ਨਕਲੀ ਓਆਰਐੱਸ
ਭਾਰਤੀ ਖ਼ੁਰਾਕ ਸੁਰੱਖਿਆ ਤੇ ਸਟੈਂਡਰਡ ਅਥਾਰਿਟੀ (ਐੱਫਐੱਸਐੱਸਏਆਈ) ਨੇ ਇੱਕ ਅਹਿਮ ਕਦਮ ਪੁੱਟਦਿਆਂ, ਹਰ ਉਸ ਪੇਅ ਪਦਾਰਥ ਦੇ ਲੇਬਲ ਉੱਪਰ ਓਆਰਐੱਸ ਦੀ ਵਰਤੋਂ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ ਜੋ ਸੰਸਾਰ ਸਿਹਤ ਸੰਗਠਨ (ਡਬਲਿਊਐੱਚਓ) ਦੇ ਮਿਆਰੀ ਫਾਰਮੂਲਿਆਂ ’ਤੇ ਪੂਰੇ ਨਹੀਂ ਉੱਤਰਦੇ। ਇਹ ਜਨਤਕ ਸਿਹਤ ਦੇ ਮੁਹਾਜ਼ ’ਤੇ ਇੱਕ ਜਿੱਤ ਕਹੀ ਜਾ ਸਕਦੀ ਹੈ ਜਿਸ ਦੀ ਉਡੀਕ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ। ਇਹ ਹੁਕਮ ਹੈਦਰਾਬਾਦ ਦੀ ਬਾਲ ਰੋਗਾਂ ਦੀ ਮਾਹਿਰ ਸ਼ਿਵਰੰਜਨੀ ਸੰਤੋਸ਼ੀ ਦੀ ਅੱਠ ਸਾਲ ਦੀ ਲੰਮੀ ਲੜਾਈ ਤੋਂ ਬਾਅਦ ਦਿੱਤਾ ਗਿਆ ਹੈ ਜਿਸ ਨੇ ਬਹੁਤ ਸਾਰੇ ਅਜਿਹੇ ਸ਼ੂਗਰ ਵਾਲੇ ‘ਐਨਰਜੀ ਡਰਿੰਕਸ’ ਨੂੰ ਬੇਨਕਾਬ ਕੀਤਾ ਹੈ ਜੋ ਆਪਣੇ ਲੇਬਲ ’ਤੇ ਓਆਰਐੱਸ ਲਿਖ ਕੇ ਖ਼ਪਤਕਾਰਾਂ ਨੂੰ ਗੁੰਮਰਾਹ ਕਰਦੇ ਆ ਰਹੇ ਸਨ। ਕਈ ਸਾਲਾਂ ਤੋਂ ਮਾਪੇ ਇਨ੍ਹਾਂ ਦੇ ਪੈਕੇਜਾਂ ’ਤੇ ਭਰੋਸਾ ਕਰ ਕੇ ਓਆਰਐੱਸ ਨੁਮਾ ਇਹ ਐਨਰਜੀ ਡਰਿੰਕਸ ਆਪਣੇ ਬਿਮਾਰ ਬੱਚਿਆਂ ਨੂੰ ਦਿੰਦੇ ਆ ਰਹੇ ਸਨ ਤੇ ਇਸ ਗੱਲੋਂ ਬੇਖ਼ਬਰ ਸਨ ਕਿ ਇਨ੍ਹਾਂ ਵਿੱਚ ਸ਼ੂਗਰ ਦੀ ਬਹੁਤਾਤ ਨਾਲ ਉਨ੍ਹਾਂ ਨੂੰ ਖ਼ਾਸਕਰ ਪੇਚਸ਼ ਆਦਿ ਦੀ ਸੂਰਤ ਵਿੱਚ ਡੀਹਾਈਡ੍ਰੇਸ਼ਨ ਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸੰਸਾਰ ਸਿਹਤ ਸੰਗਠਨ ਵੱਲੋਂ ਓਆਰਐੱਸ ਵਿੱਚ ਬਹੁਤ ਹੀ ਸਾਵਧਾਨੀ ਨਾਲ ਗਲੂਕੋਜ਼ ਅਤੇ ਸਰੀਰ ’ਚੋਂ ਮਨਫ਼ੀ ਹੋਏ ਤਰਲ ਪਦਾਰਥਾਂ ਤੇ ਨਮਕਾਂ ਦੀ ਭਰਪਾਈ ਲਈ ਇਲੈਕਟ੍ਰੋਲਾਈਟਸ ਦੇ ਘੋਲ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਹੈ। ਬਹਰਹਾਲ, ਇਹ ਫਰਜ਼ੀ ਓਆਰਐੱਸ ਮੈਡੀਕਲ ਠੱਪੇ ਵਾਲੇ ਮਿੱਠੇ ਘੋਲਾਂ ਤੋਂ ਵੱਧ ਕੁਝ ਵੀ ਨਹੀਂ ਹਨ। ਮਾਰਕੀਟਿੰਗ ਦੇ ਇਸ ਹਥਕੰਡੇ ਨਾਲ ਖ਼ੂਬ ਕਮਾਈ ਕੀਤੀ ਜਾਂਦੀ ਹੈ ਅਤੇ ਭਾਰਤ ਦੀ ਅਖੌਤੀ ਓਆਰਐੱਸ ਡਰਿੰਕ ਮਾਰਕੀਟ 1000 ਕਰੋੜ ਰੁਪਏ ਤੋਂ ਉੱਪਰ ਦੱਸੀ ਜਾਂਦੀ ਹੈ ਤੇ ਕੁਝ ਬ੍ਰਾਂਡਾਂ ਵਲੋਂ ਪਿਛਲੇ ਤਿੰਨ ਸਾਲਾਂ ਦੌਰਾਨ ਪੰਜ ਗੁਣਾ ਵਾਧੇ ਅਤੇ ਇਸ ਵੰਨਗੀ ਵਿੱਚ 14 ਫ਼ੀਸਦੀ ਮਾਰਕੀਟ ਹਿੱਸੇਦਾਰੀ ਹਾਸਿਲ ਕਰਨ ਦੇ ਦਾਅਵੇ ਕੀਤੇ ਗਏ ਹਨ। ਆਪਣੇ ਆਪ ਨੂੰ ਸੁਆਦਲੇ ਪੇਅ ਪਦਾਰਥਾਂ ਦੀ ਥਾਂ ਸਿਹਤ ਲਈ ਗੁਣਕਾਰੀ ਪਦਾਰਥ ਵਜੋਂ ਪੇਸ਼ ਕਰ ਕੇ ਕੰਪਨੀਆਂ ਨੇ ਆਪਣੀ ਮਾਰਕੀਟਿੰਗ ਨੂੰ ਵਧਾਉਣ, ਬ੍ਰਾਂਡ ਦਾ ਭਰੋਸਾ ਪੈਦਾ ਕਰ ਕੇ ਫਾਰਮੇਸੀਆਂ ਤੇ ਗ੍ਰੌਸਰੀਆਂ ਦੇ ਖ਼ਪਤਕਾਰਾਂ ਨੂੰ ਭਰਮਾਉਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ।
ਇਸ ਸਬੰਧ ਵਿੱਚ ਰੈਗੂਲੇਟਰੀ ਪ੍ਰਬੰਧ ਕਮਜ਼ੋਰ ਹੋਣ ਕਰ ਕੇ ਉਨ੍ਹਾਂ ਲਈ ਇਹ ਕੰਮ ਹੋਰ ਸੌਖਾ ਹੋ ਗਿਆ ਹੈ। ਆਸ ਹੈ ਕਿ ਹੁਣ ਇਨ੍ਹਾਂ ਕੰਪਨੀਆਂ ’ਤੇ ਸ਼ਿਕੰਜਾ ਕੱਸਿਆ ਜਾਵੇਗਾ ਅਤੇ ਇਨ੍ਹਾਂ ਨੂੰ ਮਿਲ ਰਿਹਾ ਨਾਜਾਇਜ਼ ਲਾਭ ਰੋਕਿਆ ਜਾ ਸਕੇਗਾ। ਇਹ ਸਮੁੱਚਾ ਮਾਮਲਾ ਇਹ ਗੱਲ ਰੇਖਾਂਕਿਤ ਕਰਦਾ ਹੈ ਕਿ ਕਿਵੇਂ ਮੁਸਤੈਦ ਨਾਗਰਿਕਾਂ ਅਤੇ ਇਮਾਨਦਾਰ ਡਾਕਟਰਾਂ ਦੀ ਸਰਗਰਮੀ ਦੀ ਬਦੌਲਤ ਜਨਤਕ ਸਿਹਤ ਨੂੰ ਸੁਰੱਖਿਅਤ ਕਰਨ ਵਿੱਚ ਅਹਿਮ ਕੰਮ ਕੀਤਾ ਜਾ ਸਕਦਾ ਹੈ ਜਿੱਥੇ ਕਈ ਵਾਰ ਕਾਨੂੰਨੀ ਅਮਲਦਾਰੀ ਨਾਕਾਮ ਰਹਿੰਦੀ ਹੈ। ਇਸ ਤੋਂ ਖ਼ੁਰਾਕ ਮਾਰਕੀਟਿੰਗ ਅਤੇ ਵਿਗਿਆਨਕ ਸਬੂਤਾਂ ਵਿਚਾਲੇ ਖੱਪੇ ਦਾ ਵੀ ਪਤਾ ਲੱਗਦਾ ਹੈ ਜਿਸ ਨੂੰ ਭਰਨਾ ਰੈਗੂਲੇਟਰੀ ਏਜੰਸੀਆਂ ਦੀ ਅਹਿਮ ਜ਼ਿੰਮੇਵਾਰੀ ਹੈ। ਓਆਰਐੱਸ ਜਿਹਾ ਪਦਾਰਥ ਕਈ ਵਾਰ ਜੀਵਨ ਬਚਾਉਣ ਲਈ ਅਹਿਮ ਸਾਬਿਤ ਹੁੰਦਾ ਹੈ ਅਤੇ ਇਸ ਦੇ ਨਾਂ ’ਤੇ ਫਰਜ਼ੀਵਾੜਾ ਹਰ ਸੂਰਤ ਵਿੱਚ ਬੰਦ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਲੋਕਾਂ ਦੀ ਸਿਹਤ ਕੋਈ ਮਾਰਕੀਟਿੰਗ ਦੇ ਸ਼ੋਸ਼ੇ ਤੱਕ ਮਹਿਦੂਦ ਨਹੀਂ ਕੀਤੀ ਜਾ ਸਕਦੀ।
