕ ਤਰ੍ਹਾਂ ਦੀਆਂ ਧਮਣੀਆਂ ਜੋ ਦੁਵੱਲੇ ਸਬੰਧਾਂ ਨੂੰ ਬਰਕਰਾਰ ਰੱਖਦੀਆਂ ਹਨ, ਭਾਵੇਂ ਸਿਆਸੀ ਟਕਰਾਅ ਚੱਲਦਾ ਵੀ ਰਹੇ। ਇਨ੍ਹਾਂ ਹਵਾਈ ਰੂਟਾਂ ਨੂੰ ਬਹਾਲ ਕਰਨਾ ਦਰਸਾਉਂਦਾ ਹੈ ਕਿ ਦੋਵੇਂ ਸਰਕਾਰਾਂ ਭਰੋਸਾ ਮੁੜ ਕਾਇਮ ਕਰਨ ਦੀ ਕਦਰ ਪਛਾਣਦੀਆਂ ਹਨ, ਘੱਟੋ-ਘੱਟ ਲੋਕਾਂ ਦੇ ਆਪਸੀ ਰਾਬਤੇ ਰਾਹੀਂ। ਭਾਰਤੀ ਬਰਾਮਦਕਾਰਾਂ ਅਤੇ ਚੀਨੀ ਨਿਵੇਸ਼ਕਾਂ ਲਈ, ਇਹ ਕਦਮ ਵਧੇਰੇ ਸੁਚਾਰੂ ਹਿੱਸੇਦਾਰੀ ਦਾ ਵਾਅਦਾ ਕਰਦਾ ਹੈ।
ਇਸ ਦੇ ਬਾਵਜੂਦ ਪ੍ਰਤੀਕਵਾਦ ਨੂੰ ਅਸਲੀਅਤ ਨਾਲ ਰਲਗੱਡ ਨਹੀਂ ਕਰਨਾ ਚਾਹੀਦਾ। ਮੁੜ ਸ਼ੁਰੂਆਤ ਫਿ਼ਲਹਾਲ ਸਿਰਫ਼ ਚੋਣਵੇਂ ਸ਼ਹਿਰਾਂ ਅਤੇ ਏਅਰਲਾਈਨਾਂ ਲਈ ਹੈ, ਜੋ ਦਰਸਾਉਂਦਾ ਹੈ ਕਿ ਪੂਰੀ ਖੁੱਲ੍ਹ ਦੀ ਬਜਾਏ ਸੋਚ ਸਮਝ ਕੇ ਕਦਮ ਚੁੱਕੇ ਜਾ ਰਹੇ ਹਨ। ਸਰਹੱਦੀ ਟਕਰਾਅ ਖ਼ਤਮ ਕਰਨ ਦੀ ਗੱਲਬਾਤ ਨਾਜ਼ੁਕ ਮੋੜ ਉੱਤੇ ਹੀ ਹੈ, ਇਸ ਦੇ ਨਾਲ ਹੀ ਤੱਥ ਇਹ ਵੀ ਹੈ ਕਿ ਕੋਈ ਵੀ ਧਿਰ ਫਿ਼ਲਹਾਲ ਖੇਤਰੀ ਵਿਵਾਦਾਂ ’ਤੇ ਪੈਰ ਪਿੱਛੇ ਪੁੱਟਣ ਲਈ ਤਿਆਰ ਨਹੀਂ ਹੈ। ਚੀਨ ਨਾਲ ਭਾਰਤ ਦਾ 99 ਅਰਬ ਡਾਲਰ ਦਾ ਵੱਡਾ ਵਪਾਰ ਘਾਟਾ ਚਿੰਤਾ ਦੀ ਇੱਕ ਪਰਤ ਹੋਰ ਜੋੜਦਾ ਹੈ। ਜ਼ਾਹਿਰ ਹੈ ਕਿ ਬਹਾਲ ਕੀਤੀਆਂ ਕੁਝ ਉਡਾਣਾਂ ਨਾਲ ਢਾਂਚਾਗਤ ਅਸੰਤੁਲਨ ਜਾਂ ਰਣਨੀਤਕ ਦੁਸ਼ਮਣੀ ਖ਼ਤਮ ਨਹੀਂ ਹੋਵੇਗੀ। ਅਜੇ ਲੰਮਾ ਪੈਂਡਾ ਤੈਅ ਕਰਨਾ ਬਾਕੀ ਹੈ।
ਹੁਣ ਆਖ਼ਿਰ ਕਿਉਂ? ਸੁਸਤ ਵਿਕਾਸ ਦਰ ਦੇ ਮੱਦੇਨਜ਼ਰ ਚੀਨ ਨੂੰ ਭਾਰਤੀ ਬਾਜ਼ਾਰ ਅਤੇ ਵਿਦਿਆਰਥੀ ਖਿੱਚ ਰਹੇ ਹਨ। ਇਸ ਲਈ ਭਾਰਤ ਲਈ ਉਡਾਣਾਂ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਦੇਣਾ ਇਸ ਵਿਹਾਰਕ ਕੂਟਨੀਤੀ ਦਾ ਸੰਕੇਤ ਹੈ: ਜਿੱਥੇ ਫ਼ਾਇਦੇਮੰਦ ਹੋਵੇ ਉੱਥੇ ਜੁੜਨਾ, ਇਹ ਭਾਵੇਂ ਆਪਣੀਆਂ ਸੀਮਾਵਾਂ ਦੇ ਦਾਇਰੇ ਵਿੱਚ ਹੀ ਹੋਵੇ। ਇਹ ਬਾਕੀ ਭਾਈਵਾਲਾਂ ਦਾ ਭਰੋਸਾ ਵੀ ਬੰਨ੍ਹਦਾ ਹੈ ਕਿ ਭਾਰਤ ਬੂਹੇ ਬੰਦ ਨਹੀਂ ਕਰ ਰਿਹਾ, ਭਾਵੇਂ ਉਹ ਪੱਛਮ ਅਤੇ ਏਸ਼ੀਆ-ਪ੍ਰਸ਼ਾਂਤ ਨਾਲ ਆਪਣੇ ਸਬੰਧਾਂ ਵਿੱਚ ਵੰਨ-ਸਵੰਨਤਾ ਲਿਆ ਰਿਹਾ ਹੈ। ਆਖ਼ਿਰਕਾਰ, ਅਜ਼ਮਾਇਸ਼ ਹੁਣ ਇਸ ਗੱਲ ਦੀ ਹੈ ਕਿ ਅੱਗੇ ਕੀ ਹੁੰਦਾ ਹੈ। ਜੇਕਰ ਰੂਟ ਵਧਦੇ ਹਨ, ਵੀਜ਼ੇ ਆਸਾਨ ਹੁੰਦੇ ਹਨ ਅਤੇ ਸੈਨਿਕ ਤਣਾਅ ਤੋਂ ਬਿਨਾਂ ਅਦਾਨ-ਪ੍ਰਦਾਨ ਵਧੇਰੇ ਹੁੰਦਾ ਹੈ ਤਾਂ ਅਸਮਾਨ ਸੱਚਮੁੱਚ ਹੋਰ ਉਡਾਣਾਂ ਲਈ ਖੁੱਲ੍ਹ ਸਕਦੇ ਹਨ। ਉਦੋਂ ਤੱਕ ਭਾਰਤ ਨੂੰ ਮੁੜ ਸ਼ੁਰੂਆਤ ਨੂੰ ਛੋਟੇ, ਇਹਤਿਆਤੀ ਕਦਮ ਵਜੋਂ ਹੀ ਲੈਣਾ ਚਾਹੀਦਾ ਹੈ- ਇੱਕ ਅਜਿਹਾ ਆਰੰਭ ਜੋ ਮੌਕਾ ਮੁਹੱਈਆ ਕਰਦਾ ਹੈ, ਪਰ ਨਾਲ ਹੀ ਪੂਰੀ ਚੌਕਸੀ ਦੀ ਮੰਗ ਵੀ ਕਰਦਾ ਹੈ।