ਤਿਉਹਾਰੀ ਹਾਦਸੇ
ਹਰ ਸਾਲ ਦੀ ਤਰ੍ਹਾਂ ਇਸ ਹਫ਼ਤੇ ਦੇਸ਼ ਭਰ ਵਿੱਚ ਦੀਵਾਲੀ ਮੌਕੇ ਚਲਾਏ ਜਾਂਦੇ ਪਟਾਕਿਆਂ ਤੇ ਆਤਿਸ਼ਬਾਜ਼ੀ ਕਾਰਨ ਹੋਏ ਹਾਦਸਿਆਂ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ। ਚੇਨੱਈ ਵਿੱਚ ਇੱਕ ਘਰ ਵਿੱਚ ਅਣਅਧਿਕਾਰਤ ਤੌਰ ’ਤੇ ਰੱਖੇ ਪਟਾਕਿਆਂ ਵਿੱਚ ਅੱਗ ਲੱਗਣ ਕਾਰਨ ਚਾਰ ਮੌਤਾਂ ਹੋ ਗਈਆਂ। ਜ਼ਾਹਿਰ ਹੈ ਕਿ ਇਸ ਇਸ ਰਿਹਾਇਸ਼ੀ ਮਕਾਨ ਨੂੰ ਪਟਾਕਿਆਂ ਦੇ ਗ਼ੈਰ-ਕਾਨੂੰਨੀ ਭੰਡਾਰ ਵਜੋਂ ਵਰਤਿਆ ਜਾ ਰਿਹਾ ਸੀ। ਇਸ ਦੇ ਨਾਲ ਹੀ ਕਾਰਬਾਈਡ ਗੰਨ ਦੇ ਰੂਪ ਵਿੱਚ ਇੱਕ ਨਵੀਂ ਅਲਾਮਤ ਆ ਗਈ ਹੈ ਜਿਸ ਕਰ ਕੇ ਮੱਧ ਪ੍ਰਦੇਸ਼ ਵਿੱਚ 100 ਤੋਂ ਵੱਧ ਲੋਕ ਜ਼ਖਮੀ ਹੋ ਕੇ ਹਸਪਤਾਲਾਂ ਵਿੱਚ ਪਹੁੰਚ ਗਏ ਹਨ। ਇਹ ਗੈਸ ਲਾਈਟਰ, ਪਲਾਸਟਿਕ ਪਾਈਪ ਅਤੇ ਕੈਲਸ਼ੀਅਮ ਕਾਰਬਾਈਡ ਤੋਂ ਤਿਆਰ ਕੀਤੀ ਇੱਕ ਕੱਚੀ ਗੰਨ ਹੈ। ਦੀਵਾਲੀ ਤੋਂ ਪਹਿਲਾਂ ਇੱਕ ਮੀਟਿੰਗ ਦੌਰਾਨ ਮੱਧ ਪ੍ਰਦੇਸ਼ ਸਰਕਾਰ ਨੇ ਜ਼ਿਲ੍ਹਾ ਮੈਜਿਸਟਰੇਟਾਂ ਅਤੇ ਪੁਲੀਸ ਅਫ਼ਸਰਾਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਸਨ ਕਿ ਇਹ ਕਾਰਬਾਈਡ ਗੰਨ ਦੀ ਵਿਕਰੀ ਨਾ ਹੋ ਸਕੇ। ਪਰ ਹੋਇਆ ਉਲਟਾ, ਗੰਨ ਦੀ ਵਿਕਰੀ ਧੜੱਲੇ ਨਾਲ ਜਾਰੀ ਰਹੀ। ਅਫ਼ਸੋਸ ਦੀ ਗੱਲ ਇਹ ਹੈ ਕਿ ਸਭ ਕੁਝ ਜਾਣਦੇ ਹੋਇਆਂ ਵੀ ਅਧਿਕਾਰੀ ਇਸ ਬਾਰੇ ਕੁਝ ਵੀ ਨਾ ਕਰ ਸਕੇ। ਇਸ ਤਰ੍ਹਾਂ ਦੀ ਨਾਕਾਮੀ ਕਿਸੇ ਇੱਕ ਰਾਜ ਤੱਕ ਮਹਿਦੂਦ ਨਹੀਂ ਹੈ ਸਗੋਂ ਤਿਉਹਾਰਾਂ ਦੇ ਸੀਜ਼ਨ ਵਿੱਚ ਦੇਸ਼ ਭਰ ਵਿੱਚ ਇਹ ਆਮ ਚਲਨ ਬਣ ਗਿਆ ਹੈ।
ਇਸ ਮਾਮਲੇ ਵਿੱਚ ਕਿਸੇ ਦੀ ਕੋਈ ਜਵਾਬਦੇਹੀ ਤੈਅ ਨਹੀਂ ਕੀਤੀ ਜਾਂਦੀ ਜਿਸ ਕਰ ਕੇ ਕੋਈ ਸੁਧਾਰ ਨਹੀਂ ਹੋ ਰਿਹਾ। ਪੈਸਾ ਕਮਾਉਣ ਦੇ ਮੰਤਵ ਦੀ ਪੂਰਤੀ ਲਈ ਵਿਸਫ਼ੋਟਕਾਂ ਦੇ ਨਿਰਮਾਣ, ਵਿਕਰੀ, ਵਰਤੋਂ, ਟਰਾਂਸਪੋਰਟ ਅਤੇ ਦਰਾਮਦ-ਬਰਾਮਦ ਬਾਰੇ ਬਣੇ ਕਾਨੂੰਨ ਲਾਗੂ ਨਾ ਕਰਨ ਬਦਲੇ ਕਿਸੇ ਅਫ਼ਸਰ ਖ਼ਿਲਾਫ਼ ਕਦੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਇਹੀ ਨਹੀਂ, ਇਸ ਬਾਰੇ ਕਾਨੂੰਨ ਵੀ ਅੰਗਰੇਜ਼ਾਂ ਦੇ ਜ਼ਮਾਨੇ ਦਾ ਬਣਿਆ ਹੋਇਆ ਹੈ ਜਿਸ ਕਰ ਕੇ ਹਾਲਾਤ ਨਿੱਘਰਦੇ ਹੀ ਜਾ ਰਹੇ ਹਨ। ਇਸ ਸਾਲ ਦੇ ਸ਼ੁਰੂ ਵਿੱਚ ਸਰਕਾਰ ਨੇ ਵਿਸਫ਼ੋਟਕ ਕਾਨੂੰਨ, 1884 ਨੂੰ ਇਸ ਆਧਾਰ ’ਤੇ ਖ਼ਤਮ ਕਰਨ ਦਾ ਪ੍ਰਸਤਾਵ ਦਿੱਤਾ ਸੀ ਕਿ ਇਹ ਮੌਜੂਦਾ ਸਮੇਂ ਅਤੇ ਸਨਅਤ ਦੀਆਂ ਲੋੜਾਂ ਦੀ ਪੂਰਤੀ ਨਹੀਂ ਕਰ ਰਿਹਾ। ਸਨਅਤ ਅਤੇ ਅੰਦਰੂਨੀ ਵਪਾਰ ਪ੍ਰੋਤਸਾਹਨ ਵਿਭਾਗ ਨੇ ਇਸ ਬਾਬਤ ਜਨਤਾ, ਸਨਅਤੀ ਐਸੋਸੀਏਸ਼ਨਾਂ ਅਤੇ ਹੋਰਨਾਂ ਤੋਂ ਰਾਵਾਂ ਮੰਗੀਆਂ ਸਨ ਪਰ ਤਿੰਨ ਮਹੀਨੇ ਪਹਿਲਾਂ ਇਸ ਦੀ ਮਿਆਦ ਪੁੱਗ ਗਈ ਸੀ। ਇਸ ਸਬੰਧੀ ਪ੍ਰਾਪਤ ਹੋਈ ਜਨਤਕ ਫੀਡਬੈਕ ਉੱਪਰ ਗ਼ੌਰ ਕਰਕੇ ਨਵਾਂ ਬਿੱਲ ਤਿਆਰ ਕਰਨ ਦੀ ਫੌਰੀ ਲੋੜ ਹੈ। ਨਵੇਂ ਕਾਨੂੰਨ ਵਿੱਚ ਖ਼ਪਤਕਾਰਾਂ, ਵੈਂਡਰਾਂ, ਸਟਾਕਿਸਟਾਂ, ਸਨਅਤੀ ਕਾਮਿਆਂ ਆਦਿ ਸਾਰੇ ਹਿੱਤਧਾਰਕਾਂ ਦੀ ਸੁਰੱਖਿਆ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਸਖਤ ਲਾਇਸੈਂਸਿੰਗ ਪ੍ਰਣਾਲੀ ਅਤੇ ਵਿਸਫੋਟਕਾਂ ਦੇ ਅਣਅਧਿਕਾਰਤ ਭੰਡਾਰ, ਨਿਰਮਾਣ ਅਤੇ ਢੋਆ-ਢੁਆਈ ਲਈ ਅਸਰਦਾਰ ਜੁਰਮਾਨੇ ਲਾਉਣ ਦੀ ਵਿਵਸਥਾ ਕਰਨੀ ਚਾਹੀਦੀ ਹੈ। ਤਿਉਹਾਰਾਂ ਨੂੰ ਮਾਤਮ ਦਾ ਵੇਲਾ ਨਹੀਂ ਬਣਨ ਦਿੱਤਾ ਜਾਣਾ ਚਾਹੀਦਾ ਅਤੇ ਇਸ ਲਈ ਹਰ ਤਰ੍ਹਾਂ ਦੇ ਹਾਦਸਿਆਂ ਦੀ ਰੋਕਥਾਮ ਕਰਨੀ ਸਮੇਂ ਦੀ ਲੋੜ ਹੈ।
