ਵਧ ਰਹੀ ਬਿਆਨਬਾਜ਼ੀ
ਭੂ-ਰਾਜਨੀਤੀ ਦੀਆਂ ਖੇਡਾਂ ਕੁਝ ਜ਼ਿਆਦਾ ਹੀ ਤੇਜ਼ੀ ਨਾਲ ਖੇਡੀਆਂ ਜਾ ਰਹੀਆਂ ਹਨ ਅਤੇ ਮੈਂ ਸੋਚ ਰਿਹਾ ਹਾਂ ਕਿ ਇਨ੍ਹਾਂ ਦਾ ਸਾਡੇ ਉਪਰ ਕੀ ਪ੍ਰਭਾਵ ਪਵੇਗਾ। ਹਮਾਸ-ਇਜ਼ਰਾਈਲ ਜੰਗ ਵਿਚ ਇਕ ਸ਼ੁਰੂਆਤ ਹੋ ਗਈ ਹੈ ਅਤੇ ਜੰਗਬੰਦੀ ਲਾਗੂ ਹੋ ਗਈ ਹੈ; ਇਜ਼ਰਾਇਲੀ ਬੰਧਕਾਂ ਅਤੇ ਫ਼ਲਸਤੀਨੀ ਕੈਦੀਆਂ ਦਾ ਵਟਾਂਦਰਾ ਹੋਇਆ ਹੈੈ। ਅਮਰੀਕਾ, ਬਰਤਾਨੀਆ, ਇਜ਼ਰਾਈਲ, ਮਿਸਰ, ਲਿਬਨਾਨ, ਯਮਨ, ਇਰਾਨ, ਕਤਰ, ਸੀਰੀਆ ਅਤੇ ਹੋਰ ਕੁਝ ਦੇਸ਼ ਵੀ ਇਸ ਵਿਚ ਸ਼ਾਮਲ ਹੋ ਗਏ ਸਨ ਜਿਨ੍ਹਾਂ ਬਾਰੇ ਸ਼ਾਇਦ ਮੈਂ ਭੁੱਲ ਗਿਆ ਹਾਂ।
ਸ਼ਾਂਤੀ ਹਮੇਸ਼ਾ ਸਵਾਗਤਯੋਗ ਹੁੰਦੀ ਹੈ ਪਰ ਵਡੇਰਾ ਸਵਾਲ ਇਹ ਹੈ ਕਿ ਕੀ ਇਹ ਲੰਮਾ ਸਮਾਂ ਬਣੀ ਰਹੇਗੀ? ਇਜ਼ਰਾਈਲ ਜਿਸ ਨੂੰ ਅਮਰੀਕਾ ਵਲੋਂ ਮਦਦ ਦਿੱਤੀ ਜਾਂਦੀ ਹੈ, ਨੇ ਸਾਫ਼ ਤੌਰ ’ਤੇ ਟਕਰਾਅ ਵਿਚ ਆਪਣਾ ਦਬਦਬਾ ਦਰਸਾ ਦਿੱਤਾ ਹੈ। ਇਸ ਨੇ ਇਹ ਵੀ ਦਰਸਾ ਦਿੱਤਾ ਹੈ ਕਿ ਇਜ਼ਰਾਈਲ ਵਿਚ ਕੱਟੜਪੰਥੀ ਵਿਚਾਰਧਾਰਾ ਫ਼ਲਸਤੀਨੀ ਰਾਜ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਦੀ ਅਤੇ ਇਹ ਨੀਤੀ ਹੁਣ ਭਾਰੂ ਪੈ ਰਹੀ ਹੈ। ਗਾਜ਼ਾ ਵਿਚ ਕੀਤੀ ਗਈ ਕਾਰਪੈੱਟ ਬੰਬਾਰੀ, ਪੱਛਮੀ ਕੰਢੇ ’ਤੇ ਵਸਣ ਵਾਲਿਆਂ ਨੂੰ ਦਿੱਤੀ ਜਾਂਦੀ ਇਮਦਾਦ ਅਤੇ ਹਰ ਤਰ੍ਹਾਂ ਦੇ ਵਿਰੋਧ ਪ੍ਰਤੀ ਵਰਤੀ ਜਾ ਰਹੀ ਸਖ਼ਤੀ ਤੋਂ ਇਹ ਦੇਖਿਆ ਜਾ ਸਕਦਾ ਹੈ। ਕੀ ਇਸ ਨਾਲ ਫ਼ਲਸਤੀਨੀ ਰਾਜ ਅਤੇ ਦੋ ਮੁਲਕੀ ਫਾਰਮੂਲੇ ਦੀ ਮੰਗ ਦਾ ਅੰਤ ਹੋ ਜਾਵੇਗਾ... ਸ਼ਾਇਦ ਨਹੀਂ।
ਆਖਰਕਾਰ ਇਹ ਤਿੰਨ ਪ੍ਰਾਚੀਨ ਭਾਈਚਾਰਿਆਂ ਅਤੇ ਧਰਮਾਂ ਦਰਮਿਆਨ ਇਕ ਫਿਰਕੂ ਟਕਰਾਅ ਹੈ। ਯੋਰੋਸ਼ਲਮ ਜਿੱਥੋਂ ਈਸਾਈ, ਇਸਲਾਮ ਅਤੇ ਯਹੂਦੀ ਧਰਮਾਂ ਦਾ ਜਨਮ ਹੋਇਆ ਸੀ, ਨੂੰ ਲੈ ਕੇ ਸਦੀਆਂ ਤੋਂ ਲੜਾਈਆਂ ਹੁੰਦੀਆਂ ਰਹੀਆਂ ਹਨ ਤੇ ਇਹ ਕਹਿਣਾ ਕਿ ਇਹ ਸਭ ਕੁਝ ਹੁਣ ਖਤਮ ਹੋ ਗਿਆ ਹੈ, ਮਾਮਲੇ ਨੂੰ ਥੋੜ੍ਹਾ ਜ਼ਿਆਦਾ ਹੀ ਸਧਾਰਨ ਬਣਾਉਣ ਵਰਗਾ ਹੋ ਜਾਂਦਾ ਹੈ। ਮੱਧ ਪੂਰਬ ਵਿਚ ਤੇਲ ਦੇ ਭੰਡਾਰਾਂ ਉਪਰ ਕੰਟਰੋਲ ਦੀ ਲਲਕ ਮਹਾਸ਼ਕਤੀਆਂ ਦੇ ਇਸ ਵਿਚ ਸ਼ਾਮਲ ਹੋਣ ਦਾ ਵੱਡਾ ਕਾਰਨ ਸੀ। ਹਮਾਸ ਦੇ ਹਥਿਆਰ ਸੌਂਪਣ ਅਤੇ ਯੂਕੇ ਸਮੇਤ ਯੂਰਪ ਦੇ ਬਹੁਤ ਸਾਰੇ ਦੇਸ਼ਾਂ ਵਲੋਂ ਫ਼ਲਸਤੀਨ ਰਾਜ ਨੂੰ ਮਾਨਤਾ ਦੇਣ ਦੇ ਮੱਦੇਨਜ਼ਰ ਫ਼ਲਸਤੀਨ ਸਮੱਸਿਆ ਦੇ ਹੱਲ ਦੀਆਂ ਮੰਗਾਂ ਬਾਬਤ ਬਹੁਤ ਸਾਰਾ ਕੰਮ ਪਿਆ ਹੈ।
ਕੀ ਇਸ ਟਕਰਾਅ ਵਿਚ ਸਾਡੀ ਸਥਿਤੀ ਕਰ ਕੇ ਸ਼ਾਇਦ ਮੱਧ ਪੂਰਬ ਦੇ ਦੇਸ਼ਾਂ ਨਾਲ ਸਬੰਧਾਂ ਵਿਚ ਨਰਮੀ ਆਈ ਹੈ, ਜਿਨ੍ਹਾਂ ਨਾਲ ਅਤੀਤ ਵਿਚ ਸਾਡੇ ਨਿੱਘੇ ਸਬੰਧ ਰਹੇ ਸਨ? ਪਾਕਿਤਸਾਨ ਅਤੇ ਸਾਊਦੀ ਅਰਬ ਵਿਚਕਾਰ ਹਾਲੀਆ ਰੱਖਿਆ ਸਮਝੌਤਾ ਇਸ ਗੱਲ ਦਾ ਸੰਕੇਤ ਦਿੰਦਾ ਹੈ। ਇਸ ਤੋਂ ਇਲਾਵਾ ਅਮਰੀਕਾ ਅਤੇ ਪਾਕਿਸਤਾਨ ਵਿਚ ਹਾਲ ਹੀ ਵਿਚ ਦੇਖਣ ਨੂੰ ਮਿਲੀ ਕਰੀਬੀ ਸਾਂਝ ਸਾਡੇ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਅਮਰੀਕਾ ਨੂੰ ਇਰਾਨ, ਅਫ਼ਗਾਨਿਸਤਾਨ ਅਤੇ ਚੀਨ ਦੇ ਨਾਲ ਲਗਦੇ ਇਕ ਰਣਨੀਤਕ ਭਿਆਲ ਦੀ ਲੋੜ ਹੈ...ਪਾਕਿਸਤਾਨ ਦੀਆਂ ਸਰਹੱਦਾਂ ਇਨ੍ਹਾਂ ਤਿੰਨਾਂ ਨਾਲ ਮਿਲਦੀਆਂ ਹਨ। ਇਹੀ ਨਹੀਂ ਸਗੋਂ ਇਹ ਖੁਫ਼ੀਆ ਸੂਚਨਾ ਅਤੇ ਸਾਜ਼ੋ ਸਾਮਾਨ ਵੀ ਮੁਹੱਈਆ ਕਰਾਉਣ ਵਿਚ ਸਮੱਰਥ ਹੈ।
ਹਰੇਕ ਧਿਰ ਨਾਲ ਮਿਲ ਕੇ ਖੇਡਣ ਦੀ ਪਾਕਿਸਤਾਨ ਦੀ ਇੱਛਾ ਦੇ ਅਫ਼ਗਾਨਿਸਤਾਨ ਨਾਲ ਲੱਗਦੀ ਇਸ ਦੀ ਉੱਤਰੀ ਸਰਹੱਦ ਉਪਰ ਝੜਪਾਂ ਤੇ ਜਾਨੀ ਨੁਕਸਾਨ ਦੇ ਰੂਪ ਵਿਚ ਸਿੱਟੇ ਵੀ ਸਾਹਮਣੇ ਆ ਰਹੇ ਹਨ। ਚੀਨ ਅਤੇ ਅਮਰੀਕਾ ਨਾਲ ਆਪਣੇ ਸਬੰਧਾਂ ਨੂੰ ਉਹ ਕਿਵੇਂ ਸੰਤੁਲਿਤ ਕਰਨਗੇ, ਇਹ ਕੂਟਨੀਤਕ ਤੌਰ ’ਤੇ ‘ਰੀਮੈਨ ਹਾਇਪੋਥੀਸਿਸ’ ਨੂੰ ਹੱਲ ਕਰਨ ਦੇ ਸਮਾਨ ਹੋਵੇਗਾ।
ਸਾਡੀ ਸੁਰੱਖਿਆ ਲਈ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਪਾਕਿਸਤਾਨ ਨੂੰ ਰਿਝਾਉਣ ਲਈ ਅਮਰੀਕਾ ਅਤੇ ਚੀਨ ਉਸ ਦੀ ਕਸ਼ਮੀਰ ਦੀ ਖਾਹਿਸ਼ ਨੂੰ ਪੂਰਾ ਕਰਨਗੇ? ਕੀ ਖੇਤਰ ਵਿਚ ਸੰਘਰਸ਼ ਵੱਡੀਆਂ ਸ਼ਕਤੀਆਂ ਨੂੰ ਰਾਸ ਆਵੇਗਾ? ਕਈ ਦਹਾਕਿਆਂ ਤੋਂ ਸਾਡੇ ਕੋਲ ਇਕ ਅਜਿਹੀ ਸਰਗਰਮ ਅਸਲ ਕੰਟਰੋਲ ਰੇਖਾ ਰਹੀ ਹੈ ਜਿਸ ਉਪਰ ਮੁਕੰਮਲ ਯੁੱਧ ਤੋਂ ਲੈ ਕੇ ਭਾਰੀ ਬੰਬਾਰੀ ਅਤੇ ਸੀਮਤ ਝੜਪਾਂ ਤੱਕ ਵੱਖੋ-ਵੱਖਰੇ ਪੱਧਰ ਦੇ ਸੰਘਰਸ਼ ਹੁੰਦੇ ਰਹੇ ਹਨ। ਹਾਲੀਆ ਸੰਘਰਸ਼ ਵਿਚ ਦੋਵਾਂ ਪਾਸਿਆਂ ਤੋਂ ਪਹਿਲਾਂ ਨਾਲੋੋਂ ਇਕ-ਦੂਜੇ ਦਾ ਜ਼ਿਆਦਾ ਨੁਕਸਾਨ ਕਰਨ ਦੀ ਸਮਰੱਥਾ ਦਾ ਮੁਜ਼ਾਹਰਾ ਕੀਤਾ ਗਿਆ ਹੈ। ਡਰੋਨ ਅਤੇ ਸੈਟੇਲਾਈਟਾਂ ਦੀ ਮਦਦ ਨਾਲ ਆਧੁਨਿਕ ਹਵਾਈ ਸ਼ਕਤੀ ਦੀ ਵਰਤੋਂ ਸਪੱਸ਼ਟ ਰੂਪ ਵਿਚ ਰੇਂਜ ਅਤੇ ਕਾਬਲੀਅਤ, ਦੋਵਾਂ ਪੱਖਾਂ ਤੋਂ ਵਾਧੇ ਨੂੰ ਦਰਸਾਉਂਦੀ ਹੈ। ਕੀ ਅਸੀਂ ਉਹ ਸਮਰੱਥਾ ਦਰਸਾਉਣ ਵਿਚ ਕਾਮਯਾਬ ਰਹੇ ਹਾਂ ਜੋ ਦੁਸ਼ਮਣ ਨੂੰ ਮਾਤ ਦੇ ਸਕੇ?
ਪਿਛਲੀ ਝੜਪ ਤੋਂ ਬਾਅਦ ਬਿਆਨਬਾਜ਼ੀ ਵਿਚ ਤੇਜੀ ਆ ਗਈ ਹੈ ਅਤੇ ਯੁੱਧ ਦੇ ਨਗਾਰੇ ਸੁਣਾਈ ਦੇ ਰਹੇ ਹਨ। ਸਭ ਤੋਂ ਪਹਿਲਾਂ, ਇਸ ਝੜਪ ਦੇ ਸਿੱਟੇ ਦੀ ਧਾਰਨਾ ਦੋਵਾਂ ਪੱਖਾਂ ਵਿਚ ਬਹੁਤ ਵੱਖੋ-ਵੱਖਰੀ ਹੈ। ਦੂਜੀ ਗੱਲ ਇਹ ਹੈ ਕਿ ਧਮਕੀਆਂ ਤੇ ਜਵਾਬੀ ਧਮਕੀਆਂ ਅੱਜ ਕੱਲ੍ਹ ਦਾ ਦਸਤੂਰ ਬਣ ਗਿਆ ਹੈ- ਨਾ ਕੇਵਲ ਸਿਆਸਤਦਾਨ ਸਗੋਂ ਰੱਖਿਆ ਅਧਿਕਾਰੀ ਵੀ ਇਸ ਖੇਡ ਦਾ ਹਿੱਸਾ ਬਣ ਗਏ ਹਨ। ਹਥਿਆਰਬੰਦ ਬਲ ਹੁਣ ਮੂਕ ਹਿੱਸੇਦਾਰ ਨਹੀਂ ਰਹਿ ਗਏ; ਹੁਣ ਉਹ ਵੰਗਾਰਾਂ ਤੇ ਧਮਕੀਆਂ ਦਿੰਦੇ ਹਨ।
ਹਰ ਰੋਜ਼ ਕਿਸੇ ਜਰਨੈਲ ਜਾਂ ਫੀਲਡ ਮਾਰਸ਼ਲ ਦੀ ਤਰੱਕੀ ਹੁੰਦੀ ਹੈ। ਅਸੀਂ ਕਹਿੰਦੇ ਹਾਂ ਕਿ ਅਪਰੇਸ਼ਨ ਸਿੰਧੂਰ ਜਾਰੀ ਹੈ, ਉਹ ਉਸੇ ਭਾਸ਼ਾ ਵਿਚ ਜਵਾਬ ਦਿੰਦੇ ਹਨ। ਇਕ ਦੂਜੇ ਦੇ ਇਤਿਹਾਸ ਅਤੇ ਭੂਗੋਲ ਨੂੰ ਦਫ਼ਨਾਉਣ ਦੀਆਂ ਧਮਕੀਆਂ ਇਕ ਨਵੀਂ ਗੱਲ ਹੈ। ਫਿਰ ਦੁਨੀਆ ਭਰ ਦੀਆਂ ਰਾਜਧਾਨੀਆਂ ਵਿਚ ਦੋਵਾਂ ਧਿਰਾਂ ਵਲੋਂ ਲਾਬਿੰਗ ਕੀਤੀ ਜਾਂਦੀ ਹੈ, ਹੋਰ ਜ਼ਿਆਦਾ ਹਥਿਆਰ, ਹੋਰ ਸੰਧੀਆਂ ... ਅਸੀਂ ਵਾਸ਼ਿੰਗਟਨ, ਪੇਈਚਿੰਗ, ਮਾਸਕੋ, ਲੰਡਨ ਆਦਿ ਵਿਚ ਬੈਠੇ ਲੋਕਾਂ ਵੱਲ ਦੇਖਦੇ ਹਾਂ। ਲਾਬਿੰਗ ਲਈ ਅਸੀਂ ਜਿੰਨੇ ਜ਼ਿਆਦਾ ਹੱਥ ਪੈਰ ਮਾਰ ਰਹੇ ਹਾਂ, ਸਾਡੇ ਇਸ ਵਡੇਰੀ ਖੇਡ ਵਿਚ ਧਸਦੇ ਚਲੇ ਜਾਣ ਅਤੇ ਸਾਨੂੰ ਪਿਆਦੇ ਦੀ ਤਰ੍ਹਾਂ ਵਰਤੇ ਜਾਣ ਦੀਆਂ ਸੰਭਾਵਨਾਵਾਂ ਵਧਦੀਆਂ ਜਾ ਰਹੀਆਂ ਹਨ।
ਰੂਸ-ਯੂਕਰੇਨ ਸੰਘਰਸ਼ ਅਜੇ ਚੱਲ ਰਿਹਾ ਹੈ; ਨਾਟੋ ਅਤੇ ਅਮਰੀਕਾ ਇਸ ਵਿਚ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ। ਚੀਨ ਅਕਸਰ ਸ਼ਾਇਦ ਕਦੇ ਜ਼ਿਆਦਾ ਚੁੱਪ-ਚਾਪ ਅਤੇ ਕਦੇ ਜ਼ਿਆਦਾ ਸਰਗਰਮ ਭੂਮਿਕਾ ਨਿਭਾਉਂਦਾ ਆ ਰਿਹਾ ਹੈ ਜਦਕਿ ਸਾਡੇ ਉਪਰ ਮਹਿਜ਼ ਰੂਸੀ ਤੇਲ ਖ੍ਰੀਦਣ ਕਰ ਕੇ ਹੀ ਦੰਡਕਾਰੀ ਟੈਰਿਫ਼ ਲਾਇਆ ਜਾਂਦਾ ਹੈ; ਇਹ ਉਹੀ ਤੇਲ ਤੇ ਗੈਸ ਹੈ ਜੋ ਨਾਟੋ ਦੇਸ਼ ਖੁਦ ਖ੍ਰੀਦਦੇ ਹਨ। ਤਾਂ ਫਿਰ ਅਸੀਂ ਕਿਹੜਾ ਪੈਂਤੜਾ ਲਈਏ?
ਆਓ, ਸਭ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰੀਏ ਕਿ ਅਸੀਂ ਕਿੱਧਰ ਜਾ ਰਹੇ ਹਾਂ। ਜਦੋਂ ਅਸੀਂ ਦੂਰ ਦੁਰੇਡੀਆਂ ਮਹਾਸ਼ਕਤੀਆਂ ਕੋਲ ਲਾਬਿੰਗ ਕਰਦੇ ਹਾਂ ਅਤੇ ਉਨ੍ਹਾਂ ਦੀ ਉਪਮਾ ਕਰਦੇ ਹਾਂ ਤਾਂ ਸਾਨੂੰ ਆਪਣੇ ਅੰਦਰ ਵੀ ਦੇਖਣਾ ਚਾਹੀਦਾ ਹੈ। ਅਸੀਂ ਆਪਣੀਆਂ ਅਤੀਤ ਦੀਆਂ ਗਲਤੀਆਂ ਤੋਂ ਕੋਈ ਸਬਕ ਨਹੀਂ ਲਿਆ ਅਤੇ ਅਸੀਂ ਉਨ੍ਹਾਂ ਨੂੰ ਦੁਹਰਾਉਣ ’ਤੇ ਤੁਲੇ ਹੋਏ ਹਾਂ। ਸਾਡੇ ਸਰਹੱਦੀ ਸੂਬਿਆਂ ਵਿਚ ਦਰਾਰਾਂ ਰੋਜ਼ ਵਧਦੀਆਂ ਜਾ ਰਹੀਆਂ ਹਨ। ਦੇਸ਼ ਦੇ ਲਗਭਗ ਸਾਰੇ ਰਾਜਾਂ ਵਿਚ ਵਿਕਾਸ ਦੀ ਕਮੀ, ਗਰੀਬੀ, ਨੌਜਵਾਨਾਂ ਦੀ ਅਣਦੇਖੀ ਅਤੇ ਬੇਰੁਜ਼ਗਾਰੀ ਦੀ ਸਮੱਸਿਆ ਬਣੀ ਹੋਈ ਹੈ। ਅੱਜ ਦੇ ਅਤਿ ਅਭਿਲਾਸ਼ੀ ਨੌਜਵਾਨ ਪੁਰਾਣੇ ਅਤੇ ਭ੍ਰਿਸ਼ਟ ਨੇਤਾਵਾਂ ਦੀਆਂ ਚਾਲਾਂ ਨੂੰ ਜਾਣਦੇ ਹਨ। ਇਹ ਬੁਨਿਆਦੀ ਮੁੱਦੇ ਸਾਡੇ ਦੇਸ਼ ਅੰਦਰ ਬਣੀਆਂ ਦਰਾਰਾਂ ਦੇ ਮੁੱਖ ਕਾਰਨ ਹਨ।
ਜੇ ਅਸੀਂ ਆਪਣੀ ਧਰਤੀ ਉਪਰ ਸ਼ਾਂਤੀ ਅਤੇ ਅਮਨ ਚੈਨ ਕਾਇਮ ਕਰਨਾ ਹੈ ਤਾਂ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨਾ ਤਰਜੀਹ ਹੋਣੀ ਚਾਹੀਦੀ ਹੈ। ਇਹ ਸਾਡੀ ਏਕਤਾ ਅਖੰਡਤਾ ਅਤੇ ਪ੍ਰਭੂਤਾ ਲਈ ਖਤਰਾ ਹੈ; ਬੰਗਲਾਦੇਸ਼ ਨੂੰ ਹੀ ਲੈ ਲਓ, ਜੋ ਹੁਣ ਸਾਡਾ ਹਿਤੈਸ਼ੀ ਨਹੀਂ ਰਿਹਾ। ਇਸ ਦੇ ਨਵੇਂ ਆਗੂ ਖੁੱਲ੍ਹੇਆਮ ਉੱਤਰ-ਪੂਰਬ ਵਿਚ ਸਮੱਸਿਆਵਾਂ ਪੈਦਾ ਕਰਨ ਅਤੇ ਬਾਕੀ ਭਾਰਤ ਨਾਲੋਂ ਇਸ ਦਾ ਸੰਪਰਕ ਤੋੜਨ ਲਈ ‘ਚਿਕਨ ਨੈੱਕ’ ਖੇਤਰ ਦਾ ਇਸਤੇਮਾਲ ਕਰਨ ਦੀਆਂ ਗੱਲਾਂ ਕਰ ਰਹੇ ਹਨ। ਉੱਤਰ-ਪੂਰਬ ਖਾਸਕਰ ਮਨੀਪੁਰ ਅਤੇ ਨਾਗਾਲੈਂਡ ਪਿਛਲੇ ਕੁਝ ਸਾਲਾਂ ਤੋਂ ਬੇਹੱਦ ਅਸ਼ਾਂਤ ਬਣੇ ਹੋਏ ਹਨ। ਪਿਛਲੇ ਕੁਝ ਸਾਲਾਂ ਤੋਂ ਮਨੀਪੁਰ ਵਿਚ ਤ੍ਰੇੜਾਂ ਗਹਿਰੀਆਂ ਹੋ ਗਈਆਂ ਅਤੇ ਇਹ ਅਲੱਗ-ਥਲੱਗ ਹੋ ਗਿਆ ਹੈ। ਲੱਦਾਖ ਕਾਫ਼ੀ ਸਮੇਂ ਤੋਂ ਰਾਜ ਦੇ ਦਰਜੇ ਦੀ ਮੰਗ ਕਰ ਰਿਹਾ ਹੈ ਅਤੇ ਚੀਨ ਨਾਲ ਮਸਲਿਆਂ ਨੂੰ ਦੇਖਦੇ ਹੋਇਆਂ ਉੱਥੇ ਹੋਰ ਜ਼ਿਆਦਾ ਉਥਲ-ਪੁਥਲ ਨਹੀਂ ਹੋਣ ਦਿੱਤੀ ਜਾਣੀ ਚਾਹੀਦੀ।
ਪੰਜਾਬ ਸ਼ਾਂਤ ਹੈ ਪਰ ਕੁਝ ਘਟਨਾਵਾਂ ਜਿਨ੍ਹਾਂ ਕਰ ਕੇ ਕਿਸਾਨਾਂ ਵਲੋਂ ਜ਼ਬਰਦਸਤ ਰੋਸ ਮੁਜ਼ਾਹਰੇ ਕੀਤੇ ਗਏ ਸਨ, ਉਨ੍ਹਾਂ ਨਾਲ ਸਖਤਗੀਰ ਅਨਸਰਾਂ ਨੂੰ ਇਕ ਮੌਕਾ ਮਿਲ ਗਿਆ ਹੈ। ਹਾਲ ਹੀ ਵਿਚ ਹੜ੍ਹ ਅਤੇ ਪੱਛਮੀ ਦੇਸ਼ਾਂ ਤੋਂ ਹੋ ਰਹੀਆਂ ਬੇਦਖ਼ਲੀਆਂ ਭਵਿੱਖ ਲਈ ਕੋਈ ਸ਼ੁਭ ਸੰਕੇਤ ਨਹੀਂ ਹਨ। ਜੇ ਅਸੀਂ ਹੜ੍ਹਾਂ ਦਾ ਪ੍ਰਬੰਧ ਨਹੀਂ ਕਰ ਸਕਦੇ ਤਾਂ ਕੋਈ ਹੋਰ ਚੰਗਾ ਕੰਮ ਕਰਨ ਦੀ ਉਮੀਦ ਕੀਤੀ ਹੀ ਨਹੀਂ ਜਾ ਸਕਦੀ, ਨੌਜਵਾਨਾਂ ਲਈ ਅੱਗੇ ਵਧਣ ਦਾ ਰਸਤਾ ਲੱਭਣਾ ਤਾਂ ਬਹੁਤ ਦੂਰ ਦੀ ਗੱਲ ਹੈ। ਜੇ ਨੌਜਵਾਨ ਬੇਰੁਜ਼ਗਾਰ ਹੋਣਗੇ ਤਾਂ ਪੰਜਾਬ ਦੇ ਗਰੋਹ ਅਤੇ ਪੱਛਮੀ ਦੇਸ਼ਾਂ ਦੇ ਗੈਂਗਸਟਰ ਰਲ ਜਾਣਗੇ ਅਤੇ ਸਾਡੀਆਂ ਜੜ੍ਹਾਂ ’ਤੇ ਹਮਲਾ ਕਰਨਗੇ।
ਸੂਬੇ ਦੇ ਚਾਰੇ ਪਾਸੇ ਜ਼ਮੀਨ ਲਗਦੀ ਹੈ; ਇਸ ਕੋਲ ਵਪਾਰ ਲਈ ਖੁੱਲ੍ਹੀ ਕੌਮਾਂਤਰੀ ਸਰਹੱਦ ਨਹੀਂ ਹੈ ਸਗੋਂ ਇਹ ਦੁਸ਼ਮਣਾਂ ਨਾਲ ਘਿਰਿਆ ਹੈ। ਨਿਗੂਣੇ ਕੌਮਾਂਤਰੀ ਹਵਾਈ ਸੰਪਰਕ ਕਾਰਨ ਬੇਗਾਨਗੀ ਹੋਰ ਵਧ ਜਾਂਦੀ ਹੈ, ਨਿਰਮਾਣਕਾਰੀ ਦਾ ਕੋਈ ਜ਼ਿਕਰਯੋਗ ਆਧਾਰ ਨਹੀਂ ਹੈ ਅਤੇ ਸਾਡੇ ਕੋਲ ਸੂਚਨਾ ਤਕਨਾਲੋਜੀ ਲਈ ਕੋਈ ਬੁਨਿਆਦੀ ਢਾਂਚਾ ਨਹੀਂ ਹੈ। ਨੌਜਵਾਨ ਅਪਰਾਧੀ ਗਰੋਹਾਂ ਦਾ ਚਾਰਾ ਨਹੀਂ ਬਣਨਗੇ ਤਾਂ ਹੋਰ ਕੀ ਕਰਨਗੇ? ਅਸੀਂ ਅਸਾਨੀ ਨਾਲ ਫਿਰਕਿਆਂ ਦਰਮਿਆਨ ਵਖਰੇਵਿਆਂ ਉਪਰ ਖੇਡ ਸਕਦੇ ਹਾਂ ਕਿਉਂਕਿ ਇਨ੍ਹਾਂ ਦੀ ਕੋਈ ਕਮੀ ਨਹੀਂ ਹੈ... ਧਾੜਵੀ, ਮੁਗਲ, ਮੰਗੋਲ, ਆਰੀਅਨ—-ਇਨ੍ਹਾਂ ਦੀ ਲੰਮੀ ਸੂਚੀ ਹੈ। ਸਾਰੀਆਂ ਕੌਮਾਂ ਅੰਦਰ ਇਹੋ ਜਿਹੀਆਂ ਵੰਡੀਆਂ ਮੌਜੂਦ ਹਨ। ਬਰਤਾਨਵੀਆਂ ਵਿਚ ਸਕਾਟਿਸ਼, ਆਇਰਿਸ਼, ਵੈਲਸ਼, ਨੌਰਮਨ, ਸੈਕਸਨ, ਵਾਇਕਿੰਗ ਆਦਿ ਦੇ ਰੂਪ ਵਿਚ ਬਹੁਤ ਸਾਰੀਆਂ ਵੰਡੀਆਂ ਸਨ ਪਰ ਰਾਸ਼ਟਰੀ ਰਾਜ ਨੇ ਇਨ੍ਹਾਂ ਵੰਡੀਆਂ ਤੋਂ ਪਾਰ ਪਾਉਣਾ ਹੁੰਦਾ ਹੈ ਅਤੇ ਖੁਸ਼ਹਾਲੀ ਲਈ ਰਾਸ਼ਟਰ ਨਿਰਮਾਣ ਉਪਰ ਧਿਆਨ ਕੇਂਦਰਤ ਕਰਨਾ ਹੁੰਦਾ ਹੈ। ਇੰਗਲੈਂਡ, ਸਕਾਟਲੈਂਡ ਅਤੇ ਆਇਰਲੈਂਡ ਵਿਚ ਸਦੀਆਂ ਤੋਂ ਯੂਨੀਵਰਸਿਟੀਆਂ ਤੇ ਸਕੂਲ ਚੱਲ ਰਹੇ ਹਨ ਅਤੇ ਫ਼ਲ-ਫੁੱਲ ਰਹੇ ਹਨ ਅਤੇ ਇਨ੍ਹਾਂ ਦੇ ਪੁਰਾਣੇ ਵਿਦਿਆਰਥੀ ਹੀ ਹਨ ਜਿਨ੍ਹਾਂ ਨੇ ਅਜਿਹੀਆਂ ਖੋਜਾਂ ਅਤੇ ਵਿਚਾਰ ਪੈਦਾ ਕੀਤੇ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਹੈ। ਸਾਨੂੰ ਨੌਜਵਾਨਾਂ ਨੂੰ ਸਮਰੱਥ ਅਤੇ ਯੋਗ ਬਣਾਉਣ ਲਈ ਆਪਣੀ ਉੱਚ ਸਿੱਖਿਆ ਅਤੇ ਖੋਜ ਸੰਸਥਾਵਾਂ ਨੂੰ ਮਜ਼ਬੂਤ ਬਣਾਉਣਾ ਪਵੇਗਾ। ਸਾਨੂੰ ਵਧੇਰੇ ਸਥਿਰਤਾ, ਸੁਰੱਖਿਆ ਵੱਲ ਲਿਜਾਣ ਅਤੇ ਲੱਖਾਂ ਲੋਕਾਂ ਨੂੰ ਗਰੀਬੀ ’ਚੋਂ ਬਾਹਰ ਕੱਢਣ ਲਈ, ਉਨ੍ਹਾਂ ਨੂੰ ਸਾਡੇ ਦੇਸ਼ ਦੀ ਅਗਵਾਈ ਕਰਨੀ ਚਾਹੀਦੀ ਹੈ।
* ਸਾਬਕਾ ਗਵਰਨਰ, ਮਨੀਪੁਰ ਅਤੇ ਸਾਬਕਾ ਡੀਜੀਪੀ, ਜੰਮੂ ਅਤੇ ਕਸ਼ਮੀਰ।