ਅੱਠ ਘੰਟੇ ਕੰਮ, ਅੱਠ ਘੰਟੇ ਆਰਾਮ ਅਤੇ ਅੱਠ ਘੰਟੇ ਨੀਂਦ
ਮਜ਼ਦੂਰ ਦਿਵਸ ਜਾਂ ਲੇਬਰ ਡੇਅ ਲਗਭਗ ਹਰ ਦੇਸ਼ ਵਿੱਚ ਮਨਾਇਆ ਜਾਂਦਾ ਹੈ। ਭਾਰਤ ਵਿੱਚ ਇੱਕ ਮਈ ਨੂੰ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ਰਾਜਨੀਤਕ ਮੰਤਵਾਂ ਦੀ ਪੂਰਤੀ ਹਿੱਤ ਵੱਡੇ ਵੱਡੇ ਇਕੱਠ ਕੀਤੇ ਜਾਂਦੇ ਹਨ ਪਰ ਕਿਰਤੀਆਂ ਦੀ ਭਲਾਈ ਲਈ ਅਮਲੀ ਰੂਪ ਵਿੱਚ ਕੋਈ ਠੋਸ ਕਾਰਵਾਈ ਨਹੀਂ ਹੁੰਦੀ।
ਨਿਊਜ਼ੀਲੈਂਡ ਵਿੱਚ ਮਜ਼ਦੂਰ ਦਿਵਸ ਅਕਤੂਬਰ ਦੇ ਚੌਥੇ ਸੋਮਵਾਰ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਇਹ 27 ਅਕਤੂੁਬਰ ਨੂੰ ਮਨਾਇਆ ਗਿਆ। ਇਸ ਦਿਨ ਸਰਕਾਰੀ ਛੁੱਟੀ ਹੁੰਦੀ ਹੈ। ਕ੍ਰਿਸਮਿਸ, ਨਵੇਂ ਸਾਲ ਆਦਿ ਵਾਂਗ ਇਸ ਦਿਨ ਦੁਕਾਨਾਂ ਬੰਦ ਨਹੀਂ ਹੁੰਦੀਆਂ ਪਰ ਜਿਹੜੇ ਲੋਕ ਇਸ ਦਿਨ ਕੰਮ ਕਰਦੇ ਹਨ, ਉਨ੍ਹਾਂ ਨੂੰ ਡੇਢ ਗੁਣਾ ਤਨਖਾਹ ਦਿੱਤੀ ਜਾਂਦੀ ਹੈ। ਮੰਨ ਲਉ ਇੱਕ ਵਿਅਕਤੀ ਦਾ ਪੇਅ ਰੇਟ 40 ਡਾਲਰ ਪ੍ਰਤੀ ਘੰਟਾ ਹੈ ਤਾਂ ਉਸ ਨੂੰ ਉਸ ਦਿਨ ਦੀ 60 ਡਾਲਰ ਪ੍ਰਤੀ ਘੰਟਾ ਤਨਖਾਹ ਮਿਲੇਗੀ। ਇਸ ਤੋਂ ਇਲਾਵਾ ਉਸ ਦੇ ਸਾਲਾਨਾ ਛੁੱਟੀਆਂ ਦੇ ਖਾਤੇ ਵਿੱਚ ਇੱਕ ਛੁੱਟੀ ਵੀ ਜਮ੍ਹਾਂ ਕੀਤੀ ਜਾਵੇਗੀ।
ਕ੍ਰਾਈਸਟਚਰਚ ਦੇ ਗਲੋਬਲ ਫਰੈਂਡਸ਼ਿਪ ਕਲੱਬ ਵਿੱਚ ਇਹ ਦਿਨ ਮਨਾਇਆ ਗਿਆ। ਇੱਥੇ ਬਹੁਤ ਭੀੜ ਤਾਂ ਨਹੀਂ ਸੀ ਪਰ ਪ੍ਰਬੰਧਕਾਂ ਅਤੇ ਸਰੋਤਿਆਂ ਦੀ ਸੋਚ ਦੀ ਦਾਦ ਦੇਣੀ ਬਣਦੀ ਹੈ। ਸਭ ਤੋਂ ਪਹਿਲਾਂ ਇਸ ਦਾ ਪਿਛੋਕੜ ਦੱਸਿਆ ਗਿਆ। ਇਸ ਮਗਰੋਂ ਮਜ਼ਦੂਰਾਂ ਦੀ ਮੌਜੂਦਾ ਸਥਿਤੀ ’ਤੇ ਚਾਨਣਾ ਪਾਇਆ ਗਿਆ ਅਤੇ ਫਿਰ ਉਨ੍ਹਾਂ ਦੇ ਭਵਿੱਖ ਦੀ ਗੱਲ ਕੀਤੀ ਗਈ।
ਪਿਛੋਕੜ
ਸੰਨ 1840 ਵਿੱਚ ਕਾਰਪੇਂਟਰ ਸੈਮੂਅਲ ਡੰਕਨ ਪਾਰਨਲ ਨੇ ਅੱਠ ਘੰਟੇ ਕੰਮ ਲਈ ਸੰਘਰਸ਼ ਕੀਤਾ ਅਤੇ ਕਾਮਯਾਬੀ ਹਾਸਲ ਕੀਤੀ। ਉਹ ਲੰਡਨ ਵਿੱਚ 19 ਫਰਵਰੀ 1810 ਨੂੰ ਪੈਦਾ ਹੋਇਆ। ਪੇਸ਼ੇ ਵਜੋਂ ਉਹ ਤਰਖਾਣ ਸੀ। ਲੰਡਨ ਵਿੱਚ ਉਸ ਨੂੰ 12 ਤੋਂ 14 ਘੰਟੇ ਕੰਮ ਕਰਨਾ ਪੈਂਦਾ ਸੀ। ਮਜ਼ਦੂਰੀ ਘੱਟ ਸੀ। ਕੰਮ ਦੇ ਹਾਲਾਤ ਸੁਖਾਵੇਂ ਨਹੀਂ ਸਨ। ਰੋਜ਼ਾਨਾ ਲੰਮਾ ਸਮਾਂ ਕੰਮ ਕਰਨ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ। ਇਸ ਸਮੇਂ ਗ੍ਰੈਂਡ ਨੈਸ਼ਨਲ ਟਰੇਡ ਯੂਨੀਅਨ ਹੋਂਦ ਵਿੱਚ ਆ ਚੁੱਕੀ ਸੀ। ਸੈਮੂਅਲ ਨੇ ਯੂਨੀਅਨ ਨੂੰ ਕਿਹਾ ਕਿ ਉਹ ਕੰਮ ਦਾ ਸਮਾਂ ਘਟਾਉਣ ਲਈ ਸੰਘਰਸ਼ ਕਰਨ ਪਰ ਯੂਨੀਅਨ ਸਹਿਮਤ ਨਾ ਹੋਈ ਅਤੇ ਸੈਮੂਅਲ ਨੇ ਯੁੂਨੀਅਨ ’ਚ ਸ਼ਾਮਿਲ ਹੋਣ ਤੋਂ ਨਾਹ ਕਰ ਦਿੱਤੀ। ਸੰਨ 1839 ਵਿੱਚ ਸੈਮੂਅਲ ਦਾ ਵਿਆਹ ਮੈਰੀ ਐਨ ਨਾਲ ਹੋਇਆ। ਉਸ ਨੇ 126 ਪਾਊਂਡ ਬਚਾਏ ਸਨ। ਇਨ੍ਹਾਂ ਪੈਸਿਆਂ ਦੀ ਮਦਦ ਨਾਲ ਨਵਾਂ ਵਿਆਹਿਆ ਜੋੜਾ ਨਿਊਜ਼ੀਲੈਂਡ ਦੇ ਸ਼ਹਿਰ ਵੈਲਿੰਗਟਨ ਆ ਗਿਆ। ਜਹਾਜ਼ ਵਿੱਚ ਉਸ ਦੀ ਮੁਲਾਕਾਤ ਜਾਰਜ ਹੰਟਰ ਨਾਲ ਹੋਈ। ਹੰਟਰ ਨੇ ਉਸ ਨੂੰ ਇੱਕ ਸਟੋਰ ਬਣਾਉਣ ਲਈ ਕਿਹਾ। ਸੈਮੂਅਲ ਸਟੋਰ ਬਣਾਉਣ ਲਈ ਇਸ ਸ਼ਰਤ ’ਤੇ ਸਹਿਮਤ ਹੋਇਆ ਕਿ ਉਹ ਦਿਨ ਵਿੱਚ ਅੱਠ ਘੰਟੇ ਕੰਮ ਕਰੇਗਾ। ਪਹਿਲਾਂ ਤਾਂ ਹੰਟਰ ਸਹਿਮਤ ਨਾ ਹੋਇਆ। ਸੈਮੂਅਲ ਨੇ ਦਲੀਲ ਦਿੱਤੀ ਕਿ ਦਿਨ ਵਿੱਚ 24 ਘੰਟੇ ਹੁੰਦੇ ਹਨ। ਅੱਠ ਘੰਟੇ ਕੰਮ ਕਰਨ, ਅੱਠ ਘੰਟੇ ਸੌਣ ਅਤੇ ਬਾਕੀ ਰਹਿੰਦੇ ਅੱਠ ਘੰਟੇ ਆਪਣੇ ਨਿੱਜੀ ਕੰਮ ਕਰਨ ਲਈ ਹਨ। ਹੰਟਰ ਸਹਿਮਤ ਹੋ ਗਿਆ ਅਤੇ ਸੈਮੂਅਲ ਨੇ ਆਖਿਆ ਕਿ ਉਹ ਸਵੇਰੇ ਅੱਠ ਵਜੇ ਕੰਮ ਸ਼ੁਰੂ ਕਰੇਗਾ। ਹੰਟਰ ਨੇ ਆਖਿਆ ਕਿ ਲੰਡਨ ਵਿੱਚ ਸਵੇਰੇ ਛੇ ਵਜੇ ਘੰਟੀ ਵਜਦੀ ਹੈ ਅਤੇ ਜਿਹੜਾ ਵਿਅਕਤੀ ਉਸ ਸਮੇਂ ਤੱਕ ਕੰਮ ’ਤੇ ਨਹੀਂ ਪਹੁੰਚਦਾ, ਉਸ ਦੀ ਇੱਕ ਚੌਥਾਈ ਦਿਹਾੜੀ ਕੱਟ ਲਈ ਜਾਂਦੀ ਹੈ।” ‘‘ਅਸੀਂ ਲੰਡਨ ਵਿੱਚ ਨਹੀਂ ਹਾਂ,” ਸੈਮੂਅਲ ਨੇ ਜਵਾਬ ਦਿੱਤਾ। ਉਹ ਵਾਪਸ ਜਾਣ ਲੱਗਾ ਤਾਂ ਹੰਟਰ ਨੇ ਉਸ ਨੂੰ ਰੋਕ ਲਿਆ। ਉਸ ਸਮੇਂ ਉੱਥੇ ਸਿਆਣੇ ਅਤੇ ਨਿਪੁੰਨ ਕਾਰੀਗਰਾਂ ਦੀ ਘਾਟ ਸੀ। ਇਸ ਲਈ ਹੰਟਰ ਨੂੰ ਸੈਮੁੂਅਲ ਕਾਰਪੇਂਟਰ ਦੀ ਸਾਰੀਆਂ ਸ਼ਰਤਾਂ ਮੰਨਣੀਆਂ ਪਈਆਂ। ਸੈਮੂਅਲ ਲਿਖਦਾ ਹੈ ਕਿ ਦੁਨੀਆ ਦੀ ਅੱਠ ਘੰਟੇ ਕੰਮ ਕਰਨ ਦੀ ਹੜਤਾਲ ਮੌਕੇ ’ਤੇ ਹੀ ਜਿੱਤ ਲਈ ਗਈ। ਇਸ ਘਟਨਾ ਨੇ ਇਸ ਮਸ਼ਹੂਰ ਨਾਅਰੇ ਨੂੰ ਜਨਮ ਦਿੱਤਾ: ‘ਅੱਠ ਘੰਟੇ ਕੰਮ, ਅੱਠ ਘੰਟੇ ਆਰਾਮ ਅਤੇ ਅੱਠ ਘੰਟੇ ਨੀਂਦ।’ ਇਸ ਕੰਮ ਵਿੱਚ ਬਹੁਤ ਮੁਸ਼ਕਿਲਾਂ ਆਈਆਂ ਕਿਉਂਕਿ ਹਰ ਮਾਲਕ ਮਜ਼ਦੂਰਾਂ ਤੋਂ 8 ਘੰਟੇ ਤੋਂ ਵੱਧ ਕੰਮ ਲੈਣਾ ਚਾਹੁੰਦਾ ਸੀ। ਸੈਮੂਅਲ ਮੁਤਾਬਿਕ ਇੱਕ ਬੰਦਰਗਾਹ ’ਤੇ ਸੜਕ ਦਾ ਕੰਮ ਚਲ ਰਿਹਾ ਸੀ। ਸੰਨ 1841 ਸੀ। ਮਜ਼ਦੂਰਾਂ ਨੂੰ ਅੱਠ ਘੰਟੇ ਤੋਂ ਵੱਧ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਤਾਂ ਉਨ੍ਹਾਂ ਨੇ ਕੰਮ ਬੰਦ ਕਰ ਦਿੱਤਾ। ਜਦੋਂ ਉਨ੍ਹਾਂ ਦੀ ਅੱਠ ਘੰਟੇ ਕੰਮ ਦੀ ਮੰਗ ਮੰਨ ਲਈ ਗਈ ਤਾਂ ਕੰਮ ਸ਼ੁਰੂ ਹੋ ਗਿਆ। ਸੈਮੂਅਲ ਦੀ ਪਹਿਲੀ ਪਤਨੀ ਦੀ ਮੌਤ ਹੋ ਗਈ ਅਤੇ ਉਸ ਨੇ ਦੂਜਾ ਵਿਆਹ ਕਰ ਲਿਆ। ਹੁਣ ਉਸ ਨੇ ਖੇਤੀਬਾੜੀ ਸ਼ੁਰੂ ਕਰ ਦਿੱਤੀ। ਸੰਨ 1873 ਵਿੱਚ ਉਹ ਵਾਪਸ ਵੈਲਿੰਗਟਨ ਆ ਗਿਆ। ਉਸ ਦੀ ਦੂਜੀ ਪਤਨੀ ਦੀ ਵੀ ਮੌਤ ਹੋ ਗਈ। ਸੰਨ 1889 ਅਤੇ 1890 ਵਿੱਚ ਮਜ਼ਦੂਰ ਯੁੂਨੀਅਨਾਂ ਦਾ ਦਬਦਬਾ ਕਾਫ਼ੀ ਵਧ ਗਿਆ ਸੀ। ਯੂਨੀਅਨਾਂ ਨੂੰ ਸੈਮੂਅਲ ਦੇ ਸੰਘਰਸ਼ ਦਾ ਅਹਿਸਾਸ ਹੋਇਆ ਤਾਂ ਉਸ ਨੂੰ ਅੱਠ ਘੰਟੇ ਕੰਮ ਕਰਨ ਦੀ ਮੁਹਿੰਮ ਦਾ ਪਿਤਾਮਾ ਐਲਾਨ ਕਰ ਦਿੱਤਾ। ਇਸ ਤੋਂ ਕੁਝ ਹਫ਼ਤੇ ਬਾਅਦ ਉਹ ਬਿਮਾਰ ਹੋ ਗਿਆ ਅਤੇ 17 ਦਸੰਬਰ 1890 ਨੂੰ ਉਸ ਦੀ ਮੌਤ ਹੋ ਗਈ। ਹਜ਼ਾਰਾਂ ਲੋਕ ਉਸ ਦੀ ਅੰਤਿਮ ਯਾਤਰਾ ਵਿੱਚ ਸ਼ਾਮਿਲ ਹੋਏ।
ਅਲੈਗਜ਼ੈਂਡਰ ਨੇ ਉਸ ਦੀਆਂ ਪ੍ਰਾਪਤੀਆਂ ਨੂੰ ਬਿਆਨ ਕਰਦਿਆਂ ਇੱਕ ਕਵਿਤਾ ਲਿਖੀ। ਸੈਮੂਅਲ ਪਾਰਨਲ ਯਾਦਗਾਰੀ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਫੰਡ ਇੱਕਠਾ ਕਰਕੇ ਤਾਂਬੇ ਦਾ ਬੁੱਤ ਤਿਆਰ ਕਰਵਾਇਆ ਗਿਆ, ਜਿਸ ਨੂੰ 1893 ਵਿੱਚ ਲਾਇਬਰੇਰੀ ਦੀ ਕੰਧ ਨੇੜੇ ਲਗਾਇਆ ਗਿਆ। ਸਮੇਂ ਨਾਲ ਇਹ ਬੁੱਤ ਖ਼ਤਮ ਹੋ ਗਿਆ। 1962 ਵਿੱਚ ਨਿਊਜ਼ੀਲੈਂਡ ਕਾਰਪੇਂਟਰ ਯੂਨੀਅਨ ਵੱਲੋਂ ਦੁਬਾਰਾ ਬੁੱਤ ਲਗਾਇਆ ਗਿਆ। ਉਸ ਦੀ ਮੌਤ ਤੋ ਬਾਅਦ ਕਈਆਂ ਨੇ ਅੱਠ ਘੰਟੇ ਕੰਮ ਦੇ ਅੰਦੋਲਨ ਦਾ ਸਿਹਰਾ ਲੈਣ ਲਈ ਦਾਅਵੇ ਕੀਤੇੇ। ਕੁਝ ਵੀ ਹੋਵੇ, ਇਸ ਸੰਘਰਸ਼ ਦੇ ਯੋਧਿਆਂ ਨੂੰ ਸਲਾਮ ਕਰਨਾ ਬਣਦਾ ਹੈ।
ਵਰਤਮਾਨ
ਫਿਰ ਮੌਜੂਦਾ ਸਮੇਂ ਮਜ਼ਦੂਰਾਂ ਦੇ ਹੱਕਾਂ ਆਦਿ ਬਾਰੇ ਚਰਚਾ ਹੋਈ। ਦੱਸਿਆ ਗਿਆ ਕਿ ਹੁਣ ਨਿਊਜ਼ੀਲੈਂਡ ਵਿੱਚ ਕੰਮ ਦਾ ਸਮਾਂ ਸਾਢੇ ਅੱਠ ਘੰਟੇ ਹੈ। ਇਸ ਵਿੱਚ ਅੱਧਾ ਘੰਟਾ ਰੋਟੀ ਦਾ ਸਮਾਂ ਹੁੰਦਾ ਹੈ, ਜਿਸ ਦੀ ਤਨਖ਼ਾਹ ਨਹੀਂ ਮਿਲਦੀ ਅਤੇ 15-15 ਮਿੰਟਾਂ ਦੀਆਂ ਦੋ ਪੇਡ ਬਰੇਕ ਮਿਲਦੀਆਂ ਹਨ, ਭਾਵ ਇਸ ਸਮੇਂ ਦੀ ਤਨਖ਼ਾਹ ਮਿਲਦੀ ਹੈ। ਦਸ ਬਿਮਾਰੀ ਦੀਆਂ ਛੁੱਟੀਆਂ ਮਿਲਦੀਆਂ ਹਨ ਅਤੇ ਸਾਲਾਨਾ ਛੁੱਟੀਆਂ ਕੀਤੇ ਕੰਮ ਦੇ ਅਨੁਪਾਤ ਅਨੁਸਾਰ ਦਿੱਤੀਆਂ ਜਾਂਦੀਆਂ ਹਨ।
ਯੂਨੀਅਨਾਂ ਮਜ਼ਦੂਰਾਂ ਦੇ ਹੱਕਾਂ ਲਈ ਲੜਦੀਆਂ ਹਨ। ਮਜ਼ਦੂਰ ਨੂੰ ਕਿਸੇ ਵੀ ਯੂਨੀਅਨ ਵਿੱਚ ਸ਼ਾਮਿਲ ਹੋਣ ਦਾ ਹੱਕ ਹੈ।
ਭਵਿੱਖ
ਫਿਰ ਭਵਿੱਖ ਦੀ ਗੱਲ ਹੋਈ। ਇਹ ਮਹਿਸੂਸ ਕੀਤਾ ਗਿਆ ਕਿ ਮਸ਼ੀਨਾਂ ਅਤੇ ਏ ਆਈ ਮਜ਼ਦੂਰ ਵਰਗ ਲਈ ਵੱਡਾ ਖ਼ਤਰਾ ਹੈ। ਇਸ ਨਾਲ ਨੌਕਰੀਆਂ ਘਟਣਗੀਆਂ। ਵਿਹਲੇ ਲੋਕ ਸਮਾਜ ਲਈ ਮੁਸ਼ਕਿਲਾਂ ਖੜ੍ਹੀਆਂ ਕਰਨਗੇ। ਰੋਬੋਟਾਂ ਦੀ ਆਮਦ ਵੀ ਨੌਕਰੀਆਂ ’ਤੇ ਅਸਰ ਪਾਵੇਗੀ। ‘‘ਚਲੋ ਚੈਟ ਜੀਪੀਟੀ ਨੂੰ ਹੀ ਪੁੱਛ ਲਉ,’’ ਕਿਸੇ ਨੇ ਆਖਿਆ। ਚੈਟ ਜੀਪੀਟੀ ਦਾ ਜਵਾਬ ਸੀ ਕਿ ਕੁਝ ਨੌਕਰੀਆਂ ਖ਼ਤਮ ਹੋ ਜਾਣਗੀਆਂ, ਕੁਝ ਨਵੀਆਂ ਹੋਣਗੀਆਂ। ਇਉਂ ਗੱਲ ਕਿਸੇ ਸਿਰੇ ਨਾ ਲੱਗੀ।
ਆਉਣ ਵਾਲੇ ਸਮੇਂ ਵਿੱਚ ਮਜ਼ਦੂਰਾਂ ਦੀ ਹਾਲਤ ਕਿਹੋ ਜਿਹੀ ਹੋਵੇਗੀ, ਇਹ ਤਾਂ ਸਮਾਂ ਹੀ ਦੱਸੇਗਾ।
ਸੰਪਰਕ: 0064274791038
