ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ

ਭਾਰਤ ਨੇ 2030 ਦੀਆਂ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਹਾਸਲ ਕਰ ਲਈ ਹੈ। ਵਿਵਾਦਾਂ ’ਚ ਰਹੀਆਂ 2010 ਦੀਆਂ ਦਿੱਲੀ ਰਾਸ਼ਟਰਮੰਡਲ ਖੇਡਾਂ ਤੋਂ ਬਾਅਦ ਅਹਿਮਦਾਬਾਦ ਵਿੱਚ ਹੋਣ ਵਾਲਾ ਭਾਰਤ ਦਾ ਇਹ ਪਹਿਲਾ ਵੱਡਾ ਖੇਡ ਸਮਾਗਮ ਹੋਵੇਗਾ। ਅਹਿਮਦਾਬਾਦ ਵਿੱਚ 2036 ਦੀਆਂ ਓਲੰਪਿਕ ਖੇਡਾਂ...
Advertisement

ਭਾਰਤ ਨੇ 2030 ਦੀਆਂ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਹਾਸਲ ਕਰ ਲਈ ਹੈ। ਵਿਵਾਦਾਂ ’ਚ ਰਹੀਆਂ 2010 ਦੀਆਂ ਦਿੱਲੀ ਰਾਸ਼ਟਰਮੰਡਲ ਖੇਡਾਂ ਤੋਂ ਬਾਅਦ ਅਹਿਮਦਾਬਾਦ ਵਿੱਚ ਹੋਣ ਵਾਲਾ ਭਾਰਤ ਦਾ ਇਹ ਪਹਿਲਾ ਵੱਡਾ ਖੇਡ ਸਮਾਗਮ ਹੋਵੇਗਾ। ਅਹਿਮਦਾਬਾਦ ਵਿੱਚ 2036 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਸਬੰਧੀ ਤਿਆਰੀ ਅਤੇ ਵਚਨਬੱਧਤਾ ਇਨ੍ਹਾਂ ਖੇਡਾਂ ਦੀ ਸਫ਼ਲਤਾ ਜਾਂ ਅਸਫ਼ਲਤਾ ਤੈਅ ਕਰੇਗੀ। ਹਾਲਾਂਕਿ, ਇਹ ਐਲਾਨ ਉਸ ਕੌੜੀ ਸੱਚਾਈ ਨੂੰ ਜ਼ਾਹਿਰ ਹੋਣ ਤੋਂ ਰੋਕ ਨਹੀਂ ਸਕਿਆ ਜਿਸ ਨੇ ਭਾਰਤੀ ਖੇਡਾਂ ਨੂੰ ਘੇਰਿਆ ਹੋਇਆ ਹੈ ਭਾਵ ਢਾਂਚਾਗਤ ਅਣਗਹਿਲੀ ਅਤੇ ਉਦਾਸੀਨਤਾ। ਹਰਿਆਣਾ ਵਿੱਚ ਵਾਪਰੀ ਦੋਹਰੀ ਤ੍ਰਾਸਦੀ ਖੇਡਾਂ ਦੇ ਖੇਤਰ ਵਿੱਚ ਸਾਡੀ ਤਿਆਰੀ ਦੀ ਮੂੰਹ ਬੋਲਦੀ ਤਸਵੀਰ ਹੈ। ਦਰਅਸਲ, ਹਰਿਆਣਾ ਵਿੱਚ ਦੋ ਬਾਸਕਟਬਾਲ ਖਿਡਾਰੀਆਂ ਦੀ ਪੋਲ ਡਿੱਗਣ ਕਾਰਨ ਮੌਤ ਹੋ ਗਈ ਸੀ।

​ਅਹਿਮਦਾਬਾਦ ਨੂੰ ਦੇਸ਼ ਦੀ ਖੇਡ ਰਾਜਧਾਨੀ ਵਿੱਚ ਤਬਦੀਲ ਕੀਤੇ ਜਾਣ ਦੀ ਉਮੀਦ ਹੈ। ਅਧਿਕਾਰੀਆਂ ਦਾ ਦਾਅਵਾ ਹੈ ਕਿ ਖੇਡ ਮੈਦਾਨ 2029 ਦੇ ਸ਼ੁਰੂ ਵਿੱਚ ਤਿਆਰ ਹੋ ਜਾਣਗੇ। ਪਹਿਲੀ ਵੱਡੀ ਪਰਖ਼ ਅਕਤੂਬਰ 2029 ਵਿੱਚ ਹੋਣ ਵਾਲੀਆਂ ਵਿਸ਼ਵ ਪੁਲੀਸ ਅਤੇ ਫਾਇਰ ਖੇਡਾਂ ਹੋਣਗੀਆਂ। ਇਨ੍ਹਾਂ ਵਿੱਚ 9,500 ਤੋਂ ਵੱਧ ਕਰਮਚਾਰੀ ਹਿੱਸਾ ਲੈਣ ਲਈ ਤਿਆਰੀ ਕਰ ਰਹੇ ਹਨ। ਮੁਲਾਂਕਣ ਕਮੇਟੀਆਂ ਦਾਅਵੇਦਾਰ ਸ਼ਹਿਰਾਂ ਦਾ ਵੱਖ-ਵੱਖ ਮਾਪਦੰਡਾਂ ਦੇ ਆਧਾਰ ਉੱਤੇ ਮੁਲਾਂਕਣ ਕਰਦੀਆਂ ਹਨ, ਜਿਨ੍ਹਾਂ ਵਿੱਚੋਂ ਬੁਨਿਆਦੀ ਢਾਂਚਾ ਇੱਕ ਪਹਿਲੂ ਹੈ। ਤਕਨੀਕੀ ਪਹਿਲੂਆਂ, ਅਥਲੀਟਾਂ ਦੇ ਅਨੁਭਵ ਅਤੇ ਇੰਤਜ਼ਾਮਾਂ ਨੂੰ ਵੀ ਉੱਚਾ ਦਰਜਾ ਦਿੱਤਾ ਜਾਂਦਾ ਹੈ। ਕ੍ਰਿਕਟ ਪ੍ਰਤੀ ਜਨੂੰਨ ਰੱਖਣ ਵਾਲੇ ਇਸ ਦੇਸ਼ ਨੇ ਕਈ ਮਾਪਦੰਡਾਂ ’ਤੇ ਤਰੱਕੀ ਕੀਤੀ ਹੈ, ਹਾਲਾਂਕਿ ਖੇਡ ਫੈਡਰੇਸ਼ਨਾਂ ਦੀ ਗੈਰ-ਪੇਸ਼ੇਵਰ ਹੱਥਾਂ ’ਚ ਵਾਗਡੋਰ ਇੱਕ ਵਿਵਾਦਪੂਰਨ ਮੁੱਦਾ ਬਣੀ ਹੋਈ ਹੈ। ਇਸ ’ਤੇ ਹਾਲ ਹੀ ਵਿੱਚ ਕਈ ਵਿਵਾਦ ਹੋਏ ਹਨ ਜਿਨ੍ਹਾਂ ਨੇ ਪੂਰੇ ਦੇਸ਼ ਦੇ ਲੋਕਾਂ ਦਾ ਧਿਆਨ ਖਿੱਚਿਆ ਹੈ।

Advertisement

​ਇਹ ਸਵਾਲ ਵੀ ਚਰਚਾ ’ਚ ਰਿਹਾ ਹੈ ਕਿ ਮੇਜ਼ਬਾਨੀ ਲਈ ਅਹਿਮਦਾਬਾਦ ਨੂੰ ਹੀ ਕਿਉਂ ਚੁਣਿਆ ਗਿਆ, ਹੋਰ ਸ਼ਹਿਰਾਂ ਨੂੰ ਕਿਉਂ ਨਹੀਂ? ਖ਼ੈਰ, ਹੁਣ ਧਿਆਨ ਇਸ ਗੱਲ ’ਤੇ ਹੋਣਾ ਚਾਹੀਦਾ ਹੈ ਕਿ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਦੇ ਅਧਿਕਾਰਾਂ ਦਾ ਲਾਭ ਉਠਾਉਂਦਿਆਂ ਨਿਰਪੱਖ ਤਰੀਕੇ ਨਾਲ ਦੇਸ਼ ਭਰ ਵਿੱਚ ਖੇਤਰੀ ਪੱਧਰ ’ਤੇ ਖੇਡ ਸੱਭਿਆਚਾਰ ਅਤੇ ਢਾਂਚੇ ਨੂੰ ਕਿਵੇਂ ਉਤਸ਼ਾਹਿਤ ਤੇ ਵਿਕਸਤ ਕੀਤਾ ਜਾਵੇ। ਇਹ ਇੱਕ ਬਹੁਤ ਵੱਡਾ ਕਾਰਜ ਹੈ, ਪਰ ਇੱਕ ਮੌਕਾ ਵੀ ਹੈ ਜਿਸ ਨੂੰ ਗੁਆਉਣਾ ਨਹੀਂ ਚਾਹੀਦਾ। ਓਲੰਪਿਕ ਦੀ ਮੇਜ਼ਬਾਨੀ ਕਰਨ ਦੀ ਇੱਛਾ ਰੱਖਣ ਵਾਲੇ ਰਾਸ਼ਟਰ ਲਈ ਟੀਚਾ ਇੱਕ ਯੋਗ ਪ੍ਰਬੰਧਕ ਵਜੋਂ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕਰਨ ਨਾਲੋਂ ਕਿਤੇ ਵੱਡਾ ਹੋਣਾ ਚਾਹੀਦਾ ਹੈ। ਟੀਚੇ ਵਧੇਰੇ ਉਤਸ਼ਾਹੀ ਹੋਣੇ ਚਾਹੀਦੇ ਹਨ- ਪੈਸੇ ਅਤੇ ਹੋਰ ਸਹਾਇਤਾ ਨਾਲ ਆਪਣੀ ਖੇਡ ਸਮਰੱਥਾ ਨੂੰ ਮਜ਼ਬੂਤ ​​ਕਰਨਾ, ਆਮ ਭਾਰਤੀ ਨਾਗਰਿਕਾਂ ’ਚ ਖੇਡਾਂ ਪ੍ਰਤੀ ਪਿਆਰ ਪੈਦਾ ਕਰਨਾ ਅਤੇ ਘੱਟੋ-ਘੱਟ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ। ਹੁਣ ਸੁਧਾਰ ਕਰਨ ਅਤੇ ਕਾਰਗੁਜ਼ਾਰੀ ਬਿਹਤਰ ਕਰਨ ਦਾ ਸਮਾਂ ਹੈ।

Advertisement
Show comments