ਅਲਵਿਦਾ ਧਰਮ ਭਾ’ਜੀ
ਉੱਘੇ ਅਦਾਕਾਰ ਧਰਮਿੰਦਰ ਦਾ 89 ਸਾਲ ਦੀ ਉਮਰ ਵਿੱਚ ਦੁਨੀਆ ਤੋਂ ਚਲੇ ਜਾਣਾ ਇੱਕ ਅਜਿਹੇ ਦੌਰ ਦੀ ਸ਼ਾਂਤਮਈ ਵਿਦਾਈ ਨੂੰ ਦਰਸਾਉਂਦਾ ਹੈ ਜਦੋਂ ਸੱਚਾਈ, ਭਾਵਨਾਤਮਕ ਗਹਿਰਾਈ ਅਤੇ ਕੁਦਰਤੀ ਸੁਹਜ ਹਿੰਦੀ ਸਿਨੇਮਾ ਦੀ ਰੂਹ ਹੁੰਦੇ ਸਨ। ਪੰਜਾਬ ਦੇ ਪਿੰਡ ਸਾਹਨੇਵਾਲ ਵਿੱਚ ਜਨਮੇ ਧਰਮਿੰਦਰ ਨੇ ਆਪਣੀਆਂ ਜੜ੍ਹਾਂ ਦਾ ਮਿੱਠਾ ਨਿੱਘ ਫਿਲਮੀ ਕੈਮਰੇ ਦੇ ਹਰ ਫਰੇਮ ਵਿੱਚ ਕਾਇਮ ਰੱਖਿਆ। ਕੌਮੀ ਪੱਧਰ ਦੀ ਮਸ਼ਹੂਰ ਹਸਤੀ ਬਣਨ ਤੋਂ ਬਹੁਤ ਪਹਿਲਾਂ ਹੀ ਉਹ ‘ਧਰਮ ਭਾ’ਜੀ’ ਬਣ ਗਿਆ ਸੀ। ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਅਣਗਿਣਤ ਸਿਆਸੀ ਆਗੂਆਂ, ਸਾਥੀ ਅਦਾਕਾਰਾਂ ਅਤੇ ਲੱਖਾਂ ਪ੍ਰਸ਼ੰਸਕਾਂ ਵੱਲੋਂ ਉਸ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਮੁੰਬਈ ਵਿੱਚ ਅੰਤਿਮ ਸੰਸਕਾਰ ਮੌਕੇ ਪਰਿਵਾਰ ਅਤੇ ਸਹਿਕਰਮੀ ਉਸ ਨੂੰ ਅਲਵਿਦਾ ਕਹਿਣ ਲਈ ਇਕੱਠੇ ਹੋਏ। ਸਮੂਹਿਕ ਸੋਗ ਦਾ ਇਹ ਪਲ ਇੱਕ ਅਜਿਹੀ ਸੱਭਿਆਚਾਰਕ ਹੋਂਦ ਦੀ ਮਾਨਤਾ ਨੂੰ ਦਰਸਾਉਂਦਾ ਹੈ, ਜਿਸ ਨੇ ਕਈ ਪੀੜ੍ਹੀਆਂ ਦਾ ਮੁਹਾਂਦਰਾ ਘੜਿਆ ਹੈ।
ਸਿਨੇਮਾ ਦੇ ਖੇਤਰ ਵਿੱਚ ਧਰਮਿੰਦਰ ਦੀ ਖ਼ਾਸੀਅਤ ਉਸ ਵੱਲੋਂ ਸਹਿਜ ਨਾਲ ਨਿਭਾਏ ਗਏ ਵੰਨ-ਸੁਵੰਨੇ ਕਿਰਦਾਰ ਸਨ। ਇਹ ਸੋਹਣਾ-ਸੁਨੱਖਾ ਨਾਇਕ ‘ਸੱਤਿਆਕਾਮ’ ਦਾ ਗਹਿਰਾ ਇਖ਼ਲਾਕੀ ਸਾਰ, ‘ਅਨੁਪਮਾ’ ਦਾ ਕੋਮਲ ਪ੍ਰੇਮੀ, ‘ਸ਼ੋਅਲੇ’ ਦਾ ਤੂਫ਼ਾਨੀ ਤੇ ਨਾ-ਭੁੱਲਣਯੋਗ ਵੀਰੂ ਅਤੇ ‘ਚੁਪਕੇ ਚੁਪਕੇ’ ਦਾ ਸ਼ਰਾਰਤੀ ਪ੍ਰੋਫੈਸਰ ਸੀ। ਇਸ ਪੰਜਾਬੀ ਜੱਟ ਦੀ ਖ਼ੂਬੀ ਇਹ ਸੀ ਕਿ ਉਹ ਆਕ੍ਰਮਕ ਹੋਏ ਬਿਨਾਂ ਵੀ ਆਪਣੀ ਤਾਕਤ ਦਿਖਾ ਸਕਦਾ ਸੀ, ਇਸੇ ਸਮਰੱਥਾ ਨੇ ਧਰਮਿੰਦਰ ਨੂੰ ‘ਹੀ-ਮੈਨ’ ਦਾ ਖ਼ਿਤਾਬ ਦਿਵਾਇਆ। ਉਸ ਵਿੱਚ ਜੋ ਖਿੱਚ ਸੀ, ਉਹੀ ਉਸ ਨੂੰ ਫਿਲਮ ਜਗਤ ਵਿੱਚ ਵੱਖਰਾ ਦਰਜਾ ਦਿਵਾਉਂਦੀ ਸੀ। ਇੱਥੋਂ ਤੱਕ ਕਿ ਆਪਣੇ ਆਖ਼ਰੀ ਸਮਿਆਂ ਵਿੱਚ ਵੀ ਧਰਮਿੰਦਰ ਨੇ ਕੰਮ ਕਰਨਾ ਜਾਰੀ ਰੱਖਿਆ ਅਤੇ ਉਸ ਦੀ ਫਿਲਮ ‘ਇੱਕੀਸ’ ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ। ਦਹਾਕਿਆਂ ਦੀ ਸੁਪਰ-ਸਟਾਰਡਮ ਦੇ ਬਾਵਜੂਦ ਉਹ ਸਦਾ ਜ਼ਮੀਨ ਨਾਲ ਜੁੜਿਆ ਰਿਹਾ। ਉਸ ਦਾ ਪਾਲਣ-ਪੋਸ਼ਣ ਪੰਜਾਬੀ ਪੇਂਡੂ ਸਾਦਗੀ, ਮਹਿਮਾਨ ਨਿਵਾਜ਼ੀ ਅਤੇ ਭਾਵਨਾਤਮਕ ਇਮਾਨਦਾਰੀ ਵਾਲੇ ਮਾਹੌਲ ਵਿੱਚ ਹੋਇਆ ਸੀ। ਇਸ ਨੂੰ ਧਰਮਿੰਦਰ ਨੇ ਕਦੇ ਵੀ ਭੁਲਾਇਆ ਨਹੀਂ। ਆਪਣੀ ਜ਼ਿੰਦਗੀ ਦੇ ਅਖੀਰਲੇ ਵਰ੍ਹੇ ਉਸ ਨੇ ਆਪਣੇ ਲੋਨਾਵਾਲਾ ਫਾਰਮ ਹਾਊਸ ਵਿੱਚ ਬਿਤਾਏ, ਜਿੱਥੇ ਉਹ ਕਵਿਤਾ ਲਿਖਦਾ, ਆਪਣੀ ਜ਼ਮੀਨ ਸਾਂਭਦਾ ਅਤੇ ਲੋਕਾਂ ਨੂੰ ਉਸੇ ਨਿਮਰਤਾ ਨਾਲ ਮਿਲਦਾ ਸੀ, ਜਿਵੇਂ ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ ਪੰਜਾਬ ਤੋਂ ਆ ਕੇ ਮਿਲਦਾ ਰਿਹਾ ਸੀ। ਇਹ ਇੱਕ ਅਜਿਹੀ ਜ਼ਿੰਦਗੀ ਸੀ, ਜਿਸ ਵਿੱਚ ਕੋਈ ਦਿਖਾਵਾ ਨਹੀਂ ਸੀ। ਇਸੇ ਸਚਾਈ ਨੇ ਉਸ ਨੂੰ ਪਰਦੇ ’ਤੇ ਇੰਨਾ ਹਰਮਨਪਿਆਰਾ ਬਣਾਇਆ।
ਅੱਜਕੱਲ੍ਹ ਦੇ ਸਿਨੇਮਾ ਵਿੱਚ ਅੰਕੜਿਆਂ ਦੀ ਖੇਡ ਅਤੇ ਅਦਾਕਾਰਾਂ ਦੀ ਅਸਲ ਜ਼ਿੰਦਗੀ ਵਿੱਚ ਬਣਾਵਟੀਪਣ ਹਾਵੀ ਹੈ ਜਦੋਂਕਿ ਧਰਮਿੰਦਰ ਇੱਕ ਅਜਿਹੇ ਯੁੱਗ ਦੀ ਯਾਦ ਦਿਵਾਉਂਦਾ ਹੈ ਜੋ ਅੰਦਰੋਂ ਬਾਹਰੋਂ ਇੱਕੋ ਜਿਹਾ ਸੀ ਅਤੇ ਤੜਕ-ਭੜਕ ਤੋਂ ਦੂਰ ਸੀ। ਉਸ ਦੀ ਵਿਰਾਸਤ ਵਿਲੱਖਣ ਹੈ ਕਿਉਂਕਿ ਉਸ ਨੇ ਨਿੱਘ, ਨਿਮਰਤਾ ਅਤੇ ਗਹਿਰੀ ਮਾਨਵੀ ਕਲਾ ਦੇ ਸਦੀਵੀ ਗੁਣਾਂ ਦੀ ਨੁਮਾਇੰਦਗੀ ਕੀਤੀ ਅਤੇ ਪੰਜਾਬ ਦੇ ਇਸ ਪੁੱਤਰ ਨੂੰ ਪੂਰੇ ਦੇਸ਼ ਦੇ ਸਿਨੇਮਾ ਪ੍ਰੇਮੀਆਂ ਦਾ ਅਥਾਹ ਪਿਆਰ ਮਿਲਿਆ।
