ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਪਰੇਸ਼ਨ ਸਿੰਧੂਰ ਦੇ ਤੱਥ

ਅਪਰੇਸ਼ਨ ਸਿੰਧੂਰ, ਭਾਰਤੀ ਹਵਾਈ ਸੈਨਾ ਦੀ ਪਹੁੰਚ ਅਤੇ ਇਸ ਦੇ ਸਟੀਕ ਹੋਣ ਦਾ ਮੁਜ਼ਾਹਰਾ ਸੀ। ਤਾਲਮੇਲ ਵਾਲੀ ਇਸ ਮੁਹਿੰਮ ’ਚ, ਭਾਰਤੀ ਸੈਨਾ ਨੇ ਪਾਕਿਸਤਾਨ ਦੇ ਪੰਜ ਲੜਾਕੂ ਜਹਾਜ਼ ਅਤੇ ਇੱਕ ਵੱਡਾ ਫ਼ੌਜੀ ਜਹਾਜ਼ ਡੇਗੇ। ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਅੰਦਰ...
Advertisement

ਅਪਰੇਸ਼ਨ ਸਿੰਧੂਰ, ਭਾਰਤੀ ਹਵਾਈ ਸੈਨਾ ਦੀ ਪਹੁੰਚ ਅਤੇ ਇਸ ਦੇ ਸਟੀਕ ਹੋਣ ਦਾ ਮੁਜ਼ਾਹਰਾ ਸੀ। ਤਾਲਮੇਲ ਵਾਲੀ ਇਸ ਮੁਹਿੰਮ ’ਚ, ਭਾਰਤੀ ਸੈਨਾ ਨੇ ਪਾਕਿਸਤਾਨ ਦੇ ਪੰਜ ਲੜਾਕੂ ਜਹਾਜ਼ ਅਤੇ ਇੱਕ ਵੱਡਾ ਫ਼ੌਜੀ ਜਹਾਜ਼ ਡੇਗੇ। ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਅੰਦਰ ਵੜ ਕੇ ਜੈਕਬਾਬਾਦ ਤੇ ਭੋਲਾਰੀ ’ਚ ਹੈਂਗਰਾਂ ’ਤੇ ਵੀ ਹਮਲਾ ਕੀਤਾ। ਕੁਝ ਅਮਰੀਕੀ ਐੱਫ-16 ਲੜਾਕੂ ਜਹਾਜ਼, ਜੋ ਇੱਕ ਹੈਂਗਰ (ਜਹਾਜ਼ਾਂ ਲਈ ਵਿਸ਼ਾਲ ਢਾਂਚਾ) ਵਿੱਚ ਸਾਂਭ-ਸੰਭਾਲ ਅਧੀਨ ਸਨ, ਨਸ਼ਟ ਹੋ ਗਏ। ਮੰਨਿਆ ਜਾ ਰਿਹਾ ਹੈ ਕਿ ਭੋਲਾਰੀ ਵਿੱਚ ਇੱਕ ਹੋਰ ‘ਏਈਡਬਲਿਊ ਐਂਡ ਸੀ’ ਜਹਾਜ਼ ਦਾ ਵੀ ਨੁਕਸਾਨ ਹੋਇਆ ਹੈ। ਇਹ ਪਾਕਿਸਤਾਨ ਦੀ ਹਵਾਈ ਸਮਰੱਥਾ ਲਈ ਵੱਡੇ ਝਟਕੇ ਸਨ। ਉਂਝ, ਭਾਰਤ ਦੀਆਂ ਇਨ੍ਹਾਂ ਜਿੱਤਾਂ ਵਿਚਕਾਰ, ਕਹਾਣੀ ਦਾ ਇੱਕ ਅਧਿਆਏ ਨਹੀਂ ਲੱਭ ਰਿਹਾ। ਚੀਫ ਆਫ ਡਿਫੈਂਸ ਸਟਾਫ, ਜਨਰਲ ਅਨਿਲ ਚੌਹਾਨ ਨੇ ਪਹਿਲਾਂ ਮੰਨਿਆ ਸੀ ਕਿ ਅਪਰੇਸ਼ਨ ਸਿੰਧੂਰ ਦੌਰਾਨ ਭਾਰਤੀ ਹਵਾਈ ਸੈਨਾ ਨੂੰ ਜਹਾਜ਼ਾਂ ਦਾ ਨੁਕਸਾਨ ਹੋਇਆ ਸੀ ਪਰ ਕੋਈ ਅੰਕੜੇ ਜਨਤਕ ਨਹੀਂ ਕੀਤੇ ਗਏ ਸਨ। ਇਸ ਦਾ ਕਾਰਨ ਕੀ ਹੈ?

ਲੜਾਈ ’ਚ ਨੁਕਸਾਨ ਨਾ ਤਾਂ ਸ਼ਰਮਨਾਕ ਹਨ ਅਤੇ ਨਾ ਹੀ ਅਨੋਖੇ, ਬਲਕਿ ਇਹ ਫ਼ੌਜ ਦੀ ਲੜਾਈ ਦੀ ਕਠੋਰ ਹਕੀਕਤ ਦਾ ਹਿੱਸਾ ਹਨ। ਕਾਰਗਿਲ ਯੁੱਧ ਦੌਰਾਨ ਰਾਸ਼ਟਰ ਨੂੰ ਕਾਰਵਾਈ ਦੌਰਾਨ ਨਸ਼ਟ ਹੋਏ ਜਹਾਜ਼ਾਂ ਅਤੇ ਹੈਲੀਕਾਪਟਰਾਂ ਬਾਰੇ ਦੱਸਿਆ ਗਿਆ ਸੀ। ਉਸ ਇਮਾਨਦਾਰੀ ਨੇ ਮਨੋਬਲ ਨੂੰ ਠੇਸ ਨਹੀਂ ਪਹੁੰਚਾਈ, ਬਲਕਿ ਭਰੋਸੇ ਨੂੰ ਹੋਰ ਜਿ਼ਆਦਾ ਮਜ਼ਬੂਤ ਕੀਤਾ। ਅੱਜ ਸਿਰਫ਼ ਦੁਸ਼ਮਣ ਨੂੰ ਲੱਗੇ ਝਟਕੇ ਉਜਾਗਰ ਕਰ ਕੇ ਅਤੇ ਆਪਣੇ ਨੁਕਸਾਨਾਂ ਬਾਰੇ ਚੁੱਪ ਰਹਿ ਕੇ ਸਰਕਾਰ ਕਿਆਸਰਾਈਆਂ ਅਤੇ ਸ਼ੱਕ ਨੂੰ ਹੀ ਸੱਦਾ ਦੇ ਰਹੀ ਹੈ। ਇਹ ਮਾਮਲਾ ਸੰਸਦ ਤੱਕ ਵੀ ਪਹੁੰਚ ਚੁੱਕਾ ਹੈ, ਫਿਰ ਵੀ ਬਹਿਸਾਂ ਨੇ ਜਾਣਕਾਰੀ ਘੱਟ ਦਿੱਤੀ ਹੈ ਤੇ ਕ੍ਰੋਧ ਵੱਧ ਭੜਕਾਇਆ ਹੈ। ਸਰਕਾਰ ਵੱਲੋਂ ਖ਼ਾਸ ਵੇਰਵਿਆਂ ਦੀ ਪੁਸ਼ਟੀ ਜਾਂ ਇਨ੍ਹਾਂ ਦੇ ਖੰਡਨ ਤੋਂ ਕੀਤਾ ਇਨਕਾਰ ਰਾਜਨੀਤਕ ਦੂਸ਼ਣਬਾਜ਼ੀ ਨੂੰ ਵੱਧ ਥਾਂ ਘੇਰਨ ਦੀ ਖੁੱਲ੍ਹ ਦਿੰਦਾ ਹੈ। ਇਸ ਨਾਲ ਅਗਾਂਹ ਲੋਕਾਂ ਦੇ ਵਿਸ਼ਵਾਸ ਅਤੇ ਸੰਸਥਾਈ ਭਰੋਸੇਯੋਗਤਾ, ਦੋਵਾਂ ਨੂੰ ਖ਼ੋਰਾ ਲੱਗਦਾ ਹੈ।

Advertisement

ਜੇਕਰ ਚਿੰਤਾ ਇਹ ਹੈ ਕਿ ਖ਼ੁਲਾਸੇ ਨਾਲ ਦੁਸ਼ਮਣ ਦਾ ਹੌਸਲਾ ਵਧੇਗਾ ਤਾਂ ਇਤਿਹਾਸ ਇਸ ਤੋਂ ਉਲਟ ਸੁਝਾਉਂਦਾ ਹੈ: ਦੁਸ਼ਮਣ ਪਹਿਲਾਂ ਹੀ ਜਾਣਦੇ ਹਨ ਕਿ ਉਨ੍ਹਾਂ ਕਿੰਨਾ ਨੁਕਸਾਨ ਕੀਤਾ ਹੈ। ਅਪਰੇਸ਼ਨ ਦੌਰਾਨ ਸਾਡੇ ਆਪਣੇ ਨੁਕਸਾਨਾਂ ਬਾਰੇ ਇਹ ਅਸਪੱਸ਼ਟਤਾ ਲੋਕਾਂ ਦੇ ਸੱਚ ਜਾਣਨ ਦੇ ਹੱਕ ਨੂੰ ਕਮਜ਼ੋਰ ਕਰਦੀ ਹੈ, ਖ਼ਾਸ ਕਰ ਕੇ ਜਦੋਂ ਗੱਲ ਕਰ ਦਾਤਾਵਾਂ ਦੇ ਪੈਸੇ ਨਾਲ ਚੱਲਦੀਆਂ ਰੱਖਿਆ ਪ੍ਰਣਾਲੀਆਂ ਦੀ ਆਉਂਦੀ ਹੈ। ਅਪਰੇਸ਼ਨ ਸਿੰਧੂਰ ਲੜ ਕੇ ਹਾਸਿਲ ਕੀਤੀ ਬੜੀ ਮੁਸ਼ਕਿਲ ਸਫਲਤਾ ਸੀ। ਇਸ ਨੂੰ ਰੋਕਿਆਂ ਦੋ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਸਰਕਾਰ ਨੇ ਗੋਲੀਬੰਦੀ ਮੌਕੇ ਕਿਹਾ ਸੀ ਕਿ ਅਪਰੇਸ਼ਨ ਅਜੇ ਵੀ ਜਾਰੀ ਹੈ, ਪਰ ਪਾਕਿਸਤਾਨੀ ਫ਼ੌਜ ਵੱਲੋਂ ਪਹਿਲ ਕਰਨ ’ਤੇ ਇਸ ਨੂੰ ਰੋਕਿਆ ਜਾ ਰਿਹਾ ਹੈ। ਹੁਣ ਸਮਾਂ ਆ ਗਿਆ ਹੈ ਕਿ ਇਸ ਕਾਰਵਾਈ ਵਿੱਚ ਸਾਡੇ ਨੁਕਸਾਨ ਬਾਰੇ ਸਪੱਸ਼ਟ ਅਧਿਕਾਰਤ ਬਿਆਨ ਜਾਰੀ ਕੀਤਾ ਜਾਵੇ।

Advertisement