ਮਾਹਵਾਰੀ ਨਾਲ ਜੁੜੀ ਸ਼ਰਮਿੰਦਗੀ
ਮਾਹਵਾਰੀ ਬਾਰੇ ਲੋਕ ਮਨਾਂ ’ਚ ਡੂੰਘੀ ਧਸੀ ਸ਼ਰਮਿੰਦਗੀ ਨੂੰ ਚੇਤੇ ਕਰਾਉਂਦੀ ਇੱਕ ਹੋਰ ਭਿਆਨਕ ਘਟਨਾ ਮਹਾਰਾਸ਼ਟਰ ਦੇ ਠਾਣੇ ’ਚ ਵਾਪਰੀ ਹੈ, ਜਿੱਥੇ ਇੱਕ ਸਕੂਲ ਵਿੱਚ ਲਗਭਗ 10 ਕੁੜੀਆਂ ਨੂੰ ਜ਼ਬਰਦਸਤੀ ਨਿਰਵਸਤਰ ਕੀਤਾ ਗਿਆ ਤਾਂ ਜੋ ਇਹ ਸ਼ਨਾਖਤ ਕੀਤੀ ਜਾ ਸਕੇ ਕਿ ਉਨ੍ਹਾਂ ਵਿੱਚੋਂ ਕਿਸ ਨੂੰ ਮਾਹਵਾਰੀ ਆਈ ਸੀ, ਕਿਉਂਕਿ ਪਖਾਨੇ ’ਚ ਖੂਨ ਦੇ ਧੱਬੇ ਮਿਲੇ ਸਨ। ਪੰਜਵੀਂ ਤੋਂ ਦਸਵੀਂ ਜਮਾਤ ਦੀਆਂ ਕੁੜੀਆਂ ਨੂੰ ਇਕੱਠਾ ਕੀਤਾ ਗਿਆ, ਪੁੱਛਗਿੱਛ ਕੀਤੀ ਗਈ, ਧੱਬਿਆਂ ਦੀਆਂ ਫੋਟੋਆਂ ਦਿਖਾਈਆਂ ਗਈਆਂ ਅਤੇ ਸਟਾਫ ਦੁਆਰਾ ਜਬਰੀ ਨਿਰਵਸਤਰ ਕੀਤਾ ਗਿਆ। ਪ੍ਰਿੰਸੀਪਲ ਅਤੇ ਚਪੜਾਸੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ; ਅਧਿਆਪਕਾਂ ਅਤੇ ਟਰੱਸਟੀਆਂ ’ਤੇ ਪੋਕਸੋ ਐਕਟ ਅਤੇ ਆਈਪੀਸੀ ਦੀਆਂ ਧਾਰਾਵਾਂ ਲਾਈਆਂ ਗਈਆਂ ਹਨ।
ਦੁੱਖ ਦੀ ਗੱਲ ਇਹ ਹੈ ਕਿ ਇਹ ਕੋਈ ਵਿਰਲੀ ਘਟਨਾ ਨਹੀਂ ਹੈ। ਕੁਝ ਮਹੀਨੇ ਪਹਿਲਾਂ ਜਨਵਰੀ 2025 ਵਿੱਚ ਝਾਰਖੰਡ ਦੇ ਧਨਬਾਦ ਜ਼ਿਲ੍ਹੇ ਵਿੱਚ ਦਸਵੀਂ ਜਮਾਤ ਦੀਆਂ 100 ਤੋਂ ਵੱਧ ਕੁੜੀਆਂ ਨੂੰ ਅਪਮਾਨਜਨਕ ਰੂਪ ’ਚ ਸਕੂਲ ਦੇ ਨਿਰੀਖਣ ਦੇ ਨਾਂ ਉੱਤੇ ਕਮੀਜ਼ਾਂ ਉਤਾਰਨ ਦਾ ਆਦੇਸ਼ ਦਿੱਤਾ ਗਿਆ ਸੀ। ਫਰਵਰੀ 2020 ਵਿੱਚ ਗੁਜਰਾਤ ਦੇ ਭੁਜ ਇਲਾਕੇ ਦੇ ਇੱਕ ਕਾਲਜ ਵਿੱਚ 68 ਵਿਦਿਆਰਥਣਾਂ ਨੂੰ ਇਹ ਸਾਬਿਤ ਕਰਨ ਲਈ ਆਪਣੇ ਅੰਗਵਸਤਰ ਉਤਾਰਨ ਲਈ ਕਿਹਾ ਗਿਆ ਸੀ ਕਿ ਉਹ ਮਾਹਵਾਰੀ ’ਚੋਂ ਨਹੀਂ ਲੰਘ ਰਹੀਆਂ ਸਨ ਕਿਉਂਕਿ ਇੱਕ ਵਰਤਿਆ ਹੋਇਆ ਸੈਨੇਟਰੀ ਪੈਡ ਮਿਲਿਆ ਸੀ। ਮਾਰਚ 2017 ਵਿੱਚ ਮੁਜ਼ੱਫਰਨਗਰ, ਯੂਪੀ ਵਿੱਚ ਸਕੂਲ ਵਾਰਡਨ ਨੇ ਮਾਹਵਾਰੀ ਦੇ ਖੂਨ ਦੀ ਜਾਂਚ ਕਰਨ ਲਈ 70 ਕੁੜੀਆਂ ਨੂੰ ਨਿਰਵਸਤਰ ਕੀਤਾ ਸੀ। ਇਨ੍ਹਾਂ ਸਾਰੇ ਮਾਮਲਿਆਂ ਨੂੰ ਜਿਹੜੀ ਗੱਲ ਇੱਕ ਸਿਰੇ ’ਤੇ ਜੋੜਦੀ ਹੈ, ਉਹ ਹੈ ਮਾਹਵਾਰੀ ਨਾਲ ਜੁੜੀ ਸ਼ਰਮਿੰਦਗੀ, ਸੰਸਥਾਈ ਅਗਿਆਨਤਾ ਅਤੇ ਪੁਰਸ਼ ਪ੍ਰਧਾਨ ਸਮਾਜੀ ਕੰਟਰੋਲ ਦਾ ਜ਼ਹਿਰੀਲਾ ਮਿਸ਼ਰਨ, ਜਿਸ ਨੂੰ ਅਨੁਸ਼ਾਸਨ ਕਹਿ ਕੇ ਵਰਤਿਆ ਜਾ ਰਿਹਾ ਹੈ। ਉਹ ਸੰਸਥਾਵਾਂ ਜੋ ਬੱਚਿਆਂ ਦੇ ਪਾਲਣ-ਪੋਸ਼ਣ ਤੇ ਉਨ੍ਹਾਂ ਦੀ ਹਿਫ਼ਾਜ਼ਤ ਲਈ ਹੁੰਦੀਆਂ ਹਨ, ਇਸ ਦੇ ਉਲਟ ਉਨ੍ਹਾਂ ਨੂੰ ਹੀ ਚੋਟ ਪਹੁੰਚਾ ਰਹੀਆਂ ਹਨ ਤੇ ਸਰੀਰਕ ਆਜ਼ਾਦੀ ਨੂੰ ਭੰਗ ਕਰ ਰਹੀਆਂ ਹਨ।
ਇਹ ਅਸਹਿ ਹੈ ਕਿ ਕੁਦਰਤੀ ਜੀਵ ਵਿਗਿਆਨਕ ਪ੍ਰਕਿਰਿਆਵਾਂ ਨੂੰ ਅਜੇ ਵੀ ਸ਼ੱਕ, ਸਜ਼ਾ ਅਤੇ ਅਪਮਾਨ ਦੀ ਨਿਗ੍ਹਾ ਨਾਲ ਦੇਖਿਆ ਜਾਂਦਾ ਹੈ। ਮਾਹਵਾਰੀ ਜਾਗਰੂਕਤਾ ਅਤੇ ਸਤਿਕਾਰ ਲਈ ਵਾਰ-ਵਾਰ ਅਪੀਲਾਂ ਦੇ ਬਾਵਜੂਦ, ਸੰਸਥਾਈ ਰਵੱਈਏ ਪੁਰਾਣੇ ਅਤੇ ਦੰਡਾਤਮਕ ਹਨ। ਇਸ ਸਭ ਕਾਸੇ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਪਰ ਵੱਡਾ ਸਵਾਲ ਤਾਂ ਇਹ ਹੈ ਕਿ ਸਾਡੀ ਸਿੱਖਿਆ ਪ੍ਰਣਾਲੀ ’ਚ ਸੰਵੇਦਨਸ਼ੀਲਤਾ ਲਈ ਥਾਂ ਕਦੋਂ ਬਣੇਗੀ? ਨਿਗਰਾਨੀ ਨੂੰ ਇਸ ’ਚੋਂ ਕਦੋਂ ਕੱਢਿਆ ਜਾਵੇਗਾ? ਸਕੂਲ ਪਾਲਣ-ਪੋਸ਼ਣ ਕਰਨਾ ਕਦੋਂ ਸਿੱਖਣਗੇ ਤੇ ਸ਼ਰਮਿੰਦਾ ਕਰਨ ਤੋਂ ਬਚਣਗੇ? ਜਿਸਮਾਨੀ ਆਜ਼ਾਦੀ ਦੀ ਇਸ ਉਲੰਘਣਾ ਨੂੰ ਜਾਗਰੂਕਤਾ ਦਾ ਆਧਾਰ ਬਣਨਾ ਚਾਹੀਦਾ ਹੈ। ਮਾਹਵਾਰੀ ਸਿਹਤ ਸਿੱਖਿਆ ਦਾ ਮਾਮਲਾ ਹੈ ਨਾ ਕਿ ਸਖ਼ਤੀ ਦਾ। ਅਜਿਹੀ ਕੋਈ ਵੀ ਸੰਸਥਾ ਜੋ ਇਸ ਗੱਲ ਨੂੰ ਸਮਝਣ ਵਿੱਚ ਅਸਫਲ ਰਹਿੰਦੀ ਹੈ, ਉਹ ਨੌਜਵਾਨ ਦਿਮਾਗਾਂ ਨੂੰ ਅਕਾਰ ਨਹੀਂ ਦੇ ਸਕਦੀ।