ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਇੱਕ ਨੋਬੇਲ ਵਾਸਤੇ ... ...

ਸੰਯੁਕਤ ਰਾਸ਼ਟਰ ਜਿਹਾ ਕੋਈ ਵੀ ਕੌਮਾਂਤਰੀ ਮੰਚ ਦੁਨੀਆ ਭਰ ਦੇ ਅਹਿਮ ਮਸਲਿਆਂ ’ਤੇ ਵਿਚਾਰ-ਚਰਚਾ ਲਈ ਹੁੰਦਾ ਹੈ ਨਾ ਕਿ ਨਿੱਜੀ ਖ਼ਾਹਿਸ਼ਾਂ ਦੇ ਇਜ਼ਹਾਰ ਲਈ। ਟਰੰਪ ਦੀ ਨੋਬੇਲ ਪੁਰਸਕਾਰ ਲਈ ਜ਼ਿੱਦ ਬੱਚੇ ਵਰਗੀ ਹੈ ਜੋ ਹਰ ਕੌਮੀ/ ਕੌਮਾਂਤਰੀ ਮੰਚ ’ਤੇ ਨੋਬੇਲ ਪੁਰਸਕਾਰ ਲਈ ਰਿਹਾਡ਼ ਕਰਦਾ ਹੈ। ਹੁਣ ਉਹ ਵੇਲੇ ਨਹੀਂ ਰਹੇ ਜਦੋਂ ਆਗੂ ਨਿਰਸਵਾਰਥ ਹੋ ਕੇ ਕਿਸੇ ਇਨਾਮ-ਸਨਮਾਨ ਦੀ ਖ਼ਾਹਿਸ਼ ਤੋਂ ਬਗ਼ੈਰ ਮਾਨਵਤਾ ਦੀ ਭਲਾਈ ਲਈ ਕਾਰਜ ਕਰਦੇ ਹੋਣ।
Advertisement

ਦੁਨੀਆ ਭਰ ’ਚ ਸਿਆਸੀ ਉਥਲ-ਪੁਥਲ ਦਰਮਿਆਨ ਵਾਪਰਦੇ ਵੱਖ ਵੱਖ ਘਟਨਾਕ੍ਰਮ ਲਗਾਤਾਰ ਤੁਹਾਡੇ ਸਾਹਮਣੇ ਆਉਂਦੇ ਰਹਿੰਦੇ ਹਨ ਜਿਨ੍ਹਾਂ ’ਚੋਂ ਕੁਝ ਘਟਨਾਕ੍ਰਮ ਤੁਹਾਨੂੰ ਨਿਰਾਸ਼ ਕਰਦੇ ਹਨ, ਕੁਝ ਹੈਰਾਨ-ਪ੍ਰੇਸ਼ਾਨ ਕਰਦੇ ਹਨ ਪਰ ਕੁਝ ਅਜਿਹੇ ਹੁੰਦੇ ਹਨ ਜਿਨ੍ਹਾਂ ਬਾਰੇ ਤੁਹਾਨੂੰ ਖ਼ੁਦ ਸਮਝ ਨਹੀਂ ਲੱਗਦੀ ਕਿ ਤੁਹਾਡਾ ਪ੍ਰਤੀਕਰਮ ਕਿਸ ਖਾਨੇ ’ਚ ਫਿੱਟ ਬੈਠਦਾ ਹੈ। ਕੁਝ ਅਜਿਹਾ ਹੀ ਘਟਨਾਕ੍ਰਮ ਹਾਲ ’ਚ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਸੰਯੁਕਤ ਰਾਸ਼ਟਰ ਦੇ ਮੰਚ ’ਤੇ ਖੜ੍ਹੇ ਹੋ ਕੇ ਆਪਣੇ ਲਈ ਨੋਬੇਲ ਸ਼ਾਂਤੀ ਪੁਰਸਕਾਰ ਲਈ ਜ਼ੋਰਦਾਰ ਦਾਅਵਾ ਕਰਨ ਦਾ ਹੈ। ਭਾਰਤ-ਪਾਕਿਸਤਾਨ ਦਰਮਿਆਨ ਟਕਰਾਅ ਰੋਕਣ ਦਾ ਦਾਅਵਾ ਤਾਂ ਉਹ ਹੁਣ ਤੱਕ ਲਗਪਗ 50 ਵਾਰ ਕਰ ਚੁੱਕੇ ਹਨ ਪਰ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਮੁਲਕ ਮੰਨਣ ਵਾਲੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਕੌਮਾਂਤਰੀ ਮੰਚ ’ਤੇ ਖੜ੍ਹੇ ਹੋ ਕੇ ਖ਼ੁਦ ਆਪਣੇ ਲਈ ਇਨਾਮ ਦੀ ਮੰਗ ਕਰਦਿਆਂ ਦੇਖਣਾ ਤੁਹਾਨੂੰ ਅਜੀਬ ਜਿਹਾ ਲੱਗਦਾ ਹੈ ਪਰ ਟਰੰਪ ਹੈ ਤਾਂ ਮੁਮਕਿਨ ਹੈ। ਓਦਾਂ, ਵੀਹ ਜਨਵਰੀ ਨੂੰ ਅਮਰੀਕਾ ਦੀ ਸੱਤਾ ਸੰਭਾਲਣ ਮਗਰੋਂ ਉਸ ਵੱਲੋਂ ਲਏ ਵੱਖ ਵੱਖ ਫ਼ੈਸਲਿਆਂ ਨੂੰ ਦੇਖਦਿਆਂ ਤੁਹਾਡਾ ਅਜਿਹਾ ਪ੍ਰਤੀਕਰਮ ਦੇਣਾ ਬਣਦਾ ਤਾਂ ਨਹੀਂ।

ਭਾਰਤ-ਪਾਕਿਸਤਾਨ ਟਕਰਾਅ ਦੇ ਸੰਦਰਭ ’ਚ ਤਾਂ ਟਰੰਪ ਵੱਲੋਂ ਲਗਾਤਾਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਦੇ ਦਖ਼ਲ ਨਾਲ ਹੀ ਦੋਹਾਂ ਦੇਸ਼ਾਂ ਦੀ ਜੰਗ ਟਲੀ ਹੈ। ਸਮੁੱਚੀ ਦੁਨੀਆ ਨੂੰ ਉਹ ਇਹ ਦੱਸਣਾ ਵੀ ਨਹੀਂ ਭੁੱਲਦਾ ਕਿ ਉਸ ਨੇ ਦੋਹਾਂ ਦੇਸ਼ਾਂ ਨੂੰ ਵਪਾਰ ਰੋਕਣ ਦੀ ਧਮਕੀ ਦੇ ਕੇ ਜੰਗ ਨੂੰ ਰੋਕਿਆ। ਹਾਲਾਂਕਿ ਭਾਰਤ ਨੇ ਕਈ ਵਾਰ ਸਪੱਸ਼ਟ ਕੀਤਾ ਹੈ ਕਿ ਇਹ ਜੰਗ ਪਾਕਿਸਤਾਨ ਦੇ ਡੀ ਜੀ ਐੱਮ ਓ (ਡਾਇਰੈਕਟਰ ਜਨਰਲ ਆਫ ਮਿਲਿਟਰੀ ਅਪਰੇਸ਼ਨਜ਼) ਦੀ ਬੇਨਤੀ ’ਤੇ ਰੋਕੀ ਗਈ।

Advertisement

ਸੰਯੁਕਤ ਰਾਸ਼ਟਰ ਦੇ ਮੰਚ ’ਤੇ ਖੜ੍ਹੇ ਹੋ ਕੇ ਟਰੰਪ ਨੇ ਖ਼ੁਦ ਨੂੰ ਨੋਬੇਲ ਪੁਰਸਕਾਰ ਦਿੱਤੇ ਜਾਣ ਦੀ ਵਕਾਲਤ ਕਰਦਿਆਂ ਸੱਤ ਜੰਗਾਂ ਰੁਕਵਾਉਣ ਦਾ ਦਾਅਵਾ ਕੀਤਾ ਤੇ ਨਾਲ ਹੀ ਉਨ੍ਹਾਂ ਜੰਗਾਂ ’ਚ ਉਲਝੇ ਮੁਲਕਾਂ ਦੀ ਸੂਚੀ ਵੀ ਦੱਸੀ। ਇਨ੍ਹਾਂ ਜੰਗਾਂ ਵਿੱਚ ਉਸ ਨੇ ਕੰਬੋਡੀਆ-ਥਾਈਲੈਂਡ, ਕੋਸੋਵੋ-ਸਰਬੀਆ, ਕਾਂਗੋ-ਰਵਾਂਡਾ, ਭਾਰਤ-ਪਾਕਿਸਤਾਨ, ਮਿਸਰ-ਇਥੋਪੀਆ, ਆਰਮੀਨੀਆ-ਅਜ਼ਰਬਾਇਜਾਨ ਵਿਚਾਲੇ ਜੰਗ ਰੁਕਵਾਉਣ ਦਾ ਦਾਅਵਾ ਕੀਤਾ। ਆਪਣਾ ਪੱਖ ਹੋਰ ਮਜ਼ਬੂਤ ਕਰਨ ਲਈ ਟਰੰਪ ਦਾ ਦਾਅਵਾ ਹੈ ਕਿ ਇਹ ਜੰਗਾਂ ਉਸ ਨੇ ਸੱਤਾ ਸੰਭਾਲਣ ਮਗਰੋਂ ਕੁਝ ਮਹੀਨਿਆਂ ਦੌਰਾਨ ਹੀ ਖ਼ਤਮ ਕਰਵਾ ਦਿੱਤੀਆਂ। ਉਸ ਦਾ ਕਹਿਣਾ ਹੈ ਕਿ ਅਜਿਹਾ ਕਰ ਕੇ ਉਸ ਨੇ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਜੰਗ ਦੀ ਭੇਟ ਚੜ੍ਹਨੋਂ ਬਚਾਈਆਂ ਹਨ ਅਤੇ ਕੋਈ ਹੋਰ ਤਾਂ ਏਨੇ ਥੋੜ੍ਹੇ ਸਮੇਂ ’ਚ ਕੀਤੀ ਗਈ ਇਸ ਪ੍ਰਾਪਤੀ ਦੇ ਨੇੜੇ-ਤੇੜੇ ਵੀ ਨਹੀਂ ਢੁੱਕਦਾ। ਸੰਯੁਕਤ ਰਾਸ਼ਟਰ ਦੇ ਮੰਚ ’ਤੇ ਹੀ ਖੜ੍ਹਾ ਹੋ ਕੇ ਟਰੰਪ ਨੇ ਇਹ ਵੀ ਕਿਹਾ ਕਿ ਉਹ ਇਸ ਗੱਲੋਂ ਉਦਾਸ ਹੈ ਕਿ ਸੰਯੁਕਤ ਰਾਸ਼ਟਰ ਨੂੰ ਇਸ ਮਾਮਲੇ ’ਚ ਮਦਦ ਲਈ ਅੱਗੇ ਆਉਣਾ ਚਾਹੀਦਾ ਸੀ ਪਰ ਉਸ ਨੇ ਅਜਿਹਾ ਨਹੀਂ ਕੀਤਾ ਅਤੇ ਉਸ ਇਕੱਲੇ ਨੇ ਹੀ ਦੁਨੀਆ ’ਚ ਮਨੁੱਖੀ ਜਾਨਾਂ ਬਚਾਉਣ ਲਈ ਏਨਾ ਵੱਡਾ ਕਾਰਜ ਕੀਤਾ ਹੈ। ਉਸ ਦੇ ਸਮੁੱਚੇ ਭਾਸ਼ਣ ਦਾ ਮਤਲਬ ਅਖ਼ੀਰ ਇਹੀ ਨਿਕਲਦਾ ਹੈ ਕਿ ‘ਮੇਰੇ ਲਈ ਇੱਕ ਨੋਬੇਲ ਸ਼ਾਂਤੀ ਪੁਰਸਕਾਰ ਤਾਂ ਬਣਦਾ ਹੀ ਹੈ।’

ਸੰਯੁਕਤ ਰਾਸ਼ਟਰ ਦੇ ਮੰਚ ਦੀ ਗੱਲ ਤਾਂ ਛੱਡੋ, ਟਰੰਪ ਵੱਲੋਂ ਲਗਾਤਾਰ ‘ਮੈਨੂੰ ਸ਼ਾਂਤੀ ਪੁਰਸਕਾਰ ਚਾਹੀਦਾ ਹੈ’ ਦੇ ਯਤਨਾਂ ਲਈ ਮਾਹੌਲ ਸਿਰਜਣ ਵਾਸਤੇ ਵ੍ਹਾਈਟ ਹਾਊਸ ਦੇ ਸਟਾਫ਼ ਨੂੰ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਹ ਵੀ ਟਰੰਪ ਵੱਲੋਂ ਦੁਨੀਆ ’ਚ ਸ਼ਾਂਤੀ ਦੀ ਕਾਇਮੀ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਪ੍ਰੈੱਸ ਬ੍ਰੀਫਿੰਗਜ਼ ਰਾਹੀਂ ਦੇਸ਼-ਦੁਨੀਆ ਨੂੰ ਦੱਸ ਰਹੇ ਹਨ।

ਟਰੰਪ ਨੂੰ ਜਦੋਂ ਕਦੇ ਲੱਗਦਾ ਹੈ ਕਿ ਨੋਬੇਲ ਸ਼ਾਂਤੀ ਪੁਰਸਕਾਰ ਲਈ ਉਸ ਦੇ ਹੱਕ ’ਚ ਮਾਹੌਲ ਬਹੁਤਾ ਬਣ ਨਹੀਂ ਰਿਹਾ ਤਾਂ ਉਸ ਵੱਲੋਂ ਪੱਤਰਕਾਰਾਂ ਅੱਗੇ ਅਜਿਹੀਆਂ ਦਲੀਲਾਂ ਦਿੱਤੀਆਂ ਜਾਂਦੀਆਂ ਹਨ, ‘‘ਮੈਨੂੰ ਕਿਹਾ ਜਾ ਰਿਹਾ ਹੈ ਕਿ ਜੇ ਮੈਂ ਰੂਸ-ਯੂਕਰੇਨ ਜੰਗ ਰੋਕ ਦੇਵਾਂ ਤਾਂ ਮੇਰਾ ਨਾਮ ਨੋਬੇਲ ਸ਼ਾਂਤੀ ਪੁਰਸਕਾਰ ਲਈ ਵਿਚਾਰਿਆ ਜਾ ਸਕਦਾ ਹੈ। ਪਰ ਮੇਰਾ ਮੰਨਣਾ ਹੈ ਕਿ ਮੈਂ ਜਿਹੜੀਆਂ ਸੱਤ ਹੋਰ ਜੰਗਾਂ ਰੁਕਵਾਈਆਂ ਹਨ, ਕੀ ਮੈਨੂੰ ਉਨ੍ਹਾਂ ਲਈ ਸ਼ਾਂਤੀ ਪੁਰਸਕਾਰ ਨਹੀਂ ਮਿਲਣਾ ਚਾਹੀਦਾ?’’ ਇਜ਼ਰਾਈਲ ਅਤੇ ਇਰਾਨ ਵਿਚਾਲੇ ਜੰਗ ਰੁਕਵਾਉਣ ਦਾ ਦਾਅਵਾ ਕਰਨ ਵਾਲੇ ਅਮਰੀਕੀ ਰਾਸ਼ਟਰਪਤੀ ਵੱਲੋਂ ਸ਼ਾਂਤੀ ਬਹਾਲੀ ਲਈ ਇਰਾਨ ਦੇ ਪ੍ਰਮਾਣੂ ਟਿਕਾਣਿਆਂ ’ਤੇ ਕਰਵਾਈ ਗਈ ਬੰਬਾਰੀ ਵੀ ਕਿਸੇ ਨੂੰ ਭੁੱਲੀ ਨਹੀਂ।

ਭਾਰਤ-ਪਾਕਿਸਤਾਨ ਟਕਰਾਅ ਦੌਰਾਨ ਟਰੰਪ ਵੱਲੋਂ ਜੰਗ ਰੁਕਵਾਉਣ ਦਾ ਦਾਅਵਾ ਵਾਰ ਵਾਰ ਕੀਤੇ ਜਾਣ ਮਗਰੋਂ ਭਾਰਤ ਨੇ ਭਾਵੇਂ ਅਜਿਹੇ ਕਿਸੇ ਵੀ ਦਖ਼ਲ ਦਾ ਖੰਡਨ ਕੀਤਾ ਪਰ ਪਾਕਿਸਤਾਨ ਨੇ ਟਕਰਾਅ ਰੁਕਣ ਤੋਂ ਕੁਝ ਦਿਨਾਂ ਬਾਅਦ ਹੀ ਨੋਬੇਲ ਸ਼ਾਂਤੀ ਪੁਰਸਕਾਰ ਲਈ ਅਮਰੀਕੀ ਰਾਸ਼ਟਰਪਤੀ ਦੇ ਨਾਂ ਦੀ ਸਿਫ਼ਾਿਰਸ਼ ਕਰ ਦਿੱਤੀ ਅਤੇ ਖੁੱਲ੍ਹ ਕੇ ਟਰੰਪ ਦੇ ਇਨ੍ਹਾਂ ਯਤਨਾਂ ਦੀ ਸ਼ਲਾਘਾ ਵੀ ਕੀਤੀ। ਸੰਯੁਕਤ ਰਾਸ਼ਟਰ ਦੇ ਜਿਸ ਮੰਚ ’ਤੇ ਟਰੰਪ ਨੇ ਆਪਣੇ ਲਈ ਨੋਬੇਲ ਪੁਰਸਕਾਰ ਦੀ ਮੰਗ ਕੀਤੀ, ਉਸੇ ਮੰਚ ’ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਇਸ ਮੁੱਦੇ ’ਤੇ ਟਰੰਪ ਦਾ ਪੱਖ ਪੂਰਦਿਆਂ ਕਿਹਾ ਕਿ ਜੇਕਰ ਟਰੰਪ ਵਿਚਾਲੇ ਪੈ ਕੇ ਜੰਗ ਨਾ ਰੁਕਵਾਉਂਦੇ ਤਾਂ ਗੰਭੀਰ ਸਿੱਟੇ ਨਿਕਲ ਸਕਦੇ ਸਨ। ਪਾਕਿਸਤਾਨ ਨੇ ਕੌਮਾਂਤਰੀ ਮੰਚ ’ਤੇ ਭਾਰਤ ਨੂੰ ਨੀਵਾਂ ਦਿਖਾਉਣ ਲਈ ਖੁੱਲ੍ਹ ਕੇ ਇਹ ਗੱਲ ਕਹੀ, ‘‘ਰਾਸ਼ਟਰਪਤੀ ਟਰੰਪ ਦੇ ਦਖ਼ਲ ਕਰ ਕੇ ਹੀ ਦੋਹਾਂ ਦੇਸ਼ਾਂ ਵਿਚਾਲੇ ਪ੍ਰਮਾਣੂ ਟਕਰਾਅ ਟਾਲਿਆ ਜਾ ਸਕਿਆ। ਇਹੀ ਕਾਰਨ ਹੈ ਕਿ ਅਸੀਂ ਰਾਸ਼ਟਰਪਤੀ ਟਰੰਪ ਦੇ ਨਾਂ ਦੀ ਨੋਬੇਲ ਸ਼ਾਂਤੀ ਪੁਰਸਕਾਰ ਲਈ ਸਿਫ਼ਾਰਿਸ਼ ਕੀਤੀ ਹੈ। ਆਖ਼ਰ ਪ੍ਰਮਾਣੂ ਯੁੱਧ ਰੋਕਣਾ ਕੋਈ ਛੋਟੀ-ਮੋਟੀ ਗੱਲ ਤਾਂ ਹੈ ਨਹੀਂ। ਗੋਲੀਬੰਦੀ ਦਾ ਪੂਰਾ ਸਿਹਰਾ ਟਰੰਪ ਦੀ ਦਲੇਰਾਨਾ ਅਤੇ ਦੂਰਅੰਦੇਸ਼ ਪਹੁੰਚ ਨੂੰ ਜਾਂਦਾ ਹੈ ਜਿਸ ਦੇ ਲਈ ਅਸੀਂ ਉਨ੍ਹਾਂ ਦੀ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਸ਼ਲਾਘਾ ਕਰਦੇ ਹਾਂ।’’

ਯੂ ਐੱਨ ਸੈਸ਼ਨ ’ਚ ਹਿੱਸਾ ਲੈਣ ਆਏ ਸ਼ਾਹਬਾਜ਼ ਸ਼ਰੀਫ਼ ਅਤੇ ਪਾਕਿਸਤਾਨ ਦੇ ਫੀਲਡ ਮਾਰਸ਼ਲ ਆਸਿਮ ਮੁਨੀਰ ਨਾਲ ਟਰੰਪ ਨੇ ਵ੍ਹਾਈਟ ਹਾਊਸ ਦੇ ਓਵਲ ਆਫਿਸ ਵਿੱਚ ਲੰਮੀ ਮੁਲਾਕਾਤ ਕੀਤੀ ਅਤੇ ਦੋਹਾਂ ਨੂੰ ‘ਗ੍ਰੇਟ’ ਦੱਸਿਆ। ਸ਼ਾਹਬਾਜ਼ ਸ਼ਰੀਫ਼ ਨੇ ਸੰਯੁਕਤ ਰਾਸ਼ਟਰ ਦੇ ਮੰਚ ’ਤੇ ਖੁੱਲ੍ਹ ਕੇ ਟਰੰਪ ਦਾ ਹੀ ਨਹੀਂ, ਉਨ੍ਹਾਂ ਦੇਸ਼ਾਂ ਦਾ ਵੀ ਨਾਂ ਲੈ ਕੇ ਸ਼ੁਕਰੀਆ ਅਦਾ ਕੀਤਾ, ਜਿਨ੍ਹਾਂ ਨੇ ਉਸ ਟਕਰਾਅ ਦੌਰਾਨ ਪਾਕਿਸਤਾਨ ਦਾ ਪੱਖ ਪੂਰਿਆ ਅਤੇ ਉਸ ਦੀ ਮਦਦ ਕੀਤੀ। ਸ਼ਾਹਬਾਜ਼ ਸ਼ਰੀਫ਼ ਨੇ ਜਿਨ੍ਹਾਂ ਦੇਸ਼ਾਂ ਦਾ ਨਾਂ ਲਿਆ, ਉਨ੍ਹਾਂ ਵਿੱਚ ਚੀਨ, ਤੁਰਕੀ, ਸਾਊਦੀ ਅਰਬ, ਕਤਰ, ਅਜ਼ਰਬਾਇਜਾਨ, ਇਰਾਨ ਅਤੇ ਸੰਯੁਕਤ ਅਰਬ ਅਮੀਰਾਤ ਦੇ ਨਾਂ ਸ਼ਾਮਲ ਹਨ।

‘ਅਪਰੇਸ਼ਨ ਸਿੰਧੂਰ’ ਮਗਰੋਂ ਚਾਣਚੱਕ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਹੱਦੋਂ ਵੱਧ ਅਹਿਮੀਅਤ ਦਿੱਤੀ ਜਾ ਰਹੀ ਹੈ। ਹੋਰਨਾਂ ਕਾਰਨਾਂ ਦੇ ਨਾਲ ਇੱਕ ਅਹਿਮ ਕਾਰਨ ਇਹ ਵੀ ਹੈ ਕਿ ਟਰੰਪ ਨੂੰ ਲੱਗਦਾ ਹੈ ਕਿ ਨੋਬੇਲ ਪੁਰਸਕਾਰ ਹਾਸਲ ਕਰਨ ਵਿੱਚ ਪਾਕਿਸਤਾਨ ਸਹਾਈ ਹੋ ਸਕਦਾ ਹੈ।

ਵੱਖ ਵੱਖ ਖੇਤਰਾਂ ਵਿੱਚ ਵੱਡੀਆਂ ਪ੍ਰਾਪਤੀਆਂ ਕਰਨ ਵਾਲੇ ਵਿਅਕਤੀਆਂ ਨੂੰ ਹਰ ਸਾਲ ਨੋਬੇਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਸਾਲ 1901 ’ਚ ਸ਼ੁਰੂ ਹੋਏ ਇਸ ਇਨਾਮ ਦੇ ਲੰਮੇ ਇਤਿਹਾਸ ਵਿੱਚ ਕਦੇ ਵੀ ਇਹ ਨਹੀਂ ਹੋਇਆ ਕਿ ਕਿਸੇ ਨੇ ਇਹ ਪੁਰਸਕਾਰ ਮੰਗ ਕੇ ਲਿਆ ਹੋਵੇ ਜਾਂ ਜਨਤਕ ਮੰਚਾਂ ਤੋਂ ਵਾਰ ਵਾਰ ਇਸ ਵਾਸਤੇ ਆਪਣਾ ਦਾਅਵਾ ਜਤਾਇਆ ਹੋਵੇ। ਇਹ ਜ਼ਰੂਰ ਹੋ ਸਕਦਾ ਹੈ ਕਿ ਇਹ ਪੁਰਸਕਾਰ ਪਾਉਣ ਦਾ ਸੁਫ਼ਨਾ ਸਾਕਾਰ ਕਰਨ ਲਈ ਚੁੱਪ-ਚੁਪੀਤੇ ਇਮਾਨਦਾਰੀ ਨਾਲ ਡਟ ਕੇ ਕੰਮ ਕੀਤਾ ਗਿਆ ਹੋਵੇ।

ਡੋਨਲਡ ਟਰੰਪ ਜਦੋਂ ਤੋਂ ਦੂਜੀ ਵਾਰੀ ਅਮਰੀਕਾ ਦੇ ਰਾਸ਼ਟਰਪਤੀ ਬਣੇ ਹਨ, ਉਦੋਂ ਤੋਂ ਅਮਨ ਲਈ ਨੋਬੇਲ ਪੁਰਸਕਾਰ ਲੈਣ ਲਈ ਜਿਵੇਂ ਜਨਤਕ ਮੰਚਾਂ ਤੋਂ ਖ਼ੁਦ ਹੀ ਆਪਣਾ ਨਾਂ ਪੇਸ਼ ਕਰ ਰਹੇ ਹਨ, ਉਸ ਦੀ ਮਿਸਾਲ ਹੋਰ ਕਿਤੇ ਨਹੀਂ ਮਿਲਦੀ। ਹੁਣ ਤਾਂ ਹੱਦ ਹੀ ਹੋ ਗਈ ਕਿਉਂਕਿ ਉਨ੍ਹਾਂ ਦੁਨੀਆ ਦੇ ਸ਼ਕਤੀਸ਼ਾਲੀ ਮੰਨੇ ਜਾਂਦੇ ਮੁਲਕ ਅਮਰੀਕਾ ਦੀ ਹੋਂਦ ਅਤੇ ਹੋਣੀ ਨੂੰ ਆਪਣੀ ਨੋਬੇਲ ਪੁਰਸਕਾਰ ਦੀ ਪ੍ਰਾਪਤੀ ਨਾਲ ਬੰਨ੍ਹ ਦਿੱਤਾ ਹੈ। ਪਿਛਲੇ ਦਿਨੀਂ ਇਸ ਸਬੰਧੀ ਦਿੱਤੇ ਬਿਆਨ ਵਿੱਚ ਉਨ੍ਹਾਂ ਇੱਥੋਂ ਤੱਕ ਆਖ ਦਿੱਤਾ ਕਿ ਜੇਕਰ ਉਨ੍ਹਾਂ ਨੂੰ ਨੋਬੇਲ ਪੁਰਸਕਾਰ ਨਹੀਂ ਮਿਲਦਾ ਤਾਂ ਇਸ ਨਾਲ ਅਮਰੀਕਾ ਦੀ ਬਹੁਤ ਬੇਇੱਜ਼ਤੀ ਹੋ ਜਾਵੇਗੀ।

ਦਰਅਸਲ, ਸੰਯੁਕਤ ਰਾਸ਼ਟਰ ਜਿਹਾ ਕੋਈ ਵੀ ਕੌਮਾਂਤਰੀ ਮੰਚ ਦੁਨੀਆ ਭਰ ਦੇ ਅਹਿਮ ਮਸਲਿਆਂ ’ਤੇ ਵਿਚਾਰ-ਚਰਚਾ ਲਈ ਹੁੰਦਾ ਹੈ ਨਾ ਕਿ ਨਿੱਜੀ ਖ਼ਾਹਿਸ਼ਾਂ ਦੇ ਇਜ਼ਹਾਰ ਲਈ। ਟਰੰਪ ਦੀ ਨੋਬੇਲ ਪੁਰਸਕਾਰ ਲਈ ਜ਼ਿੱਦ ਬੱਚੇ ਵਰਗੀ ਹੈ ਜੋ ਹਰ ਕੌਮੀ/ ਕੌਮਾਂਤਰੀ ਮੰਚ ’ਤੇ ਨੋਬੇਲ ਪੁਰਸਕਾਰ ਲਈ ਰਿਹਾੜ ਕਰਦਾ ਹੈ। ਹੁਣ ਉਹ ਵੇਲੇ ਨਹੀਂ ਰਹੇ ਜਦੋਂ ਆਗੂ ਨਿਰਸਵਾਰਥ ਹੋ ਕੇ ਕਿਸੇ ਇਨਾਮ-ਸਨਮਾਨ ਦੀ ਖ਼ਾਹਿਸ਼ ਤੋਂ ਬਗ਼ੈਰ ਮਾਨਵਤਾ ਦੀ ਭਲਾਈ ਲਈ ਕਾਰਜ ਕਰਦੇ ਹੋਣ।

Advertisement
Show comments