ਫੌਜਾ ਸਿੰਘ ਦਾ ਵਿਛੋੜਾ
ਜ਼ਿੰਦਗੀ ’ਚ ਕਿਸੇ ਵੀ ਮੋੜ ਉੱਤੇ ਨਵੀਂ ਸ਼ੁਰੂਆਤ ਕੀਤੀ ਜਾ ਸਕਦੀ ਹੈ, ਇਹ ਗੱਲ ਫੌਜਾ ਸਿੰਘ ਉੱਤੇ ਪੂਰੀ ਤਰ੍ਹਾਂ ਢੁੱਕਦੀ ਹੈ। ‘ਟਰਬਨਡ ਟੋਰਨਾਡੋ’ ਵਜੋਂ ਜਾਣੇ ਜਾਂਦੇ 114 ਸਾਲਾ ਮੈਰਾਥਨ ਦੌੜਾਕ ਫੌਜਾ ਸਿੰਘ ਦਾ ਦੇਹਾਂਤ ਹੋ ਗਿਆ ਹੈ। ਜੱਦੀ ਸ਼ਹਿਰ ਜਲੰਧਰ ਨੇੜੇ ਸੜਕ ਦੁਰਘਟਨਾ ’ਚ ਹੋਈ ਉਨ੍ਹਾਂ ਦੀ ਦੁਖਦਾਈ ਮੌਤ ਨੇ ਅਜਿਹੇ ਜੀਵਨ ਦਾ ਅੰਤ ਕਰ ਦਿੱਤਾ ਜੋ ਉਮਰ, ਸਹਿਣਸ਼ੀਲਤਾ ਤੇ ਹੌਸਲੇ ਦੀਆਂ ਸੀਮਾਵਾਂ ਨੂੰ ਚੁਣੌਤੀ ਦਿੰਦਾ ਸੀ। ਫੌਜਾ ਸਿੰਘ ਮਹਿਜ਼ ਵਡੇਰੀ ਉਮਰ ਦੇ ਮੈਰਾਥਨ ਦੌੜਾਕ ਨਹੀਂ ਸਨ, ਬਲਕਿ ਸਮੇਂ ਦੀਆਂ ਮਾਰਾਂ ਉੱਤੇ ਮਨੁੱਖੀ ਇੱਛਾ ਸ਼ਕਤੀ ਦੀ ਜਿੱਤ ਦਾ ਪ੍ਰਤੀਕ ਸਨ। ਉਨ੍ਹਾਂ 89 ਸਾਲ ਦੀ ਉਮਰ ’ਚ ਦੌੜਨਾ ਸ਼ੁਰੂ ਕੀਤਾ, ਜੋ ਅਸੰਭਵ ਜਾਪਦਾ ਹੈ। ਦੁਨੀਆ ਦੇ ਸਭ ਤੋਂ ਬਜ਼ੁਰਗ ਮੈਰਾਥਨ ਦੌੜਾਕ ਮੰਨੇ ਜਾਂਦੇ ਫੌਜਾ ਸਿੰਘ ਨੇ ਅਗਲੇ ਕਈ ਦਹਾਕਿਆਂ ’ਚ ਨੌਂ ਮੈਰਾਥਨ ਮੁਕੰਮਲ ਕੀਤੀਆਂ ਤੇ ਹੌਸਲੇ ਦੀ ਮਿਸਾਲ ਬਣ ਗਏ। ਲੰਡਨ ਤੋਂ ਟੋਰਾਂਟੋ ਤੱਕ ਉਨ੍ਹਾਂ ਕਈ ਮੀਲ ਪੱਥਰ ਗੱਡੇ। ਸੌ ਸਾਲ ਦੀ ਉਮਰ ਵਿੱਚ ਮੈਰਾਥਨ ਪੂਰੀ ਕਰਨ ਵਾਲੇ ਵੀ ਉਹ ਪਹਿਲੇ ਇਨਸਾਨ ਸਨ। ਗਿੰਨੀਜ਼ ਵਰਲਡ ਰਿਕਾਰਡਜ਼ ਨੇ ਜਨਮ ਸਰਟੀਫਿਕੇਟ (ਸੰਨ 1911) ਨਾ ਹੋਣ ਕਾਰਨ ਉਨ੍ਹਾਂ ਦਾ ਰਿਕਾਰਡ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ, ਪਰ ਫੌਜਾ ਸਿੰਘ ਨੂੰ ਆਪਣੀ ਯੋਗਤਾ ਸਾਬਿਤ ਕਰਨ ਲਈ ਕਿਸੇ ਕਾਗਜ਼ ਦੀ ਲੋੜ ਨਹੀਂ ਸੀ ਤੇ ਉਨ੍ਹਾਂ ਆਪਣੀ ਦੌੜ ਜਾਰੀ ਰੱਖੀ।
ਫੌਜਾ ਸਿੰਘ ਨੇ ਦੁਖਦਾਈ ਹਾਦਸੇ ’ਚ ਪਤਨੀ ਅਤੇ ਬਾਅਦ ’ਚ ਪੁੱਤਰ ਨੂੰ ਗੁਆਉਣ ਮਗਰੋਂ ਸੋਗ਼ ’ਚ ਡੁੱਬਣੋਂ ਬਚਣ ਲਈ ਦੌੜਨਾ ਸ਼ੁਰੂ ਕੀਤਾ ਸੀ। ਇਸ ਦੌਰਾਨ ਉਹ ਇੰਗਲੈਂਡ ਪਰਵਾਸ ਕਰ ਗਏ ਤੇ ਜਿਹੜੀ ਦੌੜ ਉਨ੍ਹਾਂ ਸਿਹਤਯਾਬੀ ਲਈ ਇਲਾਜ ਪ੍ਰਣਾਲੀ ਵਜੋਂ ਸ਼ੁਰੂ ਕੀਤੀ ਸੀ, ਉਹ ਮਗਰੋਂ ਮਿਸ਼ਨ ਬਣ ਗਿਆ, ਜਿਸ ਨੂੰ ਕੋਚ ਹਰਮੰਦਰ ਸਿੰਘ ਨੇ ਵਿਸ਼ਵਾਸ, ਸਾਦਗੀ ਤੇ ਅਨੁਸ਼ਾਸਨ ਨਾਲ ਹੋਰ ਬੁਲੰਦੀਆਂ ’ਤੇ ਪਹੁੰਚਾ ਦਿੱਤਾ। ਫੌਜਾ ਸਿੰਘ ਦੀ ਤਾਕਤ ਨੇਮ ਵਿੱਚੋਂ ਨਿਕਲੀ, ਲੰਮੀ ਸੈਰ, ਘਰ ਦਾ ਬਣਿਆ ਸਾਦਾ ਭੋਜਨ, ਦਹੀਂ ਅਤੇ ਸੁੱਕੇ ਮੇਵਿਆਂ ਨਾਲ ਭਰਪੂਰ ਦਾਲ ਦੇ ਲੱਡੂ ਇਸ ਦਾ ਹਿੱਸਾ ਸਨ। ਉਨ੍ਹਾਂ ਦਾ ਅਹਿਦ ਬੇਹੱਦ ਪੱਕਾ ਸੀ।
ਫੌਜਾ ਸਿੰਘ ਨੇ ਆਪਣੀ ਪਛਾਣ ਨਾਲ ਕਦੇ ਨਿੱਕਾ ਜਿਹਾ ਵੀ ਸਮਝੌਤਾ ਨਹੀਂ ਕੀਤਾ। ਉਨ੍ਹਾਂ ਆਪਣੀ ਦਸਤਾਰ ਤੋਂ ਬਿਨਾਂ ਲੰਡਨ ਮੈਰਾਥਨ ਦੌੜਨ ਤੋਂ ਇਨਕਾਰ ਕਰ ਦਿੱਤਾ। ਕਈ ਦਾਨੀ ਸੰਸਥਾਵਾਂ ਦੇ ਨਾਲ ਵੀ ਉਹ ਜੁੜੇ ਰਹੇ। ਫੌਜਾ ਸਿੰਘ ਨੇ ਲੋਕਾਂ ’ਚ ਉਮੀਦ ਜਗਾਈ ਤੇ ਅਨੁਸ਼ਾਸਨ ਦਾ ਸਬਕ ਵੀ ਪੜ੍ਹਾਇਆ ਕਿ ਉਮਰ ਕਿਸੇ ਚੀਜ਼ ਵਿੱਚ ਰੁਕਾਵਟ ਨਹੀਂ ਬਣ ਸਕਦੀ। ਉਨ੍ਹਾਂ ਦੀ ਪ੍ਰਸਿੱਧੀ ਨੂੰ ਉਦੋਂ ਆਲਮੀ ਪੱਧਰ ਉੱਤੇ ਮਾਨਤਾ ਮਿਲੀ ਜਦੋਂ ਉਹ ਮੁਹੰਮਦ ਅਲੀ ਅਤੇ ਡੇਵਿਡ ਬੈਕਹੈਮ ਵਰਗਿਆਂ ਨਾਲ ਐਡੀਡਾਸ ਦੀ ‘ਇੰਪੌਸੀਬਲ ਇਜ਼ ਨਥਿੰਗ’ ਮੁਹਿੰਮ ਦਾ ਚਿਹਰਾ ਬਣੇ। 2015 ਵਿੱਚ ਉਨ੍ਹਾਂ ਨੂੰ ‘ਬ੍ਰਿਟਿਸ਼ ਐਂਪਾਇਰ’ ਨੇ ਮੈਡਲ ਨਾਲ ਸਨਮਾਨਿਤ ਕੀਤਾ ਤੇ 2012 ਵਿੱਚ ਓਲੰਪਿਕ ਮਸ਼ਾਲ ਚੁੱਕਣ ਦਾ ਮੌਕਾ ਵੀ ਉਨ੍ਹਾਂ ਨੂੰ ਮਿਲਿਆ। ਆਪਣੀ ਜ਼ਿੰਦਗੀ ਦੇ ਆਖਿ਼ਰੀ ਪਲਾਂ ਤੱਕ ਵੀ ਉਹ ਪੂਰੇ ਸਰਗਰਮ ਰਹੇ, ਰੋਜ਼ਾਨਾ ਸੈਰ ਕਰਦੇ ਰਹੇ ਤੇ ਲੱਖਾਂ ਲਈ ਪ੍ਰੇਰਨਾ ਬਣੇ। ਕਈ ਮਹਾਦੀਪਾਂ ’ਚ ਮੈਰਾਥਨ ਦੌੜ ਕੇ ਜਿਹੜਾ ਜੋਸ਼ ਤੇ ਉਤਸ਼ਾਹ ਉਨ੍ਹਾਂ ਲੋਕਾਂ ’ਚ ਭਰਿਆ, ਉਹ ਉਨ੍ਹਾਂ ਦੇ ਜਾਣ ਤੋਂ ਬਾਅਦ ਵੀ ਕਾਇਮ ਰਹੇਗਾ।