ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਆਰਥਿਕ ਪ੍ਰਾਪਤੀ

ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਦੀ ਸੁਖਾਵੀਂ ਭਵਿੱਖਬਾਣੀ ਤੋਂ ਉਤਸ਼ਾਹਿਤ ਭਾਰਤ ਹੁਣ ਜਪਾਨ ਨੂੰ ਪਛਾੜ ਕੇ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ। ਹੁਣ ਸਿਰਫ਼ ਅਮਰੀਕਾ, ਚੀਨ ਤੇ ਜਰਮਨੀ ਹੀ ਇਸ ਤੋਂ ਅੱਗੇ ਹਨ ਅਤੇ ਨੀਤੀ ਅਯੋਗ ਨੂੰ...
Advertisement

ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਦੀ ਸੁਖਾਵੀਂ ਭਵਿੱਖਬਾਣੀ ਤੋਂ ਉਤਸ਼ਾਹਿਤ ਭਾਰਤ ਹੁਣ ਜਪਾਨ ਨੂੰ ਪਛਾੜ ਕੇ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ। ਹੁਣ ਸਿਰਫ਼ ਅਮਰੀਕਾ, ਚੀਨ ਤੇ ਜਰਮਨੀ ਹੀ ਇਸ ਤੋਂ ਅੱਗੇ ਹਨ ਅਤੇ ਨੀਤੀ ਅਯੋਗ ਨੂੰ ਉਮੀਦ ਹੈ ਕਿ ਜੇ ਸਭ ਕੁਝ ਠੀਕ ਰਿਹਾ ਤਾਂ ਭਾਰਤ ਲਗਭਗ ਤਿੰਨ ਸਾਲਾਂ ਵਿੱਚ ਤੀਜੇ ਸਥਾਨ ’ਤੇ ਪਹੁੰਚ ਜਾਵੇਗਾ। ਇਹ ਸਪੱਸ਼ਟ ਹੈ ਕਿ ਭਾਰਤ ਵਧੇ ਹੋਏ ਆਲਮੀ ਵਪਾਰਕ ਤਣਾਅ ਅਤੇ ਟਰੰਪ ਦੇ ਟੈਰਿਫ ਦੇ ਅਡਿ਼ੱਕਿਆਂ ਦਾ ਹੋਰਨਾਂ ਪ੍ਰਮੁੱਖ ਅਰਥਵਿਵਸਥਾਵਾਂ ਨਾਲੋਂ ਬਿਹਤਰ ਢੰਗ ਨਾਲ ਸਾਹਮਣਾ ਕਰ ਰਿਹਾ ਹੈ। ਟਰੰਪ ਵੱਲੋਂ ਧੜਾਧੜ ਲਾਏ ਟੈਕਸਾਂ ਨੇ ਆਲਮੀ ਕਾਰੋਬਾਰੀ ਜਗਤ ਵਿੱਚ ਚੰਗੀ ਉਥਲ-ਪੁਥਲ ਕੀਤੀ ਹੈ। ਇਸ ਦੇ ਬਾਵਜੂਦ ਭਾਰਤ ਦਾ ਚੰਗਾ ਪ੍ਰਦਰਸ਼ਨ ਉਤਸ਼ਾਹਜਨਕ ਸੰਕੇਤ ਹੈ, ਪਰ ਤਸੱਲੀ ਨਾਲ ਨਹੀਂ ਬੈਠਿਆ ਜਾ ਸਕਦਾ। ਇਹ ਯਕੀਨੀ ਬਣਾਉਣ ਲਈ ਲਗਾਤਾਰ ਯਤਨ ਕਰਨੇ ਪੈਣਗੇ ਕਿ ਲਾਭ ਬਣਿਆ ਰਹੇ।

ਭਾਰਤ ਨੇ ਹਾਲ ਹੀ ਦੇ ਸਾਲਾਂ ਵਿੱਚ, ਖ਼ਾਸ ਤੌਰ ’ਤੇ ਕੋਵਿਡ ਤੋਂ ਬਾਅਦ ਦੇ ਦੌਰ ਵਿੱਚ ਆਪਣੀ ਵਿੱਤੀ ਲਚਕ ਨੂੰ ਸ਼ਾਨਦਾਰ ਢੰਗ ਨਾਲ ਪ੍ਰਦਰਸ਼ਿਤ ਕੀਤਾ ਹੈ। ਇਸ ਨੇ ਯੂਕਰੇਨ ਅਤੇ ਗਾਜ਼ਾ ਵਿੱਚ ਜੰਗਾਂ ਦੇ ਵਿਸ਼ਵਵਿਆਪੀ ਅਸਰਾਂ ਦਾ ਸਾਹਮਣਾ ਕਰਨ ਵਿੱਚ ਵੀ ਚੰਗੀ ਕਾਰਗੁਜ਼ਾਰੀ ਦਿਖਾਈ ਹੈ। ਮੁਦਰਾ ਫੰਡ ਦੇ ਅਨੁਸਾਰ ਭਾਰਤ ਅਗਲੇ ਦੋ ਸਾਲਾਂ ਵਿੱਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਪ੍ਰਮੁੱਖ ਅਰਥਵਿਵਸਥਾ ਬਣਿਆ ਰਹੇਗਾ। ਇਹ ਦਰਸਾਉਂਦਾ ਹੈ ਕਿ ਦੇਸ਼ ਦੇ ਵਿਆਪਕ ਅਰਥਚਾਰੇ ਦੀਆਂ ਬੁਨਿਆਦਾਂ ਮਜ਼ਬੂਤ ਹਨ ਤੇ ਚੁਣੌਤੀਪੂਰਨ ਆਲਮੀ ਮਾਹੌਲ ’ਚ ਰਫ਼ਤਾਰ ਬਰਕਰਾਰ ਰੱਖਣ ਦੇ ਸਮਰੱਥ ਹਨ।

Advertisement

ਨਵੇਂ ਆਰਥਿਕ ਮੀਲ ਪੱਥਰ ਤੋਂ ਪ੍ਰੇਰਿਤ ਹੋ ਕੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਭਾਰਤ ਨੂੰ ਆਲਮੀ ਨਿਵੇਸ਼ਕਾਂ ਦੀ ਪਸੰਦੀਦਾ ਮੰਜ਼ਿਲ ਬਣਾਉਣ ਲਈ ਯਤਨ ਕਰੇ। ਸਵਾਗਤਯੋਗ ਪਹੁੰਚ ਕਰਦਿਆਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਖ-ਵੱਖ ਰਾਜਾਂ ਨੂੰ ਨੀਤੀਗਤ ਅਡਿ਼ੱਕੇ ਦੂਰ ਕਰਨ ਤੇ ਵਧੇਰੇ ਨਿਵੇਸ਼ ਖਿੱਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਸਹੀ ਜ਼ੋਰ ਦਿੱਤਾ ਹੈ ਕਿ ਜੇ ਕੇਂਦਰ ਤੇ ਰਾਜ ‘ਟੀਮ ਇੰਡੀਆ’ ਵਾਂਗ ਮਿਲ ਕੇ ਕੰਮ ਕਰਦੇ ਹਨ ਤਾਂ ਕੋਈ ਵੀ ਟੀਚਾ ਹਾਸਿਲ ਕੀਤਾ ਜਾ ਸਕਦਾ ਹੈ। ਅਜਿਹਾ ਕਰਨ ਲਈ ਵਿਰੋਧੀ ਧਿਰ ਵੱਲੋਂ ਸ਼ਾਸਿਤ ਰਾਜਾਂ ਦਾ ਭਰੋਸਾ ਜਿੱਤਣ ਦੀ ਬਹੁਤ ਲੋੜ ਹੈ। ਇਸ ਤੋਂ ਇਲਾਵਾ, ਇਸ ਤਰ੍ਹਾਂ ਲੱਗਦਾ ਹੈ ਕਿ ਸਿੱਧੇ ਵਿਦੇਸ਼ੀ ਨਿਵੇਸ਼ (ਐੱਫਡੀਆਈ) ਦੇ ਮੋਰਚੇ ’ਤੇ ਸਭ ਕੁਝ ਠੀਕ ਨਹੀਂ ਹੈ। ਕੁੱਲ ਮਿਲਾ ਕੇ ਆਮਦ ਸਿਹਤਮੰਦ ਬਣੀ ਹੋਈ ਹੈ, ਸ਼ੁੱਧ ਐੱਫਡੀਆਈ (ਕੁੱਲ ਆਮਦ ਤੇ ਭਾਰਤੀ ਕੰਪਨੀਆਂ ਦੁਆਰਾ ਬਾਹਰੀ ਨਿਵੇਸ਼ਾਂ ਦੇ ਨਾਲ-ਨਾਲ ਵਿਦੇਸ਼ੀ ਸੰਸਥਾਵਾਂ ਵੱਲੋਂ ਕੱਢੇ ਗਏ ਫੰਡਾਂ ਦਾ ਅੰਤਰ) ਪਿਛਲੇ ਸਾਲ ਦੇ ਮੁਕਾਬਲੇ 2024-25 ਵਿੱਚ 96 ਪ੍ਰਤੀਸ਼ਤ ਤੋਂ ਵੱਧ ਘਟ ਚੁੱਕਾ ਹੈ। ਭਾਰਤੀ ਅਰਥਵਿਵਸਥਾ ਦੇ ਵਡੇਰੇ ਹਿੱਤਾਂ ਨੂੰ ਧਿਆਨ ’ਚ ਰੱਖਦਿਆਂ ਇਸ ਪਾਸੇ ਸੁਹਿਰਦ ਆਤਮ ਨਿਰੀਖਣ ਅਤੇ ਸੁਧਾਰ ਕਰਨ ਦੀ ਲੋੜ ਹੈ। ਇਸ ਦੇ ਨਾਲ ਹੀ ਮੁਲਕ ਦੀ ਅਰਥਵਿਵਸਥਾ ਨੂੰ ਰੁਜ਼ਗਾਰ ਮੁਖੀ ਬਣਾਉਣ ਦੀ ਵੀ ਲੋੜ ਹੈ ਕਿ ਤਾਂ ਕਿ ਇਸ ਵੱਡੇ ਆਰਥਿਕ ਵਿਕਾਸ ਦਾ ਫਾਇਦਾ ਮੁਲਕ ਦੇ ਹਰ ਬਾਸਿ਼ੰਦੇ ਤੱਕ ਅੱਪੜ ਸਕੇ ਅਤੇ ਉਨ੍ਹਾਂ ਨੂੰ ਔਕੜਾਂ ਅਤੇ ਮੁਸ਼ਕਿਲਾਂ ਤੋਂ ਰਾਹਤ ਅਤੇ ਨਿਜਾਤ ਮਿਲ ਸਕੇ।

Advertisement